ਹਵਾ ’ਚ ਲਟਕਦੇ ਆਦਰਸ਼ ਸਕੂਲ ਦੇ ਮਾਮਲੇ ’ਤੇ ਬੋਹਾ ’ਚ ਚੱਕਾ ਜਾਮ - ਜਸਪਾਲ ਸਿੰਘ ਜੱਸੀ
Posted on:- 09-11-2012
ਬੋਹਾ ਵਿਖੇ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਅਤੇ ਪੱਕੀ ਅਲਾਟਮੈਂਟ ਬਾਰੇ ਹਵਾ ’ਚ ਲਟਕ ਰਹੇ ਮਾਮਲੇ ਬਾਰੇ ਸਰਕਾਰੀ ਲਾਰਿਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਵੀਰਵਾਰ ਨੂੰ ਹਲਕੇ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਲੈਕੇ ਰਤੀਆ-ਬੁਢਲਾਡਾ ਮੁੱਖ ਸੜਕ ਤੇ ਲਗਾਤਾਰ ਚਾਰ ਘੰਟੇ ਆਵਾਜਾਈ ਠੱਪ ਕੀਤੀ।
ਇਸ ਮੌਕੇ ਇਕੱਠ ਨੂੰ ਸਬੰਧੋਨ ਕਰਦਿਆਂ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਆਗੂ ਸੁਰਜਨ ਸਿੰਘ ਮੱਲ ਸਿੰਘ ਵਾਲਾ,ਜਸਵੀਰ ਸਿੰਘ ਪਿਪਲੀਆਂ,ਗੁਰਜੰਟ ਸਿੰਘ ਚੱਕ ਅਲੀਸ਼ੇਰ,ਗੁਰਜੀਤ ਸਿੰਘ ਟਾਹਲੀਆਂ,ਯਾਦਵਿੰਦਰ ਸਿੰਘ ਬੁਢਲਾਡਾ,ਕਰਮਜੀਤ ਸਿੰਘ ਮੰਘਾਣੀਆ,ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਦਾਂ) ਦੇ ਲਛਮਣ ਸਿੰਘ ਚੱਕ ਅਲੀਸ਼ੇਰ,ਰਾਮਫਲ ਸਿੰਘ,ਬਹੁਜਨ ਸਮਾਜ ਪਾਰਟੀ ਦੇ ਪ੍ਰਿੰਸੀਪਲ ਅਜਮੇਰ ਸਿੰਘ ਬੁਢਲਾਡਾ,ਹਲਕਾ ਇੰਚਾਰਜ ਬੱਗਾ ਸਿੰਘ,ਕਿਸਾਨ ਆਗੁ ਮਹਿੰਦਰ ਸਿੰਘ ਦਿਆਲਪੁਰਾ,ਪੰਚ ਦਲਬਾਰਾ ਸਿੰਘ,ਦਵਿੰਦਰ ਕੁਮਾਰ ਘੁੱਗੀ,ਨਿਰੰਜਣ ਬੋਹਾ ਆਦਿ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ ਵੱਨ ਵਿੱਦਿਅਕ ਢਾਂਚਾ ਦੇਣ ਦੀਆਂ ਫੜਾਂ ਮਾਰਨ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ’ਚ ਬਾਦਲਕਿਆਂ ਦੁਆਰਾ ਬੋਹਾ ਚ ਖੁਦ ਸਥਾਪਤ ਕੀਤਾ ਗੁਰੂ ਗੋਬਿੰਦ ਸਿੰਘ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਅੱਜ ਵੀ ਪਿੰਡ ਦੇ ਗੁਰੂ ਘਰ ’ਚ ਚੱਲ ਰਿਹਾ ਹੈ ਅਤੇ ਸਟਾਫ ਪਿਛਲੇ ਕਈ ਮਹੀਨਿਆਂ ਤੋ ਮਾਣਭੱਤੇ ਤੋਂ ਵਾਂਝਾ ਹੈ।
ਆਗੂਆਂ ਨੇ ਕਿਹਾ ਕਿ ਸਕੂਲ ਵਾਸਤੇ ਪੰਚਾਇਤ ਦੁਆਰਾ ਢੁਕਵੀ ਜਗ੍ਹਾ ਦਾ ਪ੍ਰਬੰਧ ਕੀਤੇ ਜਾਣ ਦੇ 3 ਸਾਲਾਂ ਬਾਅਦ ਵੀ ਸਰਕਾਰ ਸਕੂਲ ਲਈ ਇਮਾਰਤ ਦੇਣ ਤੋ ਹੱਥ ਪਿਛਾਂਹ ਖਿੱਚ ਰਹੀ ਹੈ। ਆਗੂਆਂ ਨੇ ਕਿਹਾ ਕਿ ਸਕੂਲ ’ਚ ਇਲਾਕੇ ਦੇ 900 ਦੇ ਕਰੀਬ ਬੱਚਿਆਂ ਨੂੰ ਪੜਾਉਣ ਲਈ ਕੇਵਲ 9 ਅਧਿਆਪਕ ਹੀ ਹਨ ਅਤੇ ਮੁਢਲੀਆਂ ਸਹੂਲਤਾਂ ਦੇ ਨਾਮ ਵਰਗੀ ਇੱਥੇ ਕੋਈ ਵੀ ਚੀਜ਼ ਨਹੀ।
ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਲਈ ਦਿੱਤੇ ਜਾਂਦੇ ਸਰਕਾਰੀ ਫੰਡਾਂ ਦੀ ਰੱਜਕੇ ਦੁਰਵਰਤੋਂ ਕਰਨ ਦੇ ਨਾਲ ਨਾਲ ਸਰਕਾਰ ਵੱਲੋਂ ਬੱਚਿਆਂ ’ਤੇ ਨਿੱਤ ਨਵੇਂ ਟੈਕਸ ਲਾਕੇ ਪੈਸੇ ਵਟੋਰੇ ਜਾ ਰਹੇ ਹਨ। ਧਰਨਾਕਾਰੀਆਂ ਨੇ ਧਮਕੀ ਭਰੇ ਸ਼ਬਦਾਂ ’ਚ ਕਿਹਾ ਕਿ ਜਦ ਤੱਕ ਸਰਕਾਰ ਦੁਆਰਾ ਸਕੂਲ ਬਾਰੇ ਲਿਖਤੀ ਭਰੋਸਾ ਨਹੀਂ ਦਵਾਇਆ ਜਾਂਦਾ, ਤਦ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਧਰਨਾਕਾਰੀਆਂ ਵਿਚਕਾਰ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ. ਹਰਬੰਸ ਸਿੰਘ ਸਿੱਧੂ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਸਕੂਲ ਦੀ ਇਮਾਰਤ ਬਣਨੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਦੇ ਪ੍ਰਬੰਧਾਂ ਲਈ ਸਰਕਾਰ ਦੁਆਰਾ 2 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ। ਸ੍ਰ.ਸਿੱਧੂ ਨੇ ਸਕੂਲ ’ਚ ਅਧਿਆਪਕਾਂ ਦੀ ਕਮੀ ਨੂੰ ਮੱਦੇਨਜ਼ਰ 2 ਅਧਿਆਪਕ ਤੁਰੰਤ ਭੇਜਣ ਦਾ ਵਿਸ਼ਵਾਸ ਵੀ ਦਵਾਇਆ।