ਬਾਦਲ ਪਰਿਵਾਰ ਨੇ ਬੱਸਾਂ ਦੀ ਖਰੀਦੋ ਫਰੋਖਤ ਕਰਕੇ ਦੁਆਬੇ ’ਚ ਕੀਤੀ ਜ਼ਬਰਦਸਤ ਐਂਟਰੀ
Posted on:- 08-07-2016
ਪੁਲਿਸ ਮੁਲਾਜ਼ਮ , ਬੁਜ਼ਰਗ ਅਤੇ ਵਿਦਿਆਰਥੀ ਸਰਕਾਰੀ ਬੱਸਾਂ ਨਾ ਮਿਲਣ ਕਾਰਨ ਪ੍ਰੇਸ਼ਾਨ
- ਸ਼ਿਵ ਕੁਮਾਰ ਬਾਵਾ
ਮਾਲਵੇ ਅਤੇ ਮਾਝੇ ਤੋਂ ਬਾਅਦ ਬਾਦਲ ਪਰਿਵਾਰ ਨੇ ਦੁਆਬੇ ਵਿੱਚ ਦੋ ਨਿਜੀ ਬੱਸ ਕੰਪਨੀਆਂ ਦੀਆਂ 150 ਦੇ ਕਰੀਬ ਬੱਸਾਂ ਖਰੀਦਕੇ ਆਪਣੀ ਜ਼ਬਰਦਸਤ ਐਂਟਰੀ ਕੀਤੀ ਹੈ। ਦੁਆਬੇ ਵਿਚ ਨਿਜੀ ਬੱਸ ਕੰਪਨੀ ਰਾਜਧਾਨੀ, ਅਜ਼ਾਦ ਅਤੇ ਐਕਸ ਪ੍ਰੈਸ ਦੀ ਪਿੱਛਲੇ 15 ਕੁ ਸਾਲ ਤੋਂ ਪੂਰੀ ਤਰ੍ਹਾਂ ਚੜ੍ਹਤ ਰਹੀ ਹੈ ਅਤੇ ਇਸ ਖਰੀਦੋ ਫਰੋਖਤ ਨਾਲ ਉਕਤ ਬੱਸ ਕੰਪਨੀਆਂ ਦੀਆਂ ਬੱਸਾਂ ਹੁਣ ਪਹਿਲਾਂ ਨਾਲੋਂ ਵੀ ਵੱਧ ਸੜਕਾਂ ਤੇ ਹਨੇਰੀ ਲਿਆਉਣਗੀਆਂ। ਬਾਦਲ ਪਰਿਵਾਰ ਦੀ ਛਤਰ ਛਾਇਆ ਹੇਠ ਹੋਣ ਕਾਰਨ ਉਕਤ ਬੱਸਾਂ ਦੇ ਚਾਲਕ ਅਤੇ ਕੰਡਕਟਰ ਹੁਣ ਆਪਣੀ ਪਹਿਲਾਂ ਨਾਲੋਂ ਜ਼ਿਆਦਾ ਮਨਮਰਜ਼ੀ ਕਰਿਆ ਕਰਨਗੇ। ਇਸਦਾ ਪੁਖਤਾ ਸਬੂਤ ਇਸ ਗੱਲ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਇਹਨਾਂ ਬੱਸਾਂ ਵਿਚ ਪਹਿਲਾਂ ਰੋਹਬ ਨਾਲ ਮੁਫਤ ਵਿਚ ਬੱਸ ਸਫਰ ਕਰਨ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹੁਣ ਇਹਨਾਂ ਬੱਸਾਂ ਵਿਚੋਂ ਉਤਰਨ ਲਈ ਕਿਹਾ ਜਾਂਦਾ ਹੈ ਜਾਂ ਟਿਕਟ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਸਰਕਾਰੀ ਬੱਸਾਂ ਖਾਸ ਕਰਕੇ ਰੋਡਵੇਜ਼ ਦੀ ਬੱਸ ਤਾਂ ਦੇਖਣ ਨੂੰ ਕਦੇ ਕਦਾਈਂ ਹੀ ਮਿਲਦੀ ਹੈ ਜ਼ਿਆਦਾ ਤਰ ਹਰ 20 ਮਿੰਟ ਬਾਅਦ ਰਾਜਧਾਨੀ, ਅਜ਼ਾਦ ਅਤੇ ਐਕਸ ਪ੍ਰੈਸ ਕੰਪਨੀਆਂ ਦੀਆਂ ਬੱਸਾਂ ਦਾ ਹੀ ਬੋਲ ਬਾਲਾ ਰਹਿੰਦਾ ਹੈ। ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਤਾਂ ਹੁਣ ਇਹਨਾਂ ਬੱਸਾਂ ਵਿਚ ਚੜ੍ਹਾਇਆ ਹੀ ਨਹੀਂ ਜਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦੋ ਨਿਜੀ ਬੱਸ ਕੰਪਨੀਆਂ ਰਾਜਧਾਨੀ ਅਤੇ ਅਜਾਦ ਦੀਆਂ ਕਰੀਬ 130 ਦੇ ਕਰੀਬ ਬੱਸਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਖਰੀਦ ਲਈਆਂ ਹਨ। ਦੁਆਬੇ ਵਿਚ ਇਹਨਾਂ ਕੰਪਨੀਆਂ ਦੀਆਂ ਬੱਸਾਂ ਦੀ ਪਿੱਛਲੇ 15 ਕੁ ਸਾਲ ਤੋਂ ਹੁਸ਼ਿਆਰਪੁਰ -ਚੰਡੀਗੜ੍ਹ ਰੋਡ, ਹੁਸ਼ਿਆਰਪੁਰ -ਪਠਾਨਕੋਟ ਰੋਡ ਅਤੇ ਹੁਸ਼ਿਆਰਪੁਰ -ਫਗਵਾੜਾ ਰੋਡ ਤੇ ਪੂਰੀ ਤਰ੍ਹਾਂ ਤੂਤੀ ਬੋਲਦੀ ਹੈ। ਇਹਨਾਂ ਬੱਸ ਕੰਪਨੀਆਂ ਸਮੇਤ ਐਕਸ ਪ੍ਰੈਸ ਅਤੇ ਦੁਆਬਾ ਬੱਸ ਕੰਪਨੀ ਦੀਆਂ ਬੱਸਾਂ ਵੀ ਇਹਨਾਂ ਰੋਡਾਂ ਤੇ ਪੂਰੀ ਤਰ੍ਹਾਂ ਧੁੰਮ ਮਚਾ ਰਹੀਆਂ ਹਨ। ਨਿਜੀ ਬੱਸ ਕੰਪਨੀਆਂ ਦੀ ਚੜ੍ਹਤ ਕਾਰਨ ਸਰਕਾਰੀ ਬੱਸਾਂ ਸਵਾਰੀਆਂ ਨੂੰ ਤਰਸਦੀਆਂ ਰਹਿੰਦੀਆਂ ਹਨ ਜਦਕਿ ਪੰਜਾਬ ਰੋਡਵੇਜ਼ ਦੀਆਂ ਬਹੁਤੀਆਂ ਬੱਸਾਂ ਦੀ ਹਾਲਤ ਖਸਤਾ ਹੋਣ ਕਾਰਨ ਹਰ ਵਰਗ ਦੇ ਲੋਕ ਉਹਨਾਂ ਵਿਚ ਸਫਰ ਕਰਨਾ ਪਸੰਦ ਹੀ ਨਹੀਂ ਕਰਦੇ। ਬਹੁਤੀਆਂ ਸਰਕਾਰੀ ਬੱਸਾਂ ਕੰਡਮ ਅਤੇ ਚੰਗੀਆਂ ਹੋਣ ਦੇ ਬਾਵਜੂਦ ਵੀ ਖੁੱਡੇ ਲੱਗੀਆਂ ਹੋਈਆਂ ਹਨ।
ਇਸ ਖਰੀਦੋ ਫਰੋਖਤ ਤੋਂ ਬਾਅਦ ਹੁਸ਼ਿਆਰਪੁਰ ਤੋਂ ਵੱਡੇ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਰੂਟਾਂ ਵਿਚ ਵੀ ਦੁਗਣਾ ਤਿੱਗਣਾ ਵਾਧਾ ਹੋ ਗਿਆ ਹੈ। ਬਾਦਲ ਪਰਿਵਾਰ ਦੀ ਮਾਲਕੀ ਵਾਲੇ ਬੱਸਾਂ ਦੇ ਚਾਲਕ ਅਤੇ ਦਫਤਰਾਂ ਵਿਚ ਬੈਠਾਲੇ ਗਏ ਅਧਿਕਾਰੀ ਤਾਂ ਇਹ ਦੱਸ ਰਹੇ ਹਨ ਕਿ ਜਿਹੜੇ ਰੂਟਾਂ ਤੇ ਬੱਸਾਂ ਬੰਦ ਸਨ ਉਹਨਾਂ ਨੇ ਆਪਣੀਆਂ ਬੱਸਾਂ ਚਾਲੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਹੈ ਪ੍ਰੰਤੂ ਅਜਿਹਾ ਹੈ ਨਹੀਂ ਹੈ। ਕੰਡਕਟਰ ਅਤੇ ਚਾਲਕਾਂ ਨੂੰ ਅੰਦਰ ਖਾਤੇ ਹੁਕਮ ਹਨ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਖਾਸ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਮੁਫਤ ਵਿਚ ਸਫਰ ਨਾ ਕਰਵਾਇਆ ਜਾਵੇ। ਜਿਹੜਾ ਵੀ ਮੁਲਾਜ਼ਮ ਨਹੀਂ ਮੰਨਦਾ ਉਸਨੂੰ ਬੱਸ ਵਿਚੋਂ ਉਤਾਰ ਦਿੱਤਾ ਜਾਵੇ ਜਾਂ ਉਸਦੀ ਟਿਕਟ ਕੱਟੀ ਜਾਵੇ।
ਅਮੀਰ ਪਰਿਵਾਰ ਦੇ ਇਸ ਸ਼ਾਹੀ ਹੁਕਮਾਂ ਕਾਰਨ ਹੁਣ ਸਰਕਾਰੀ ਸਹੂਲਤਾਂ ਤਹਿਤ ਸਫਰ ਕਰਨ ਵਾਲੇ ਅੰਗਹੀਣ , ਬਜ਼ੁਰਗ ਅਤੇ ਪੈਨਸ਼ਨਰ ਲੋਕ ਕਰੀਬ ਮਹੀਨੇ ਤੋਂ ਅੱਡਿਆਂ ਵਿਚ ਖੜ੍ਹਕੇ ਸਰਕਾਰੀ ਬੱਸਾਂ ਨੂੰ ਉਡੀਕ ਰਹੇ ਹਨ ਪ੍ਰੰਤੂ ਸਰਕਾਰੀ ਬੱਸਾਂ ਹੁਣ ਬਹੁਤ ਹੀ ਘੱਟ ਰੋਡਾਂ ਤੇ ਨਜ਼ਰ ਆ ਰਹੀਆਂ ਹਨ। ਪੰਜਾਬ ਰੋਡਵੇਜ ਦੀਆਂ ਜਿਹੜੀਆਂ ਬੱਸਾਂ ਚੰਡੀਗੜ੍ਹ ਅਤੇ ਲੁਧਿਆਣਾ ਸਮੇਤ ਹੋਰ ਸ਼ਹਿਰਾਂ ਨੂੰ ਚੱਲਦੀਆਂ ਹਨ ਉਹ ਲੋਕਲ ਅੱਡਿਆਂ ਦੀ ਸਵਾਰੀ ਚੁੱਕ ਹੀ ਨਹੀਂ ਰਹੀਆਂ। ਇਸ ਕਾਰਨ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ, ਪੁਲਿਸ ਮੁਲਾਜ਼ਮ ਬਹੁਤ ਹੀ ਪ੍ਰੇਸ਼ਾਂਨੀ ਦਾ ਸਾਹਮਣਾਂ ਕਰ ਰਹੇ ਹਨ। ਹੁਸ਼ਿਆਰਪੁਰ , ਰੋਪੜ, ਚੱਬੇਵਾਲ, ਟਾਂਡਾ, ਦਸੂਹਾ ਅਤੇ ਤਲਵਾੜਾ , ਫਗਵਾੜਾ ਅਤੇ ਜਲੰਧਰ ਦੇ ਕਾਲਜਾਂ ਵਿਚ ਸਵੇਰੇ ਤੜਕੇ ਪੜ੍ਹਨ ਜਾਣ ਵਾਲੇ ਵਿਦਿਆਰਥੀ ਤਾਂ ਅਤਿ ਦੇ ਪ੍ਰੇਸ਼ਾਨ ਹੋ ਰਹੇ ਹਨ। ਉਹਨਾਂ ਨੂੰ ਪਾਸ ਵਾਲੀਆਂ ਬੱਸਾਂ ਅੱਡਿਆਂ ਤੇ ਉਡੀਕਦਿਆਂ 10 ਵੱਜ ਜਾਂਦੇ ਹਨ।
ਉਕਤ ਪ੍ਰਾਈਵੇਟ ਕੰਪਨੀਆਂ ਦੇ ਬੱਸ ਦਫਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੇ ਆਪਣੇ ਹਿਸਾਬ ਨਾਲ ਹੀ ਬੱਸਾਂ ਦਾ ਟਾਈਮ ਟੇਬਲ ਤਿਆਰ ਕਰ ਲਿਆ ਜਿਸਦਾ ਸਰਕਾਰੀ ਬੱਸਾਂ ਦੇ ਦਫਤਰਾਂ ਦੇ ਅਧਿਕਾਰੀਆਂ ਨੂੰ ਵੀ ਪਤਾ ਤੱਕ ਨਹੀਂ ਲੱਗਾ। ਰੋਡਵੇਜ਼ ਸਮੇਤ ਹੋਰ ਸਰਕਾਰੀ ਬੱਸਾਂ ਦੇ ਮੁਲਾਜ਼ਮ ਅਤੇ ਟ੍ਰਾਂਸਪੋਰਟ ਵਿਭਾਗ ਦੇ ਬੜੇ ਅਧਿਕਾਰੀ ਪੂਰੀ ਤਰ੍ਹਾਂ ਚੁੱਪ ਹੋ ਗਏ ਹਨ। ਉਹ ਇਸ ਸਬੰਧ ਵਿਚ ਪੁੱਛਣ ਤੇ ਵੀ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਹਨ।
ਹੁਸ਼ਿਆਰਪੁਰ ਦੀ ਹੀ ਇਕ ਹੋਰ ਬੱਸ ਕੰਪਨੀ ਦੇ ਮਾਲਿਕ ਬਾਦਲ ਪਰਿਵਾਰ ਦੀ ਇਸ ਖਰੀਦੋ ਫਰੋਖਤ ਕਾਰਨ ਅੰਦਰੋਂ ਸਹਿਮ ਗਿਆ ਹੈ। ਉਸਦਾ ਕਹਿਣ ਹੈ ਕਿ ਜੇਕਰ ਬਾਦਲ ਪਰਿਵਾਰ ਦੀਆਂ ਉਕਤ ਬੱਸਾਂ ਨੇ ਸਮਾਂ ਬੱਧ ਚੱਲਦੇ ਰਹਿਣਾ ਹੈ ਤਾਂ ਉਹਨਾਂ ਦੀ ਕਿਸੇ ਵੀ ਬੱਸ ਨੂੰ ਸਵਾਰੀ ਹੀ ਨਹੀਂ ਮਿਲ ਸਕਦੀ ਅਤੇ ਉਹ ਜਲਦ ਹੀ ਕੰਗਾਲ ਹੋ ਜਾਣਗੇ।
ਭਰੋਸੇਯੋਗ ਸੂਤਰਾਂ ਅਨੁਸਾਰ ਇਹਨਾਂ ਦੋ ਬੱਸ ਕੰਪਨੀਆਂ ਦੀਆਂ ਸਮੂਹ ਬੱਸਾਂ ਬਾਦਲ ਪਰਿਵਾਰ ਨੇ ਬੜੇ ਗੁਪਤ ਤਰੀਕੇ ਨਾਲ ਖਰੀਦੀਆਂ ਜਿਸ ਵਿਚ ਜਲੰਧਰ ਦੇ ਇਕ ਬੜੇ ਟ੍ਰਾਂਸਪੋਰਟ ਅਧਿਕਾਰੀ ਨੇ ਅਹਿਮ ਭੁਮਿਕਾ ਨਿਭਾਈ। ਬਾਦਲ ਪਰਿਵਾਰ ਦੀਆਂ ਪਹਿਲਾਂ ਚੱਲ ਰਹੀਆਂ ਬੱਸਾਂ ਦੇ ਦੁਆਬੇ ਖਾਸਕਰ ਹੁਸ਼ਿਆਰਪੁਰ ਪਠਾਨਕੋਟ ਰੂਟ ਉਤੇ ਬਹੁਤ ਹੀ ਘੱਟ ਰੂਟ ਸਨ। ਰਾਜਧਾਨੀ ਅਤੇ ਅਜਾਦ ਬੱਸ ਕੰਪਨੀ ਦੀਆਂ ਬੱਸਾਂ ਦਾ ਇਸ ਖਿੱਤੇ ਵਿਚ ਪੂਰਾ ਬੋਲਬਾਲਾ ਸੀ ਅਤੇ ਉਹ ਸਰਕਾਰੀ ਬੱਸਾਂ ਖਾਸਕਰ ਪੀ ਆਰ ਟੀ ਸੀ , ਪਨਬਸ , ਪੰਜਾਬ ਰੋਡਵੇਜ ਅਤੇ ਸੀ ਟੀ ਯੂ ਆਦਿ ਨੂੰ ਸਖਤ ਟੱਕਰ ਦੇ ਰਹੀਆਂ ਸਨ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੂਨ ਦੇ ਆਖਰੀ ਹਫਤੇ ਆਪਣੀ ਹੁਸ਼ਿਆਰਪੁਰ ਫੇਰੀ ਦੌਰਾਨ ਸ਼ਹਿਰ ਦੀ ਬਿਨਾ ਮਤਲਬ ਫੇਰੀ ਦੇ ਬਹਾਨੇ ਹੁਸ਼ਿਆਰਪੁਰ ਬੱਸ ਅੱਡੇ ਰੁਕੇ ਅਤੇ ਉਕਤ ਬੱਸ ਕੰਪਨੀਆਂ ਦੇ ਬੱਸ ਸਟੈਂਡ ਅੱਗੇ ਬਣੇ ਦਫਤਰਾਂ ਨੂੰ ਸਰ ਸਰੀ ਨਜ਼ਰ ਨਾਲ ਦੇਖਿਆ ਵੀ ਗਿਆ ਸੀ। ਦੂਸਰੇ ਦਿਨ ਉਸ ਸਮੇਂ ਹੀ ਪੱਕਾ ਪਤਾ ਲੱਗਾ ਜਦ ਉਕਤ ਬੱਸਾਂ ਦੇ ਕੰਡਕਟਰ ਪੁਲਿਸ ਮੁਲਾਜ਼ਮਾਂ ਨੂੰ ਕਹਿ ਰਹੇ ਸਨ ਕਿ ਹੁਣ ਇਹਨਾਂ ਬੱਸਾਂ ਵਿਚ ਮੁਫਤ ਸਫਰ ਨਹੀਂ ਹੋਵੇਗਾ। ਇਸ ਸਬੰਧੀ ਉਹਨਾਂ ਨੂੰ ਸਖਤ ਹਦਾਇਤਾਂ ਹਨ।
ਇਸ ਸਬੰਧ ਵਿਚ ਟ੍ਰਾਂਸਪੋਰਟ ਵਿਭਾਗ ਦਾ ਕੋਈ ਵੀ ਅਧਿਕਾਰੀ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਪ੍ਰੰਤੂ ਹਰ ਮੁਲਾਜ਼ਮ ਅਸਲੀਅਤ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਸਾਫ ਕਹਿ ਦਿੰਦਾ ਕਿ ਮੇਰਾ ਨਾਮ ਨਾ ਛਾਪਿਆ ਜਾਵੇ। ਇਸ ਸਬੰਧ ਵਿਚ ਸੀ ਪੀ ਐਮ ( ਆਈ ) ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਸੀ ਪੀ ਆਈ ਪੰਜਾਬ ਦੇ ਆਗੂ ਕਾਮਰੇਡ ਮਨਜੀਤ ਸਿੰਘ ਲਾਲੀ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਟ੍ਰਾਂਸਪੋਰਟ ਵਾਧੇ ਵਿਚ ਉਹਨਾਂ ਨੂੰ ਕੋਈ ਇਤਰਾਜ ਨਹੀਂ ਹੈ ਪ੍ਰੰਤੂ ਸਰਕਾਰੀ ਬੱਸਾਂ ਦਾ ਸੜਕਾਂ ਤੇ ਖਾਲੀ ਦੋੜਨਾ ਬੜੀ ਦੁੱਖ ਵਾਲੀ ਗੱਲ ਹੈ। ਪੁਲਿਸ ਮੁਲਾਜ਼ਮ, ਬਜੁਰਗ ਅਤੇ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਬੱਚਿਆਂ ਨੂੰ ਬਾਦਲ ਪਰਿਵਾਰ ਸਰਕਾਰੀ ਬੱਸਾਂ ਵਾਲੀਆਂ ਜੇਕਰ ਸਹੂਲਤਾਂ ਨਹੀਂ ਦਿੰਦਾ ਤਾਂ ਉਹ ਇਸ ਹੱਕ ਲਈ ਤਿੱਖਾ ਸੰਘਰਸ਼ ਹੀ ਨਹੀਂ ਸਗੋਂ ਆਰ ਪਾਰ ਦੀ ਲੜਾਈ ਲੋਕਾਂ ਦੇ ਸਹਿਯੋਗ ਨਾਲ ਲੜਨਗੇ।