ਨਰਮੇ ਦੀ ਰਾਹਤ ਰਾਸ਼ੀ ਭ੍ਰਿਸ਼ਟ ਅਫਸਰਸ਼ਾਹੀ ਦੀ ਭੇਟ ਚੜ੍ਹੀ
Posted on:- 21-04-2016
ਰਾਹਤ ਰਾਸ਼ੀ ਵੰਡਣ ’ਚ ਗੜਬੜ ਕਰਨ ਵਾਲੇ ਹਲਕੇ ਦੇ 3 ਪਟਵਾਰੀ ਮੁਅੱਤਲ, ਜਾਂਚ ਜਾਰੀ : ਐੱਸ.ਡੀ.ਐੱਮ ਬੁਢਲਾਡਾ
- ਜਸਪਾਲ ਸਿੰਘ ਜੱਸੀ
ਬੋਹਾ: ਚਿੱਟੀ ਮੱਖੀ ਨਾਲ ਨੁਕਸਾਨੀ ਨਰਮੇ ਦੀ ਫਸਲ ਦੇ ਪੀੜਤਾਂ ਲਈ ਪੰਜਾਬ ਸਰਕਾਰ ਦੁਆਰਾ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ (ਕੇਵਲ ਪੰਜ ਏਕੜ ਤੱਕ) ਜਾਰੀ ਕੀਤੀ ਗਈ ਰਾਹਤ ਰਾਸ਼ੀ ਪੂਰੀ ਤਰ੍ਹਾਂ ਭ੍ਰਿਸ਼ਟ ਸ਼ਾਸਨ ਦੀ ਭੇਟ ਚੜ੍ਹ ਚੁੱਕੀ ਹੈ।ਮਾਲ ਵਿਭਾਗ ਦੇ ਅਧਿਕਾਰੀਆਂ ਦੁਆਰਾ ਸਰਕਾਰ ਦੀ ਇਸ ਰਾਹਤ ਰਾਸ਼ੀ ਨੂੰ ਮਨਚਾਹੇ ਲੋਕਾਂ ਨੂੰ ਵੰਡਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।ਸਾਢੇ ਛੇ ਏਕੜ ਨਰਮੇ ਦੀ ਨੁਕਸਾਨੀ ਫਸਲ ਚੋਂ ਸਾਢੇ ਚਾਰ ਏਕੜ ਦਾ ਮੁਆਵਜ਼ਾ ਰਾਸ਼ੀ ਪ੍ਰਾਪਤ ਕਰਨ ਲਈ ਪਿਛਲੇ 2 ਮਹੀਨਿਆਂ ਤੋ ਸਰਕਾਰੀ ਬਾਬੂਆਂ ਦੇ ਦਫਤਰਾਂ ਚ ਚੱਕਰ ਕੱਟਣ ਵਾਲੇ ਪਿੰਡ ਮੱਲ ਸਿੰਘ ਵਾਲਾ ਦੇ ਸੁਰਜਣ ਸਿੰਘ ਪੁੱਤਰ ਅਮਰ ਸਿੰਘ ਨੇ ਪਿੰਡ ਮੱਲ ਸਿੰਘ ਵਾਲਾ ਵਿਖੇ ਚਿੱਟੀ ਮੱਖੀ ਨਾਲ ਪੀੜਤਾਂ ਨੂੰ ਵੰਡੇ ਮੁਆਵਜ਼ੇ ਬਾਰੇ ‘ਵੰਡ ਰਜਿਸਟਰ’ (ਏ-ਰੋਲ) ਦੀ ਸੂਚਨਾਂ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਹੈਰਾਨ ਕਰਨ ਵਾਲਾ ਕਰਾਰ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਸੁਰਜਣ ਸਿੰਘ ਨੇ ਦੱਸਿਆ ਕਿ ਏ-ਰੋਲ ਮੁਤਬਕ ਪਿੰਡ ਦੇ ਅਜਿਹੇ ਵਿਆਕਤੀ ਵੀ ਲੱਖਾਂ ਰੁਪਏ ਦੇ ਚੈਕ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਨੇ ਆਪਣੀ ਜ਼ਮੀਨ ਠੇਕੇ ਉਪਰ ਦਿੱਤੀ ਹੋਈ ਹੈ ਅਤੇ ਠੇਕੇ ਉਪਰ ਦਿੱਤੀ ਉਸੇ ਜ਼ਮੀਨ ਦੇ ਚੈਕ ਜ਼ਮੀਨ ਨੂੰ ਠੇਕੇ ਉਪਰ ਲੈਣ ਵਾਲਾ ਕਿਸਾਨ ਵੀ ਪ੍ਰਾਪਤ ਕਰ ਚੁੱਕਾ ਹੈ।ਕਿਸਾਨ ਨੇ ਦੱਸਿਆ ਕਿ ਏ-ਰੋਲ ਮੁਤਾਬਕ 2 ਅਜਿਹੇ ਵਿਆਕਤੀ ਵੀ ਚੈਕ ਪ੍ਰਾਪਤ ਕਰਨ ਚ ਸਫਲ ਹੋ ਗਏ ਹਨ ਜਿਹੜੇ ਉਨ੍ਹਾਂ ਦੇ ਪਿੰਡ ਦੇ ਵਸਨੀਕ ਹੀ ਨਹੀ ਅਤੇ ਨਾ ਹੀ ਉਨ੍ਹਾਂ ਦਾ ਪਿੰਡ ਮੱਲ ਸਿੰਘ ਵਾਲਾ ਦੇ ਰਕਬੇ ਨਾਲ ਕਿਸੇ ਤਰ੍ਹਾਂ ਦਾ ਦੂਰ-ਨੇੜੇ ਦਾ ਸਬੰਧ ਹੈ।ਉਨ੍ਹਾਂ ਦੋਸ਼ ਲਾਇਆ ਕਿ ਮਾਲ ਵਿਭਾਗ ਦੇ ਮੁਲਾਜਮਾਂ ਨੇ ਪਿੰਡ ਦੇ ਕੁਝ ਘੜੰਮ ਚੌਧਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਰਕਾਰ ਵੱਲੋ ਚਿੱਟੀ ਮੱਖੀ ਨਾਲ ਨੁਕਸਾਨੇ ਨਰਮੇ ਦੀ ਭਰਪਾਈ ਲਈ ਜਾਰੀ ਕੀਤੀ ਗਈ ਰਾਸ਼ੀ ਦਾ ਵੱਡਾ ਹਿੱਸਾ ਹੜੱਪ ਕੀਤਾ ਗਿਆ ਹੈ।
ਏਰੋਲ ਦੀ ਕਾਪੀ ਪੱਤਰਕਾਰਾਂ ਨੂੰ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਰਿਕਾਰਡ ਚ ਤੋੜਮਰੋੜ ਕਰਕੇ ਉਨ੍ਹਾਂ ਸਮੇਤ ਹੱਕਦਾਰ ਲੋਕਾਂ ਨੂੰ ਮੁਆਵਜੇ ਤੋ ਵਾਂਝਾ ਰੱਖਿਆ ਗਿਆ ਹੈ ਜਦਕਿ ਪਿੰਡ ਦੇ ਕੁਝ ਖਾਸ਼ ਪਰਿਵਾਰਾਂ ਨੂੰ ਲੱਖਾਂ ਰੁਪਏ ਵੰਡੇ ਗਏ ਹਨ ਜਿੰਨਾਂ ਕੋਲ ਪੈਸੇ ਪ੍ਰਾਪਤ ਕਰਨ ਜਿੰਨੀ ਜ਼ਮੀਨ ਵੀ ਮੌਜੂਦ ਨਹੀ ਹੈ।ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਐਸ.ਡੀ.ਐਮ ਬੁਢਲਾਡਾ ਸ੍ਰੀ ਕਾਲਾ ਰਾਮ ਕਾਂਸਲ ਅਤੇ ਤਹਿਸੀਲਦਾਰ ਬੁਢਲਾਡਾ ਨੂੰ ਕਈ ਵਾਰ ਲਿਖਤੀ ਤੌਰ ਤੇ ਜਾਣੂ ਕਰਵਾ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।ਉਨ੍ਹਾਂ ਆਪਣਾ ਦੁੱਖ ਰੋਦਿਆਂ ਕਿਹਾ ਕਿ ਉਨਾ ਦਾ ਇੱਕ ਸਾਕ ਜੋ ਪਿਛਲੇ ਲੰਬੇ ਸਮੇ ਤੋ ਪਿੰਡ ਮੱਲ ਸਿੰਘ ਵਾਲਾ ਵਿਖੇ ਰਹਿ ਰਿਹਾ ਹੈ,ਕੈਸਰ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਜੋ ਮੈਡੀਕਲ ਕਾਲਜ ਫਰੀਦਕੋਟ ਵਿਖੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਨਰਮੇ ਦੀ ਸਾਰੀ ਫਸਲ ਚਿੱਟੀ ਮੱਖੀ ਨਾਲ ਨੁਕਸਾਨੀ ਗਈ ਅਤੇ ਮੁਆਵਜ਼ਾ ਵੱਢੀਖੋਰ ਮੁਲਾਜ਼ਮਾਂ ਅਤੇ ਘੜੰਮ ਚੌਧਰੀਆਂ ਦੀ ਭੇਟ ਚੜ੍ਹ ਗਿਆ।ਇਲਾਜ ਲਈ ਪੈਸੇ ਨਾ ਹੋਣ ਕਾਰਨ ਕਣਕ ਦੀ ਖੜੀ ਫਸਲ ਵਾਲੀ ਇੱਕ ਏਕੜ ਜ਼ਮੀਨ ਗਹਿਣੇ ਕਰਕੇ ਉਹ ਆਪਣੇ ਰਿਸ਼ਤੇਦਾਰ ਦਾ ਇਲਾਜ ਕਰਵਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਭਲਕੇ ਪਿੰਡ ਬਰੇ੍ਹ ਵਿਖੇ ਸੰਗਤ ਦਰਸ਼ਨ ਦੌਰਾਨ ਬੀਬੀ ਬਾਦਲ ਨੂੰ ਸਥਿਤੀ ਬਾਰੇ ਜਾਣੂ ਕਰਾਉਣਗੇ।
ਕੀ ਕਹਿੰਦੇ ਨੇ ਐਸ.ਡੀ.ਐਮ ਬੁਢਲਾਡਾ
ਇਸ ਪੂਰੇ ਮਾਮਲੇ ਬਾਰੇ ਜਦ ਐਸ.ਡੀ.ਐਮ ਬੁਢਲਾਡਾ ਸ੍ਰੀ ਕਾਲਾ ਰਾਮ ਕਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਸੁਰਜਣ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਪਿੰਡ ਮੱਲ ਸਿੰਘ ਵਾਲਾ ਵਿਖੇ ਵੰਡੀ ਗਈ ਰਾਹਤ ਰਾਸ਼ੀ ਦੀ ਪਿੰਡ ਦੀ ਸੱਥ ਚ ਜਾਕੇ ਜਾਂਚ ਕੀਤੀ ਗਈ ਸੀ ਜਿਸ ਦੌਰਾਨ ਕੁਝ ਵਿਆਕਤੀ ਗਲਤ ਚੈਕ ਪ੍ਰਾਪਤ ਕਰਨ ਵਾਲੇ ਪਾਏ ਗਏ ਸਨ ਜਿਨ੍ਹਾਂ ਤੋਂ ਤਕਰੀਬਨ 2 ਲੱਖ ਰੁਪਏ ਵਸੂਲੀ ਹੋ ਚੁੱਕੀ ਹੈ ਅਤੇ ਬਾਕੀ ਕਰਾਵਾਈ ਜਾਰੀ ਹੈ।ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਜਾਰੀ ਰਾਹਤ ਰਾਸ਼ੀ ਵੰਡਣ ਚ ਘਪਲੇ ਕਰਨ ਵਾਲੇ ਹਲਕੇ ਦੇ 3 ਪਟਵਾਰੀਆਂ ਨੂੰ ਹੁਣ ਤੱਕ ਮੁਅੱਤਲ ਕੀਤਾ ਗਿਆ ਹੈ ਅਤੇ ਜਾਂਚ ਦੌਰਾਨ ਦੋਸ਼ੀ ਪਾਏ ਗਏ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀ ਜਾਵੇਗਾ।