-ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਵੇਲੇ ਦੇ ਨਾਲ ਜਿਹੜੇ ਲੋਕੀਂ
ਖੂਹ ਨਾ ਜੋਣਗੇ ਬਾਬਾ ਜੀ
ਪੱਕੀਆਂ ਵੇਖ ਪਰਾਈਆਂ ਫਸਲਾਂ
ਆਪੇ ਰੋਣਗੇ ਬਾਬਾ ਜੀ
ਪੁੱਤਰਾਂ ਦੇ ਜੋ ਕਾਲੇ ਧੰਦੇ
ਜੱਗ ਤੋਂ ਅੱਜ ਲੁਕਾਣ ਪਏ
ਇਕ ਦਿਨ ਮੁਜਰਮ ਨਾਲੋਂ ਵੱਡੇ
ਮੁਜਰਮ ਹੋਣਗੇ ਬਾਬਾ ਜੀ
ਕੁਝ ਇਹੋ ਜਿਹੀ ਹਾਲਤ ਦਾ ਹੀ ਅਹਿਸਾਸ ਹੋਇਆ ਜਦੋਂ ਨਸ਼ੇ ਦੇ ਪਰਕੋਪ ਹੇਠ ਆਈ ਰੇਲ ਕੋਚ ਫੈਕਟਰੀ ਚ ਜਮਹੂਰੀਅਤ ਦਾ ਦਮ ਭਰਨ ਵਾਲੇ ਸੱਜਿਆਂ ਖੱਬਿਆਂ ਦੀ ਬੇਸ਼ਰਮੀ ਭਰੀ ਚੁੱਪ ਦੇਖੀ.. ਇਹ ਅਹਿਸਾਸ ਸ਼ਬਦਾਂ ਜ਼ਰੀਏ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ-ਆਓ ! ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਸੜਕ ਤੇ ਪੈਂਦੀ ਰੇਲ ਕੋਚ ਫੈਕਟਰੀ ਹੁਸੈਨਪੁਰ ਦੇ ਵਿਹੜੇ ਚੱਲਦੇ ਹਾਂ, ਜੋ 1986 ਵਿੱਚ ਬਣੀ ਸੀ, ਜਿਥੇ ਇਸ ਵਕਤ ਕਰੀਬ 7300 ਮੁਲਾਜ਼ਮ ਕੰਮ ਕਰਦਾ ਹੈ। ਏਸ਼ੀਆ ਦੀਆਂ ਵੱਡੀਆਂ ਫੈਕਟਰੀਆਂ ਵਿਚੋਂ ਇਕ ਗਿਣੀ ਜਾਂਦੀ ਇਸ ਫੈਕਟਰੀ ਨੂੰ ਭਾਰਤੀ ਰੇਲਵੇ ਦਾ ਰੇਲ ਕੋਚਾਂ ਦਾ ਸਭ ਤੋਂ ਵੱਡਾ ਪ੍ਰੋਡਕਸ਼ਨ ਯੂਨਿਟ ਹੋਣ ਦਾ ਮਾਣ ਹਾਸਲ ਹੈ, 1200 ਏਕੜ ਚ ਫੈਲੀ ਇਸ ਫੈਕਟਰੀ ਵਿਚ ਪ੍ਰੋਡਕਸ਼ਨ ਯੂਨਿਟ ਦੇ ਨਾਲ ਨਾਲ ਰੇਲਵੇ ਦੇ ਮੁਲਾਜ਼ਮਾਂ ਦੀ ਰਿਹਾਇਸ਼ ਲਈ ਬੇਮਿਸਾਲ ਕਲੋਨੀ ਉਸਾਰੀ ਗਈ ਹੈ, ਜਿਸ ਵਿਚ ਅਠਾਈ ਤੋਂ ਤੀਹ ਹਜ਼ਾਰ ਦੇ ਕਰੀਬ ਜੀਅ ਵਸਦੇ ਨੇ, ਸਾਫ ਸੁਥਰੇ ਕੁਆਰਟਰ, ਅਫਸਰਾਂ ਲਈ ਬੰਗਲੇ, ਗੁਰਦੁਆਰਾ ਸਾਹਿਬ, ਮੰਦਰ, ਪੀਰ ਪੂਜਣ ਲਈ ਸਥਾਨ, ਬਿਜਲੀ ਪਾਣੀ..। ਪੂਰੀ ਕਲੋਨੀ ਚ ਕੋਈ ਅਜਿਹੀ ਸਹੂਲਤ ਨਹੀਂ ਜਿਸ ਦੀ ਕਮੀ ਹੋਵੇ, ਸਹੂਲਤਾਂ ਨਾਲ ਲੈਸ ਹਸਪਤਾਲ, ਹਰ ਵਕਤ ਤਿਆਰ ਰਹਿੰਦੀਆਂ ਐਂਬੂਲੈਸ, ਪ੍ਰਾਇਮਰੀ, ਤੋਂ ਲੈ ਕੇ ਹਾਇਰ ਸੈਕੰਡਰੀ ਸਕੂਲ, ਸ਼ਾਪਿੰਗ ਕੰਪਲੈਕਸ, ਬੈਂਕ, ਡਾਕਖਾਨਾ, ਤਕਰੀਬਨ ਹਰ ਖੇਡ ਲਈ ਸਟੇਡੀਅਮ, ਕੌਮਾਂਤਰੀ ਪੱਧਰ ਦਾ ਗੌਲਫ ਕੋਰਟ, ਸਭਿਆਚਾਰਕ ਸਰਗਰਮੀਆਂ ਵਾਸਤੇ ਵਾਰਸ ਸ਼ਾਹ ਹਾਲ, ਕਿਸੇ ਵੀ ਪਰਿਵਾਰਕ ਸਮਾਗਮ ਲਈ ਕਮਿਊਨਿਟੀ ਹਾਲ, ਵਿਹਲਾ ਵੇਲਾ ਕੁਦਰਤ ਦੇ ਨਾਲ ਬਿਤਾ ਸਕਣ ਲਈ ਝੀਲ ਤੇ ਆਲੇ ਦੁਆਲੇ ਮਨਮੋਹਕ ਫੁੱਲ ਬੂਟੇ , ਰੁੱਖ, ਪਾਰਕ , ਝੂਲੇ ਲਾਏ ਹੋਏ ਨੇ, ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਸਭ ਵੱਖਰੇ ਤੇ ਵਧੀਆ ਪ੍ਰਬੰਧ ਹਨ ਆਰ ਸੀ ਐਫ ਦੀ ਕਲੋਨੀ ਵਿਚ।