ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ : ਜੰਟਾ ਸਿੰਘ
Posted on:- 24-11-2016
ਬੋਹਾ: ਭਾਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਬੱਚੇ ਲਈ ਮੁੱਢਲੀ ਸਿੱਖਿਆ ਜ਼ਰੂਰੀ ਤੇ ਲਾਜ਼ਮੀ ਕਰਾਰ ਦਿੱਤੀ ਗਈ ਹੈ ਪਰ ਪੰਜਾਬ ਦੇ ਝੁੱਗੀ ਝੌਪੜੀ ਖੇਤਰ ਵਿਚ ਰਹਿਣ ਵਾਲੇ ਹਜਾਰਾਂ ਬੱਚੇ ਆਪਣੀ ਮਜਬੂਰੀ ਕਾਰਨ ਸਰਕਾਰ ਦੀ ਇਸ ਪਹਿਲਕਦਮੀ ਦਾ ਲਾਭ ਨਹੀਂ ਉੱਠਾ ਸਕਦੇ ।ਸੱਲਮ ਵਰਗ ਦੇ ਬੱਚਿਆਂ ਨੂੰ ਪੜਾਉਣ ਦਾ ਜਿਹੜਾ ਕਾਰਜ਼ ਸਰਕਾਰ ਨਹੀਂ ਕਰ ਸਕੀ ਉਸ ਨੂੰ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਗੁਆਂਢੀ ਪਿੰਡ ਰਿਉਂਦ ਕਲਾਂ ਦਾ ਅਧਿਆਪਾਕ ਜੰਟਾ ਸਿੰਘ। ਜ਼ਿਲ੍ਹਾ ਮਾਨਸਾ ਦੇ ਬੋਹਾ ਸ਼ਹਿਰ ਨਾਲ ਸਬੰਧਤ ਝੁੱਗੀ ਝੋਪੜੀ ਵਿਚ ਰਹਿਣ ਵਾਲੇ ਬੱਚਿਆਂ ਲਈ ਤਾਂ ਉਹ ਮਸੀਹਾ ਬਣ ਕੇ ਹੀ ਆਇਆ ਹੈ।ਇਸ ਖੇਤਰ ਦੇ ਝੁੱਗੀ ਝੋਪੜੀ ਵਿਚ ਰਹਿਣ ਵਾਲੇ ਬੱਚੇ ਹੀ ਨਹੀਂ ਸਗੋਂ ਉਹਨਾਂ ਦੇ ਮਾਪੇ ਵੀ ਉਸਦੀ ਬੇਬਸਰੀ ਨਾਲ ਉਡੀਕ ਕਰਦੇ ਹਨ। ਭਾਵੇਂ ਉਹ ਆਪ ਗਰੀਬ ਪਰਿਵਾਰ ਵਿੱਚੋਂ ਹੈ ਤੇ ਉਸ ਕੋਲ ਆਮਦਨ ਦੇ ਸੀਮਤ ਸਾਧਣ ਹਨ ਪਰ ਮਨੁੱਖਤਾ ਲਈ ਕੁਝ ਕਰ ਗੁਜਰਣ ਦਾ ਜ਼ਜ਼ਬਾ ਉਸ ਨੂੰ ਝੁਗੀ ਝੋਪੜੀ ਵਾਲੇ ਬੱਚਿਆਂ ਨੂੰ ਪੜ੍ਹਾਉਣ ਔਖੇ ਰਾਹ ਤੇ ਤੋਰਣ ਵਿਚ ਕਾਮਯਾਬ ਹੋਇਆ ਹੈ।
ਅੱਜ ਕੱਲ ਜੰਟਾ ਸਿੰਘ ਆਪਣੀ ਸਕੂਲ ਡਿਊਟੀ ਤੋਂ ਬਾਦ ਝੁਗੀ ਖੇਤਰ ਤੋਂ 100 ਕੁ ਗਜ਼ ਦੀ ਦੂਰੀ ਤੇ ਖੁਲ੍ਹੇ ਅਸਮਾਨ ਹੇਠ ਬਣੀ ਇਕ ਚਾਰ ਦਿਵਾਰੀ ਵਿਚ ਇਹਨਾਂ ਬੱਚਿਆਂ ਨੂੰ ਪੜ੍ਹਾ ਰਿਹਾ ਹੈ।ਉਹ ਝੁੱਗੀਆਂ ਦੇ ਲਿਬੜੇ ਤਿਬੜੇ ਬੱਚਿਆਂ ਨੂੰ ਪੜਾਉਂਦਾ ਵੀ ਹੈ ਤੇ ਉਹਨਾਂ ਦੀ ਸਰੀਰਕ ਸਫਾਈ ਦਾ ਵੀ ਪੂਰਾ ਖਿਆਲ ਰੱਖਦਾ ਹੈ। ਬੱਚਿਆਂ ਨੂੰ ਆਪਣੇ ਹੱਥੀ ਇਸਨਾਨ ਕਰਾਉਣ ਵਿਚ ਵੀ ਉਸ ਨੂੰ ਪੂਰੀ ਮਾਨਸਿਕ ਰਾਹਤ ਮਿਲਦੀ ਹੈ।
ਜਦੋਂ ਉਸ ਵੱਲੋਂ ਆਪਣੇ ਪੱਧਰ ਤੇ ਖੋਲ੍ਹੇ ਇਸ ਬਿਨਾਂ ਸਹੂਲਤਾਂ ਵਾਲੇ ਸਕੂਲ ਵਿਚ ਪਹੁੰਚ ਕੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਦੱਸਿਆ ਕਿ ਪਹਿਲੇ ਪੜਾਅ ਤੇ ਉਸਨੂੰ ਬੱਚਿਆਂ ਦੇ ਮਾਪਿਆਂ ਨੂੰ ਮਣਾਉਣ ਵਿਚ ਵੀ ਮੁਸ਼ਕਿਲ ਪੇਸ਼ ਆਈ, ਕਿਉਂਕਿ ਬੱਚਿਆਂ ਦੇ ਮਾਪਿਆਂ ਲਈ ਉਹਨਾਂ ਦੀ ਪੜ੍ਹਾਈ ਨਾਲੋਂ ਉਹਨਾਂ ਵੱਲੋਂ ਕਾਗਜ਼ ਚੁੱਗ ਕੇ ਕੀਤੀ ਕਮਾਈ ਵਿਸ਼ੇਸ਼ ਅਹਿਮੀਅਤ ਰੱਖਦੀ ਸੀ। ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੀ ਵਿਸ਼ੇਸ਼ ਪ੍ਰਕਾਰ ਦੀ ਭਾਸ਼ਾ ਸਮਝਣੀ ਵੀ ਉਸ ਲਈ ਅਸਾਨ ਕਾਰਜ ਨਹੀਂ ਸੀ। ਬੱਚੀਆਂ ਨਾਲ ਅੰਕਲ ਦਾ ਰਿਸ਼ਤਾ ਜੋੜਣ ਵਾਲੇ ਇਸ ਅਧਿਆਪਕ ਨੇ ਆਪਣੇ ਇਸ ਸਮਾਜ ਸੇਵੀ ਕਾਰਜ਼ ਦੌਰਾਨ ਹਾਸਿਲ ਹੋਏ ਹੋਰ ਵੀ ਕੌੜੇ ਮਿੱਠੇ ਤਜਰਬੇ ਸਾਂਝੇ ਕੀਤੇ।ਉਸ ਕਿਹਾ ਕਿ ਹੁਣ ਉਸਨੂੰ ਕੁਝ ਸਮਾਜ ਸੇਵੀ ਲੋਕਾਂ ਦਾ ਸਹਿਯੋਗ ਮਿਲਣ ਲੱਗ ਪਿਆ ਹੈ ਤੇ ਬੱਚਿਆਂ ਦੀ ਗਿਣਤੀ ਵੀ ਵੱਧ ਰਹੀ ਹੈ।ਉਸ ਦਾ ਇਹ ਵੀ ਕਹਿਣਾ ਹੈ ਕਿ ਜੇ ਸਰਕਾਰ ਇਹ ਸਕੂਲ ਚਲਾਉਣ ਲਈ ਉਸਦੀ ਥੋੜੀ ਬਹੁਤੀ ਸਹਾਇਤਾ ਕਰੇ ਤਾਂ ਉਹ ਸਮਾਜ ਤੋਂ ਲਗਭਗ ਛੇਕੇ ਹੋਣ ਦੀ ਹੋਣੀ ਹੰਢਾ ਰਹੇ ਇਹਨਾਂ ਬੱਚਿਆਂ ਨੂੰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾ ਸਕਦਾ ਹੈ।-ਜਸਪਾਲ ਸਿੰਘ ਜੱਸੀ