ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਹਾ ਪੱਖੋਵਾਲ ਦਾ ਬਾਲ ਮੇਲਾ
Posted on:- 18-11-2012
ਨੌਜਵਾਨ ਭਾਰਤ ਸਭਾ ਦੀ ਇਕਾਈ ਪੱਖੋਵਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਸ਼ਹੀਦ ਭਗਤ ਸਿੰਘ ਦੇ 105ਵੇਂ ਜਨਮ ਦਿਹਾੜੇ ਨੂੰ ਸਮਰਪਿਤ 7ਵੇਂ ਬਾਲ ਮੇਲੇ ਦਾ ਆਯੋਜਨ 19 ਤੇ 20 ਅਕਤੂਬਰ 2012 ਨੂੰ ਕੀਤਾ ਗਿਆ। ਅੱਜ ਦੇ ਸਮੇਂ 'ਚ ਚੱਲ ਰਹੀ ਗੰਦਲੇ ਸੱਭਿਆਚਾਰ ਦੀ ਹਨੇਰੀ ਤੋਂ ਬੱਚਿਆਂ ਨੂੰ ਬਚਾਉਣ ਦਾ ਇਹ ਉਪਰਾਲਾ ਨੌਭਾਸ ਪਿਛਲੇ 7 ਸਾਲਾਂ ਤੋਂ ਕਰ ਰਹੀ ਹੈ। ਬਾਲ ਮੇਲੇ ਵਿੱਚ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ, ਚਿੱਤਰਕਲਾ ਮੁਕਾਬਲੇ ਅਤੇ ਕਵਿਤਾ ਉਚਾਰਣ ਮੁਕਾਬਲਿਆਂ ਰਾਹੀਂ ਉਨ੍ਹਾਂ ਨੂੰ ਸਾਡੀ ਇਨਕਲਾਬੀ ਵਿਰਾਸਤ, ਮਨੁੱਖਤਾ ਲਈ ਜੂਝਣ ਵਾਲ਼ੇ ਲੋਕਾਂ ਨਾਲ਼ ਜਾਣੂ ਕਰਵਾਉਣ ਅਤੇ ਬੱਚਿਆਂ ਦੀਆਂ ਸਿਰਜਣਾਤਮਕ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਦਾ ਉੱਦਮ ਕੀਤਾ ਜਾਂਦਾ ਹੈ।
ਇਸ ਸਾਲ ਬੱਚਿਆਂ ਦੀ ਸ਼ਮੂਲੀਅਤ ਪਿਛਲੇ ਸਾਲਾਂ ਤੋਂ ਵੀ ਵੱਧ ਰਹੀ, 100 ਤੋਂ ਵਧੇਰੇ ਸਕੂਲਾਂ ਦੇ 400 ਤੋਂ ਉੱਪਰ ਵਿਦਿਆਰਥੀਆਂ ਨੇ ਇਸ ਵਾਰ ਬਾਲ ਮੇਲੇ 'ਚ ਹਿੱਸਾ ਲਿਆ। ਬਾਲ ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਦੇ ਭਾਸ਼ਣ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਪੂਰੇ ਜੋਸ਼ ਤੇ ਆਪਣੀ ਪੂਰੀ ਸਿਰਜਣਾਤਮਕਤਾ ਤੇ ਮਸੂਮੀਅਤ ਨਾਲ਼ ਮੁਕਾਬਲਿਆਂ 'ਚ ਹਿੱਸਾ ਲਿਆ। ਮੁਕਾਬਲਿਆਂ ਦੇ ਵਿਸ਼ਿਆਂ ਵਿੱਚ ਬੱਚਿਆਂ ਦੇ ਪੱਧਰ ਨੂੰ ਵੇਖਦੇ ਹੋਏ ਸਾਡੇ ਇਨਕਲਾਬੀਆਂ ਦਾ ਜੀਵਨ ਤੇ ਵਿਚਾਰਧਾਰਾ, ਆਲੇ-ਦੁਆਲੇ ਦੀਆਂ ਸਮੱਸਿਆਵਾਂ, ਸਾਡੇ ਸਮਾਜਿਕ ਸਰੋਕਾਰ ਅਤੇ ਬੱਚਿਆਂ ਦੀ ਖਿੱਚ ਵਾਲੇ ਵਿਸ਼ੇ ਜਿਵੇਂ ਮੇਰੀ ਮਨਪਸੰਦ ਕਿਤਾਬ ਆਦਿ ਸ਼ਾਮਲ ਕੀਤੇ ਗਏ।
ਪਹਿਲੇ ਦਿਨ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਨੌਭਾਸ ਦੇ ਇਕਾਈ ਕਨਵੀਨਰ ਨੇ ਬਾਲ ਮੇਲੇ ਜ਼ਰੀਏ ਨੌਭਾਸ ਦੇ ਮਕਸਦ ਬਾਰੇ ਦੱਸਿਆ ਅਤੇ ਮੇਲੇ ਵਿੱਚ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਮੁਕਾਬਲਿਆਂ ਤੋਂ ਬਾਅਦ ਭਾਸ਼ਣ ਮੁਕਾਬਲੇ ਦੇ ਜੱਜ ਅਤੇ ਨੌਭਾਸ ਦੇ ਸੂਬਾ ਕਨਵੀਨਰ ਅਜੇਪਾਲ ਨੇ ਸੰਬੋਧਨ ਕਰਦਿਆਂ ਭਾਸ਼ਣ ਸਬੰਧੀ ਕੁਝ ਸੁਝਾਅ ਅਤੇ ਟਿੱਪਣੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਇਸਤੇਮਾਲ ਕੀਤੇ ਜਾਂਦੇ ਬਹੁਤੇ ਸ਼ਬਦ ਉਨ੍ਹਾਂ ਦੀ ਆਪਣੀ ਸਮਝ ਤੋਂ ਓਪਰੇ ਸਨ ਅਤੇ ਅਧਿਆਪਕ ਦੇ ਕਹਿਣ 'ਤੇ ਉਨ੍ਹਾਂ ਬੱਚਿਆਂ ਨੇ ਭਾਸ਼ਣ ਸਿਰਫ਼ ਰੱਟ ਲਿਆ, ਪਰ ਅਸਲ ਹੋਣਾ ਇਹ ਚਾਹੀਦਾ ਹੈ ਕਿ ਬੱਚੇ ਭਾਸ਼ਣ ਦੇ ਵਿਸ਼ਿਆਂ ਨੂੰ ਆਪ ਤਿਆਰ ਕਰਨ ਅਤੇ ਉਹਦੇ ਮਕਸਦ ਨੂੰ ਸਮਝਣ। ਪਹਿਲੇ ਦਿਨ ਦੇ ਸਾਰੇ ਪ੍ਰਤੀਯੋਗੀਆਂ ਨੂੰ ਨਾਲ਼ ਦੀ ਨਾਲ਼ ਕਿਤਾਬਾਂ ਵੀ ਦਿੱਤੀਆਂ ਗਈਆਂ। ਤਾਂ ਕਿ ਉਨ੍ਹਾਂ ਅੰਦਰ ਪੜ੍ਹਣ ਦੀ ਰੁਚੀ, ਜੋ ਲਗਾਤਾਰ ਖ਼ਤਮ ਹੁੰਦੀ ਜਾ ਰਹੀ ਹੈ, ਪੈਦਾ ਕੀਤਾ ਜਾ ਸਕੇ। ਪਹਿਲੇ ਦਿਨ ਦੇ ਅਖੀਰ ਭਾਸ਼ਣ ਮੁਕਾਬਲੇ ਦੇ ਨਤੀਜੇ ਜੱਜ ਗੁਰਪ੍ਰੀਤ ਸਿੰਘ ਵੱਲੋਂ ਘੋਸ਼ਿਤ ਕੀਤੇ ਗਏ।
ਦੂਜਾ ਦਿਨ ਕਵਿਤਾ ਉਚਾਰਣ ਮੁਕਾਬਲਾ ਅਤੇ ਚਿੱਤਰਕਲਾ ਮੁਕਾਬਲੇ ਨਾਲ਼ ਸ਼ੁਰੂ ਹੋਇਆ। ਕਵਿਤਾ ਉਚਾਰਣ ਮੁਕਾਬਲੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਸਟੇਜ ਉੱਤੇ ਕਵਿਤਾ ਉਚਾਰਣ ਮੁਕਾਬਲਿਆਂ ਵਿੱਚ ਵਿਦਿਆਰਥੀ ਪੂਰੀ ਤਿਆਰੀ ਸਮੇਤ ਇੱਕ ਤੋਂ ਵੱਧ ਇੱਕ ਵੇਖਣ 'ਚ ਆਏ। ਚਿੱਤਰਕਲਾ ਮੁਕਾਬਲੇ ਉਸੇ ਵੇਲੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਹੋਏ। ਮੁਕਾਬਲਿਆਂ ਦੌਰਾਨ ਬੱਚਿਆਂ ਦੀ ਮਸੂਮੀਅਤ ਅਤੇ ਉਨ੍ਹਾਂ ਦੇ ਬੋਲਾਂ ਨੇ ਸ੍ਰੋਤਿਆਂ ਨੂੰ ਬੈਠਣ ਲਈ ਮਜ਼ਬੂਰ ਕਰੀ ਰੱਖਿਆ। ਤਕਰੀਬਨ 500 ਸ੍ਰੋਤੇ ਸਾਰੇ ਮੁਕਾਬਲਿਆਂ ਨੂੰ ਵੇਖ ਰਹੇ ਸਨ। ਕਵਿਤਾ ਉਚਾਰਣ ਮੁਕਾਬਲੇ ਤੋਂ ਮਗਰੋਂ ਸ਼ਾਮੀਂ ਸਾਰੇ ਮੁਕਾਬਲਿਆਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਅਤੇ ਸਾਰੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਕਿਤਾਬਾਂ ਅਗਾਂਹਵਧੂ ਕਵਿਤਾਵਾਂ ਅਤੇ ਸ਼ਹੀਦਾਂ ਦੇ ਪੋਰਟਰੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਅਖੀਰ ਵਿੱਚ ਕਵਿਤਾ ਮੁਕਾਬਲਿਆਂ ਦੇ ਜੱਜ ਡਾ. ਅੰਮ੍ਰਿਤਪਾਲ ਨੇ ਸੁਝਾਅ ਅਤੇ ਟਿੱਪਣੀਆਂ ਦਿੰਦੇ ਹੋਏ ਕਿਹਾ ਕਿ ਅਧਿਆਪਕ ਬੱਚਿਆਂ ਦੀ ਤਿਆਰੀ ਕਰਵਾਉਣ ਵੇਲੇ ਖਿਆਲ ਰੱਖਣ ਕਿ ਬੱਚਿਆਂ ਦੀ ਮੌਲਿਕਤਾ ਨਾ ਕਿੱਧਰੇ ਰੁਲ ਜਾਵੇ ਤੇ ਉਮਰ ਦੇ ਪੱਧਰ ਦੇ ਹਿਸਾਬ ਨਾਲ਼ ਉਨ੍ਹਾਂ ਦੀ ਤਿਆਰੀ ਕਰਵਾਉਣ। ਉਨ੍ਹਾਂ ਕਿਹਾ ਕਿ ਕਵਿਤਾ ਕੋਈ ਨਾਅਰਾ ਨਹੀਂ ਹੁੰਦਾ। ਕਵਿਤਾ ਤਾਂ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਬਹੁਤ ਹੀ ਸੂਖਮ ਤੇ ਸੰਵੇਦਨਸ਼ੀਲ ਰੂਪ ਹੈ। ਅਤੇ ਕਿਹਾ ਕਿ ਬਾਲ ਮੇਲੇ ਨੂੰ ਸਿਰਫ਼ ਏਥੋਂ ਤੱਕ ਹੀ ਸੀਮਤ ਨਾ ਕਰ ਦਿੱਤਾ ਜਾਵੇ, ਸਗੋਂ ਸਮਾਜ ਬਦਲਣ ਦੀ ਇੱਕ ਸੱਭਿਆਚਾਰਕ ਮੁਹਿੰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਦੂਸਰੇ ਜੱਜ ਮੈਡਮ ਜਸਲੀਨ ਬੱਚਿਆਂ ਦੇ ਤੱਤ ਅਨੁਸਾਰ ਰੂਪ ਦੇ ਹੋਣ ਦੀ ਗੱਲ ਕਰਦੇ ਕਿਹਾ ਕਿ ਬੱਚਿਆਂ ਵਿੱਚ ਕਵਿਤਾ ਬੋਲਣ ਵਿੱਚ ਕੋਈ ਨਕਲੀਪੁਣਾ ਨਹੀਂ ਹੋਣਾ ਚਾਹੀਦਾ — ਸੁਭਾਵਿਕ ਤਰੀਕਾ ਚੰਗਾ ਹੁੰਦਾ ਹੈ। ਅਖੀਰ ਨੌਭਾਸ ਦੇ ਇਕਾਈ ਕਨਵੀਨਰ ਛਿੰਦਰਪਾਲ ਨੇ ਸਾਰੇ ਪ੍ਰਬੰਧਕਾਂ, ਸਹਿਯੋਗੀਆਂ, ਪਿੰਡ ਵਾਸੀਆਂ ਅਤੇ ਹਿੱਸਾ ਲੈਣ ਵਾਲ਼ੇ ਸਕੂਲਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਅਗਲੇ ਸਾਲ ਤੋਂ ਬਾਲ ਮੇਲਾ ਤਿੰਨ ਦਿਨਾਂ ਦਾ ਕਰਨ ਅਤੇ ਕੁਝ ਨਵੇਂ ਮੁਕਾਬਲੇ ਜੋੜਨ ਦਾ ਵਾਅਦਾ ਕੀਤਾ।