ਕੰਨੀ ਦਾ ਕਿਆਰਾ ਹੈ ਧੁੱਸੀ ਬੰਨ ’ਤੇ ਵੱਸਿਆ ਪਿੰਡ ਚਾਹਲਪੁਰ
Posted on:- 05-02-2017
ਅਜਨਾਲਾ 'ਚ ਧੁੱਸੀ ਬੰਨ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
(ਧੁੱਸੀ ਬੰਨ 'ਤੇ ਚੜਨ ਤੋਂ ਪਹਿਲਾਂ ਦੱਸ ਦੇਈਏ ਕਿ ਇਥੇ ਮੁੱਖ ਮੁਕਾਬਲਾ- ਕਾਂਗਰਸ ਦੇ 65 ਸਾਲਾ ਹਰਪ੍ਰਤਾਪ ਸਿੰਘ, ਆਪ ਦੇ 52 ਸਾਲਾ ਰਾਜਪ੍ਰੀਤ ਸਿੰਘ ਸੰਨੀ ਰੰਧਾਵਾ ਅਤੇ ਗੱਠਜੋੜ ਦੇ 41 ਸਾਲਾ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਦਰਮਿਆਨ ਹੈ। ਉਂਞ ਹੋਰ ਵੀ ਕਈ ਉਮੀਦਵਾਰ ਮੈਦਾਨ ਵਿੱਚ ਨੇ।)ਸਰਹੱਦੀ ਹਲਕੇ ਦੇ ਤਕਰੀਬਨ ਸਾਰੇ ਪਿੰਡਾਂ ਦੀ ਹਾਲਤ ਇਕੋ ਜਿਹੀ ਹੈ। ਮੁਢਲੀਆਂ ਲੋੜਾਂ ਦੀ ਪੂਰਤੀ ਦਾ ਕੋਈ ਹੀਲਾ ਵਸੀਲਾ ਨਹੀਂ ਬਣ ਰਿਹਾ। ਜ਼ਿੰਦਗੀ ਦਾ ਰੇੜੂ ਰੇੜਨ ਲਈ ਜੋ ਕੁਝ ਲੋਕ ਆਪ ਕਰ ਸਕੇ, ਉਹੀ ਹੋਇਆ, ਸਰਕਾਰਾਂ ਦਾ ਕੋਈ ਵਿਸ਼ੇਸ਼ ਯੋਗਦਾਨ ਕਿਤੇ ਨਹੀਂ ਦਿਸਦਾ।ਅਜਨਾਲਾ ਹਲਕੇ ਦੇ ਧੁੱਸੀ ਬੰਨ 'ਤੇ ਪੈਂਦੇ ਪਿੰਡ ਚਾਹਲਪੁਰ ਚੱਲਦੇ ਹਾਂ, ਜੋ ਬੰਨ ਤੋਂ 10-12 ਫੁੱਟ ਨੀਂਵਾ ਵੱਸਿਆ ਹੋਇਆ ਹੈ। 800 ਦੇ ਕਰੀਬ ਵੋਟਾਂ ਵਾਲੇ ਇਸ ਪਿੰਡ ਵਿੱਚ ਵੀ ਹੋਰ ਪਿੰਡਾਂ ਵਰਗੀਆਂ ਆਮ ਜਿਹੀਆਂ ਸਮੱਸਿਆਵਾਂ ਹਨ ਕਿ -
ਲੋੜਵੰਦਾਂ ਨੂੰ ਪੈਨਸ਼ਨ, ਸ਼ਗਨ ਸਕੀਮ, ਭਗਤ ਪੂਰਨ ਸਿੰਘ ਬੀਮਾ ਯੋਜਨਾ, ਸਸਤੀ ਕਣਕ ਦਾਲ ਆਦਿ ਦੀ ਕੋਈ ਸਹੂਲਤ ਨਾ ਮਿਲਣ ਦੇ ਬਰਾਬਰ ਹੈ, ਭਾਵ ਕਦੇ ਕਦੇ ਪੈਨਸ਼ਨ ਤੇ ਕਣਕ ਮਿਲ ਜਾਂਦੀ ਹੈ, ਹੋਰ ਕੁਝ ਵੀ ਨਹੀਂ। ਸਿਹਤ ਸਹੂਲਤਾਂ ਲਈ ਕੋਈ ਸਿਹਤ ਕੇਂਦਰ ਨਹੀਂ। ਇਕ ਪ੍ਰਾਇਮਰੀ ਸਕੂਲ ਹੈ। ਉਸ ਤੋਂ ਅਗਲੀ ਪੜਾਈ ਉਹ ਬੱਚੇ ਹੀ ਕਰ ਪਾਉਂਦੇ ਨੇ, ਜਿਹਨਾਂ ਦੇ ਪਰਿਵਾਰ ਸਾਧਨ ਸੰਪੰਨ ਹਨ। ਇਸ ਪਿੰਡ ਵਿੱਚ ਵੀ ਆਵਾਜਾਈ ਲਈ ਜਨਤਕ ਸਾਧਨ ਨਹੀਂ।
ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕਈ ਵਰੇ ਪਹਿਲਾਂ ਇਕ ਟੈਂਕੀ ਬਣਾਈ ਗਈ ਸੀ, ਪਰ ਉਹ ਚਿੱਟਾ ਹਾਥੀ ਹੀ ਸਾਬਤ ਹੋ ਰਹੀ ਹੈ, ਪਾਣੀ ਦੀ ਸਪਲਾਈ ਨਹੀਂ ਹੈ, 15 ਸਾਲ ਪਹਿਲਾਂ ਸੀਵਰੇਜ ਲਈ ਇਕ ਨਾਲਾ ਬਣਿਆ ਸੀ, ਜਿਸ ਦੀ ਕਦੇ ਵੀ ਮੁਰੰਮਤ ਨਹੀਂ ਹੋਈ, ਸਾਫ ਸਫਾਈ ਨਹੀਂ ਹੋਈ, ਪਿੰਡ ਦਾ ਸਾਰਾ ਗੰਦਾ ਪਾਣੀ ਮੁੜ ਮੁੜ ਗਲੀਆਂ ਵਿੱਚ ਹੀ ਗੇੜੇ ਦੇਈ ਜਾਂਦਾ ਹੈ। ਪੀਣ ਵਾਲਾ ਪਾਣੀ ਸਾਫ ਨਾ ਮਿਲਣ ਕਰਕੇ ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਵਿਚੋਂ ਬਹੁਤੇ ਬਿਮਾਰ ਹੀ ਰਹਿੰਦੇ ਨੇ। ਨੌਜਵਾਨਾਂ ਲਈ ਕੋਈ ਗਰਾਊਂਡ ਨਹੀਂ, ਕਲੱਬ ਨਹੀਂ, ਰੁਜ਼ਗਾਰ ਨਹੀਂ, ਖੇਤੀ ਦਾ ਮੰਦਾ ਹਾਲ ਹੈ।
ਰਾਵੀ ਤੋਂ ਪਾਰ ਪੈਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਦਾ ਪਲ ਵੀ ਪੂਰਾ ਨਹੀਂ ਹੁੰਦਾ। ਬਾਦਲ ਦਲ ਨੇ ਰਾਵੀ ਤੋਂ ਪਾਰ ਜਾਣ ਲਈ ਪੁਲ ਬਣਾ ਕੇ ਦੇਣ ਦਾ ਸਾਲ 2002, 2007, 2012 ਵਿੱਚ ਵਾਅਦਾ ਕੀਤਾ ਸੀ, ਪਰ ਬੂਰ ਨਹੀਂ ਪਿਆ। ਪ੍ਰਸ਼ਾਸਨ ਨੇ ਰਾਵੀ ਦਰਿਆ ਪਾਰ ਕਰਨ ਲਈ ਇਕ ਬੇੜੀ ਦਿੱਤੀ ਹੈ, ਜਿਸ ਨਾਲ ਗੁਜ਼ਾਰਾ ਨਹੀਂ ਹੁੰਦਾ, ਕਈ ਕਿਸਾਨਾਂ ਨੇ ਪੱਲਿਓਂ ਪੈਸੇ ਖਰਚ ਕੇ ਬੇੜੀਆਂ ਬਣਾਈਆਂ ਨੇ, ਪਰ ਜੋ ਐਨੇ ਸਮਰੱਥ ਨਹੀਂ, ਉਹ ਟਰੈਕਟਰਾਂ 'ਤੇ ਦਰਿਆ ਪਾਰ ਕਰਨ ਦਾ ਰਿਸਕ ਲੈਂਦੇ ਨੇ। ਦਰਿਆ ਦੇ ਕੰਢਿਓਂ ਰੇਤ ਕੱਢਣ ਵਾਲਿਆਂ ਨੇ ਕਈ ਕਈ ਫੁੱਟ ਡੂੰਘੇ ਟੋਏ ਪਾਏ ਹੋਏ ਨੇ, ਦਰਿਆਓਂ ਪਾਰ ਜ਼ਮੀਨਾਂ ਵਾਲੇ ਕਿਸਾਨ ਪਰਿਵਾਰਾਂ ਦੇ ਜੀਅ ਅਕਸਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਮੌਤਾਂ ਇਹਨਾਂ ਟੋਇਆਂ ਵਿੱਚ ਡੁੱਬਣ ਕਰਕੇ ਹੋ ਚੁੱਕੀਆਂ ਨੇ। ਕਈ ਥਾਈਂ ਤਾਂ ਇਹ ਟੋਏ 40-40 ਫੁੱਟ ਡੂੰਘੇ ਨੇ। ਇਹ ਟੋਏ ਦਰਿਆ ਦੇ ਕੰਢੇ ਹੋਣ ਕਰਕੇ ਜ਼ਿਆਦਾ ਘਾਤਕ ਨੇ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰ ਸਾਲ 7-8 ਮੌਤਾਂ ਇਹਨਾਂ ਟੋਇਆਂ ਵਿੱਚ ਡੁੱਬਣ ਕਰਕੇ ਹੋ ਜਾਂਦੀਆਂ ਨੇ, ਪ੍ਰਸ਼ਾਸਨ ਤੱਕ, ਹਲਕਾ ਵਿਧਾਇਕਾਂ ਤੱਕ, ਐਮ ਪੀਜ਼ ਤੱਕ ਅਪੀਲਾਂ ਕੀਤੀਆਂ ਕਿ ਪੁਲ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ, ਪਰ ਕਿਤੇ ਵੀ ਕੋਈ ਸੁਣਵਾਈ ਨਹੀਂ।
ਧਾਕੜਾਂ ਦੇ ਰੇਤ ਢੋਹਣ ਵਾਲੇ ਵਾਹਨਾਂ ਨੇ ਧੁੱਸੀ ਬੰਨ ਵਾਲੇ ਸੜਕਨੁਮਾ ਰਾਹ ਦਾ ਵੀ ਸੱਤਿਆਨਾਸ ਮਾਰ ਦਿੱਤਾ ਹੈ। ਇਥੇ 8 ਕੁ ਸਾਲ ਪਹਿਲਾਂ ਬਾਦਲ ਸਰਕਾਰ ਦੇ ਪਿਛਲੇ ਕਾਰਜਕਾਲ ਵੇਲੇ ਸੜਕ ਹੋਰ ਬਣਾਉਣ ਲਈ ਪੱਥਰ ਪਾਏ ਗਏ ਸਨ, ਫੇਰ ਕਾਫੀ ਚਿਰ ਮਗਰੋਂ ਮਿੱਟੀ ਪਾ ਦਿੱਤੀ ਗਈ, ਫੇਰ ਕਿਸੇ ਨੇ ਇਸ ਰਾਹ ਦੀ ਸਾਰ ਨਾ ਲਈ, ਹੁਣ ਮਾੜੇ ਜਿਹੇ ਮੀਂਹ ਨਾਲ ਹੀ ਇਹ ਰਾਹ ਦਲਦਲ ਬਣ ਜਾਂਦਾ ਹੈ। ਗੱਡਿਆਂ ਵਾਲੇ, ਦੋ ਪਹੀਆ ਵਾਹਨਾਂ ਵਾਲੇ ਮਸਾਂ ਹੀ ਇਹ ਰਾਹ ਪਾਰ ਕਰਦੇ ਨੇ। ਜਦਕਿ ਇਹ ਰਾਹ ਕਈ ਪਿੰਡਾਂ ਦਾ ਲਾਂਘਾ ਹੈ, ਤੇ ਵੱਡਿਆਂ ਦੇ ਰੇਤ ਵਾਲੇ ਟਰੱਕ ਟਰਾਲੀਆਂ ਵੀ ਇਥੋਂ ਹੀ ਲੰਘਦੇ ਨੇ। ਪਿੰਡ ਵਾਸੀ ਕਟਾਖਸ਼ ਕਰਦੇ ਨੇ ਕਿ ਜੇ ਤਾਂ ਬਾਦਲ ਪਰਿਵਾਰ ਦੀਆਂ ਬੱਸਾਂ ਚੱਲਦੀਆਂ ਹੁੰਦੀਆਂ ਫੇਰ ਇਹ ਸੜਕ ਜ਼ਰੂਰ ਕਾਕਾ ਜੀ ਦੇ ਕਹਿਣ ਵਾਂਗ ਬੰਬਾਂ ਨਾਲ ਵੀ ਨਾ ਟੁੱਟਣਯੋਗ ਬਣ ਜਾਂਦੀ। ਸੜਕ ਦੀ ਹਾਲਤ ਬੇਹੱਦ ਖਸਤਾ, ਉਤੋਂ ਪਿੰਡ ਇਸ ਬੰਨ ਨਾਲੋਂ 10-12 ਫੁੱਟ ਨੀਂਵਾਂ ਹੋਣ ਕਰਕੇ ਬਰਸਾਤਾਂ ਦੇ ਮੌਸਮ ਵਿੱਚ ਪਿੰਡ ਵਾਸੀ ਧਰਤੀ ਉਤਲਾ ਨਰਕ ਹੀ ਭੋਗਦੇ ਨੇ।
ਪਿੰਡ ਦੀ ਪੰਚਾਇਤ ਕੰਮਾਂ ਦੇ ਨਾਮ 'ਤੇ ਹੂੰਅ ਹਾਂ ਹੀ ਕਰਦੀ ਹੈ। ਸਸਤੀ ਕਣਕ ਦਾਲ ਬਾਰੇ ਦੱਸਿਆ ਗਿਆ ਕਿ ਬਹੁਤੇ ਲੋੜਵੰਦਾਂ ਦੇ ਕਾਰਡ ਨਹੀਂ ਬਣੇ, ਪਰ ਕਈ ਸਰਦੇ ਪੁੱਜਦੇ ਘਰਾਂ ਨੇ ਕਾਰਡ ਬਣਾਏ ਨੇ, ਤੇ ਕਣਕ ਮਿਲਦੀ ਵੀ ਉਹਨਾਂ ਨੂੰ ਹੀ ਹੈ, ਬੇਸ਼ੱਕ ਉਹ ਕਣਕ ਲੈ ਕੇ ਪਸ਼ੂਆਂ ਨੂੰ ਹੀ ਪਾਉਣ। ਇੱਕਾ ਦੁੱਕਾ ਲੋੜਵੰਦ ਪਰਿਵਾਰਾਂ ਨੂੰ ਸਾਲ ਵਿੱਚ ਇਕ ਵਾਰ ਪ੍ਰਤੀ ਪਰਿਵਾਰ 30 ਕਿਲੋ ਕਣਕ ਦੇ ਦਿੱਤੀ ਜਾਂਦੀ ਹੈ, ਬਾਕੀਆਂ ਨੂੰ ਤਾਂ ਪਰਚੀਆਂ ਦੇ ਕੇ ਫੇਰ ਕਹਿ ਦਿੱਤਾ ਜਾਂਦਾ ਹੈ ਕਿ ਸਟਾਕ ਮੁੱਕ ਗਿਆ। ਪੈਨਸ਼ਨ ਦੇ ਦਰਸ਼ਨ ਵੀ ਕਦੇ ਕਦੇ ਹੋ ਜਾਂਦੇ ਨੇ।
ਪਿੰਡ ਵਿੱਚ ਚਰਚ ਵੀ ਹੈ, ਪਿੰਡ ਦੇ ਹਾਸ਼ੀਏ 'ਤੇ ਧੱਕੇ ਤੇ ਵਿਤਕਰੇਬਾਜ਼ੀ ਦਾ ਸ਼ਿਕਾਰ ਮਜ਼ਹਬੀ ਸਿੱਖ ਪਰਿਵਾਰਾਂ ਨੇ ਈਸਾਈਅਤ ਕਬੂਲ ਕਰ ਲਈ।
ਜਿਥੋਂ ਰੇਤ ਵਾਲੀਆਂ ਗੱਡੀਆਂ ਗੱਗੋਮਾਹਲ ਨੂੰ ਜਾਂਦੀਆਂ ਨੇ, ਓਸ ਮੁੱਖ ਰਾਹ 'ਤੇ ਨਿਵਾਣ ਵੱਲ ਇਕ ਗੁਰੂ ਘਰ ਹੈ, ਜਿਸ ਦੇ ਕੋਲ ਕੁਝ ਧਾਕੜ ਲੋਕ ਬੈਠਦੇ ਨੇ ਤੇ ਹਰ ਰੇਤ ਵਾਲੀ ਗੱਡੀ ਤੋਂ 100-100 ਰੁਪਿਆ, ਗੁਰੂ ਘਰ ਦੀ ਸੇਵਾ ਦੇ ਨਾਮ 'ਤੇ ਹਫਤਾ ਵਸੂਲੀ ਵਾਂਗ ਵਸੂਲਦੇ ਨੇ।
ਕਈ ਪਿੰਡ ਵਾਸੀ ਇਸ ਦਾ ਵਿਰੋਧ ਤਾਂ ਕਰਦੇ ਨੇ ਪਰ ਜੇ ਕਿਸੇ ਹੋਰ ਨੂੰ ਫਰਕ ਨਹੀਂ ਤਾਂ ਫੇਰ ਮੈਨੂੰ ਵੀ ਕੀ ਵਾਲੀ ਮਾਨਸਿਕਤਾ ਭਾਰੂ ਹੈ।
ਰ ਇਸ ਵਾਰ ਨੌਜਵਾਨਾਂ ਨੇ ਸਾਰੀ ਬਾਜ਼ੀ ਆਪਣੇ ਹੱਥ ਵਿੱਚ ਲੈ ਲਈ ਹੈ, ਸਾਫ ਕਹਿੰਦੇ ਨੇ, ਦੋ ਨੂੰ ਪਰਖ ਕੇ ਵੇਖ ਚੁੱਕੇ ਹਾਂ, ਤੀਜੀ ਧਿਰ ਨੂੰ ਮੌਕਾ ਜ਼ਰੂਰ ਦਿਆਂਗੇ .. ਨਹੀਂ ਤਾਂ ਫੇਰ ਸਾਡੇ ਕੋਲ ਗਵਾਉਣ ਲਈ ਬਚਿਆ ਵੀ ਕੀ ਹੈ।
ਪਿੰਡ ਚਾਹਲਪੁਰ ਦੇ ਬਹੁਤੇ ਨੌਜਵਾਨ ਸਥਾਪਿਤ ਧਿਰਾਂ ਦਾ ਤਾਂ ਨਾਮ ਹੀ ਨਹੀਂ ਲੈਣ ਦਿੰਦੇ। ਸਵਾਲ ਕਰਦੇ ਨੇ ਕਿ ਸਾਨੂੰ ਹੁਣ ਤੱਕ ਦਿੱਤਾ ਕੀ, ਇਹ ਸਰਹੱਦੀ ਏਰੀਆ ਹੈ, ਜਾਣਦੇ ਹਾਂ ਕਿ ਕੋਈ ਕਾਰਖਾਨਾ ਨਹੀਂ ਲੱਗ ਸਕਦਾ, ਪਰ ਮੁਢਲੀਆਂ ਲੋੜਾਂ ਤਾਂ ਪੂਰੀਆਂ ਕੀਤੀਆਂ ਹੀ ਜਾ ਸਕਦੀਆਂ ਨੇ, ਸਿਹਤ ਸਹੂਲਤਾਂ ਦੀ ਸਰਹੱਦੀ ਇਲਾਕੇ ਵਿੱਚ ਸਭ ਤੋਂ ਵੱਧ ਲੋੜ ਹੈ, ਪਰ ਸਾਡੇ ਲੋਕ 7-8 ਕਿਲੋਮੀਟਰ ਦੂਰ ਪੈਂਦੇ ਕਸਬਾ ਗੱਗੋਮਾਹਲ ਦੇ ਆਰ ਐਮ ਪੀਜ਼ ਦੇ ਆਸਰੇ ਦਿਨ ਕਟੀਆਂ ਕਰਦੇ ਨੇ। ਰੁਜ਼ਗਾਰ ਸਾਨੂੰ ਨਹੀਂ ਮਿਲਦਾ, ਉਚ ਵਿੱਦਿਆ ਲਈ ਧੱਕੇ ਧੋੜੇ ਖਾਣੇ ਪੈ ਰਹੇ ਨੇ, ਸਰਕਾਰੀ ਪੱਧਰ 'ਤੇ ਉਚ ਵਿੱਦਿਆ ਹੈ ਹੀ ਨਹੀਂ, ਮਾੜਾ ਜੱਟ ਜ਼ਿਮੀਦਾਰ ਤਾਂ ਘਰ ਚੁੱਲਾ ਤਪਦਾ ਰੱਖਣ ਲਈ ਹੀ ਕੁੱਬਾ ਹੋ ਜਾਂਦਾ, ਲੱਖਾਂ ਦੀ ਸਕੂਲਾਂ ਕਾਲਜਾਂ ਦੀ ਫੀਸ ਕਿੱਥੋਂ ਦੇਊ? ਮਜ਼ਦੂਰ ਤਬਕਾ ਤਾਂ ਪ੍ਰਾਇਮਰੀ ਤੋਂ ਅੱਗੇ ਪੜਨ ਬਾਰੇ ਸੋਚ ਹੀ ਨਹੀਂ ਸਕਦਾ। ਹਕੂਮਤ ਨਾ ਤਾਂ ਰੁਜ਼ਗਾਰ ਦੇ ਸਕੀ, ਨਾ ਸਸਤੀ ਐਜੂਕੇਸ਼ਨ, ਨਾ ਸਸਤਾ ਇਲਾਜ, ਪਰ ਨਸ਼ਾ ਬਥੇਰਾ ਕਰਤਾ।
ਪਿੰਡ ਦੇ ਸੂਝਬੂਝ ਰੱਖਣ ਵਾਲੇ ਨੌਜਵਾਨਾਂ ਦੇ ਅੱਗ ਵਰਗੇ ਬੋਲ ਸਰਕਾਰਾਂ ਦੇ ਕਾਗਜ਼ੀ ਵਿਕਾਸ ਨੂੰ ਫੂਕਣ ਲਈ ਕਾਫੀ ਨੇ।
ਇਹ ਨੌਜਵਾਨ ਤਲਖ ਭਾਸ਼ਾ 'ਚ ਆਖਦੇ ਨੇ ਕਿ ਸਾਡੇ ਬਜ਼ੁਰਗ ਹੁਣ ਤੱਕ ਅੱਖਾਂ ਮੀਚ ਕੇ ਹੱਥ ਜੋੜ ਕੇ ਵੋਟਾਂ ਪਾ ਕੇ ਸਥਾਪਿਤ ਧਿਰਾਂ ਨੂੰ ਤਖਤ ਤੇ ਬਿਠਾਉਂਦੇ ਰਹੇ, ਆਪ ਘੱਟਾ ਢੋਂਅਦੇ ਰਹੇ, ਹੁਣ ਤਖਤੇ ਤੋਂ ਗਰਦ ਵਾਂਗ ਝੜਨ ਦੀ ਇਹਨਾਂ ਧਿਰਾਂ ਦੀ ਵਾਰੀ ਹੈ।
ਪਿੰਡ ਵਿੱਚ ਬਹੁਤੇ ਬੰਨਿਆਂ ਬਨੇਰਿਆਂ 'ਤੇ ਆਪ ਦੇ ਝੰਡੇ ਚਾਂਭੜਾਂ ਪਾ ਰਹੇ ਜਾਪੇ , ਕੁਝ ਘਰਾਂ 'ਤੇ ਪੰਥ ਦੇ ਅਖੌਤੀ ਅਲੰਬਰਦਾਰਾਂ ਦੇ ਤੇ ਕਾਂਗਰਸ ਦੇ ਝੰਡੇ ਵੀ ਲੱਗੇ ਨੇ।
ਇਕ ਬਜ਼ੁਰਗ ਡੂੰਘੀ ਪੀੜਾ ਵਿਚੋਂ ਬੋਲਿਆ ਕਿ ਜਿਹੜੇ ਪੰਥ ਨੇ ਅਕਾਲੀਆਂ ਨੂੰ ਤਖਤ ਦਿੱਤਾ. . ਓਸੇ ਪੰਥ ਨੂੰ ਇਹਨਾਂ ਦੇ ਢਾਅ ਲਾਈ, ਫੇਰ ਪੰਥ ਇਹਨਾਂ ਨੂੰ ਮਾਫ ਕਿਵੇਂ ਕਰ ਦਊ? ਪਿੰਡ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਡਾਢਾ ਰੋਸ ਹੈ, ਕਿਸਾਨੀ ਸੰਕਟ ਦਾ ਵੀ ਅਸਰ ਹੈ, ਨਸ਼ਾ ਤਾਂ ਮਾਰੋ ਮਾਰ ਕਰਦਾ ਰਿਹਾ ਹੈ।
ਹਕੂਮਤ ਜਾਂ ਉਸ ਦੇ ਭਗਤਜਨ ਸੂਬੇ ਦੇ ਹਰ ਕੋਨੇ ਵਿੱਚ ਵਿਕਾਸ ਦਾ ਜਿੰਨਾ ਮਰਜ਼ੀ ਦਮ ਭਰੀ ਜਾਣ, ਪਰ ਅਜਨਾਲੇ ਦਾ ਪਿੰਡ ਚਾਹਲਪੁਰ ਤਾਂ ਸਰਕਾਰੀ ਸਹੂਲਤਾਂ ਤੋਂ ਸੱਖਣਾ ਕੰਨੀ ਦੇ ਕਿਆਰੇ ਵਰਗਾ ਹੀ ਹੈ।