ਰੈੱਡ.ਐੱਫ਼.ਐੱਮ ਦੇ ਮਾਲਕ ਕੁਲਵਿੰਦਰ ਸੰਘੇੜਾ ਦੇ ਨਾਂ ਸ਼ਿਵ ਇੰਦਰ ਸਿੰਘ ਦਾ ਖੁੱਲ੍ਹਾ ਖ਼ਤ
Posted on:- 05-09-2016
ਸਤਿਕਾਰਤ ਕੁਲਵਿੰਦਰ ਸੰਘੇੜਾ ਜੀ
ਆਦਾਬ !
ਰੈੱਡ.ਐੱਫ.ਐੱਮ. ਦੇ ਈਵਨਿੰਗ ਸ਼ੋਅ 'ਚੋਂ ਮੇਰੇ ਭਾਰਤ ਦੀਆਂ ਖ਼ਬਰਾਂ ਅਤੇ ਤਬਸਰੇ ਵਾਲੇ ਹਿੱਸੇ ਨੂੰ ਬੰਦ ਕਰਨ ਬਾਰੇ ਤੁਸੀਂ ਮੇਰੇ ਦੋ ਦੋਸਤਾਂ ਪ੍ਰਸ਼ੋਤਮ ਦੁਸਾਂਝ ਤੇ ਅਵਤਾਰ ਗਿੱਲ ਨੂੰ ਦੱਸਿਆ ਕਿ ਸ਼ਿਵ ਇੰਦਰ ਨੇ ਆਪਣੇ ਤਬਸਰੇ 'ਚ 'ਕਾਰਗਿਲ ਦੇ ਵਿਜੈ ਦਿਵਸ 'ਤੇ ਕੁਝ ਅਜਿਹਾ ਇਤਰਾਜ਼ਯੋਗ ਆਖ 'ਤਾ ਜਿਸ 'ਤੇ ਸਾਬਕਾ ਫ਼ੌਜੀਆਂ ਦੇ ਇਤਰਾਜ਼ ਭਰੇ ਫੋਨ ਆਏ ਜਿਸ ਕਰਕੇ ਸਾਨੂੰ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਤਿੰਨ ਕੁ ਮਹੀਨੇ ਲਈ ਇਹ ਕਦਮ ਉਠਾਉਣਾ ਪਿਆ । ਪਰ ਸਾਨੂੰ ਖੁਦ ਕੋਈ ਇਤਰਾਜ਼ ਨਹੀਂ ਹੈ। ਸ਼ਿਵ ਇੰਦਰ ਮਿਹਨਤੀ ਪੱਤਰਕਾਰ ਹੈ, ਤਜਰਬੇਕਾਰ ਹੈ ਭਾਰਤੀ ਮਸਲਿਆਂ 'ਤੇ ਉਸਦੀ ਚੰਗੀ ਪਕੜ ਹੈ । ਉਹ ਮੇਰੇ ਨਾਲ ਅਗਲੇ ਹਫ਼ਤੇ ਗੱਲ ਕਰ ਸਕਦਾ ਹੈ"
ਸੋ ਸ੍ਰੀਮਾਨ ਜੀ, ਮੈਂ ਅਗਲੇ ਹਫ਼ਤੇ ਆਪਣੀ ਗੱਲ ਰੱਖਣ ਲਈ ਤੁਹਾਨੂੰ ਘੱਟੋ-ਘੱਟ 6-7 ਕਾੱਲਾਂ ਕੀਤੀਆਂ ਵੱਟਸਐਪ 'ਤੇ ਸੁਨੇਹਾ ਛੱਡਿਆ, ਤੁਹਾਡੇ ਭਤੀਜੇ ਗੁਰਵਿੰਦਰ ਨੂੰ ਕਾੱਲ ਕੀਤੀ, ਪਰ ਕੋਈ ਜਵਾਬ ਨਹੀਂ । ਥੱਕ -ਹਾਰ ਕੇ ਮੇਲ ਕਰਨ ਲੱਗਿਆਂ ।
ਮੇਰੇ ਦੋਸਤਾਂ ਕੋਲ ਤੁਹਾਡੇ ਵੱਲੋਂ ਰੱਖਿਆ ਪੱਖ ਬੜੇ ਸਵਾਲ ਪੈਦਾ ਕਰਦਾ ਹੈ । ਰੈੱਡ ਐੱਫ ਐੱਮ ਇੱਕ ਪ੍ਰੋਫੈਸ਼ਨਲ ਮੀਡੀਆ ਅਦਾਰਾ ਮੰਨਿਆ ਜਾਂਦਾ ਹੈ। ਵੈਨਕੂਵਰ ਤੇ ਕੈਲਗਰੀ 'ਚ ਇਸਦੇ ਦੋ ਰੇਡੀਓ ਚੱਲਦੇ ਨੇ ਕੁਝ ਹੋਰ ਥਾਵਾਂ 'ਤੇ ਆਪਣੀਆਂ ਸ਼ਾਖਾਵਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਪਰ ਇਸੇ ਹੀ ਅਦਾਰੇ ਨੇ ਮੇਰਾ ਪ੍ਰੋਗਰਾਮ ਬੰਦ ਕਰਨ ਵੇਲੇ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਨਾ ਕੋਈ ਕਾੱਲ ਕੀਤੀ ਨਾ ਮੇਰੀ ਗ਼ਲਤੀ ਦੱਸੀ । ਇੱਥੋਂ ਤੱਕ ਕਿ 28 ਜੁਲਾਈ 2016 ਦੇ ਈਵਨਿੰਗ ਸ਼ੋਅ ਦੇ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਤੱਕ ਵੀ ਮੈਨੂੰ ਕੁਝ ਨਹੀਂ ਪਤਾ ਸੀ । ਜਦੋਂ ਮੈਂ ਦੇਖਿਆ ਕਿ ਸ਼ੋਅ ਸ਼ੁਰੂ ਹੋਣ ਵਾਲਾ ਹੈ ਹੋਸਟ ਨੇ ਖ਼ਬਰਾਂ ਬਾਰੇ ਸਲਾਹ ਮਸ਼ਵਰਾ ਕਰਨ ਲਈ ਕਾੱਲ ਹੀ ਨਹੀਂ ਕੀਤੀ , ਮੈਂ ਖੁਦ ਕਾੱਲ ਕੀਤੀ ਤਾਂ ਪਤਾ ਲੱਗਾ ਕਿ ਅੱਜ ਤੁਹਾਡਾ ਸੈਗਮੈਂਟ ਨਹੀਂ ਹੋਣਾ ਪਰ ਕੱਲ੍ਹ ਹੋਣ ਬਾਰੇ ਨਾ ਸੈਕਟਰੀ ਨੂੰ ਪਤਾ ਨਾ ਹੋਸਟ ਨੂੰ । ਜਦੋਂ ਗੁਰਵਿੰਦਰ ਨੂੰ ਕਾੱਲ ਕੀਤੀ ੳਹ ਵੀ ਕੁਝ ਸਪੱਸ਼ਟ ਨਹੀਂ ਦੱਸ ਸਕੇ ਪਹਿਲੀ ਵਾਰ ਵਿਚ ; ਦੂਜੀ ਵਾਰ 1 ਅਗਸਤ ਰਾਤ 11:30 (ਭਾਰਤੀ ਸਮੇਂ ਮੁਤਾਬਕ ) ਵਜੇ ਦੱਸਿਆ ਕਿ ਭਾਅ ਜੀ ਅਸੀਂ ਕੁਝ ਤਬਦੀਲੀਆਂ ਕਰ ਰਹੇ ਹਾਂ ਇਸ ਲਈ ਤਿੰਨ ਮਹੀਨੇ ਲਈ ਸ਼ੋਅ ਬੰਦ ਕੀਤਾ (ਪਰ ਕਾਰਗਿਲ ਦਿਵਸ ਵਾਲੀ ਗੱਲ ਉਸਨੇ ਵੀ ਨਹੀਂ ਦੱਸੀ ) ਜਦੋਂ ਮੈਂ ਪੁਛਿਆ ਕਿ ਕੀ ਪੂਰਾ ਈਵਨਿੰਗ ਸ਼ੋਅ ਹੀ ਬੰਦ ਕਰਨ ਲੱਗੇ ਹੋ ਤਾਂ ਕਹਿੰਦਾ , "ਹਾਂ ਭਾਅ ਜੀ" ਪਰ ਈਵਨਿੰਗ ਸ਼ੋਅ ਅਗਲੇ ਦਿਨ ਚੱਲ ਰਿਹਾ ਸੀ , ਉਸ ਵਿੱਚੋਂ ਗਾਇਬ ਸੀ ਤਾਂ ਮੇਰੇ ਵਾਲਾ ਸੈਗਮੈਂਟ ।ਭਾਅ ਜੀ! ਇਹ ਕਿਥੋਂ ਦਾ ਪ੍ਰੋਫੈਸ਼ਨਲਿਜ਼ਮ ਹੈ ? ਆਪਣੇ ਮੁਲਾਜ਼ਮ ਨੂੰ ਕੋਈ ਅਗਾਊਂ ਜਾਣਕਾਰੀ ਹੀ ਨਾ ਦੇਵੋ ? ਜੇ ਦੇਵੋ ਉਹ ਗ਼ਲਤ ?ਹੁਣ ਆਉਂਦੇ ਹਾਂ ਤੁਹਾਡੇ ਵੱਲੋਂ ਦੱਸੇ ਕਾਰਨ ਵੱਲ 27 ਜੁਲਾਈ ਵਾਲੇ ਪ੍ਰੋਗਰਾਮ ' ਚ ਮੈਂ ਕੋਈ ਵੀ ਇਤਰਾਜ਼ਯੋਗ ਜਾਂ ਗ਼ੈਰ -ਲੋਕਤੰਤਰੀ ਗੱਲ ਨਹੀਂ ਕੀਤੀ ।ਤੁਸੀਂ ਦੁਬਾਰਾ ਉਸ ਦਿਨ ਦਾ ਸ਼ੋਅ ਸੁਣ ਸਕਦੇ ਹੋ । ਮੈਂ ਕਿਹਾ ਸੀ , " ਅਜਿਹੇ ਦਿਨਾਂ ' ਤੇ ਸਾਨੂੰ ਸੋਚਣਾ ਬਣਦਾ ਹੈ ਕਿ ਇਹ ਘਟਨਾਵਾਂ ਫੇਰ ਕਦੇ ਨਾ ਵਾਪਰਨ, ਇਹਨਾਂ ਦੇ ਕਾਰਨਾਂ ਦੀ ਘੋਖ ਕਰਨੀ ਬਣਦੀ ਹੈ । ਕਿਸੇ ਮਾਂ ਦਾ ਪੁੱਤ ਨਾ ਮਰੇ " ਮੈਂ ਕਾਰਗਿਲ ਦੀ ਘਟਨਾ ਨੂੰ ਜੰਗ ਨਹੀਂ ਮੰਨਦਾ ਅਪਰੇਸ਼ਨ ਮੰਨਦਾ ਹਾਂ, ਜੋ ਕਿ ਭਾਰਤ ਦਾ ਸਥਾਪਤ ਮੀਡੀਆ ਵੀ ਇਹ ਸ਼ਬਦ ਵਰਤ ਲੈਂਦਾ; ਇਸ ’ਚ ਕਿਹੜੀ ਗੱਲ ਇਤਰਾਜ਼ਯੋਗ ਹੋਈ ਜੀ ? ਜੇ ਕਾਰਗਿਲ ਬਾਰੇ ਵੱਖ -ਵੱਖ ਬਹਿਸਾਂ ਨੂੰ ਮੈਂ ਅਸਿੱਧੇ ਰੂਪ 'ਚ ਕੇਂਦਰ ਵਿੱਚ ਲੈ ਕੇ ਆਉਂਦਾ ਹਾਂ ਇਹ ਕੋਈ ਗੁਨਾਹ ਨਹੀਂ ਪੱਤਰਕਾਰੀ ਧਰਮ ਹੈ । ਜੇ ਕਸ਼ਮੀਰ ਤੇ ਉਤਰ -ਪੂਰਬ ਦੇ ਅਵਾਮ 'ਤੇ ਸਥਾਪਤੀ ਦੇ ਜ਼ੁਲਮਾਂ ਨੂੰ ਦੱਸਦਾ ਹਾਂ ਤਾਂ ਇਸ ਵਿੱਚ ਕੀ ਬੁਰਾਈ ਹੈ ?ਕੀ ਪੱਤਰਕਾਰੀ ਸਟੈਬਲਿਸ਼ਮੈਂਟ ਦਾ ਧੁੱਤੂ ਬਣ ਕੇ ਕੀਤੀ ਜਾਵੇ? ਸੱਚ ਤਾਂ ਇਹ ਹੈ ਉਸ ਦਿਨ ਵਿਜੈ ਨੇ ਮੈਨੂੰ ਮੇਰੀ ਗੱਲ ਚੱਜ ਨਾਲ ਕਰਨ ਹੀ ਨਹੀਂ ਦਿੱਤੀ, ਉਹ ਆਪਣਾ ਹੀ ਘੋੜਾ ਭਜਾਉਣ ਲੱਗ ਪਿਆ ।ਅੱਗੇ ਤੁਸੀਂ ਆਖਿਆ, "ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਪਰ ਫ਼ੌਜੀ ਵੀਰਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਅਜਿਹਾ ਕੀਤਾ।" ਇਹ ਗੱਲ ਤੁਹਾਡੇ ਹੀ ਵਿਰੋਧ ਚ ਜਾਂਦੀ ਹੈ । ਕੀ ਕਿਸੇ ਦਿਆਨਤਦਾਰ, ਇਮਾਨਦਾਰ ਤਜਰਬੇਕਾਰ ਤੇ ਦੇਸ਼ -ਦੁਨੀਆ ਦੇ ਮੁੱਦਿਆਂ 'ਤੇ ਪਕੜ ਰੱਖਣ ਵਾਲੇ(ਤੁਹਾਡੇ ਹੀ ਸ਼ਬਦ ਜੋ ਤੁਸੀਂ ਮੇਰੇ ਬਾਰੇ ਮੇਰੇ ਦੋਸਤਾਂ ਕੋਲ ਕਹੇ ਸਨ ) ਪੱਤਰਕਾਰ ਦੀ ਨੌਕਰੀ ਸਿਰਫ਼ 5-7 ਕਾੱਲਾਂ ਹੀ ਨਿਰਧਾਰਤ ਕਰਨਗੀਆਂ? ਕੀ ਮੈਨੇਜਮੈਂਟ ਕੋਲ ਆਪਣੀ ਕੋਈ ਜਰਨਲਿਸਟਕ ਅਪਰੋਚ ਹੈ? ਹੋਰਨਾਂ ਵੱਡੇ ਅਦਾਰਿਆਂ 'ਚ (ਮੇਨ ਸਟਰੀਮ ਮੀਡੀਏ 'ਚ) ਵੀ ਇਸ ਤਰ੍ਹਾਂ ਦੇ ਮੁੱਦੇ ਆ ਖਲੋਂਦੇ ਹਨ ਪਰ ਉਥੇ ਕਦੇ 5-7 ਕਾੱਲਾਂ ਜਾਂ 5-7 ਚਿੱਠੀਆਂ ਦੇ ਅਧਾਰ 'ਤੇ ਕਾਬਲ ਪੱਤਰਕਾਰਾਂ ਦੀ ਨੌਕਰੀ ਨਹੀਂ ਖੋਹੀ ਜਾਂਦੀ ਨਾ ਹੀ ਉਨ੍ਹਾਂ ਦੇ ਸ਼ੋਅ 3 ਮਹੀਨੇ ਲਈ ਬੰਦ ਕੀਤੇ ਜਾਂਦੇ ਹਨ । ਜਦੋਂ ਮੇਰੀ ਗੱਲ ਵਿੱਚ ਵਿਜੈ ਸੈਣੀ ਨੇ ਆਪਣਾ ਘੋੜਾ ਭਜਾ ਹੀ ਦਿੱਤਾ ਸੀ ਤਾਂ ਤੁਹਾਨੂੰ ਕਹਿਣਾ ਆਸਾਨ ਸੀ ਕਿ ਅਦਾਰੇ 'ਚ ਹਰ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਪੱਤਰਕਾਰ ਹਨ ਜੇ ਸ਼ਿਵ ਇੰਦਰ ਹੈ ਤਾਂ ਦੂਜੇ ਬੰਨੇ ਵਿਜੈ ਸੈਣੀ ਹੈ ।ਵੱਡਾ ਸਵਾਲ ਪਹਿਲਾਂ ਵੀ ਮੈਂ ਫ਼ੌਜ ਨਾਲ ਸਬੰਧਤ ਕਈ ਮੁੱਦੇ ਉਠਾਉਂਦਾ ਰਿਹਾ ਹਾਂ ਉਦੋਂ ਕਿਸੇ ਫ਼ੌਜੀ ਭਰਾ ਦਾ ਇਤਰਾਜ਼ ਨਹੀਂ ਆਇਆ?ਸੰਘੇੜਾ ਸਾਹਿਬ! ਗੱਲ ਹੁਣ ਦੀ ਨਹੀਂ 7-8 ਮਹੀਨੇ ਤੋਂ ਕਦੇ ਤੁਹਾਡਾ ਹੋਸਟ ਮੈਨੂੰ ਆਖਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਬਾਰੇ ਸੋਫਟ ਰਹੋ ਉਨ੍ਹਾਂ ਨੂੰ ਸਤਿਕਾਰ ਦੇਵੋ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਦੇ ਅਪਸ਼ਬਦ ਨਹੀਂ ਬੋਲੇ ।ਪਰ ਜਦੋਂ ਕੋਈ ਮੀਡੀਆ ਸੋਫਟ ਰਹਿਣ ਤੇ 'ਸਤਿਕਾਰ' ਦੇਣ ਦੀ ਗੱਲ ਕਹੇ ਉਹ ਜਮਹੂਰੀ ਪੱਖ ਦਾ ਮੀਡੀਆ ਨਹੀਂ ਰਾਜਾਸ਼ਾਹੀ ਪੱਖ ਦੀ ਤਰਜਮਾਨੀ ਕਰਨ ਵਾਲਾ ਮੀਡੀਆ ਹੋਵੇਗਾ । ਮੈਂ ਕਦੇ 'ਨੈਸ਼ਨਲ ਪੋਸਟ 'ਵਰਗੀ ਭਾਸ਼ਾ ਨਹੀਂ ਵਰਤੀ ਭਾਰਤੀ ਪ੍ਰਧਾਨ ਮੰਤਰੀ ਲਈ ।[ ਕਦੇ ਮੇਰੇ ਅੱਗੇ ਸੀਆਰਟੀਸੀ ਦਾ ਵਾਸਤਾ ਪਾਇਆ ਜਾਂਦਾ ਹੈ । ਸਰ, ਸੀਆਰਟੀਸੀ ਦੇ ਰੂਲਾਂ ਤੋਂ ਮੈਂ ਵੀ ਵਾਕਫ਼ ਹਾਂ ।ਉਹ ਕਿਸੇ ਮੀਡੀਆ ਅਦਾਰੇ ਦੇ ਐਡੀਟੋਰੀਅਲ 'ਚ ਦਖ਼ਲ ਨਹੀਂ ਦਿੰਦੀ ਨਾ 5-7 ਕਾੱਲਾਂ ਨਾਲ ਕਿਸੇ ਅਦਾਰੇ ਦਾ ਲਾਇਸੈਂਸ ਰੱਦ ਕਰਦੀ ਹੈ । ਇਹਦੀ ਮਿਸਾਲ ਦੇਖਣੀ ਹੈ ਤਾਂ ਕੈਨੇਡਾ ਦੇ ਅੰਗਰੇਜ਼ੀ ਰੇਡੀਉਜ਼ ਦੇ ਸ਼ੋਅ ਸੁਣੇ ਜਾ ਸਕਦੇ ਹਨ ( ਮੇਨ ਸਟਰੀਮ ਮੀਡੀਏ ) ਜੇ ਇਝ ਹੁੰਦਾ ਤਾਂ ਤੁਹਾਡੇ ਰੇਡੀਓ 'ਤੇ ਸਮੱਸਿਆ ਕਦੋਂ ਦੀ ਆਈ ਹੁੰਦੀ ।ਤੁਹਾਡੇ ਸਟਾਰ ਹੋਸਟ ਨੇ ਦਲਿਤ ਭਾਈਚਾਰੇ ਬਾਰੇ ਕੀਤੀ ਟਿੱਪਣੀ ਯਾਦ ਕਰੋ।ਤੁਹਾਡੇ ਸਾਬਕਾ ਪੱਤਰਕਾਰ ਨੇ ਪਿਛੇ ਜੋ ਆਪ ਵਿਰੁੱਧ ਭੰਡੀ ਪ੍ਰਚਾਰ ਕੀਤਾ ਉਸ ਨਾਲ ਕੁਝ ਫਰਕ ਨਹੀਂ ਪਿਆ । ਇਸ ਲਈ ਸੀਆਰਟੀਸੀ ਵਰਗੀ ਸੰਸਥਾ ਨੂੰ ਬਦਨਾਮ ਕਰਨਾ ਸਹੀ ਨਹੀਂ । ਸੱਚ ਤਾਂ ਇਹ ਹੈ ਕਿ ਅਜਿਹਾ ਕਰਨ ਵਾਲੇ ਅਦਾਰੇ ਦੀ ਆਪਣੀ ਸੂਝ ਸਵਾਲਾਂ ਦੇ ਘੇਰੇ 'ਚ ਹੈ।ਸ੍ਰੀਮਾਨ, ਮੈਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਪਿਛਲੇ ਦੋ ਕੁ ਸਾਲਾਂ ਤੋਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦਾ ਦਬਾਅ ਪ੍ਰਵਾਸੀ ਮੀਡੀਏ 'ਤੇ ਵਧਿਆ ਹੈ । ਮੈਨੂੰ ਵੀ ਅਜਿਹੇ ਕੁਝ ਕਾੱਲ ਆਉਂਦੇ ਰਹੇ । ਪਰ ਮੈਂ ਪਰਵਾਹ ਨਹੀਂ ਕੀਤੀ । ਕਿਤੇ ਇਹ ਤਾਂ ਨਹੀਂ ਜਿਨ੍ਹਾਂ ਦਾ ਸਤਿਕਾਰ ਕਰਨ ਲਈ ਤੁਹਾਡਾ ਹੋਸਟ ਮੈਨੂੰ ਕਹਿੰਦਾ ਰਿਹਾ , ਉਨ੍ਹਾਂ ਦੇ ਕਹਿਣ ਉਤੇ ਹੀ ਮੇਰਾ 'ਸਤਿਕਾਰ' ਹੋ ਰਿਹਾ ਹੋਵੇ ?ਤੁਸੀਂ ਤਿੰਨ ਮਹੀਨੇ ਬਾਅਦ ਮੇਰਾ ਸ਼ੋਅ ਸ਼ੁਰੂ ਵੀ ਕਰ ਦਿੱਤਾ ਜੇ ਉਦੋਂ ਵੀ 5-7 ਕਾੱਲਾਂ ਆ ਗਈਆਂ? ਕੀ ਉਦੋਂ ਵੀ ਮੇਰੀ ਨੌਕਰੀ ਨੂੰ ਉਹ ਕਾੱਲਾਂ ਹੀ ਤੈਅ ਕਰਨਗੀਆਂ?ਸ੍ਰੀਮਾਨ, ਮੈਂ ਆਪਣਾ ਪੱਖ ਆਪ ਅੱਗੇ ਰੱਖ ਦਿੱਤਾ ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਆਪਣੇ ਅਦਾਰੇ 'ਚ ਨਿਰਪੱਖ, ਨਿਡਰ ਤੇ ਨਿੱਗਰ ਪੱਤਰਕਾਰੀ ਥਾਂ ਦੇਣੀ ਹੈ ਜਾਂ ਨਹੀਂ ...ਮੈਂ ਤਾਂ ਲੋਕ -ਪੱਖ ਵਾਲੀ ਪੱਤਰਕਾਰੀ ਦਾ ਪੱਲਾ ਨਹੀਂ ਛੱਡਾਂਗਾ । ਮੈਨੂੰ ਪਤਾ ਹੈ " ਜਿਸ ਦਿਨ ਤੁਸੀਂ ਸੱਚ ਨੂੰ ਦੇਖ ਕੇ ਅੱਖਾਂ ਮੀਟ ਲਈਆਂ ਉਸੇ ਦਿਨ ਤੋਂ ਤੁਹਾਡੀ ਮੌਤ ਸ਼ੁਰੂ ਹੋ ਜਾਂਦੀ ਹੈ..."ਤੁਹਾਡਾ ਹਿੱਤੂ
-ਸ਼ਿਵ ਇੰਦਰ ਸਿੰਘ
Parminder swaich
ਰੈੱਡ ਅੈੱਫ ਅੈਮ ਵੈਨਕੂਵਰ ਦਾ ਿੲੱਕ ਵਧੀਅਾ ਰੇਿਡੳ ਹੈ ਅਗਰ ਿਸ਼ਵ ਿੲੰਦਰ ਦੇ ਕਹਿਣ ਮੁਤਾਬਕ ੳੁਸ ਨੂੰ ਦੱਸੇ ਿਬਨ੍ਹਾਂ ਨੋਕਰੀ ਤੋਂ ਕੱਿਢਅਾ ਿਗਅਾ ਹੈ ਿੲਹ ਿਨੰਦਣਯੋਗ ਗੱਲ ਹੈ।