Wed, 30 October 2024
Your Visitor Number :-   7238304
SuhisaverSuhisaver Suhisaver

ਗੁਜਰਾਤ ਵਿਧਾਨ ਸਭਾ ਚੋਣਾਂ ਤੇ ਖੌਫ਼ਜ਼ਦਾ ਮੁਸਲਿਮ ਭਾਈਚਾਰਾ -ਰਾਜੀਵ ਖੰਨਾ

Posted on:- 16-04-2017

 ਜਿਵੇ -ਜਿਵੇਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ , ਉਸੇ ਤਰ੍ਹਾਂ ਫਿਰਕੂ ਧਰੁਵੀਕਰਨ ਦੀ ਸਿਆਸਤ ਤੇਜ਼ ਹੋ ਰਹੀ ਹੈ । ਮੁਸਲਿਮ ਭਾਈਚਾਰੇ ਅੰਦਰ ਸਹਿਮ ਦਾ ਮਾਹੌਲ ਸਾਫ ਦਿਖਾਈ ਦੇ ਰਿਹਾ ਹੈ । ਭਾਜਪਾ , ਸੰਘ ਪਰਿਵਾਰ ਤੇ ਉਸਦੇ ਸਹਿਯੋਗੀ ਸੰਗਠਨ ਜਿਵੇਂ ਬਜਰੰਗ ਦਲ , ਵਿਸ਼ਵ ਹਿੰਦੂ ਪ੍ਰੀਸ਼ਦ ਵਿਧਾਨ ਸਭਾ ਦੀਆਂ 182 `ਚੋਂ 150 ਦੇ ਟੀਚੇ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਏ ਹਨ । ਹਾਲ ਹੀ ਦੀਆਂ ਘਟਨਾਵਾਂ ਨੂੰ ਮੁਸਲਿਮ ਭਾਈਚਾਰਾ ਇੱਕ ਲੜੀ ਵਜੋਂ ਦੇਖ ਰਿਹਾ ਹੈ । ਯੂ ਪੀ ਜਿੱਤ ਤੋਂ ਬਾਅਦ ਸੰਘੀ ਕੋੜਮੇ ਦੇ ਹੌਸਲੇ ਬੁਲੰਦ ਹਨ ।

       ਅਹਿਮਦਾਬਾਦ ਸਥਿਤ ਇੱਕ ਪੱਤਰਕਾਰ ਦਾ ਕਹਿਣਾ ਹੈ , ``ਲੋਕ ਇੱਕ ਵਾਰ ਫਿਰ ਤੋਂ ਰਾਮ ਮੰਦਿਰ ਦੇ ਨਾਅਰੇ ਸੁਣ ਰਹੇ ਹਨ । ਕੰਧਾਂ `ਤੇ ਹਿੰਦੂਆਂ ਨੂੰ ਲਵ ਜਿਹਾਦ ਤੋਂ ਸੁਚੇਤ ਕਰਨ ਦੇ ਸੁਨੇਹੇ ਲਿਖੇ ਜਾ ਰਹੇ ਹਨ । ਇਸਦਾ ਮਕਸਦ ਸੂਬੇ `ਚ ਫਿਰਕੂ ਤਾਪਮਾਨ ਬਣਾਈ ਰੱਖਣਾ ਹੈ ਜਿਸ ਕਰਕੇ ਧਰੁਵੀਕਰਨ ਨੂੰ ਹੁੰਘਾਰਾ ਮਿਲਦਾ ਰਹੇ । `` ਗੁਜਰਾਤ `ਚ ਕੰਧਾਂ `ਤੇ ਇਸ ਤਰ੍ਹਾਂ ਦੇ ਸੁਨੇਹੇ ਕੁਝ ਪ੍ਰਮੁੱਖ ਬਸਤੀਆਂ `ਤੇ ਦੇਖੇ ਗਏ । ਪਾਟਨ ਜ਼ਿਲ੍ਹੇ ਦੇ ਵਡਾਵਲੀ ਪਿੰਡ `ਚ ਮੁਸਲਮਾਨਾਂ `ਤੇ ਹਿੰਸਾ  ਤੋਂ ਬਾਅਦ ਸੌਰਾਸ਼ਟਰ ਦੇ ਅਮਰੇਲੀ ਜ਼ਿਲ੍ਹੇ ਦੇ ਸ੍ਵਰਕੁੰਡਲਾ `ਚ ਹਿੰਸਕ ਝੜਪ ਹੋਈ ਹੈ ।

 ਸੂਤਰਾਂ ਅਨੁਸਾਰ ਪਾਟਨ ਜ਼ਿਲ੍ਹੇ ਵਿਚ ਦੰਗਾ ਹਿੰਦੂ ਤੇ ਮੁਸਲਮਾਨ ਮੁੰਡਿਆਂ ਦੀ ਤੂੰ ਤੂੰ - ਮੈਂ -ਮੈਂ ਤੋਂ ਸ਼ੁਰੂ ਹੋਇਆ ਜਦਕਿ ਸ੍ਵਰਕੁੰਡਲਾ `ਚ ਹਿੰਸਾ ਉਦੋਂ ਹੋਈ ਜਦੋਂ ਇੱਕ ਮੁਸਲਿਮ ਲੜਕਾ ਇੱਕ ਹਿੰਦੂ ਕੁੜੀ ਕੋਲ ਬੈਠਾ ਸੀ । ਇਥੇ ਹਰ ਛੋਟੀ-ਮੋਟੀ ਲੜਾਈ ਫਿਰਕੂ ਹਿੰਸਾ ਦਾ ਰੂਪ ਲੈ ਲੈਂਦੀ ਹੈ ।

     ਸਮਾਜਿਕ ਕਾਰਕੁਨ ਰਫ਼ੀਕ ਮਲਿਕ ਦੱਸਦੇ ਹਨ ,`` ਅਸੀਂ ਆਪਣੇ ਭਾਈਚਾਰੇ ਦੇ ਨੌਜਵਾਨਾਂ ਨੂੰ ਇਹੀ ਸਮਝਾ ਰਹੇ ਹਾਂ ਕਿ ਕਿਸੇ ਤਾਅਨੇ ਜਾਂ ਟਿੱਪਣੀ ਤੋਂ ਉਤੇਜਿਤ ਹੋ ਕੇ ਪ੍ਰਤੀਕ੍ਰਿਆ ਨਾ ਦੇਵੋ । ਬਹੁਗਿਣਤੀ ਦੇ ਕਿਸੇ ਉਕਸਾਵੇ ਦਾ ਜਵਾਬ ਨਾ ਦੇਵੋ । ਉਤੇਜਨਾ ਨੂੰ ਹਿੰਸਾ `ਚ ਬਦਲਣਾ ਫਿਰਕੂ ਧਰੁਵੀਕਰਨ ਦੀ ਸਿਆਸਤ ਕਰਨ ਵਾਲਿਆਂ ਨੂੰ ਰਾਸ ਆਉਂਦਾ ਹੈ ।``

      ਹਾਲ ਹੀ `ਚ ਹੋਈਆਂ ਘਟਨਾਵਾਂ ਕਿਸੇ ਛੋਟੀ ਜਿਹੀ ਗੱਲ ਤੋਂ ਹੀ ਸ਼ੁਰੂ ਹੋਈਆਂ ਸਨ । ਛੋਟੀ ਗੱਲ ਤੋਂ ਸ਼ੁਰੂ ਹੋਇਆ ਤਕਰਾਰ ਪਹਿਲਾਂ ਪੱਥਰਬਾਜ਼ੀ ਫੇਰ ਅਗਜ਼ਨੀ ਦੀਆਂ ਘਟਨਾਵਾਂ ਦਾ ਰੂਪ ਲੈ ਲੈਂਦਾ ਹੈ । ਇੱਕ ਹੋਰ ਕਾਰਕੁਨ ਵਕਾਰ ਅਨੁਸਾਰ ੨੦੦੨ ਦੀਆਂ ਘਟਨਾਵਾਂ ਵੀ ਇਸੇ ਤਰ੍ਹਾਂ ਦੀਆਂ ਛੋਟੀਆਂ ਲੜਾਈਆਂ ਤੋਂ ਸ਼ੁਰੂ ਹੋਈਆਂ ਸੀ ਪਰ ਉਦੋਂ ਮੁਸਲਮਾਨ ਇਨੇ ਸੁਚੇਤ ਨਹੀਂ ਸਨ । ਵਕਾਰ ਕੁਝ ਸਮਾਂ ਪਹਿਲਾਂ ਮੜੌਸਾ ਗਏ ਸਨ ਕੁਝ ਅਜਿਹੇ ਹੀ ਮਾਮਲੇ ਦੇ ਸਬੰਧ ਵਿਚ ;ਉਥੇ ਵੀ ਲੜਾਈ ਛੇੜਛਾੜ ਤੋਂ ਸ਼ੁਰੂ ਹੋਈ ਸੀ ਤੇ ਮੁਸਲਿਮ ਪਰਿਵਾਰ ਨੇ ਡਰ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਸ਼ਰਨ ਲੈ ਲਈ ਸੀ ।

         ਸਮਾਜਿਕ ਕਾਰਕੁਨਾਂ ਅਨੁਸਾਰ ਬਜਰੰਗ ਦਲ ਤੇ ਵੀਐੱਚਪੀ ਨੇ ਜ਼ਮੀਨੀ ਪੱਧਰ `ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਪਿੰਡਾਂ `ਚ ਹੋ ਰਹੇ ਸੰਤ ਸੰਮੇਲਨਾਂ `ਚ ਉਹਨਾਂ ਦੀ ਭੂਮਿਕਾ ਅਹਿਮ ਹੁੰਦੀ ਹੈ । ਉਹਨਾਂ ਵਿਚ ਹੁੰਦੇ ਭਾਸ਼ਣਾਂ `ਚ ਮੁਸਲਮਾਨਾਂ ਪ੍ਰਤੀ ਜ਼ਹਿਰ ਉਗਲੀ ਜਾਂਦੀ ਹੈ । ਉਹਨਾਂ ਦੀ ਰਣਨੀਤੀ ਸਾਫ਼ ਹੈ । ਉਹ ਵੱਖ -ਵੱਖ ਜਾਤਾਂ ਉੱਪ ਜਾਤਾਂ ਗੋਤਾਂ ਦੇ ਸੰਤਾਂ ਨੂੰ ਇੱਕ ਮੰਚ `ਤੇ ਇਕੱਠਾ ਕਰਦੇ ਹਨ । ਪਿੰਡ ਦੇ ਲੋਕਾਂ `ਤੇ ਆਪਣੇ ਕਾਰਕੁਨਾਂ ਜਾਂ ਰਿਸ਼ਤੇਦਾਰਾਂ ਰਾਹੀ ਦਬਾਅ ਪਾਇਆ ਜਾਂਦਾ ਹੈ । ਜਿਨ੍ਹਾਂ ਨੂੰ ਉਹ ਨਾਂਹ ਨਹੀਂ ਕਰ ਸਕਦੇ । ਇਹਨਾਂ ਸੰਮੇਲਨਾਂ `ਚ ਹਿੰਦੂ ਏਕਤਾ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਮੁਸਲਿਮ ਵਿਰੋਧੀ ਨਫਰਤ `ਤੇ ਜਾ ਖ਼ਤਮ ਹੁੰਦੀ ਹੈ ।

       ਇੱਕ ਹੋਰ ਸਮਾਜਿਕ ਕਾਰਜ ਕਰਤਾ ਦੱਖਣੀ ਗੁਜਰਾਤ ਦੇ ਬਰਡੋਲੀ ਦੀ ਰੈਲੀ ਦੀ ਉਦਹਾਰਣ ਦਿੰਦਾ ਦੱਸਦਾ ਹੈ ਕਿ ਰਾਮਨੌਵੀਂ ਦੇ ਮੌਕੇ ਹਿੰਦੂਵਾਦੀ ਸੰਗਠਨਾਂ ਨੇ ਪਾਕਿਸਤਾਨ ਤੇ ਕਸ਼ਮੀਰ ਬਾਬਤ ਕਵਿਤਾਵਾਂ ਨੂੰ ਖੂਬ ਵਜਾਇਆ ਤਾਂ ਜੋ ਮੁਸਲਮਾਨਾਂ ਨੂੰ ਉਕਸਾਇਆ ਜਾ ਸਕੇ । ਯਾਦ ਰਹੇ ਦੱਖਣੀ ਗੁਜਰਾਤ ਹੀ ਵੀਐੱਚਪੀ ਦੇ `ਘਰ ਵਾਪਸੀ` ਅਭਿਆਨ ਦਾ  ਥਿਏਟਰ ਰਿਹਾ ਹੈ । ਗਊ ਰੱਖਿਆ ਇੱਕ ਅਜਿਹਾ ਮੁੱਦਾ ਹੈ ਜਿਸਨੂੰ ਦਲਿਤਾਂ ਤੇ ਮੁਸਲਮਾਨ ਨੂੰ ਵੰਡਣ ਤੇ ਉਹਨਾਂ ਦੀ ਆਪਸੀ ਨਿਰਭਰਤਾ ਨੂੰ ਖ਼ਤਮ ਕਰਨ ਲਈ ਜ਼ੋਰ -ਸ਼ੋਰ ਨਾਲ ਉਠਾਇਆ ਜਾਂਦਾ ਹੈ ।

         ਸਮੁਦਾਇਕ ਨੇਤਾ ਅਤੇ ਇਸਲਾਮਿਕ ਰਿਲੀਫ ਸਮਿਤੀ ਦੇ ਸਾਬਕਾ ਪ੍ਰਧਾਨ ਸ਼ਕੀਲ ਅਹਿਮਦ ਦਾ ਕਹਿਣਾ ਹੈ , ``ਮੈਂ ਇਹ ਤਾਂ ਨਹੀਂ ਕਹਾਂਗਾ ਕਿ ਲੋਕ ਡਰੇ ਹੋਏ ਨੇ ਪਰ ਇਸ ਗੱਲ ਦੀ ਚਿੰਤਾ ਜ਼ਰੂਰ ਹੈ ਕਿ ਕੀਤੇ ਮੁਸਲਮਾਨ ਆਪਣੀ ਰੱਖਿਆ ਲਈ ਕੋਈ ਪ੍ਰਤੀਕਿਰਿਆ ਨਾ ਕਰ ਬੈਠਣ, ਜੇ ਇਹ ਹੋ ਗਿਆ ਤਾਂ ਮਹੌਲ ਬੜਾ ਖਤਰਨਾਕ ਬਣ ਸਕਦਾ ਹੈ ।``ਸ਼ਕੀਲ ਅਹਿਮਦ ਅਜੇਹੀ ਹਾਲਤ ਲਈ ਅਖੌਤੀ ਧਰਮ -ਨਿਰਪੱਖ ਨੇਤਾਵਾਂ ਨੂੰ ਵੀ ਦੋਸ਼ੀ ਠਹਿਰਾ ਰਹੇ ਹਨ ਜੋ ਹੁਣ ਹਿੰਦੂਵਾਦੀ ਸੰਗਠਨਾਂ ਨਾਲ ਤੁਰੇ ਫਿਰਦੇ ਹਨ ।

        ਹਾਲੀਆ ਧਰੁਵੀਕਰਨ ਦਾ ਮੁੱਖ ਬਿੰਦੂ ਮਾਰਚ ਦੇ ਅੰਤ `ਚ ਅਹਿਮਦਾਬਾਦ `ਚ  ਵੀਐੱਚਪੀ ਦੀ ਰੈਲੀ `ਚ ਪ੍ਰਵੀਨ ਤੋਗੜੀਆ ਦਾ ਭਾਸ਼ਣ ਰਿਹਾ ਹੈ । ਇਸੇ ਸਮੇਂ ਸੰਘ ਦੇ ਸਹਿਯੋਗੀ ਸੰਗਠਨ ਮੁਸਲਿਮ ਰਾਸ਼ਟਰੀ ਮੰਚ ਨੇ ਇੱਕ ਸ਼ਰਮਨਾਕ ਘਟਨਾਕ੍ਰਮ ਦੇ ਮੱਦੇਨਜ਼ਰ ਆਪਣਾ ਦਫ਼ਤਰ ਰਿਲੀਫ ਰੋਡ `ਤੇ ਖੋਲ੍ਹਿਆ ਹੈ । ਰਿਪੋਰਟ ਅਨੁਸਾਰ ਆਪਣੇ ਸਾਈਨਬੋਰਡ ਚੋਂ ਜੰਮੂ-ਕਸ਼ਮੀਰ ਦਾ ਵੱਡਾ ਹਿੱਸਾ ਗਾਇਬ ਕਰ ਦਿੱਤਾ ।

       ਸਮਾਜ ਸੇਵਕ ਮੁਖਤਾਰ ਅਹਿਮਦ ਅਨੁਸਾਰ ਇਹਨਾਂ ਦਿਨਾਂ `ਚ ਨੇੜੇ ਆ ਰਹੀਆਂ ਚੋਣਾਂ , ਹਿੰਦੂ -ਮੁਸਲਮਾਨ `ਚ ਵੱਧ ਰਿਹਾ ਤਣਾਅ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਵੱਧ ਰਹੀਆਂ ਦੂਰੀਆਂ ਕਿਸੇ ਵੱਡੀ ਤੇ ਮਾੜੀ ਘਟਨਾ ਨੂੰ ਜਨਮ ਦੇ ਸਕਦੀ ਹੈ ਜੋ ਇੰਤਹਾ ਪਸੰਦ ਦੇ ਰਾਸ ਆ ਸਕਦੀ ਹੈ ।

            ( ਰਾਜੀਵ ਖੰਨਾ ਕੈੱਚ ਨਿਊਜ਼ ਦੇ ਸਹਾਇਕ ਸੰਪਾਦਕ ਹਨ )

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ