ਪੰਜਾਬੀ ਯੂਨੀਵਰਸਿਟੀ ’ਚ ਕਸ਼ਮੀਰੀ ਲੋਕਾਂ ਉੱਪਰ ਜਬਰ ਖਿਲਾਫ ਰੈਲੀ
Posted on:- 09-09-2016
ਕਸ਼ਮੀਰ ਮਸਲੇ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਨੇ ਅੱਜ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੇ ਜ਼ੋਰਦਾਰ ਵਿਰੋਧ, ਪੁਲਿਸ ਤੇ ਯੂਨੀਵਰਸਿਟੀ ਪ੍ਰਸਾਸ਼ਨ ਦੇ ਦਬਾਅ ਦੇ ਬਾਵਜੂਦ ਕਸ਼ਮੀਰ ਦੇ ਹੱਕ ਵਿੱਚ ਰੈਲੀ ਕੀਤੀ। ਅੱਜ ਪਹਿਲਾਂ ਇਸ ਮਸਲੇ ਦੇ ਭਖ਼ਣ ਤੋਂ ਬਾਅਦ ਐੱਸ.ਪੀ. (ਸਿਟੀ), ਐੱਸ.ਐੱਚ.ਓ., ਡੀਐੱਸ.ਪੀ. ਅਤੇ ਐੱਸ.ਡੀ.ਐੱਮ ਖੁਦ ਯੂਨੀਵਰਸਿਟੀ ਪੁੱਜੇ ਤੇ ਵਿਦਿਆਰਥੀ ਜਥੇਬੰਦੀਆਂ ਨਾਲ਼ ਗੱਲ਼ ਕੀਤੀ। ਉਹਨਾਂ ਨੇ ਜਥੇਬੰਦੀ ਦੇ ਆਗੂਆਂ ਉੱਪਰ ਅੱਜ ਦੇ ਰੋਸ ਮਾਰਚ ਨੂੰ ਰੱਦ ਕਰਨ ਲਈ ਦਬਾਅ ਪਾਇਆ ਅਤੇ ਸਲਾਹ ਦਿੱਤੀ ਕਿ ਆਪਣੀ ਇੱਜ਼ਤ ਰੱਖਣ ਲਈ ਗਿਣਤੀ ਦੇ 8-10 ਕਾਰਕੁੰਨਾਂ ਸਮੇਤ ਪ੍ਰੈਸ ਕਾਨਫਰੰਸ ਕਰ ਲਵੋ ਤੇ ਉਸ ਵਿੱਚ ਵੀ ਪੁਲਿਸ ਵੱਲੋਂ ਦੱਸੇ ਗਿਣੇ-ਮਿੱਥੇ ਬਿਆਨ (ਅਸੀਂ ਸਿਰਫ਼ ਕਸ਼ਮੀਰ ਚ ਸ਼ਾਂਤੀ ਚਾਹੁੰਦੇ ਹਾਂ ਤੇ ਅਸੀਂ ਉਹਨਾਂ ਦੇ ਆਪਾ ਨਿਰਣੇ ਦੇ ਹੱਕ ਦੀ ਹਮਾਇਤ ਨਹੀਂ ਕਰਦੇ) ਦੇਣ ਨੂੰ ਕਿਹਾ।
ਪੁਲਿਸ ਨੇ ਦੇਸ਼ਧ੍ਰੋਹ ਦੇ ਪਰਚੇ ਪਾਉਣ ਤੇ ਮਾਰਚ/ਰੈਲੀ ਕਰਦੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਵੀ ਦਿੱਤੀ। ਵਿਦਿਆਰਥੀ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਇਹ ਵੀ ਕਿਹਾ ਕਿ ਉਹਨਾਂ ਤੋਂ ਕੋਲ਼ੋਂ ਤਾਂ ਜਵਾਬ-ਤਲਬੀ ਕੀਤੀ ਜਾ ਰਹੀ ਹੈ ਪਰ ਜਿਹੜੇ ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਨੇ ਇਸ ਮਸਲੇ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਉਹਨਾਂ ਦੀ ਜਵਾਬ-ਤਲਬੀ ਕੌਣ ਕਰੇਗਾ? ਇਸ ਉੱਪਰ ਪੁਲਿਸ ਪ੍ਰਸ਼ਾਸ਼ਨ ਕੋਈ ਤਸੱਲੀਬਖ਼ਸ਼ ਜਵਾਬ ਦੇਣ ਚ ਨਾਕਾਮ ਰਹੇ। ਪੁਲਿਸ ਐੱਸ.ਪੀ. ਨੇ ਇਹ ਧਮਕੀ ਵੀ ਦਿੱਤੀ ਕਿ ਉਹ 200 ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲੈਣਗੇ।
ਪਰ ਸਵਾਲ ਤਾਂ ਇਹ ਵੀ ਬਣਦਾ ਹੈ ਕਿ ਯੂਨੀਵਰਸਿਟੀ ਚ ਇੰਨੀ ਭਾਰੀ ਫੋਰਸ ਵਿਦਿਆਰਥੀਆਂ ਨੂੰ ਉਹਨਾਂ ਦਾ ਸ਼ਾਂਤਮਈ ਪ੍ਰੋਗਰਾਮ ਕਰਨ ਲਈ ਸੁਰੱਖਿਆ ਵੀ ਤਾਂ ਮੁਹੱਈਆ ਕਰਵਾ ਸਕਦੀ ਸੀ। ਯੂਨੀਵਰਸਿਟੀ ਅਧਿਕਾਰੀਆਂ ਨੇ ਕੱਲ ਉਹਨਾਂ ਪਰਚੇ ਤੇ ਪੋਸਟਰਾਂ ਨੂੰ ਵਿਦਿਆਰਥੀਆਂ ਦਾ ਜਮਹੂਰੀ ਹੱਕ ਕਹਿ ਕੇ ਉਹਨਾਂ ਨੂੰ ਮਾਰਚ ਕੱਢਣ ਦੀ ਲਿਖਤੀ ਆਗਿਆ ਦਿੱਤੀ ਸੀ ਪਰ ਅੱਜ ਨਵਾਂ ਨੋਟਸ ਜਾਰੀ ਕਰਦਿਆਂ ਇਸ ਮਾਰਚ ਨੂੰ ਗੈਰ-ਕਨੂੰਨੀ ਆਖਿਆ ਤੇ ਜਥੇਬੰਦੀਆਂ ਨੂੰ ਅੱਗੇ ਤੋਂ ਵੀ ਅਜਿਹੀ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਗਿਆ। ਦੂਜੇ ਪਾਸੇ ਸ਼ਹਿਰ ਦੀਆਂ ਕੱਟੜਪੰਥੀ ਹਿੰਦੂ ਜਥੇਬੰਦੀਆਂ ਧਮਕੀ ਦਿੰਦੀਆਂ ਹੋਈਆਂ ਯੂਨੀਵਰਸਿਟੀ ਦੇ ਬਾਹਰ ਇਕੱਠੀਆਂ ਹੋ ਗਈਆਂ ਤੇ ਉਹਨਾਂ ਦੇ ਹਰਿਆਣਾ ਤੋਂ ਵੀ ਕਾਰਕੁੰਨ ਪਹੁੰਚ ਗਏ। ਇਸਤੋਂ ਬਾਅਦ ਤਣਾਅ ਵਾਲਾ ਮਹੌਲ ਬਣ ਗਿਆ।
ਇਹਨਾਂ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋ ਏ ਵਿਦਿਆਰਥੀ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹ ਆਪਣਾ ਅੱਜ ਦਾ ਸਮਾਗਮ ਰੱਦ ਨਹੀਂ ਕਰਨਗੇ ਪਰ ਮਾਰਚ ਕੱਢਣ ਦੀ ਥਾਂ ਇੱਕ ਰੋਸ ਰੈਲੀ ਕਰਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ ਕਿਉਂਕਿ ਮਾਰਚ ਵਿੱਚ ਸ਼ਰਾਰਤੀ ਤੇ ਭੜਕਾਊ ਅਨਸਰਾਂ ਵੱਲੋਂ ਦਖਲਅੰਦਾਜੀ ਕਰਨ ਦਾ ਖਤਰਾ ਸੀ।
ਯੂਨੀਵਰਸਿਟੀ ’ਚ ਬਹੁਤੇ ਵਿਦਿਆਰਥੀਆਂ ਨੂੰ ਛੁੱਟੀ ਹੋਣ ਤੋਂ ਬਾਅਦ ਕਰੀਬ 4 ਵਜੇ ਦੋਵਾਂ ਜਥੇਬੰਦੀਆਂ ਨੇ 150-200 ਦੇ ਕਰੀਬ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਰੈਲੀ ਕੀਤੀ ਜਿਸ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਕਸ਼ਮੀਰ ਉੱਪਰ ਹੋ ਰਹੇ ਜਬਰ ਦੇ ਖਿਲਾਫ ਤੇ ਕਸ਼ਮੀਰ ਵਿੱਚ ਜਮਹੂਰੀ ਹੱਕਾਂ ਦੀ ਬਹਾਲੀ ਸਬੰਧੀ ਪੋਸਟਰ ਫੜੇ ਹੋਏ ਸਨ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਗੁਰਪ੍ਰੀਤ ਨੇ ਕਿਹਾ ਕਿ “ਸਾਡੇ ਉੱਪਰ ਮਹੌਲ ਵਿਗਾੜਨ ਦਾ ਇਲਜਾਮ ਲਾਉਣ ਵਾਲੀਆਂ ਹਿੰਦੂ ਕੱਟੜਪੰਥੀ ਜਥੇਬੰਦੀਆਂ ਖੁਦ ਮਹੌਲ ਨੂੰ ਖਰਾਬ ਕਰ ਰਹੀਆਂ ਹਨ। ਕਸ਼ਮੀਰ ਉੱਪਰ ਜਬਰ ਦੀ ਘਟਨਾ ਇਹ ਪਹਿਲੀ ਵਾਰ ਨਹੀਂ ਵਾਪਰੀ ਸਗੋਂ 2008, 2009 ਤੇ 2010 ਚ ਵੀ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਖਿਲਾਫ ਦੇਸ਼ ਭਰ ਵਿੱਚ ਰੋਸ ਮੁਜਾਹਰੇ ਹੁੰਦੇ ਰਹੇ ਹਨ ਪਰ ਕਦੇ ਇਹਨਾਂ ਨੂੰ ਦੇਸ਼ਧ੍ਰੋਹੀ ਦਾ ਨਾਮ ਨਹੀਂ ਦਿੱਤਾ ਗਿਆ। ਦੇਸ਼ਧ੍ਰੋਹ ਦਾ ਠੱਪਾ ਚੇਪਣ ਦਾ ਇਹ ਨਵਾਂ ਕੰਮ ਫਿਰਕੂ ਵਿਚਾਰਾਂ ਵਾਲੀ ਭਾਜਪਾ ਹਕੂਮਤ ਦੇ ਰਾਜ ਵਿੱਚ ਹੀ ਸ਼ੁਰੂ ਹੋਇਆ ਹੈ। ਦੇਸ਼ਭਗਤੀ ਦੀ ਠੇਕੇਦਾਰ ਬਣੀਆਂ ਬੈਠੀਆਂ ਤੇ ਦੂਜਿਆਂ ਨੂੰ ਦੇਸ਼ਧ੍ਰੋਹ ਦੇ ਤਗਮੇ ਵੰਡਦੀਆਂ ਆਰ.ਐੱਸ.ਐੱਸ., ਵਿਸ਼ਵ ਹਿੰਦੂ ਪ੍ਰੀਸ਼ਦ ਤੇ ਏਬੀਵੀਪੀ ਜਿਹੀਆਂ ਜਥੇਬੰਦੀਆਂ ਖੁਦ ਅਜਾਦੀ ਦੀ ਲੜਾਈ ਵਿੱਚ ਲੋਕਾਂ ਨਾਲ਼ ਗੱਦਾਰੀ ਤੇ ਅੰਗਰੇਜਾਂ ਦੀ ਟੁੱਕੜਬੋਚੀ ਕਰਦੀਆਂ ਰਹੀਆਂ ਹਨ।
ਗੁਜਰਾਤ ਕਤਲੇਆਮ, ਬਾਬਰੀ ਮਸਜਿਦ, ਮੁਜੱਫਨਗਰ ਨਸਲਕੁਸ਼ੀ ਆਦਿ ਜਿਹੇ ਮਸਲਿਆਂ ਸਮੇਤ ਇਹਨਾਂ ਦਾ ਇਤਿਹਾਸ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਮ ’ਤੇ ਲੜਾਉਣਾ, ਕਤਲੇਆਮ ਕਰਨਾ ਰਿਹਾ ਹੈ ਪਰ ਲੋਕਾਂ ਦੀ ਰੋਜੀ-ਰੋਟੀ, ਰੁਜ਼ਗਾਰ, ਸਿਹਤ, ਸਿੱਖਿਆ ਆਦਿ ਜਿਹੇ ਬੁਨਿਆਦੀ ਮਸਲਿਆਂ ਉੱਪਰ ਇਹਨਾਂ ਨੇ ਕਦੇ ਮੂੰਹ ਨਹੀਂ ਖੋਲਿਆ ਤੇ ਹੁਣ ਇਹ ਲੋਕ ਦੂਜਿਆਂ ਨੂੰ ਦੇਸ਼ ਭਗਤੀ ਦੇ ਤਗਮੇ ਦੇ ਰਹੇ ਹਨ।" ਉਹਨਾਂ ਅੱਗੇ ਕਿਹਾ ਕਿ "ਕਸ਼ਮੀਰ ਉੱਪਰ ਉਹਨਾਂ ਦੇ ਬੋਲਣ ਦਾ ਮਤਲਬ ਸੀ ਪਿਛਲੇ ਦੋ ਮਹੀਨਿਆਂ ਵਿੱਚ ਕਸ਼ਮੀਰ ਉੱਪਰ ਹੋ ਰਹੇ ਜਬਰ ਖਿਲਾਫ ਬੋਲਣਾ ਸੀ ਜਿਸ ਵਿੱਚ ਮਾਸੂਮ ਤੇ ਬੇਦੋਸ਼ੇ ਲੋਕਾਂ ਦਾ ਲਹੂ ਵਹਿਆ ਗਿਆ ਹੈ। ਕਰਫਿਊ ਅਤੇ PSA ਤੇ AFSPA ਜਿਹੇ ਕਨੂੰਨਾਂ ਸਮੇਤ ਹਰ ਤਰਾਂ ਦੇ ਜਬਰ ਦਾ ਵਿਰੋਧ ਹੋਣਾ ਚਾਹੀਦਾ ਹੈ ਤੇ ਇਸੇ ਵਿਰੋਧ ਨੂੰ ਦਰਜ ਕਰਾਉਂਦਿਆਂ ਅਸੀਂ ਪਰਚੇ ਵੰਡੇ ਸਨ ਤੇ ਇਹ ਪ੍ਰੋਗਰਾਮ ਵਿੱਢਿਆ ਸੀ ਜਿਸਨੂੰ ਕੁੱਝ ਘਟੀਆ ਪੱਤਰਕਾਰੀ ਕਰਨ ਵਾਲੇ ਮੀਡੀਆ ਤੇ ਹਿੰਦੂ ਕੱਟੜਪੰਥੀਆਂ ਨੇ ਹੋਰ ਹੀ ਰੰਗਤ ਦੇ ਦਿੱਤੀ।” ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਬੋਲਦਿਆਂ ਹਰਦੀਪ ਨੇ ਕਿਹਾ ਕਿ “ਕਸ਼ਮੀਰ ਦਾ ਮਸਲਾ 1947 ਤੋਂ ਚਲਦਾ ਆ ਰਿਹਾ ਹੈ ਤੇ ਕਸ਼ਮੀਰ ਭਾਰਤ ਤੇ ਪਾਕਿਸਤਾਨ ਦੇ ਸਿਆਸੀ ਹਿੱਤਾਂ ਦੀ ਲੜਾਈ ਵਿਚਕਾਰ ਪਿਸ ਰਿਹਾ ਹੈ। ਜਦੋਂ ਕਸ਼ਮੀਰ ਨੂੰ ਵਿਸ਼ੇਸ਼ ਹਾਲਤਾਂ ਅਧੀਨ ਭਾਰਤ ’ਚ ਰਲਾਇਆ ਗਿਆ ਸੀ।
ਨਹਿਰੂ ਸਰਕਾਰ ਨੇ ਉਸ ਵੇਲੇ ਵਾਅਦਾ ਕੀਤਾ ਸੀ ਕਿ ਕਸ਼ਮੀਰ ਦੇ ਹਾਲਾਤ ਸ਼ਾਂਤ ਹੋਣ ’ਤੇ ਕਸ਼ਮੀਰ ਦੇ ਲੋਕਾਂ ਨੂੰ ਆਪਾ ਨਿਰਣੇ ਦਾ ਹੱਕ ਦੇ ਕੇ ਆਪਣਾ ਭਵਿੱਖ ਚੁਣਨ ਦਿੱਤਾ ਜਾਵੇਗਾ ਤੇ ਇਹ ਵਾਅਦਾ ਕਦੇ ਪੂਰਾ ਨਹੀਂ ਕੀਤਾ ਗਿਆ। ਉਸ ਵੇਲੇ ਤੋਂ ਕਸ਼ਮੀਰ ਆਪਣੇ ਨਾਲ਼ ਹੋ ਰਹੇ ਇਸ ਧੱਕੇ ਦਾ ਵਿਰੋਧ ਕਰਦੇ ਆ ਰਹੇ ਹਨ ਤੇ ਉਦੋਂ ਤੋਂ ਹੀ ਉਹਨਾਂ ਉੱਪਰ ਜਬਰ ਚੱਲ ਰਿਹਾ ਹੈ। ਭਾਰਤ ਸਰਕਾਰ ਨੇ ਕਦੇ ਵੀ ਕਸ਼ਮੀਰ ਚ ਸ਼ਾਂਤੀ ਦੀ ਬਹਾਲੀ ਗੰਭੀਰਤਾ ਨਾਲ਼ ਨਹੀਂ ਲਿਆ। ਸ਼ਾਂਤੀ ਲਈ ਕਦੇ ਵੀ ਅਫਸਪਾ, ਪੀਐੱਸਏ ਜਿਹੇ ਕਨੂੰਨਾਂ ਨੂੰ ਵਾਪਸ ਲੈਣ ਜਾਂ ਫੌਜ ਦੀ ਗਿਣਤੀ ਘਟਾਉਣ ਦੀ ਮੰਗ ਵੀ ਨਹੀਂ ਮੰਨੀ। ਕਸ਼ਮੀਰ ਮਸਲੇ ਦਾ ਹੱਲ ਇਹੋ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਕਬਜੇ ਵਾਲੇ ਸਾਰੇ ਕਸ਼ਮੀਰ ਦੇ ਲੋਕਾਂ ਨੂੰ ਚੋਣਾਂ ਰਾਹੀਂ ਆਪਣਾ ਭਵਿੱਖ ਚੁਣਨ ਦਾ ਹੱਕ ਦਿੱਤਾ ਜਾਵੇ, ਜੋ ਕਿ ਨਹਿਰੂ ਨੇ ਵਾਅਦਾ ਕੀਤਾ ਸੀ।” DSO ਦੇ ਆਗੂ ਸਤਵੰਤ ਨੇ ਕਿਹਾ ਹੈ ਕਿ ਇਹ ਦੋਵੇਂ ਜਥੇਬੰਦੀਆਂ ਹਮੇਸ਼ਾ ਹਰ ਤਰਾਂ ਦੇ ਜਬਰ ਤੇ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਬੋਲਦੀਆਂ ਆਈਆਂ ਹਨ ਇਸ ਲਈ ਕਸ਼ਮੀਰ ’ਚ ਹੋ ਰਹੇ ਜਬਰ ਦਾ ਵਿਰੋਧ ਕਰ ਰਹੀਆਂ ਹਨ। ਆਪਣਾ ਵਿਰੋਧ ਦਰਜ ਕਰਵਾਉਣਾ ਉਹਨਾਂ ਦਾ ਜਮਹੂਰੀ ਹੱਕ ਹੈ ਜਿਸਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸ਼ਮੀਰ ਮਸਲੇ ਉੱਪਰ ਉਹ ਪਹਿਲਾਂ ਵੀ ਬੋਲਦੇ ਰਹੇ ਹਨ ਤੇ ਅੱਗੇ ਬੋਲਦੇ ਰਹਿਣਗੇ। ਬੁਲਾਰਿਆਂ ਦੇ ਬੋਲਣ ਤੋਂ ਬਾਅਦ ਹਾਜਰ ਵਿਦਿਆਰਥੀਆਂ ਨੇ ਮੂੰਹ ਉੱਪਰ ਕਾਲੀਆਂ ਪੱਟੀਆਂ ਬੰਨ ਕੇ ਮੌਨ ਧਾਰਦਿਆਂ ਆਪਣਾ ਰੋਸ ਜਾਹਰ ਕੀਤਾ।
ਇਹ ਰੋਸ ਕਸ਼ਮੀਰ ਨਾਲ਼ ਇੱਕਜੁਟਤਾ ਜ਼ਾਹਰ ਕਰਨ ਦੇ ਨਾਲ਼-ਨਾਲ਼ ਯੂਨੀਵਰਸਿਟੀ 'ਚ ਪੁਲਿਸ-ਪ੍ਰਸ਼ਾਸ਼ਨ ਵੱਲੋਂ ਉਹਨਾਂ ਦੀ ਸੱਚ, ਹੱਕ ਤੇ ਇਨਸਾਫ ਦੀ ਅਵਾਜ਼ ਨੂੰ ਦਬਾਏ ਜਾਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਸੀ। ਪ੍ਰੈਸ ਬਿਆਨ ਜਾਰੀ ਕਰਦੇ ਹੋਏ ਇਹਨਾਂ ਜਥੇਬੰਦੀਆਂ ਨੇ ਇਹ ਵੀ ਕਿਹਾ ਹੈ ਕਿ ਕੈਂਪਸ ਨੂੰ ਜਿਸ ਤਰਾਂ ਪੁਲਿਸ ਛਾਉਣੀ ਬਣਾਇਆ ਗਿਆ ਹੈ ਉਹ ਸਰਾਸਰ ਗਲਤ ਤੇ ਗੈਰ-ਸੰਵਿਧਾਨਕ ਹੈ ਤੇ ਇਹ ਉਹਨਾਂ ਦੀ ਅਵਾਜ਼ ਨੂੰ ਦਬਾਉਣ ਦੀ ਸਾਜਿਸ਼ ਤਹਿਤ ਕੀਤਾ ਗਿਆ ਹੈ। ਇਸ ਮੌਕੇ AISF ਤੇ SFI ਵਿਦਿਆਰਥੀ ਜਥੇਬੰਦੀਆਂ ਵੀ ਪੁੱਜੀਆਂ ਤੇ SFI ਨੇ ਵਿਦਿਆਰਥੀਆਂ ਦੀ ਅਵਾਜ਼ ਦਬਾਉਣ ਦੇ RSS ਦੇ ਸਾਜ਼ਿਸ਼ ਕਾਰੇ ਦੀ ਨਿੰਦਾ ਕਰਦਿਆਂ ਬਿਆਨ ਵੀ ਜਾਰੀ ਕੀਤਾ।
ਜਾਰੀ ਕਰਤਾ- ਗੁਰਪ੍ਰੀਤ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), 98887-89421 ਅਜੈਬ, ਡੈਮੋਕ੍ਰੈਟਿਕ ਸਟੂਡੈਂਸਟ ਆਰਗੇਨਾਈਜੇਸ਼ਨ, 97810-87337