ਬਠਿੰਡਾ ਪੁਲਿਸ ਦੀ ਲਾਪਰਵਾਹੀ : ਲਾਸ਼ਾਂ ਦੀ ਸ਼ਨਾਖ਼ਤ ਲਈ ਕੋਈ ਯਤਨ ਨਹੀਂ -ਬਲਜਿੰਦਰ ਕੋਟਭਾਰਾ
Posted on:- 31-10-2012
ਪੁਲਿਸ ਗੁੰਮ ਹੋ ਰਹੇ ਲੋਕਾਂ ਤੇ ਪ੍ਰਾਪਤ ਹੋ ਰਹੀਆਂ ਲਾਸ਼ਾਂ ਪ੍ਰਤੀ ਅਤਿ ਲਾਪਰਵਾਹੀ ਵਾਲਾ ਭਰਿਆ ਵਤੀਰਾ ਅਪਣਾ ਰਹੀ ਹੈ। ਬਠਿੰਡਾ ਪੁਲਿਸ ਨੇ ਜਿੱਥੇ ਜ਼ਿਲ੍ਹੇ ਵਿੱਚੋਂ ਕੇਵਲ ਦੋ ਸਾਲਾਂ ਵਿੱਚ ਹੀ 174 ਗੁੰਮਸ਼ੁਦਾ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਉੱਥੇ ਜ਼ਿਲ੍ਹੇ ਵਿੱਚ ਪਿਛਲੇ 8 ਸਾਲਾਂ ਵਿੱਚ ਮਿਲੀਆਂ 1158 ਲਾਸ਼ਾਂ ਦੇ ਵਾਰਸਾਂ ਨੂੰ ਲੱਭਣ ਲਈ ਇੱਕ ਫੁੱਟੀ ਕੋਡੀ ਵੀ ਖ਼ਰਚ ਨਹੀਂ ਕੀਤੀ। ਇਹਨਾਂ ਵਿੱਚ ਕੁਝ ਤੇਜ਼ ਹਥਿਆਰਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਇੱਕ ਸਮਾਜ ਸੇਵੀ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਨੇ ਪਿਛਲੇ ਇੱਕ ਦਹਾਕੇ ਵਿੱਚ ਇੱਕ ਵੀ ਕੋਸ਼ਿਸ਼ ਅਜਿਹੀ ਨਹੀਂ ਕੀਤੀ ਜਿਸ ਨਾਲ ਕਿਸੇ ਨੂੰ ਇਹ ਵੀ ਪਤਾ ਲੱਗ ਜਾਵੇ ਕਿ ਬੰਦੇ ਦੀ ਕੋਈ ਲਾਸ਼ ਵੀ ਮਿਲੀ ਹੈ।
ਬਠਿੰਡਾ ਦੇ ਸਿਵਲ ਸਰਜਨ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿੱਚ ਸੰਨ 2002 ਤੋਂ 2012 ਤੱਕ 1158 ਅਜਿਹੀਆਂ ਲਾਸ਼ਾਂ ਦਾ ਪੋਸਟ ਮਾਰਟਮ ਵੀ ਕੀਤਾ, ਜਿਹਨਾਂ ਦੇ ਵਾਰਸ ਨਹੀਂ ਸਨ। ਉਕਤ ਸਾਲਾਂ ਵਿੱਚੋਂ ਕੇਵਲ ਦੋ ਸਾਲਾਂ ਦੀ ਹੀ ਵਿਸਥਾਰਤ ਜਾਣਕਾਰੀ ਦਿੱਤੀ ਗਈ। ਪਹਿਲੀ ਜਨਵਰੀ 2008 ਤੋਂ 2010 ਤੱਕ 314 ‘‘ਅਣਪਛਾਤੀਆਂ'' ਲਾਸ਼ਾਂ ਮਿਲੀਆਂ ਜਿਹਨਾਂ ਵਿੱਚੋਂ 18 ਦੇ ਮਰਨ ਦਾ ਕਾਰਣ ਤੇਜ਼ਧਾਰ ਹਥਿਆਰ ਦਰਸਾਇਆ ਗਿਆ, ਜਦੋਂ ਕਿ 76 ਲਾਸ਼ਾਂ ਦੇ ਡੁੱਬਣ, 15 ਦੇ ਰੇਲਵੇ ਹੇਠ ਆਉਂਣ, 14 ਦੇ ਜ਼ਹਿਰ ਨਾਲ, ਇੱਕ ਦਾ ਜ਼ਹਿਰ ਤੇ ਡੁੱਬਣਾ ਇਹ ਲੱਛਣ ਅਣਪਛਾਤੀਆਂ ਲਾਸ਼ਾਂ ਦੇ ਸ਼ੱਕ ਦਾਇਰੇ ਵਿੱਚ ਆਉਂਦੀਆਂ ਹਨ। ਇਹਨਾਂ ਵਿੱਚ ਜ਼ਿਆਦਾਤਰ ਲਾਸ਼ਾਂ ਬਠਿੰਡਾ ਸਰਹਿੰਦ ਨਹਿਰ, ਰੇਲਵੇ ਲਾਈਨਾਂ ਤੋਂ ਮਿਲਦੀਆਂ ਰਹੀਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਇੱਕ ਅਣਪਛਾਤੀ ਲੜਕੀ ਦੀ ਲਾਸ਼ ਦਾ ਸੰਸਕਾਰ ਕਿਸੇ ਹੋਰ ਦੇ ਮਾਪਿਆਂ ਨੇ ਹੀ ਕਰ ਦਿੱਤਾ ਸੀ, ਜਦੋਂ ਕਿ ਅਸਲੀ ਲੜਕੀ ਵਾਪਸ ਆ ਗਈ ਸੀ। ਪੁਲਿਸ ਨੇ ਇਸ ਸਬੰਧੀ ਵੀ ਕੋਈ ਠੋਸ ਜਾਣ ਕਦਮ ਨਹੀਂ ਚੁੱਕੇ।
ਸੂਚਨਾ ਅਧਿਕਾਰ ਕਾਨੂੰਨ ਤਹਿਤ ਲਈ ਜਾਣਕਾਰੀ ਅਨੁਸਾਰ ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ਅੰਦਰ ਆਉਂਦੇ 21 ਪੁਲਿਸ ਸਟੇਸ਼ਨਾਂ ਦੀ ਰਿਪੋਰਟ ਮੁਤਾਬਕ 1 ਜਨਵਰੀ 2001 ਤੋਂ ਇਸ ਸਾਲ ਦੀ ਪਹਿਲੀ ਜਨਵਰੀ ਤੱਕ ਭਾਵ 12 ਸਾਲਾਂ ਵਿੱਚ ਕਿਸੇ ਵੀ ਥਾਣੇ ਨੇ ਲਾਵਾਰਿਸ਼ ਲਾਸ਼ ਦੀ ਪਹਿਚਾਣ ਕਰਵਾਉਣ ਖਾਤਰ ਦੁਆਨੀ ਵੀ ਖ਼ਰਚ ਨਹੀਂ ਕੀਤੀ। ਜਦੋਂ ਕਿ ਸੱਚ ਤਾਂ ਇਹ ਹੈ ਕਿ ਲਾਸ਼ ਮਿਲਣ 'ਤੇ ਸਭ ਤੋਂ ਪਹਿਲਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ ਜ਼ਰੂਰੀ ਹੁੰਦਾ ਹੈ, 72 ਘੰਟੇ ਤੱਕ ਲਾਸ਼ ਨੂੰ ਸੰਭਾਲ ਕੇ ਰੱਖਣਾ, ਦੂਜਿਆਂ ਥਾਣਿਆਂ ਵਿੱਚ ਰਿਪੋਰਟ ਕਰਨੀ ਜ਼ਰੂਰੀ ਹੁੰਦੀ ਹੈ। ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਵਿੱਚ ਜੱਦੋ ਜਹਿਦ ਕਰ ਰਹੇ ਬਠਿੰਡਾ ਦੇ ਸਮਾਜ ਸੇਵੀ ਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਚੇਅਰਮੈਨ ਸੋਨੂੰ ਮਹੇਸ਼ਵਰੀ ਨੇ ਇਸ ਨੂੰ ਘੋਰ ਮਨੁੱਖੀ ਉਲੰਘਣਾ ਕਰਾਰ ਦਿੰਦਿਆ ਕਿਹਾ ਕਿ ਪੁਲਿਸ ਦੀ ਲਾਪਰਵਾਹੀ ਦੇ ਨਾਲ ਨਾਲ ਉਸ ਦੀ ਨੀਅਤ 'ਤੇ ਵੀ ਉਂਗਲ ਉੱਠਦੀ ਹੈ
ਆਰ. ਟੀ. ਆਈ. ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ 1 ਜਨਵਰੀ, 2009 ਤੋਂ 1 ਅਕਤੂਬਰ, 2011 ਤੱਕ 174 ਗੁੰਮਸ਼ੁਦਾ ਲੋਕਾਂ ਦੀ ਅੱਡ ਅੱਡ ਥਾਣਿਆਂ ਵਿੱਚ ਰਿਪੋਰਟ ਦਰਜ ਕੀਤੀ ਗਈੇ। ਇਹਨਾਂ ਵਿੱਚੋਂ 60 ਨੌਜਵਾਨ ਮੁੰਡੇ, 26 ਨੌਜਵਾਨ ਮੁਟਿਆਰਾਂ, 23 ਤੋਂ 30 ਸਾਲ ਦੀਆਂ 22 ਔਰਤਾਂ, 45 ਤੋਂ 60 ਸਾਲ ਦੀਆਂ 6 ਔਰਤਾਂ, 40 ਤੋਂ 50 ਸਾਲ ਦੇ 23 ਮਰਦ ਵੀ ਸ਼ਾਮਲ ਹਨ, ਜਿਹਨਾਂ ਦਾ ਪੁਲਿਸ ਅਜੇ ਤੱਕ ਖੁਰਾ ਖੋਜ ਨਹੀਂ ਲੱਭ ਸਕੀ। ਪੰਜਾਬ ਹਿਊਮਨ ਰਾਈਟਸ ਕਮੇਟੀ ਦੇ ਜਨਰਲ ਸਕੱਤਰ ਕਾ. ਵੇਦ ਪ੍ਰਕਾਸ਼ ਗੁਪਤਾ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਦੱਸਿਆ ਕਿ ਪੁਲਿਸ ਆਮ ਵਿਆਕਤੀਆਂ ਦੀ ਜ਼ਿੰਦਗੀ ਪ੍ਰਤੀ ਨਾ ਕੇਵਲ ਲਾਪਰਵਾਹ ਹੈ, ਸਗੋਂ ਅਜਿਹੇ ਮਾਮਲਿਆਂ ਵਿੱਚ ਉਸ ਦੀ ਦਿਆਨਦਾਰੀ 'ਤੇ ਵੀ ਸਿੱਧੀ ਉਂਗਲ ਉੱਠਦੀ ਹੈ।