ਮਾਣਹਾਨੀ ਦੇ ਕੇਸ ਵਿੱਚ ਪ੍ਰਕਾਸ਼ ਕੌਰ ਹਮਦਰਦ ਤੇ ਹੁਕਮ ਚੰਦ ਸ਼ਰਮਾ ਨੂੰ ਸ਼ਜਾ - ਬਲਜਿੰਦਰ ਕੋਟਭਾਰਾ
Posted on:- 22-02-2012
ਬਾਦਲ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਦੇ ਐਵਾਰਡ ਲਈ ਐਲਾਨੇ ਬਠਿੰਡਾ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਹੁਕਮ ਚੰਦ ਸ਼ਰਮਾ ਤੇ ਬੀਬੀ ਪ੍ਰਕਾਸ਼ ਕੌਰ ਹਮਦਰਦ ਨੂੰ ਸ਼ਜਾ ਸੁਣਾ ਦਿੱਤੀ। ਇੱਕ ਸਾਬਕਾ ਸਹਾਇਕ ਐਡਵੋਕੇਟ ਜਨਰਲ ਵੱਲੋਂ ਦਾਇਰ ਕੀਤੇ ਇੱਕ ਪੁਰਾਣੇ ਫੌਜਦਾਰੀ ਮੁਕੱਦਮੇ ਵਿੱਚ ਸ੍ਰੀ ਕੇ.ਕੇ. ਸਿੰਗਲਾ ਦੀ ਅਦਾਲਤ ਨੇ ਅੱਜ ਰੋਜ਼ਾਨਾ ``ਅਜੀਤ`` ਅਖ਼ਬਾਰ ਦੀ ਪ੍ਰਕਾਸ਼ਕ ਸ੍ਰੀਮਤੀ ਪ੍ਰਕਾਸ਼ ਕੌਰ ਹਮਦਰਦ ਅਤੇ ਬਠਿੰਡਾ ਸਥਿਤ ਇਸੇ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਸ੍ਰੀ ਹੁਕਮ ਚੰਦ ਸ਼ਰਮਾ ਨੂੰ ਇੱਕ-ਇੱਕ ਸਾਲ ਦੀ ਕੈਦ ਤੇ ਪੰਜ-ਪੰਜ ਸੌ ਰੁਪਏ ਜ਼ੁਰਮਾਨਾ ਦੀ ਸ਼ਜਾ ਸੁਣਾਈ। ਇਹ ਕੈਦ ਇੱਕ ਗਲਤ ਤੇ ਤੱਥਹੀਣ ਅਧਾਰਤ ਖ਼ਬਰ ਲਗਾਉਂਣ `ਤੇ ਸੁਣਾਈ ਗਈ।
ਕਾਬਲੇ ਗੋਰ ਹੈ ਕਿ ਪਿੰਡ ਪਥਰਾਲਾ ਦੇ ਰਹਿਣ ਵਾਲੇ ਇੱਕ ਜਾਅਲਸ਼ਾਜ ਨੇ ਆਪਣੇ ਆਪ ਨੂੰ ਇੱਕ ਆਈ. ਏ. ਐਸ. ਦਰਸਾ ਕੇ ਬਠਿੰਡਾ ਸ਼ਹਿਰ ਦੇ ਇੱਕ ਸੀਨੀਅਰ ਵਕੀਲ ਦੀ ਬੇਟੀ ਨਾਲ ਸ਼ਾਦੀ ਕਰਵਾ ਲਈ ਸੀ ਪ੍ਰੰਤੂ ਵੇਲੇ ਸਿਰ ਪਤਾ ਲੱਗਣ `ਤੇ ਲੜਕੀ ਦੇ ਮਾਪਿਆਂ ਵੱਲੋਂ ਕੀਤੀ ਸ਼ਿਕਾਇਤ `ਤੇ ਥਾਣਾ ਕੈਂਟ ਪੁਲਿਸ ਬਠਿੰਡਾ ਨੇ ਉਸ ਵਿਰੁੱਧ ਮੁਕੱਦਮਾ ਦਰਜ਼ ਕਰਕੇ ਉਕਤ ਜਾਅਲਸਾਜ ਨੂੰ ਡੋਲੀ ਉਤਾਰਦਿਆ ਹੀ ਪੁਲਿਸ ਸ਼ਿਕੰਜੇ ਵਿੱਚ ਲੈ ਲਿਆ ਸੀ। ਬਠਿੰਡਾ ਸਥਿਤ ``ਅਜੀਤ`` ਅਖ਼ਬਾਰ ਦੇ ਸੀਨੀਅਰ ਪੱਤਰਕਾਰ ਹੁਕਮ ਚੰਦ ਸ਼ਰਮਾ ਨੇ ਇਸ ਸਾਦੀ ਦੇ ਵਿਚੋਲੇ ਦੇ ਤੌਰ `ਤੇ ਉਸ ਵੇਲੇ ਦੇ ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ ਸ੍ਰੀ ਸਿਵਚਰਨ ਸਿੰਘ ਚਹਿਲ ਦਾ ਬਿਨਾ ਕਿਸੇ ਤੱਥ ਤੋਂ ਖ਼ਬਰ ਭੇਜ ਦਿੱਤੀ ਸੀ। ਬਠਿੰਡਾ ਅਦਾਲਤ ਵਿੱਚ ਭਾਰਤੀ ਦੰਡਵਾਲੀ ਧਾਰਾ 500 ਤਹਿਤ ਦਾਇਰ ਕੀਤੇ ਦਾਅਵੇ ਰਾਹੀ ਉਸ ਵੇਲੇ ਦੇ ਸਹਾਇਕ ਐਡਵੋਕੇਟ ਜਨਰਲ ਸ੍ਰੀ ਚਹਿਲ ਨੇ ਦੋਸ਼ ਲਾਇਆ ਸੀ ਕਿ ``ਅਜੀਤ`` ਅਖ਼ਬਾਰ ਨੇ ਇਸ ਸਾਦੀ ਲਈ ਉਸ ਨੂੰ ਵਿਚੋਲਾ ਦਰਸਾ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਪ੍ਰਭਾਵਿਤ ਲੜਕੀ ਦੇ ਪਰਿਵਾਰ ਵੱਲੋਂ ਦਰਜ਼ ਕਰਵਾਏ ਮੁਕੱਦਮੇ ਵਿੱਚ ਉਹ ਵੀ ਇੱਕ ਸਹਿ ਦੋਸ਼ੀ ਹੈ। ਸ੍ਰੀ ਚਹਿਲ ਨੇ ਆਪਣੀ ਹੋਈ ਮਾਣਹਾਨੀ ਬਦਲੇ ਰੋਜ਼ਾਨਾ ``ਅਜੀਤ`` ਦੇ ਮੇਨੈਜਿੰਗ ਡਾਇਰੈਕਟਰ ਡਾ. ਬਰਜਿੰਦਰ ਸਿੰਘ ਹਮਦਰਦ, ਉਹਨਾਂ ਦੀ ਮਾਤਾ ਪ੍ਰਕਾਸ਼ ਕੌਰ ਹਮਦਰਦ ਅਤੇ ਖ਼ਬਰ ਭੇਜਣ ਵਾਲੇ ਸੀਨੀਅਰ ਪੱਤਰਕਾਰ ਹੁਕਮ ਚੰਦ ਸ਼ਰਮਾ ਖਿਲਾਫ਼ ਕਾਰਵਾਈ ਲਈ ਅਦਾਲਤ ਨੂੰ ਬੇਨਤੀ ਕੀਤੀ ਸੀ। ਅੱਜ ਸੁਣਾਏ ਫੈਸਲੇ ਵਿੱਚ ਅਦਾਲਤ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਾਂ ਬਰੀ ਕਰ ਦਿੱਤਾ ਪਰ ਪ੍ਰਕਾਸ਼ ਕੌਰ ਹਮਦਰਦ ਤੇ ਪੱਤਰਕਾਰ ਹੁਕਮ ਚੰਦ ਨੂੰ ਕੈਦ ਤੇ ਜ਼ੁਰਮਾਨਾ ਦੀ ਸ਼ਜਾ ਸੁਣਾ ਦਿੱਤੀ। ਚੇਤੇ ਰਹੇ ਕਿ ਸ੍ਰੀ ਹੁਕਮ ਚੰਦ ਸ਼ਰਮਾ ਨੂੰ ਬਾਦਲ ਸਰਕਾਰ ਨੇ ਪਿੱਛੇ ਜਿਹੇ ਹੀ ਸ਼੍ਰੋਮਣੀ ਪੱਤਰਕਾਰ ਦੇ ਐਵਾਰਡ ਨਾਲ ਨਿਵਾਜਨ ਦਾ ਨਿਰਣਾ ਲਿਆ ਸੀ ਅਤੇ ਉਸ ਵੇਲੇ ਵੀ ਉਸ ਵਿਰੁੱਧ ਇਹ ਕੇਸ ਚੱਲ ਰਿਹਾ ਸੀ।