ਖੜੌਦੀ ਦੀ ਸਰਪੰਚ ’ਤੇ ਲੱਖਾਂ ਦੇ ਹੇਰ ਫੇਰ ਦੇ ਦੋਸ਼
Posted on:- 10-06-2016
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਖੜੌਦੀ ਦੇ ਦੋ ਦਰਜਨ ਦੇ ਕਰੀਬ ਪ੍ਰਮੁੱਖ ਵਿਆਕਤੀਆਂ ਵਲੋਂ ਦਿਲਾਵਰ ਸਿੰਘ ਅਤੇ ਮਨਜੀਤ ਕੌਰ ਦੀ ਅਗਵਾਈ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਚਾਇਤ ਵਿਭਾਗ ਪੰਜਾਬ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਪਿੰਡ ਦੀ ਸਰਪੰਚ ਅਤੇ ਇਕ ਪੰਚਾਇਤ ਮੈਂਬਰ ਵਿਰੁੱਧ ਪਿੰਡ ’ ਚ ਕਰਵਾਏ ਗਏ ਵਿਕਾਸ ਕੰਮਾਂ ਸਮੇਤ ਲੱਖਾਂ ਰੁਪਏ ਖਰਚ ਕਰਕੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਛੱਪੜ ਦੀ ਲੱਖਾਂ ਰੁਪਏ ਦੀ ਮਿੱਟੀ ਖੁਰਦ ਬੁਰਦ ਕਰਕੇ ਸਰਕਾਰੀ ਖਜਾਨੇ ਨੂੰ 12 ਤੋਂ 13 ਲੱਖ ਰੁਪਏ ਦੇ ਘਪਲੇ ਦੇ ਦੋਸ਼ ਲਾਏ ਹਨ। ਇਸ ਤੋਂ ਇਲਾਵਾ ਪਿੰਡ ਦੇ ਬਹੁਤੇ ਵਿਕਾਸ ਕੰਮ ਪਿੰਡ ਦੇ ਨਾਲ ਲੱਗਦੇ ਪਿੰਡ ਹਕੂਮਤਪੁਰ ਦੇ ਵਸੀਮੇ ਵਿਚ ਰਹਿੰਦੇ ਆਪਣੇ ਹਮਾਇਤੀ ਪਿੰਡ ਦੇ ਲੋਕਾਂ ਦੇ ਪਲਾਟਾਂ ਅਤੇ ਬਣਾਏ ਹੋਏ ਮਕਾਨਾਂ ਨੂੰ ਲੱਗਦੀਆਂ ਗਲੀਆਂ ਬਣਾਉਣ ਦੇ ਦੋਸ਼ ਵੀ ਲਾਏ ਹਨ। ਡੀ ਡੀ ਪੀ ਓ ਹੁਸ਼ਿਆਰਪੁਰ ਇਸ ਕੇਸ ਦੀ ਜਾਂਚ ਕਰ ਰਹੇ ਹਨ ਅਤੇ ਸਰਪੰਚ ਨੂੰ 30 ਦਿਨਾਂ ਅੰਦਰ ਸਾਰੀ ਸਚਾਈ ਸਬੂਤਾਂ ਸਮੇਤ ਦੇਣ ਦੇ ਹੁਕਮ ਪੱਤਰ ਜਾਰੀ ਕਰਕੇ ਮੰਗੇ ਹਨ। ਦੂਸਰੇ ਪਾਸੇ ਪਿੰਡ ਦੀ ਸਰਪੰਚ ਵਲੋਂ ਪਿੰਡ ਵਿਚ ਧੜੇਬੰਦੀ ਕਾਰਨ ਦੂਸਰੀ ਧਿਰ ਵਲੋਂ ਉਸਨੂੰ ਬਦਨਾਮ ਕਰਨ ਲਈ ਵਰਤੇ ਜਾ ਰਹੇ ਸਾਰੇ ਦੋਸ਼ ਨਿਰਅਧਾਰ ਦੱਸੇ ਹਨ।
ਪ੍ਰਾਪਤ ਜਾਣਕਾਰੀ ਅਨੁਾਸਾਰ ਪਿੰਡ ਖੜੌਦੀ ਦੇ ਦਿਲਾਵਰ ਸਿੰਘ ਪੁੱਤਰ ਸਵਰਨ ਸਿੰਘ ਅਤੇ ਪੰਚਾਇਤ ਮੈਂਬਰ ਮਨਜੀਤ ਕੌਰ ਨੇ ਪਿੰਡ ਦੇ ਦੋ ਦਰਜਨ ਦੇ ਕਰੀਬ ਲੋਕਾਂ ਦੇ ਦਸਤਖਤਾਂ ਵਾਲੇ ਪੱਤਰ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਚਾਇਤ ਵਿਭਾਗ ਪੰਜਾਬ ਨੂੰ ਦੱਸਿਆ ਹੈ ਕਿ ਪਿੰਡ ਦੀ ਸਰਪੰਚ ਪੁਸ਼ਪਾ ਰਾਣੀ ਅਤੇ ਪੰਚਾਇਤ ਮੈਂਬਰ ਸਤਵੰਤ ਸਿੰਘ ਵਲੋਂ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਹੀ ਆਪਣੀ ਮਨਮਰਜੀ ਨਾਲ ਪਿੰਡ ਦੇ ਲਹਿੰਦੇ ਪਾਸੇ ਤਿੰਨ ਕਨਾਲ ਜ਼ਮੀਨ ਵਿਚ 20-25 ਫੁੱਟ ਡੂੰਘੇ ਛੱਪੜ ਦੀ ਖੁਦਾਈ ਕਰਵਾਕੇ ਉਸਦੀ ਮਿੱਟੀ ਨੂੰ ਖੁਰਦ ਬੁਰਦ ਕਰਕੇ ਲੱਗਭਗ 12-13 ਲੱਖ ਹੜੱਪ ਕੀਤਾ। ਇਸ ਤੋਂ ਇਲਾਵਾ ਸਰਪੰਚ ਵਲੋਂ ਪਿੰਡ ਦੇ ਗੰਦੇ ਪਾਣੀ ਦੇ ਮੁੱਖ ਗਟਰ ਤੋਂ ਲੈ ਕੇ ਛੱਪੜ ਤੱਕ 600 ਫੁੱਟ ਦੇ ਕਰੀਬ ਪਾਈ ਗਈ ਪਾਇਪ ਦੇ ਖਰਚੇ ਵਿਚ ਵੀ ਵੱਡੀ ਹੇਰਾ ਫੇਰੀ ਕੀਤੀ ਹੈ। ਉਹਨਾਂ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਰਪੰਚ ਵਲੋਂ ਕਰਵਾਏ ਗਏ ਪਿੰਡ ਦੇ ਹਰ ਵਿਕਾਸ ਕੰਮਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ । ਉਹ ਪਿੰਡ ਦੇ ਵਿਕਾਸ ਦੇ ਨਾਮ ਤੇ ਸਰਕਾਰੀ ਖਜਾਨੇ ਸਮੇਤ ਪਿੰਡ ਦੇ ਕੁੱਝ ਲੋਕਾਂ ਨੂੰ ਆਪਣੀ ਸਿਆਸੀ ਪਹੁੰਚ ਨਾਲ ਜਿਥੇ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰ ਰਹੀ ਹੈ ਉਥੇ ਆਪਣੇ ਵਿਰੋਧੀਆਂ ਨੂੰ ਗਿਣੀਮਿਥੀ ਸਾਜ਼ਿਸ਼ ਤਹਿਤ ਤੰਗ ਪ੍ਰੇਸ਼ਾਨ ਵੀ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਪਿੰਡ ਦੇ ਛੱਪੜ ਤੋਂ ਕਿਸਾਨਾਂ ਦੇ ਖੇਤਾਂ ਨੂੰ ਸੰਚਾਈ ਲਈ ਦਿੱਤਾ ਜਾ ਰਹੇ ਪਾਣੀ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਭਾਰਤ ਦੇ ਸਭ ਤੋਂ ਸੋਹਣੇ ਪਿੰਡ ਦੀ ਹਾਲਤ ਅੱਜ ਕੱਲ੍ਹ ਸਰਪੰਚ ਦੀ ਮਨਮਰਜ਼ੀ ਕਰਕੇ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ। ਇਥੇ ਸਰਕਾਰ ਵਲੋਂ ਲਾਏ ਗਏ ਸਾਰੇ ਪ੍ਰੋਜੈਕਟ ਤਕਰੀਬਨ ਕਈ ਸਾਲਾਂ ਤੋਂ ਬੰਦ ਪਏ ਹਨ।
ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਪਿੰਡ ਦੇ ਬਹੁਤੇ ਲੋਕਾਂ ਨੇ ਆਪਣੇ ਮਕਾਨ ਅਤੇ ਪਲਾਟ ਨਾਲ ਲੱਗਦੇ ਪਿੰਡ ਹਕੂਮਤਪੁਰ ਦੇ ਵਸੀਮੇ ਵਿਚ ਪਾ ਲਏ ਹਨ ਪ੍ਰੰਤੂ ਸਰਪੰਚ ਪਿੰਡ ਦਾ ਵਿਕਾਸ ਕਰਵਾਉਣ ਦੀ ਬਜਾਏ ਪਿੰਡ ਹਕੂਮਤਪੁਰ ਵਿਚ ਰਹਿ ਰਹੇ ਆਪਣੇ ਹਮਾਇਤੀ ਲੋਕਾਂ ਦੇ ਘਰਾਂ ਨੂੰ ਲੱਗੀਆਂ ਗਲੀਆਂ ਨਾਲੀਆਂ ਦਾ ਕੰਮ ਇੰਟਰਲਾਕ ਇੱਟਾਂ ਨਾਲ ਬਣਵਾ ਰਹੀ ਹੈ ਜੋ ਸਰਾ ਸਰ ਗੈਰ ਕਾਨੂੰਨੀ ਹਨ। ਉਹਨਾਂ ਮੰਗ ਕੀਤੀ ਕਿ ਸਰਪੰਚ ਅਤੇ ਪੰਚ ਵਲੋਂ ਪਿੰਡ ਵਿਚ ਕਰਵਾਏ ਜਾ ਰਹੇ ਕੰਮਾਂ ਦੀ ਉਚ ਪੱਧਰੀ ਜਾਂਚ ਕਰਵਾਕੇ ਦੋਵਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਵਿਚ ਚੱਲ ਰਹੇ ਬੜੇ ਪ੍ਰੋਜੈਕਟਾਂ ਤੋਂ ਹੋ ਰਹੀ ਆਮਦਨ ਦਾ ਹਿਸਾਬ ਲਿਆ ਜਾਵੇ।
ਇਸ ਸਬੰਧ ਵਿਚ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਅਧਿਕਾਰੀ ਬੁੱਧੀ ਰਾਜ ਨੇ ਦੱਸਿਆ ਕਿ ਦਿਲਾਵਰ ਸਿੰਘ ਅਤੇ ਪੰਚਾਇਤ ਮੈਂਬਰ ਦੀ ਲਿਖਤੀ ਸ਼ਿਕਾਇਤ ਤੇ ਵਿਭਾਗ ਵਲੋਂ ਸਰਪੰਚ ਪੁਸ਼ਪਾ ਰਾਣੀ ਨੂੰ ਸ਼ਿਕਾਇਤ ਵਿਚ ਮੰਗੀ ਗਈ ਜਾਣਕਾਰੀ ਪਰੂਫਾਂ ਸਮੇਤ 30 ਦਿਨਾਂ ਦੇ ਅੰਦਰ ਅੰਦਰ ਦੇਣ ਲਈ ਪੱਤਰ ਕੱਢਿਆ ਗਿਆ ਹੈ। ਵਿਭਾਗ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕਰਵਾ ਰਿਹਾ ਹੈ।
ਇਸ ਸਬੰਧ ਵਿਚ ਪਿੰਡ ਦੀ ਸਰਪੰਚ ਪੁਸ਼ਪਾ ਰਾਣੀ ਨੇ ਦੱਸਿਆ ਕਿ ਦਿਲਾਵਰ ਸਿੰਘ ਅਤੇ ਪੰਚਾਇਤ ਮੈਂਬਰ ਮਨਜੀਤ ਕੌਰ ਸ਼ਿਕਾਇਤੀ ਲੋਕ ਹਨ। ਪਿੰਡ ਵਿਚ ਬਣਵਾਇਆ ਗਿਆ ਛੱਪੜ ਪਿੰਡ ਦੇ ਹੀ ਪ੍ਰਵਾਸੀ ਭਾਰਤੀਆਂ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ। ਛੱਪੜ ਵਾਲੀ ਜ਼ਮੀਨ ਪਹਿਲਾਂ ਹੀ ਨੀਵੀਂ ਸੀ। ਘਪਲੇਬਾਜ਼ੀ ਅਤੇ ਲੱਖਾਂ ਰੁਪਏ ਦੀ ਮਿੱਟੀ ਖੁਰਦ ਬੁਰਦ ਕਰਨ ਦੇ ਦੋਸ਼ ਨਿਰਅਧਾਰ ਹਨ। ਉਸਨੇ ਕਦੇ ਵੀ ਪਿੰਡ ਦੇ ਵਿਕਾਸ ਕੰਮਾਂ ਵਿਚ ਕੋਈ ਪੈਸਾ ਨਹੀਂ ਗਲਤ ਨਹੀਂ ਵਰਤਿਆ ਸਗੋਂ ਉਹ ਤਾਂ ਭਾਰਤ ਦੇ ਇਸ ਸੋਹਣੇ ਪਿੰਡ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਮਿਹਨਤ ਕਰ ਰਹੇ ਹਨ। ਉਹ ਹਰ ਇੱਕ ਜਾਂਚ ਲਈ ਤਿਆਰ ਹਨ।