Thu, 21 November 2024
Your Visitor Number :-   7254300
SuhisaverSuhisaver Suhisaver

ਜਾਦੂਈ ਇਲਾਜ ਸੰਬੰਧੀ ਇਸ਼ਤਿਹਾਰਬਾਜ਼ੀ ਅਤੇ ਕਨੂੰਨ -ਵਿਕਰਮ ਸਿੰਘ ਸੰਗਰੂਰ

Posted on:- 07-12-2012

suhisaver

ਅਜੋਕਾ ਵਿਗਿਆਨਕ ਯੁੱਗ ਸੂਚਨਾ ਤਕਨਾਲੋਜੀ ਦੇ ਖੇਤਰ ਵਾਸਤੇ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਸਮੇਂ ਵਿਗਿਆਨ ਦਾ ਲਾਹਾ ਲੈ ਕੇ ਜਿੱਥੇ ਕਈ ਵਿਕਸਿਤ ਅਤੇ ਵਿਕਾਸਸ਼ੀਲ ਮੁਲਕ ਆਪਣੇ ਸੰਚਾਰ ਖੇਤਰ ਨੂੰ ਤਕਨੀਕੀ ਪੱਖੋਂ ਹੋਰ ਵਿਕਸਿਤ ਕਰਕੇ ਆਪਣੇ ਪਾਠਕਾਂ/ਸਰੋਤਿਆਂ/ਦਰਸ਼ਕਾਂ ਦੀ ਮਾਨਸਿਕਤਾ ਵਿੱਚ ਵਿਗਿਆਨਕ ਸੋਚ ਦਾ ਘੇਰਾ ਮੋਕਲਾ ਕਰਨ ਵਿੱਚ ਲੱਗੇ ਹੋਏ ਹਨ, ਉੱਥੇ ਇਨ੍ਹਾਂ ਵਿੱਚੋਂ ਕੁਝ ਅਜਿਹੇ ਵੀ ਮੁਲਕ ਹਨ, ਜਿਨ੍ਹਾਂ ਵਿੱਚ ਇਨ੍ਹਾਂ ਸੰਚਾਰ ਮਾਧਿਅਮਾਂ ਦਾ ਸਹਾਰਾ ਲੈ ਕੇ ਕੁਝ ਕੁ ਮੀਡੀਆ ਅਦਾਰਿਆਂ ਵੱਲੋਂ ਵਿਗਿਆਨਕ ਸੋਚ ਨੂੰ ਹੀ ਖੋਰਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਭਾਰਤ ਇੱਕ ਅਜਿਹਾ ਮੁਲਕ ਹੈ, ਜਿੱਥੇ ਰਾਜ ਦਾ ਚੌਥਾ ਥੰਮ੍ਹ ਮੰਨੀ ਜਾਣ ਵਾਲੀ ਪ੍ਰੈੱਸ ਦਾ ਆਗਾਜ਼ ਮੁਲਕ ਦੀ ਆਜ਼ਾਦੀ ਦੇ ਮਿਸ਼ਨ ਵਜੋਂ ਹੋਇਆ ਸੀ। ਇਸ ਮੀਡੀਏ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਇੱਥੋਂ ਦਿਆਂ ਲੋਕਾਂ ਦੇ ਮਨਾਂ ਵਿੱਚ ਏਕਤਾ ਦੀ ਭਾਵਨਾ ਅਤੇ ਵਿਗਿਆਨਕ ਵਿਚਾਰਾਂ ਦਾ ਨਜ਼ਰੀਆਂ ਪੈਦਾ ਕਰਨ ਹਿੱਤ ਜੋ ਭੂਮਿਕਾ ਨਿਭਾਈ, ਉਸ ਨੂੰ ਪ੍ਰਿੰਟ ਮੀਡੀਆ ਦੇ ਸ਼ਾਨਾਂ-ਮੱਤੇ ਕਾਰਜ ਵਜੋਂ ਚੇਤੇ ਕੀਤਾ ਜਾਂਦਾ ਹੈ।

ਆਜ਼ਾਦੀ ਤੋਂ ਬਾਅਦ ਖੁੱਲ੍ਹੀ ਫ਼ਿਜ਼ਾ ਵਿੱਚ ਸਾਹ ਲੈਂਦਿਆਂ ਵਿਗਿਆਨਕ ਕਾਢਾਂ ਸਦਕਾ ਤਕਨੀਕੀ ਅਤੇ ਮਲਕੀਅਤ ਪੱਖੋਂ ਤਾਕਤਵਰ ਹੋਣ ਪਿੱਛੋਂ ਜਿੱਥੇ ਪ੍ਰਿੰਟ ਮੀਡੀਆ ਨੇ ਆਪਣੇ ਪਾਠਕਾਂ ਨੂੰ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਦਿੱਤਾ, ਉੱਥੇ ਪਿਛਲੇ ਥੋੜ੍ਹੇ ਜਿਹੇ ਦਹਾਕਿਆਂ ਤੋਂ ਇਸ ਮੀਡੀਆ ਦੇ ਕੁਝ ਕੁ ਹਿੱਸੇ ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਵਧਾਉਣ ਵਾਲੇ ਤਾਂਤਰਿਕਾਂ, ਬਾਬਿਆਂ ਅਤੇ ਜੋਤਿਸ਼ਾਂ ਵੱਲੋਂ ਜਾਦੂ, ਤੰਤਰ-ਮੰਤਰ ਆਦਿ ਗ਼ੈਰ-ਵਿਗਿਆਨਕ ਢੰਗ-ਤਰੀਕਿਆਂ ਨਾਲ ਕੀਤੇ ਜਾਣ ਵਾਲੇ ਸਰੀਰਕ ਬਿਮਾਰੀਆਂ ਅਤੇ ਘਰੇਲੂ ਸਮੱਸਿਆਵਾਂ ਦੇ ਇਲਾਜ ਦਾ ਪ੍ਰਚਾਰ ਵੀ ਆਪਣੇ ਇਸ਼ਤਿਹਾਰਾਂ ਵਿੱਚ ਕਰਨ ਲੱਗ ਪਏ ਹਨ।



ਇਸ਼ਤਿਹਾਰ ਕਲਾ ਇੱਕ ਅਜਿਹੀ ਨਿਯੋਜਤ ਜਾਂ ਯੋਜਨਾ-ਬੱਧ ਵਿਧੀ ਦਾ ਨਾਂਅ ਹੈ, ਜਿਸ ਦੇ ਨਾਲ ਕਾਰੋਬਾਰੀ ਅਦਾਰੇ ਜਾਂ ਵਿਅਕਤੀ ਆਪਣੀਆਂ ਵਸਤੂਆਂ ਅਤੇ ਸੇਵਾਵਾਂ ਲੋਕਾਂ ਨੂੰ ਵੇਚ ਜਾਂ ਖ਼ਰੀਦ ਸਕਦੇ ਹਨ।ਇਸ਼ਤਿਹਾਰ ਜਨ-ਸੰਚਾਰ ਦਾ ਇੱਕ ਸ਼ਕਤੀਸ਼ਾਲੀ ਹਥਿਆਰ ਹੋਣ ਕਾਰਨ ਇਸ ਦੇ ਪ੍ਰਤੱਖ ਪ੍ਰਭਾਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।ਭਾਰਤ ਵਿੱਚ ਦੂਜਿਆਂ ਸੂਬਿਆਂ ਦੀਆਂ ਖੇਤਰੀ ਭਾਸ਼ਾਵਾਂ ਵਾਲੀਆਂ ਅਖ਼ਬਾਰਾਂ ਵਾਂਗ ਪੰਜਾਬ ਦੀਆਂ ਕੁਝ ਕੁ ਪੰਜਾਬੀ ਅਖ਼ਬਾਰਾਂ ਵੱਲੋਂ ਵੀ ਸੰਚਾਰ ਦੇ ਇਸ ਸ਼ਕਤੀਸਾਲੀ ਹਥਿਆਰ ਨੂੰ ਪਾਠਕਾਂ ਦੀ ਵਿਗਿਆਨਕ ਦ੍ਰਿਸ਼ਟੀ ਖ਼ਤਮ ਕਰਨ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ।ਪੰਜਾਬੀ ਦੇ ਇਨ੍ਹਾਂ ਕੁਝ ਕੁ ਅਖ਼ਬਾਰਾਂ ਦੇ ਪੰਨੇ ਫਰੋਲਦਿਆਂ ਬੜੀ ਆਸਾਨੀ ਨਾਲ ਅਜਿਹਾ ਵਿਸ਼ੇਸ਼ ਪੰਨਾ ਵੀ ਮਿਲ ਜਾਂਦਾ ਹੈ, ਜਿੱਥੇ ਵਰ ਦੀ ਲੋੜ, ਕੰਨਿਆਂ ਦੀ ਲੋੜ ਆਦਿ ਸਿਰਲੇਖਾਂ ਵਾਂਗ ‘ਜੋਤਿਸ਼’ ਦੇ ਸਿਰਲੇਖ ਤਹਿਤ ਅਜਿਹੇ ਕਈ ਤਾਂਤਰਿਕਾਂ, ਬਾਬਿਆਂ ਅਤੇ ਜੋਤਿਸ਼ਾਂ ਦੇ ਅਣਗਿਣਤ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਗਏ ਹੁੰਦੇ ਹਨ, ਜਿਨ੍ਹਾਂ ਵਿੱਚ ਵਸ਼ੀਕਰਨ, ਮੁੱਠਕਰਨੀ, ਪਿਆਰ ਵਿੱਚ ਧੋਖਾ, ਸੌਂਕਣ ਛੁਟਕਾਰਾ, ਨੌਕਰੀ, ਦੁਸ਼ਮਣ ਨੂੰ ਸਾਹਮਣੇ ਤੜਫ਼ਦਾ ਦੇਖੋ ਛੁੱਟੀ ਕਰਵਾਓ, ਘਰੇਲੂ ਕਲੇਸ਼ ਜਿਹੀਆਂ ਸਮੱਸਿਆਵਾਂ ਦਾ ਹੱਲ ਗਾਰੰਟੀ ਨਾਲ ਕਰਨ ਦਾ ਦਾਅਵਾ ਕੀਤਾ ਗਿਆ ਹੁੰਦਾ ਹੈ। ਕਈ-ਕਈ ਵਾਰ ਤਾਂ ਅਜਿਹੇ ਇਸ਼ਤਿਹਾਰਾਂ ਨੇ ਅਖ਼ਬਾਰ ਦਾ ਪੂਰਾ ਪੰਨਾ ਹੀ ਮੱਲਿਆ ਹੁੰਦਾ ਹੈ।ਪਾਠਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਅਜਿਹੇ ਇਸ਼ਤਿਹਾਰ ਜਿੱਥੇ ਵਿਸ਼ੇ ਪੱਖੋਂ ਖਿੱਚ-ਪਾਊ ਹੁੰਦੇ ਹਨ, ਉੱਥੇ ਕਲਾਤਮਕ ਪੱਖੋਂ ਇਨ੍ਹਾਂ ਨੂੰ ਪ੍ਰਭਾਵੀ ਅਪੀਲਾਂ ਨਾਲ ਸਜਾਉਣ ਸਮੇਂ ਇਸ਼ਤਿਹਾਰ ਘਾੜ੍ਹਿਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਹੁੰਦੀ।ਇਨ੍ਹਾਂ ਇਸ਼ਤਿਹਾਰਾਂ ਵਿੱਚ, ਜਬ ਕਹੀਂ ਨਾ ਹੋ ਕਾਮ ਹਮ ਸੇ ਲੇਂ ਹਰ ਖ਼ਤਰਨਾਕ ਸਮੱਸਿਆ ਕਾ ਸਮਾਧਾਨ,  ਜੋ ਸਾਡੇ ਤੋਂ ਪਹਿਲਾਂ ਕੰਮ ਕਰਕੇ ਦਿਖਾਏਗਾ ਉਹ 51 ਲੱਖ ਦਾ ਇਨਾਮ ਪਾਏਗਾ, ਵਿਸ਼ਵਾਸ ਤੁਹਾਡਾ ਗਾਰੰਟੀ ਸਾਡੀ, ਗਿਆਰਾਂ ਵਾਰ ਗੋਲਡ ਮੈਡਲਿਸਟ ਖ਼ੁੱਲ੍ਹਾ ਚੈਲੇਂਜ 101% ਕੰਮ ਦੀ ਗਾਰੰਟੀ ਅਸ਼ਟਾਮ ’ਤੇ ਲਿਖਾਓ, ਫ਼ੀਸ ਕੰਮ ਹੋਣ ਤੋਂ ਬਾਅਦ, ਦੁਖੀ ਲੋਕਾਂ ਲਈ ਆਸ ਦੀ ਕਿਰਨ ਆਦਿ ਜਿਹੀਆਂ ਮਨ ਭਟਕਾਊ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ।



ਇਨ੍ਹਾਂ ਅਖ਼ਬਾਰਾਂ ਨੇ ਆਪਣੇ ਅਜਿਹੇ ਇਸ਼ਤਿਹਾਰਾਂ ਦਾ ਦਾਇਰਾ ਸਿਰਫ਼ ਅਖ਼ਬਾਰਾਂ ਦੇ ਕੁਝ ਪੰਨਿਆਂ ਜਾਂ ਪਾਠਕਾਂ ਤੱਕ ਹੀ ਸੀਮਤ ਨਹੀਂ ਰੱਖਿਆ ਹੋਇਆ, ਸਗੋਂ ਅਜਿਹੇ ਇਸ਼ਤਿਹਾਰਾਂ ਨੂੰ ਡਿਜੀਟਲ ਰੂਪ ਦੇ ਕੇ ਆਪਣੀ ਅਖ਼ਬਾਰ ਦੀ ਆਨਲਾਈਨ ਵੈੱਬਸਾਈਟ ਉੱਤੇ ਵੀ ਚਮਕਾਇਆ ਹੋਇਆ ਹੈ।ਇਨ੍ਹਾਂ ਵੈੱਬਸਾਈਟਾਂ ਉੱਤੇ ਅਖ਼ਬਾਰਾਂ ਦਾ ਬਿਜਲਈ ਪੰਨਾ ਖੁੱਲ਼੍ਹਣ ਤੋਂ ਪਹਿਲਾਂ ਜਾਂ ਖੁੱਲ੍ਹਣ ਪਿੱਛੋਂ ਸੱਜੇ-ਖੱਬੇ, ਉੱਤੇ-ਥੱਲੇ ਤਾਂਤਰਿਕਾਂ ਆਦਿ ਦੇ ਜਾਦੂਈ ਇਲਾਜ ਕਰਨ ਵਾਲੇ ਰੰਗ-ਬਿਰੰਗੇ ਇਸ਼ਤਿਹਾਰ ਜਗ-ਬੁਝ ਕਰਦੇ ਦਿਖਾਈ ਦਿੰਦੇ ਹਨ।

ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਵੱਲੋਂ ਜਾਦੂਈ ਢੰਗ-ਤਰੀਕਿਆਂ ਨਾਲ ਇਲਾਜ ਕਰਨ ਵਾਲਾ ਇਹ ਧੰਦਾ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਦੁਨੀਆਂ ਦੇ ਕਈ ਵਿਕਸਿਤ ਮੁਲਕਾਂ ਵਿੱਚ ਵੀ ਇੱਕ ਵੱਡੇ ਕਾਰੋਬਾਰ ਦਾ ਰੂਪ ਅਖ਼ਤਿਆਰ ਕਰ ਰਿਹਾ ਹੈ।ਜਿੱਥੇ ਪੰਜਾਬ ਦੇ ਤਾਂਤਰਿਕਾਂ ਸੰਬੰਧੀ ਇਸ਼ਤਿਹਾਰ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੀਆਂ ਪੰਜਾਬੀ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੋ ਰਹੇ ਹਨ, ਉੱਥੇ ਇਨ੍ਹਾਂ ਅਖ਼ਬਾਰਾਂ ਵਿੱਚ ਕਈ ਅਜਿਹੀਆਂ ਤਾਂਤਰਿਕ ਔਰਤਾਂ ਵੱਲੋਂ ਵੀ ਇਸ ਤਰ੍ਹਾਂ ਦੇ ਇਸ਼ਤਿਹਾਰ ਛਪਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸੰਤਾਨ ਪ੍ਰਾਪਤੀ, ਇਮੀਗਰੇਸ਼ਨ ਆਦਿ ਸਮੱਸਿਆਵਾਂ ਦਾ ਇਲਾਜ ਜਾਦੂਈ ਢੰਗ ਨਾਲ ਕਰਨ ਦਾ ਯਕੀਨ ਦਿਵਾਇਆ ਗਿਆ ਹੁੰਦਾ ਹੈ।ਪੰਜਾਬੀ ਦੀਆਂ ਇਨ੍ਹਾਂ ਅਖ਼ਬਾਰਾਂ ਦੀ ਵਿਕਰੀ ਸੰਖਿਆ ਤਾਂ ਬੇਸ਼ੱਕ ਘੱਟ ਹੋ ਸਕਦੀ ਹੈ, ਪਰ ਇਨ੍ਹਾਂ ਦੀ ਪਾਠਕ ਸੰਖਿਆ ਹਮੇਸ਼ਾਂ ਹੀ ਇਨ੍ਹਾਂ ਦੀ ਵਿਕਰੀ ਸੰਖਿਆ ਤੋਂ ਕਈ ਗੁਣਾਂ ਜ਼ਿਆਦਾ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਸਜਿਹੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਇਸ਼ਤਿਹਾਰ ਵੱਡੀ ਗਿਣਤੀ ਵਿੱਚ ਪਾਠਕ ਵਰਗ ਨੂੰ ਕਿਸੇ ਨਾ ਕਿਸੇ ਪੱਖ ਤੋਂ ਜ਼ਰੂਰ ਪ੍ਰਭਾਵਤ ਕਰਦੇ ਹੋਣਗੇ। 

ਭਾਰਤ ਦੀ ਜਨਗਣਨਾ 2011 ਅਨੁਸਾਰ ਪੰਜਾਬ ਵਿੱਚ ਵੱਸਦੇ 27.7 ਮਿਲੀਅਨ ਲੋਕਾਂ ਵਿੱਚ ਹਾਲੇ ਵੀ 23.3 ਫ਼ੀਸਦ ਲੋਕ ਅਨਪੜ੍ਹ ਹਨ। ਅਨਪੜ੍ਹਤਾ ਵਿਗਿਆਨਕ ਦ੍ਰਿਸ਼ਟੀ ਦੀ ਵਿਰੋਧੀ ਹੋਣ ਕਰ ਕੇ ਇੱਥੇ ਨਿੱਤ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਵਿੱਚ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਵੱਲੋਂ ਘਰੇਲੂ ਸਮੱਸਿਆਵਾਂ ਅਤੇ ਬੀਮਾਰੀਆਂ ਨੂੰ ਜਾਦੂਈ ਇਲਾਜ ਨਾਲ ਠੀਕ ਕਰਨ ਸੰਬੰਧੀ ਮਾਸੂਮ ਬੱਚਿਆਂ ਦੀਆਂ ਬਲੀਆਂ ਦਿੱਤੀਆਂ ਜਾ ਰਹੀਆਂ ਹਨ, ਚਿਮਟਿਆਂ ਨਾਲ ਕੁੱਟ ਕੇ ਜਾਨੋਂ ਮਾਰਨ ਦੇ ਯਤਨ ਕੀਤੇ ਜਾ ਰਹੇ ਹਨ,  ਜਾਂ ਉਨ੍ਹਾਂ ਉੱਤੇ ਇੱਟਾਂ ਵਰ੍ਹਾਈਆਂ ਜਾ ਰਹੀਆਂ ਹਨ,  ਮਨੁੱਖ ਦਾ ਜਿਨਸੀ ਸ਼ੋਸ਼ਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਧੋਖਾ ਹੋਣ ਦੀਆਂ ਖ਼ਬਰਾਂ ਨਿੱਤ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ। ਜਾਦੂਈ ਇਲਾਜ ਕਰਨ ਵਾਲੇ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਸੰਬੰਧੀ ਇੱਥੋਂ ਦੀਆਂ ਕੁਝ ਪੰਜਾਬੀ ਅਖ਼ਬਾਰਾਂ ਵੀ ਦੁਵੱਲੀ ਭੂਮਿਕਾ ਨਿਭਾ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਜਿੱਥੇ ਇੱਕ ਪਾਸੇ ਇਹ ਇਸ ਧੰਦੇ ਨੂੰ ਆਪਣੇ ਇਸ਼ਤਿਹਾਰਾਂ ਵਿੱਚ ਪਰੋਸ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੀਆਂ ਹਨ, ਉੱਥੇ ਦੂਜੇ ਪਾਸੇ ਇਹ ਇਨ੍ਹਾਂ ਤਾਂਤਰਿਕਾਂ, ਬਾਬਿਆਂ ਅਤੇ ਜੋਤਸ਼ੀਆਂ ਦੇ ਕਾਲੇ ਕਾਰਨਾਮਿਆਂ ਦਾ ਪਰਦਾਫ਼ਾਸ਼ ਕਰ ਕੇ ਪਾਠਕਾਂ ਨੂੰ ਜਾਗਰੂਕ ਵੀ ਕਰ ਰਹੀਆਂ ਹਨ।   

ਭਾਰਤੀ ਸੰਵਿਧਾਨ ਦੇ ਅਨੁਛੇਦ 51-ਏ ਤਹਿਤ ਦਰਜ ਨਾਗਰਿਕਾਂ ਦੀਆਂ ਮੌਲਿਕ ਜ਼ਿੰਮੇਵਾਰੀਆਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨਾਗਰਿਕਾਂ ਦਾ ਫ਼ਰਜ਼ ਵਿਗਿਆਨਕ ਸੁਭਾਅ, ਮਾਨਵਤਾਵਾਦ ਅਤੇ ਜਾਂਚ-ਪੜਤਾਲ ਅਤੇ ਸ਼ੋਧ ਕਰਨ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੈ।ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੀ ਇਸ ਜ਼ਿੰਮੇਵਾਰੀ ਤਹਿਤ ਹੀ ਵਿਗਿਆਨਕ ਸੁਭਾਅ ਨੂੰ ਲੋਕਾਂ ਵਿੱਚ ਬਰਕਰਾਰ ਰੱਖਣ ਖ਼ਾਤਿਰ ਸੰਵਿਧਾਨ ਤਹਿਤ ਇੱਕ ਅਜਿਹੇ ਕਨੂੰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਨੂੰ ਦਵਾਈਆਂ ਅਤੇ ਜਾਦੂਈ ਇਲਾਜ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਨੂੰਨ, 1954 (The Drugs and Magic Remedies (Objectionable Advertisement) Act, 1954)  ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਕਾਨੂੰਨ ਦੇ ਤਹਿਤ ਕੋਈ ਵੀ ਅਜਿਹਾ ਇਸ਼ਤਿਹਾਰ ਪ੍ਰਕਾਸ਼ਤ/ਪ੍ਰਸਾਰਤ ਜਾਂ ਜਨਤਕ ਕਰਨਾ ਗ਼ੈਰ-ਕਾਨੂੰਨੀ ਹੈ, ਜਿਸ ਵਿੱਚ ਤਵੀਤ, ਮੰਤਰ, ਕਵਚ ਜਾਂ ਜਾਦੂ-ਟੂਣੇ ਨਾਲ ਮਨੁੱਖ ਅਤੇ ਜਾਨਵਰਾਂ ਦੀ ਕਿਸੇ ਬਿਮਾਰੀ ਦੀ ਜਾਂਚ, ਇਲਾਜ, ਬਿਮਾਰੀ ਨੂੰ ਘਟਾਉਣ, ਵਰਤਾਓ ਜਾਂ ਰੋਕਥਾਮ ਕਰਨ ਦਾ ਦਾਅਵਾ ਕੀਤਾ ਗਿਆ ਹੋਵੇ। ਇਸ ਕਾਨੂੰਨ ਦੀ ਪੰਜਾਬ ਵਿੱਚ ਹੁਣ ਤਕ ਹੋਈ ਵਰਤੋਂ ਬਾਰੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਂਬਰ ਰਾਮ ਸਵਰਨ ਲੱਖੇਵਾਲੀ ਅਨੁਸਾਰ, “ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਇਸ ਐਕਟ ਦੀ ਨਾਂਮਾਤਰ ਵਰਤੋਂ ਹੋਈ ਹੈ।ਇਸ ਐਕਟ ’ਤੇ ਸੁਨਾਮ ਦੇ ਇੱਕ ਵਕੀਲ ਦੀ ਪਹਿਲ-ਕਦਮੀ ਉੱਤੇ ਜਾਦੂਈ ਇਲਾਜ ਦਾ ਦਾਅਵਾ ਕਰਨ ਵਾਲੇ ਤਾਂਤਰਿਕ ਸ਼ਿਆਮਾ ਨੰਦ ਸਾਕੇਤ ਖ਼ਿਲਾਫ਼ ਅਦਾਲਤ ਵਿੱਚ ਕੀਤੀ ਸ਼ਿਕਾਇਤ ਰਾਜ ਭਰ ਵਿੱਚ ਇੱਕ ਮਿਸਾਲ ਹੈ, ਜਿਸ ’ਤੇ ਕਾਰਵਾਈ ਕਰਦਿਆਂ ਅਦਾਲਤ ਨੇ ਇਲਾਜ ਦੇ ਦਾਅਵੇਦਾਰ ਪੇਸ਼ ਨਾ ਹੋਣ ਉੱਤੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ।”
        
ਭਾਰਤੀ ਸੰਵਿਧਾਨ ਵਿੱਚ ਦਰਜ ਇਸ ਕਾਨੂੰਨ ਤੋਂ ਇਲਾਵਾ ਪੈ੍ਰੱਸ ਕੌਂਸਲ ਆਫ਼ ਇੰਡੀਆ ਵੱਲੋਂ ਪੱਤਰਕਾਰੀ ਲਈ ਵਿਸ਼ੇਸ਼ ਰੂਪ ਨਾਲ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਦੱਸਿਆ ਗਿਆ ਹੈ ਕਿ ਜਿਹੜੇ ਇਸ਼ਤਿਹਾਰ ਉਪਰੋਕਤ ਕਾਨੂੰਨ ਦੀ ਉਲੰਘਣ ਕਰਦੇ ਹੋਣ, ਉਨ੍ਹਾਂ ਨੂੰ ਸਵਿਕਾਰ ਨਹੀਂ ਕਰਨਾ ਚਾਹੀਦਾ। ਜੇ ਪ੍ਰਿੰਟ ਮੀਡੀਆ ਇਨ੍ਹਾਂ ਨਿਰਧਾਰਤ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਪੈ੍ਰੱਸ ਕੌਂਸਲ ਆਫ਼ ਇੰਡੀਆ ਨੂੰ ਕੀਤੀ ਜਾ ਸਕਦੀ ਹੈ। ਲੇਖਕ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰੈੱਸ ਕੌਂਸਲ ਆਫ਼ ਇੰਡੀਆ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਾਲੇ ਤੱਕ ਸਮੁੱਚੇ ਭਾਰਤ ਵਿੱਚੋਂ ਜਾਦੂਈ ਇਲਾਜ, ਜੋਤਿਸ਼ ਅਤੇ ਅੰਧ-ਵਿਸ਼ਵਾਸ ਫੈਲਾਉਣ ਵਾਲੇ ਇਸ਼ਤਿਹਾਰਾਂ ਸੰਬੰਧੀ ਪ੍ਰੈੱਸ ਕੌਂਸਲ ਆਫ਼ ਇੰਡੀਆਂ ਨੂੰ ਸਿਰਫ਼ ਦੋ ਸ਼ਿਕਾਇਤਾਂ ਹੀ ਪ੍ਰਾਪਤ ਹੋਈਆਂ ਹਨ, ਜਦੋਂ ਕਿ ਪੰਜਾਬ ਤੋਂ ਹਾਲੇ ਤੱਕ ਕੋਈ ਵੀ ਸ਼ਿਕਾਇਤ ਇਸ ਅਦਾਰੇ ਨੂੰ ਪ੍ਰਾਪਤ ਨਹੀਂ ਹੋਈ।
    
ਉਪਰੋਕਤ ਕਨੂੰਨ ਅਤੇ ਪੈ੍ਰੱਸ ਕੌਂਸਲ ਆਫ਼ ਇੰਡੀਆਂ ਤੋਂ ਬਿਨਾਂ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਨਾਂਅ ਦਾ ਇੱਕ ਅਜਿਹਾ ਅਦਾਰਾ ਮੁੰਬਈ ਵਿਖੇ ਸਥਿਤ ਹੈ, ਜੋ ਮੀਡੀਆ ਵੱਲੋਂ ਪ੍ਰਕਾਸ਼ਤ/ਪ੍ਰਸਾਰਤ ਹੁੰਦੇ ਵਿਗਿਆਪਨਾਂ ਉੱਤੇ ਨਜ਼ਰ ਰੱਖਣ ਦਾ ਕੰਮ ਕਰਦਾ ਹੈ। ਇਸ ਅਦਾਰੇ ਨੇ ਆਪਣੇ ਉਦੇਸ਼ਾਂ ਵਿੱਚ ਸਪੱਸ਼ਟ ਰੂਪ ਨਾਲ ਲਿਖਿਆ ਹੋਇਆ ਹੈ ਕਿ ਵਿਗਿਆਪਨ ਸੱਚ ’ਤੇ ਆਧਾਰਤ ਹੋਣੇ ਚਾਹੀਦੇ ਹਨ ਅਤੇ ਇਸਦੀ ਪੇਸ਼ਕਾਰੀ ਵਿੱਚ ਇਮਾਨਦਾਰੀ ਵਰਤੀ ਹੋਈ ਹੋਣੀ ਚਾਹੀਦੀ ਹੈ। ਜੇਕਰ ਕੋਈ ਮੀਡੀਆ ਕਿਸੇ ਤਰ੍ਹਾਂ ਦਾ ਵੀ ਅਜਿਹਾ ਵਿਗਿਆਪਨ ਪੇਸ਼ ਕਰ ਰਿਹਾ ਹੈ, ਜਿਸ ਦਾ ਵਿਸ਼ਾ ਸੱਚਾਈ ਤੋਂ ਦੂਰ ਹੈ ਜਾਂ ਜੋ ਲੋਕਾਂ ਨੂੰ ਭਰਮ ਵਿੱਚ ਪਾਉਣ ਦਾ ਕੰਮ ਕਰ ਰਿਹਾ ਹੈ, ਤਾਂ ਉਸ ਦੀ ਸ਼ਿਕਾਇਤ ਭਾਰਤ ਦੇ ਕਿਸੇ ਨਾਗਰਿਕ ਵੱਲੋਂ ਵੀ ਇਸ ਅਦਾਰੇ ਨੂੰ ਵੀ ਕੀਤੀ ਜਾ ਸਕਦੀ ਹੈ।

ਵਰਤਮਾਨ ਸਮੇਂ ਵਿੱਚ ਮੀਡੀਆ ਨਿੱਜੀ ਮਲਕੀਅਤ ਦਾ ਇੱਕ ਵੱਡਾ ਕਾਰੋਬਾਰ ਬਣਦਾ ਜਾ ਰਿਹਾ ਹੈ, ਜਿਸ ਨੂੰ ਚਲਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਇਸ ਵਿੱਤੀ ਲੋੜ ਦਾ ਬਹੁਤਾ ਹਿੱਸਾ ਮੀਡੀਆ ਇਸ਼ਤਿਹਾਰਾਂ ਤੋਂ ਹੋਣ ਵਾਲੀ ਆਮਦਨ ਨਾਲ ਹੀ ਪੂਰਾ ਕਰਦਾ ਹੈ।ਇਨ੍ਹਾਂ ਇਸ਼ਤਿਹਾਰਾਂ ਦਾ ਸਮਾਜ ਦੀ ਵਿਗਿਆਨਕ ਦ੍ਰਿਸ਼ਟੀ ਜਾਂ ਹੋਰ ਪੱਖਾਂ ਉੱਤੇ ਕੀ ਹਾਂ-ਪੱਖੀ ਜਾਂ ਨਾ-ਪੱਖੀ ਪ੍ਰਭਾਵ ਪਵੇਗਾ, ਇਸ ਸਵਾਲ ਨਾਲ ਮੀਡੀਆ ਅਦਾਰਿਆਂ ਦੇ ਮਾਲਕਾਂ ਦਾ ਕੋਈ ਬਹੁਤਾ ਲੈਣਾ-ਦੇਣਾ ਨਹੀਂ ਹੁੰਦਾ ਹੈ। ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਨਵਜੀਤ ਸਿੰਘ ਜੌਹਲ ਅਨੁਸਾਰ ਭਾਰਤ ਵਿੱਚ, ਮੀਡੀਆ ਹੀ ਸਿਰਫ਼ ਅਮੀਰ ਨਹੀਂ ਹੈ, ਸਗੋਂ ਇਹ ਅਮੀਰਾਂ ਦਾ ਮੀਡੀਆ ਹੈ ਅਤੇ ਅਮੀਰਾਂ ਲਈ ਹੈ। ਸਾਲ 2010 ਅਤੇ 2011 ਦੌਰਾਨ ਭਾਰਤੀ ਵਿਗਿਆਪਨ ਉਦਯੋਗ ਵਿੱਚ 22 ਫ਼ੀਸਦ ਦਾ ਵਾਧਾ ਹੋਇਆ ਸੀ।ਸਾਲ 2010 ਵਿੱਚ ਵਿਗਿਆਪਨ ਉਦਯੋਗ 29,411 ਕਰੋੜ ਦੀ ਆਮਦਨੀ ’ਤੇ ਖੜ੍ਹਾ ਸੀ, ਜਿਸ ਦੀ ਕਿ ਸਾਲ 2011 ਵਿੱਚ 35000 ਕਰੋੜ ਤਕ ਆਉਣ ਦੀ ਸੰਭਾਵਨਾ ਮਿੱਥੀ ਗਈ ਸੀ।

ਪੱਤਰਕਾਰੀ ਦੇ ਉਦੇਸ਼ਾਂ ਮੁਤਾਬਕ ਇਸ ਦਾ ਕਾਰਜ ਸਿਰਫ਼ ਪੈਸਾ ਕਮਾਉਣਾ ਹੀ ਨਹੀਂ ਹੁੰਦਾ, ਸਗੋਂ ‘ਹਿੰਦੁਸਤਾਨ ਟਾਈਮਜ਼’ ਅਤੇ ‘ਇੰਡੀਅਨ ਐਕਸਪ੍ਰੈੱਸ’ ਦੇ ਸਾਬਕਾ ਸੰਪਾਦਕ ਬੀ.ਜੀ. ਵਰਗੀਜ਼ ਦੇ ਸ਼ਬਦਾਂ ਵਿੱਚ ਪੱਤਰਕਾਰੀ ਪਬਲਿਕ ਟਰੱਸਟ ਹੈ, ਜਿਸਦੀ ਇੱਕ ਆਪਣੀ ਜ਼ਿੰਮੇਵਾਰੀ ਹੁੰਦੀ ਹੈ। ਇਹ ਜ਼ਿੰਮੇਵਾਰੀ ਲੋਕ-ਰੁਚੀ ਵਿਸ਼ਿਆਂ ਉੱਤੇ ਨਿਆਂਸੰਗਤ, ਯਥਾਰਥ, ਨਿਰਪੱਖ, ਚੰਗੇ ਅਤੇ ਸਾਫ਼ ਢੰਗ ਤੇ ਭਾਸ਼ਾ ਵਿੱਚ ਖ਼ਬਰਾਂ, ਵਿਚਾਰਾਂ, ਲੇਖਾਂ ਅਤੇ ਜਾਣਕਾਰੀ ਨੂੰ ਦੇਕੇ ਲੋਕਾਂ ਦੀ ਸੇਵਾ ਕਰਨ ਦੀ ਹੈ। ਜਦੋਂ ਪ੍ਰਿੰਟ ਮੀਡੀਆ ਸਿਰਫ਼ ਪੈਸੇ ਕਮਾਉਣ ਖ਼ਾਤਿਰ ਆਪਣੇ ਕਾਰਜ ਵਿੱਚ ਯਥਾਰਥ ਦੇ ਮੰਤਵ ਤੋਂ ਕੋਹਾਂ ਦੂਰ ਜਾ ਕੇ ਝੂਠੀ ਜਾਂ ਕਿਸੇ ਗ਼ੈਰ-ਵਿਗਿਆਨਕ ਕਿਸਮ ਦੀ ਜਾਣਕਾਰੀ ਆਪਣੇ ਪਾਠਕਾਂ ਨੂੰ ਦੇਣ ਲੱਗਦਾ ਹੈ ਤਾਂ ਉਸ ਸਮੇਂ ਇਸ ਦਾ ਇਹ ਕਾਰਜ ਸਿਰਫ਼ ਇਸਦੇ ਉਦੇਸ਼ਾਂ ਨੂੰ ਹੀ ਚੁਣੌਤੀ ਨਹੀਂ ਦੇ ਰਿਹਾ ਹੁੰਦਾ, ਸਗੋਂ ਵਿਗਿਆਨਕ ਸੁਭਾਅ ਦਾ ਗੱਲ ਘੁੱਟਣ ਦੇ ਨਾਲ-ਨਾਲ ਭਾਰਤੀ ਕਾਨੂੰਨ ਅਤੇ ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਇਹ ਅੱਖੋਂ ਪਰੋਖੇ ਕਰਨ ਦਾ ਗੰਭੀਰ ਜੁਰਮ ਕਰ ਰਿਹਾ ਹੁੰਦਾ ਹੈ।

ਈ-ਮੇਲ: [email protected]

Comments

ਲੇਖ ਵਧੀਆਂ ਇਸ ਵਿਸ਼ੇ ਤੇ ਮੇਰਾ ਇੱਕ ਲੈਕ ਏਸੈ ਹੀ ਵੈਬਸਾਈਟ ਤੇ ਪਿਆ ਹੈ ਵੱਡਾ ਭਾਈ ਵੇਖ ਰਿਹਾ ਹੈ।

Harpreet Rora

jankari bharpur lekh

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ