ਘਾਟੇ ਦੀ ਸ਼ਿਕਾਰ ਰਾਮਪੁਰ ਮੰਡੇਰ ਜਲ ਸਕੀਮ ਠੱਪ - ਜਸਪਾਲ ਸਿੰਘ ਜੱਸੀ
Posted on:- 06-11-2012
ਰਾਮਪੁਰ ਮੰਡੇਰ ’ਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਹਰੇਬਾਜ਼ੀ
ਪੀਣ-ਯੋਗ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਲਕੇ ਦੇ ਲੋਕਾਂ ਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪ੍ਰਤੀ ਗੁੱਸਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਲੰਘੇ ਦਿਨੀਂ ਬੋਹਾ ਦੀ ਪੰਜਗਰਾਂਈ ਬਸਤੀ ਦੇ ਵਸਨੀਕਾਂ ਦੁਆਰਾ ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਵਿਰੁੱਧ ਨਾਹਰੇਬਾਜ਼ੀ ਕਰਨ ਅਤੇ ਸੱਤਾਧਾਰੀ ਧਿਰ ਨੂੰ ਰਾਜਨੀਤਿਕ ਬਾਈਕਾਟ ਕਰਨ ਦੀ ਧਮਕੀ ਮਗਰੋਂ ਅੱਜ ਗੁਆਂਢੀ ਪਿੰਡ ਰਾਮਪੁਰ ਮੰਡੇਰ ਦੇ ਲੋਕਾਂ ਨੇ ਇਕੱਠੇ ਹੋ ਕੇ ਰਾਧਾ ਸੁਆਮੀ ਸਤਿਸੰਗ ਘਰ ਰਾਮਪੁਰ ਮੰਡੇਰ ਕੋਲ ਸੜਕ ਜਾਮ ਲਗਾ ਦਿੱਤਾ, ਜਿਸ ਨਾਲ ਬੁਢਲਾਡਾ ਤੋਂ ਬੋਹਾ ਆਉਣ ਅਤੇ ਇਸ ਰਸਤੇ ਰਤੀਆ ਨੂੰ ਜਾਣ ਵਾਲੇ ਵਾਹਨਾਂ ਨੂੰ ਲਗਾਤਾਰ 5 ਘੰਟੇ ਪ੍ਰੇਸ਼ਾਨ ਹੋਣਾ ਪਿਆ।
ਧਰਨਾਕਾਰੀਆਂ, ਜਿਸ ਵਿੱਚ ਲਾਡੀ ਸਿੰਘ, ਗੋਰਾ ਸਿੰਘ, ਪੰਚ ਮਲਕੀਤ ਸਿੰਘ, ਭੋਲਾ ਸਿੰਘ, ਕਾਲਾ ਸਿੰਘ, ਬੁੱਧੂ ਸਿੰਘ, ਕੁਲਦੀਪ ਸਿੰਘ ਚੀਮਾਂ, ਬੱਘੀ ਸਿੰਘ ਚੀਮਾ, ਹੈਪੀ ਸਿੰਘ, ਲਾਭ ਸਿੰਘ ਫੌਜੀ, ਪਰਮਜੀਤ ਸਿੰਘ ਪੰਮਾਂ, ਲੋਗੜ ਸਿੰਘ, ਜੱਸਾ ਸਿੰਘ, ਬੰਤ ਸਿੰਘ ਸਮੇਤ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਲ ਸਨ।
ਇਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੂਰੇ ਮਾਨਸਾ ਜ਼ਿਲ੍ਹੇ ਦੀ ਤਰਜ ’ਤੇ ਉਨ੍ਹਾਂ ਦੇ ਪਿੰਡ ਦਾ ਧਰਤੀ ਹੇਠਲਾ ਪਾਣੀ ਵੀ ਬੇਹੱਦ ਖਾਰਾ ਤੇ ਦੂਸ਼ਿਤ ਹੈ, ਜਿਸ ਨੂੰ ਨਾ ਤਾਂ ਪੀਣ ਲਈ ਵਰਤਿਆ ਜਾ ਸਕਦਾ ਅਤੇ ਨਾ ਹੀ ਭੂਮੀ ਸਿੰਚਾਈ ਲਈ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਲਈ ਪੀਣ-ਯੋਗ ਪਾਣੀ ਦੇ ਪ੍ਰਬੰਧਾਂ ਵਜੋਂ ਕੇਵਲ ਜਲ ਘਰ ਹੈ, ਜਿਹੜਾ ਪਿਛਲੇ ਕਈ ਦਿਨਾਂ ਤੋਂ ਠੱਪ ਪਿਆ ਹੋਣ ਕਾਰਨ ਪਿੰਡ ਵਾਸੀ ਪੀਣ-ਯੋਗ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਲ ਘਰ ਦੀ ਮੁਰੰਮਤ ਅਤੇ ਸਫਾਈ ਲਈ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਦਿੱਤੀ ਗ੍ਰਾਂਟ ਮਕਸਦ ’ਤੇ ਨਹੀਂ ਲਗਾਈ ਜਾ ਰਹੀ।
ਉਨ੍ਹਾਂ ਧਮਕੀ ਭਰੇ ਸ਼ਬਦਾਂ ’ਚ ਕਿਹਾ ਕਿ ਜਦ ਤੱਕ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਬਹਾਲ ਨਹੀਂ ਕੀਤੀ ਜਾਂਦੀ ਤਦ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਪੁੱਜੇ ਬੋਹਾ ਥਾਨੇ ਦੇ ਏ.ਐੱਸ.ਆਈ ਮਲਕੀਤ ਸਿੰਘ ਦੀਆਂ ਕੋਸ਼ਿਸ਼ਾਂ ਵੀ ਧਰਨਾਕਾਰੀਆਂ ਨੂੰ ਸ਼ਾਂਤ ਨਾ ਕਰ ਸਕੀਆਂ। ਸਬੰਧਤ ਐੱਸ.ਡੀ.ਓ ਸ੍ਰ. ਪਰਭਲੀਨ ਸਿੰਘ ਧੰਜੂ ਦੁਆਰਾ ਧਰਨਾਕੀਆਂ ਨੂੰ ਤੁਰੰਤ ਪਾਣੀ ਦੀ ਸਪਲਾਈ ਬਹਾਲ ਕਰਨ ਦੇ ਵਿਸ਼ਵਾਸ ਦਵਾਉਣ ਉਪਰੰਤ ਆਵਾਜਾਈ ਬਹਾਲ ਕੀਤੀ ਗਈ।
ਇਸ ਮੌਕੇ ਸ੍ਰ.ਧੰਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਮਪੁਰ ਮੰਡੇਰ ਜਲ ਸਕੀਮ ਦਾ ਪ੍ਰਬੰਧ ਪਿੰਡ ਦੀ ਪੰਚਾਇਤ ਹਵਾਲੇ ਹੈ, ਜਿਸ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਕਮੇਟੀ ਬਣਾਕੇ ਚਲਾਇਆ ਜਾ ਰਿਹਾ ਹੈ। ਅਧਿਕਾਰਤ ਟੂਟੀ ਕੁਨੈਕਸ਼ਨਾਂ ਤੋਂ ਜ਼ਿਆਦਾ ਜਾਅਲੀ ਕੁਨੈਕਸ਼ਨ ਹੋਣ ਅਤੇ ਵੱਡੀ ਗਿਣਤੀ ਖ਼ਪਤਕਾਰਾਂ ਦੁਆਰਾ ਪਾਣੀ ਦਾ ਬਿੱਲ ਨਾ ਭਰਨ ਕਾਰਨ ਇਹ ਜਲ ਸਕੀਮ ਘਾਟੇ ਦਾ ਸ਼ਿਕਾਰ ਹੈ। ਜਿਸ ਕਾਰਨ ਕਮੇਟੀ ਨੇ ਇਸ ਸਕੀਮ ਨੂੰ ਪਿਛਲੇ ਕੁਝ ਦਿਨਾਂ ਤੋਂ ਬੰਦ ਕੀਤਾ ਹੋਇਆ ਸੀ।