ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ
Posted on:- 25-09-2016
ਲਹਿੰਦੇ ਪੰਜਾਬ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਵੱਲੋਂ ਪੰਜਾਬੀ ਜ਼ੁਬਾਨ ਨੂੰ ਸੂਬੇ ਦੀ ਦੂਜੀ ਭਾਸ਼ਾ ਵਜੋਂ ਮਾਨਤਾ ਦਿੱਤੇ ਤਿੰਨ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ , ਪਰ ਪਾਕਿਸਤਾਨ ਦੇ ਪੰਜਾਬੀ ਵਿਦਵਾਨ ਅਜੇ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਹਨ । ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ `ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 65 ਫ਼ੀਸਦੀ ਹੈ । ਇਸ ਲਈ ਪੰਜਾਬੀ ਨੂੰ ਸੂਬੇ ਅੰਦਰ ਪਹਿਲੀ ਭਾਸ਼ਾ ਵਜੋਂ ਮਾਨਤਾ ਮਿਲਣੀ ਚਾਹੀਦੀ ਸੀ ; ਉਹਨਾਂ ਦਾ ਇਹ ਵੀ ਆਖਣਾ ਹੈ ਕਿ ਦੂਜੀ ਭਾਸ਼ਾ ਦਾ ਵੀ ਐਲਾਨ ਹੀ ਹੋਇਆ ਸੀ ਪੰਜਾਬ ਦੇ ਸਕੂਲਾਂ ਅੰਦਰ ਪੰਜਾਬੀ ਪੜ੍ਹਾਈ ਦਾ ਕੋਈ ਬੰਦੋਬਸਤ ਅਜੇ ਤੱਕ ਨਹੀਂ ਕੀਤਾ ਗਿਆ ।
ਦੱਸਣਯੋਗ ਹੈ ਕਿ ਪਾਕਿਸਤਾਨ `ਚ ਕੌਮੀ ਭਾਸ਼ਾ ਵਜੋਂ ਉਰਦੂ ਨੂੰ ਮਾਨਤਾ ਹੈ , ਜੋ ਉਥੇ ਦੇ ਕਿਸੇ ਇਲਾਕੇ ਦੀ ਬੋਲੀ (ਮਾਂ-ਬੋਲੀ ) ਨਹੀਂ ਹੈ । ਭਾਵੇਂ ਪਾਕਿਸਤਾਨ ਦੀਆਂ ਹੋਰਨਾਂ ਭਾਸ਼ਾਵਾਂ ਦੀ ਹਾਲਤ ਵੀ ਉਰਦੂ ਨਾਲੋਂ ਵਧੀਆ ਨਹੀਂ , ਪਰ ਉਹਨਾਂ ਜ਼ੁਬਾਨਾਂ `ਚ ਕੰਮ ਚੋਖਾ ਹੋ ਰਿਹਾ ਹੈ , ਖਾਸਕਰ ਸਿੰਧੀ ਤੇ ਪਸ਼ਤੋ ਵਿੱਚ ।
ਇਹ ਗੱਲ ਵੀ ਦਿਲਚਸਪ ਹੈ ਕਿ 90 ਵਿਆਂ ਦੇ ਸ਼ੁਰੂ ਵਿਚ ਗੁਲਾਮ ਹੈਦਰ ਵਾਈਂ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹੇ , ਜੋ ਠੇਠ ਪੰਜਾਬੀ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਸਨ, ਉਨ੍ਹਾਂ ਹੀ ਦਿਨਾਂ `ਚ ਪਾਕਿਸਤਾਨ ਦੀ ਮਰਕਜ਼ੀ ਹਕੂਮਤ (ਕੇਂਦਰ ਸਰਕਾਰ ) ਨੇ ਉਹਨਾਂ ਨੂੰ ਕਿਹਾ ਕਿ ਜੇ ਉਹ ਪੰਜਾਬੀ ਨੂੰ ਪਹਿਲੀ ਜਮਾਤ ਤੋਂ ਸਕੂਲਾਂ ਵਿਚ ਲਾਗੂ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ , ਪਰ ਉਸ ਠੇਠ ਪੰਜਾਬੀ ਮੁੱਖ ਮੰਤਰੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ । ਪਾਕਿਸਤਾਨੀ ਮੂਲ ਦੇ ਕੈਨੇਡਾ ਵਸਦੇ ਅੰਗਰੇਜ਼ੀ ਪੱਤਰਕਾਰ ਤਾਰਿਕ ਫਤਿਹ ਦਾ ਕਹਿਣਾ ਹੈ , `` ਧਾਰਮਿਕ ਕੱਟੜਤਾ ਪੰਜਾਬੀ ਦੇ ਰਾਹ `ਚ ਸਭ ਤੋਂ ਵੱਡਾ ਰੋੜਾ ਏ , ਪਾਕਿਸਤਾਨ ਵਿਚ ।``
ਪਾਕਿਸਤਾਨ ਦੇ ਨਾਮਵਰ ਕਹਾਣੀਕਾਰ ਤੇ ਰੋਜ਼ਾਨਾ `ਲੋਕਾਈ` ਅਖ਼ਬਾਰ ਦੇ ਸੰਪਾਦਕ ਜਮੀਲ ਅਹਿਮਦ ਪਾਲ ਦਾ ਕਹਿਣਾ ਹੈ , ``ਪਾਕਿਸਤਾਨੀ ਪੰਜਾਬ `ਚ ਹਰ ਸਾਲ 100 ਦੇ ਕਰੀਬ ਬੱਚੇ ਪੰਜਾਬੀ `ਚ ਪੀਐੱਚਡੀ ਤੇ 1200 ਦੇ ਕਰੀਬ ਐੱਏ ਪੰਜਾਬੀ ਕਰਦੇ ਹਨ ਜੋ ਕਿ ਪੰਜਾਬ ਦੀ ਨੌਂ ਕਰੋੜ ਅਬਾਦੀ ਸਾਹਮਣੇ ਕੁਝ ਵੀ ਨਹੀਂ , ਸਰਕਾਰ ਦੇ ਐਲਾਨ ਦੇ ਬਾਵਜੂਦ ਅਜੇ ਵੀ ਪੰਜਾਬੀ ਦੀ ਪੜ੍ਹਾਈ ਪਹਿਲੀ ਜਮਾਤ ਤੋਂ ਨਹੀਂ ਸਗੋਂ ਛੇਵੀਂ ਤੋਂ ਸ਼ੁਰੂ ਹੁੰਦੀ ਹੈ । ਉਹ ਵੀ ਨਾ ਦੇ ਬਰਾਬਰ , ਕਿਓਂਕਿ ਸਕੂਲਾਂ ਕਾਲਜਾਂ `ਚ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਸੋ ਇਸ ਕਰਕੇ ਵਿਦਿਆਰਥੀਆਂ ਦੀ ਪੰਜਾਬੀ ਪੜ੍ਹਨ `ਚ ਰੁਚੀ ਖ਼ਤਮ ਹੋ ਜਾਂਦੀ ਹੈ ।``
ਪੰਦਰਾਂ ਰੋਜ਼ਾ `ਰਵੇਲ` ਦੇ ਸੰਪਾਦਕ ਤੇ ਨੌਜਵਾਨ ਅਦੀਬ ਕਰਾਮਤ ਅਲੀ ਮੁਗਲ ਦੇ ਦੱਸਣ ਮੁਤਾਬਕ , ``ਪੰਜਾਬ `ਚ ਪੰਜਾਬੀ ਨੂੰ ਦੂਜੇ ਨੰਬਰ ਦੀ ਮਾਨਤਾ ਮਿਲਣ ਨਾਲ ਪੰਜਾਬੀ ਪਿਆਰਿਆਂ ਦੀ ਲੰਮੀ ਜੱਦੋ-ਜਹਿਦ ਨੂੰ ਥੋੜ੍ਹਾ ਜਿਹਾ ਬੂਰ ਪਿਆ ਹੈ, ਪਰ ਸਰਕਾਰ ਦੀ ਇਮਾਨਦਾਰੀ ਤਾਂ ਮੰਨਾਗੇ ਜੇ ਸਾਰੇ ਸਕੂਲਾਂ -ਕਾਲਜਾਂ `ਚ ਪੰਜਾਬੀ ਮੁੱਢ-ਕਦੀਮ ਤੋਂ ਲਾਗੂ ਹੋਵੇ ਤੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀਆਂ ਵੱਡੀ ਗਿਣਤੀ `ਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ।``
ਜੇਕਰ ਪਾਕਿਸਤਾਨ `ਚ ਛਪਦੇ ਪੰਜਾਬੀ ਅਖ਼ਬਾਰਾਂ, ਰਸਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਵੀ ਹਾਲਤ ਬੜੀ ਨਿਰਾਸ਼ਾਜਨਕ ਹੀ ਮਿਲੇਗੀ । ਪੰਜਾਬੀ ਦੇ ਕਈ ਮਿਆਰੀ ਅਖ਼ਬਾਰ ਤੇ ਰਸਾਲੇ ਸਰਕਾਰੀ ਸਰਪ੍ਰਸਤੀ ਨਾ ਮਿਲਣ ਅਤੇ ਮਾੜੇ ਆਰਥਿਕ ਹਾਲਾਤਾਂ ਕਰਕੇ ਬੰਦ ਹੋ ਗਏ । ਜਿਨ੍ਹਾਂ `ਚੋਂ ਰੋਜ਼ਾਨਾ `ਸੱਜਣ` ਅਖ਼ਬਾਰ ਇੱਕ ਸੀ , ਜਿਸ ਨੇ ਕਰੀਬ 7 ਸਾਲ ਪਾਕਿ ਪੰਜਾਬੀ ਜਗਤ `ਚ ਆਪਣੇ ਨਾਮ ਦੀਆਂ ਧੁੰਮਾਂ ਪਾਈ ਰੱਖੀਆਂ ।
ਇਸ ਸਮੇਂ ਪੰਜਾਬੀ `ਚ ਦੋ ਅਖ਼ਬਾਰ ਰੋਜ਼ਾਨਾ ਦੀ ਗਿਣਤੀ `ਚ ਛਪ ਰਹੇ ਹਨ ; ਰੋਜ਼ਾਨਾ `ਭੁਲੇਖਾ` ਜੋ ਮੁਦੱਸਰ ਇਕਬਾਲ ਬੱਟ ਦੀ ਸੰਪਾਦਨਾ ਹੇਠ ਛਪਦਾ ਹੈ, ਇਹਦੀ ਛਪਣ ਗਿਣਤੀ ਮਹਿਜ਼ 500 ਦੇ ਕਰੀਬ ਹੈ (ਸੰਪਾਦਕ ਦੇ ਦੱਸਣ ਮੁਤਾਬਕ ), ਦੂਜਾ `ਲੋਕਾਈ ` ਹੈ ਜੋ ਜਮੀਲ ਅਹਿਮਦ ਪਾਲ ਦੀ ਸੰਪਾਦਨਾ ਹੇਠ ਨਿਕਲਦਾ ਹੈ ।ਇਹਦੀ ਛਪਣ ਗਿਣਤੀ ਇੱਕ ਹਜ਼ਾਰ ਦੇ ਕਰੀਬ ਹੈ । 8-9 ਸਾਲ ਪਹਿਲਾਂ ਪਾਕਿਸਤਾਨ ਦੇ ਨਾਮਵਰ ਮੀਡੀਆ ਗਰੁੱਪ `ਖ਼ਬਰੇਂ` ਨੇ ਪੰਜਾਬੀ ਵਿਚ `ਖ਼ਬਰਾਂ` ਅਖ਼ਬਾਰ ਕੱਢਿਆ, ਜਿਸਦੇ ਸੰਪਾਦਕ ਚੌਧਰੀ ਰਿਆਜ਼ ਸ਼ਾਹਿਦ ਸਨ , ਇਹ ਅਖ਼ਬਾਰ 2 ਸਾਲ ਬਾਅਦ ਬੰਦ ਹੋ ਗਿਆ ।
ਇਸ ਤੋਂ ਬਿਨਾਂ ਉਥੇ 14 -15 ਪਰਚੇ ਪੰਦਰਵਾੜਾ, ਮਾਸਿਕ , ਦੋ ਮਾਸਿਕ , ਤ੍ਰੈ - ਮਾਸਿਕ ਤੇ ਛਿਮਾਹੀ ਰੂਪ ਚ ਨਿਕਲਦੇ ਹਨ, ਜਿਨ੍ਹਾਂ `ਚ ਸਰਕਾਰੀ ਪਰਚਾ, ਤਿੰਞਣ(ਔਰਤਾਂ ਲਈ ) ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਵੱਲੋਂ ਕੱਢਿਆ ਜਾਂਦਾ ਆਲੋਚਨਾ ਦਾ ਪਰਚਾ `ਖੋਜ`, `ਪੰਚਮ` , `ਰਵੇਲ`, `ਸਵੇਰ ਇੰਟਰਨੈਸ਼ਨਲ`, `ਸਾਂਝ` `ਪਖੇਰੂ ( ਬਾਲਾਂ ਲਈ ) , `ਲਹਿਰਾਂ` ,`ਪੰਜਾਬੀ` `ਲਿਖਾਰੀ` ਤੇ `ਸਰਘੀ` ਸ਼ਾਮਿਲ ਹਨ ।
ਪੰਚਮ ਦੇ ਸੰਪਾਦਕ ਤੇ ਸੁਪ੍ਰਸਿੱਧ ਕਹਾਣੀਕਾਰ ਮਕਸੂਦ ਸਾਕਿਬ ਨੇ `ਸੂਹੀ ਸਵੇਰ` ਨਾਲ ਗੱਲ ਕਰਦਿਆਂ ਕਿਹਾ ਕਿ ਇਥੇ ਤੁਸੀਂ ਸਰਕੂਲੇਸ਼ਨ ਦੀ ਗੱਲ ਨਾ ਕਰੋ , ਬਲਕਿ ਇੱਧਰ ਪਰਚੇ ਨਿਰੰਤਰ ਚਲਾਈ ਰੱਖਣਾ ਹੀ ਵੱਡੀ ਗੱਲ ਹੈ । ਕੁਝ ਇਸੇ ਤਰ੍ਹਾਂ ਦੇ ਵਿਚਾਰ ਪੰਜਾਬੀ ਅਦੀਬ ਅਫ਼ਜ਼ਲ ਸਾਹਿਰ ਨੇ ਵੀ ਪ੍ਰਗਟ ਕੀਤੇ ।
ਲਾਹੌਰ ਤੋਂ ਮਾਸਿਕ ਉਰਦੂ ਪਰਚੇ `ਨਯਾ ਜ਼ਮਾਨਾ` ਦੇ ਐਡੀਟਰ ਤੇ ਕਾਲਮ ਨਵੀਸ ਮੁਹੰਮਦ ਸ਼ੋਇਬ ਆਦਿਲ ( ਜੋ ਅੱਜ-ਕੱਲ੍ਹ ਜਲਾਵਤਨੀ ਹੰਢਾ ਰਹੇ ਨੇ ) ਦਾ ਮੰਨਣਾ ਹੈ , `` ਪੰਜਾਬੀ ਦੀ ਮਾੜੀ ਹਾਲਤ ਲਈ ਸਰਕਾਰਾਂ ਦੇ ਨਾਲ -ਨਾਲ ਪੰਜਾਬੀ ਵਿਦਵਾਨ ਵੀ ਦੋਸ਼ੀ ਹਨ , ਜੋ ਆਪਣੇ 6-7 ਸਕੂਲ ਬਣਾਈ ਬੈਠੇ ਹਨ ਤੇ ਆਪਸ `ਚ ਲੜਦੇ ਰਹਿੰਦੇ ਹਨ । ਅਜੇ ਤੱਕ ਉਹ ਪੰਜਾਬੀ ਦਾ ਇੱਕ ਕੈਦਾ ਤਾਂ ਬਣਾ ਨਹੀਂ ਸਕੇ । ``
kavita vidrohi
Gud story shivinder