ਵਿਕਾਸ ਕਾਰਜਾਂ ਲਈ ਚੈੱਕਾਂ ਦੀ ਭਾਰੀ ਵੰਡ ਦੇ ਬਾਵਜੂਦ ਪਿੰਡਾਂ ਦੀ ਹਾਲਤ ਮੰਦੀ
Posted on:- 17-04-2016
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹਲਕੇ ਦੇ ਲੋਕ ਸਭਾ ਮੈਂਬਰਾਂ,ਵਿਧਾਇਕਾਂ ਅਤੇ ਹੋਰ ਅਧਿਕਾਰੀਆਂ ਦੇ ਮਾਧਿਅਮ ਨਾਲ ਵਿਕਾਸ ਕਾਰਜਾਂ ਦੀਆਂ ਵੱਖ-ਵੱਖ ਸਕੀਮਾਂ ਅਧੀਨ ਇਸ ਤਹਿਸੀਲ ਦੇ ਪਿੰਡਾਂ ਵਿਚ ਬੇਸ਼ੱਕ ਚੈੱਕਾਂ ਦੀ ਧੜਾਧੜ ਵੰਡ ਕੀਤੀ ਜਾ ਰਹੀ ਹੈ ਪਰ ਪਿੰਡਾਂ ਅਜੇ ਵੀ ਵਿਕਾਸ ਕਾਰਜਾਂ ਪੱਖੋਂ ਬੇਹੱਦ ਪਛੜੇ ਹੋਏ ਹਨ। ਇਨ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਚਲਾਉਣ ਲਈ ਪੇਡੂ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿਚ ਪੰਚਾਇਤ ਸਕੱਤਰਾਂ ਸਮੇਤ ਅਸਾਮੀਆਂ ਦੀ ਭਾਰੀ ਘਾਟ ਹੈ ਜਿਸ ਕਰਕੇ ਜ਼ਿਆਦਾਤਰ ਪਿੰਡਾਂ ਦੀ ਗ੍ਰਾਂਟ ਅਣਵਰਤੀ ਹੀ ਪਈ ਰਹਿੰਦੀ ਹੈ।
ਜਿਕਰਯੋਗ ਹੈ ਕਿ ਗੜ੍ਹਸ਼ੰਕਰ ਬਲਾਕ ਦੇ ਲੱਗਭੱਗ 150 ਦੇ ਕਰੀਬ ਪਿੰਡਾਂ ਲਈ ਇਸ ਬਲਾਕ ਵਿਚ ਪੰਚਾਇਤ ਸਕੱਤਰਾਂ ਦੀਆਂ 32 ਅਸਾਮੀਆਂ ਮੌਜੂਦ ਹਨ ਪਰ ਇਸ ਵੇਲੇ ਵਿਭਾਗ ਕੋਲ ਸਿਰਫ 6 ਪੰਚਾਇਤ ਸਕੱਤਰ ਹੀ ਕੰਮ ਕਰ ਰਹੇ ਹਨ । ਪੰਚਾਇਕ ਸਕੱਤਰਾਂ ਦੀਆਂ 26 ਅਸਾਮੀਆਂ ਲੰਮੇ ਸਮੇਂ ਤੋਂ ਖਾਲੀ ਚਲੀਆਂ ਆ ਰਹੀਆਂ ਹਨ ਜਿਸ ਕਰਕੇ ਪਿੰਡਾਂ ਵਿਚ ਵਿਕਾਸ ਕਾਰਜ ਤਾਂ ਇਕ ਪਾਸੇ ਆਮ ਇਜਲਾਸ ਬੁਲਾਉਣੇ ਵੀ ਮੁਸ਼ਕਿਲ ਹੋ ਗਏ ਹਨ।
ਇਕ -ਇਕ ਪੰਚਾਇਤ ਸਕੱਤਰ ਕੋਲ 20 ਤੋਂ 25 ਪਿੰਡਾਂ ਦਾ ਵਾਧੂ ਕਾਰਜ ਹੈ ਜਿਸ ਕਰਕੇ ਪਿੰਡਾਂ ਵਿਚ ਗਲੀਆਂ ਨਾਲੀਆਂ ਦੀ ਉਸਾਰੀ,ਮਨਰੇਗਾ ਦੇ ਕੰਮ ਅਤੇ ਹੋਰ ਵਿਕਾਸ ਕਾਰਜ ਲਗਭੱਗ ਠੱਪ ਪਏ ਹਨ। ਖੇਤਰ ਦੇ ਸਰਪੰਚਾਂ ਅਨੁਸਾਰ ਉਹ ਖੁਦ ਕਾਰਵਾਈ ਰਜਿਸਟਰ ਚੁੱਕੀ ਪੇਡੂ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿਖੇ ਗੇੜੇ ਮਾਰਦੇ ਹਨ ਪਰ ਸਕੱਤਰਾਂ ਦੀ ਘਾਟ ਕਾਰਨ ਉਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗ੍ਰਾਂਟ ਦੇ ਚੈੱਕ ਦੇ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਦਾ ਵਰਤੋਂ ਹੀ ਨਹੀਂ ਹੁੰਦੀ ਤੇ ਜ਼ਿਆਦਾਤਰ ਗ੍ਰਾਂਟ ਅਣਵਰਤੀ ਪਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਜਾਣਕਾਰੀ ਦੀ ਵੀ ਘਾਟ ਹੈ ਜਿਸ ਕਾਰਨ ਪੰਚਾਇਤ ਦੀ ਕਾਰਵਾਈ ਨਾਲ ਸਬੰਧਤ ਕੋਈ ਵੀ ਵਿਕਾਸ ਕਾਰਜ ਨੇਪਰੇ ਨਹੀਂ ਚੜ੍ਹ ਰਿਹਾ ਅਤੇ ਤਹਿਸੀਲ ਦੀਆਂ ਪੰਚਾਇਤਾਂ ਸਿਰਫ ਲੋਕਾਂ ਦੇ ਝਗੜੇ ਨਿਪਟਾਉਣ ਅਤੇ ਥਾਣਿਆਂ ਵਿਚ ਰਾਜ਼ੀਨਾਮੇ ਕਰਵਾਉਣ ਤੱਕ ਹੀ ਸੀਮਤ ਰਹਿ ਗਈਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਖੇਤਰ ਦੇ ਕਈ ਪਿੰਡਾਂ ਜਿਵੇਂ ਕੁੱਕੜਾਂ,ਰੋਡ ਮਜ਼ਾਰਾ,ਕੁੱਕੜ ਮਜ਼ਾਰਾ, ਰਾਮ ਪੁਰ, ਸਲੇਮਪੁਰ ,ਕਿੱਤਣਾ, ਬੀਣੇਵਾਲ, ਗੋਗੋ ਮਹਿਤਾਬਪੁਰ, ਹਕੂਮਤਪੁਰ, ਚਾਹਿਲਪੁਰ ਆਦਿ ਵਿਖੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕੀਂ ਬੇਹੱਦ ਪ੍ਰੇਸ਼ਾਨ ਇਨ੍ਹਾਂ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਚੈੱਕਾਂ ਦੀ ਆਮਦ ਦੇ ਬਾਵਜੂਦ ਕੋਈ ਕੰਮ ਨਹੀਂ ਹੋ ਰਿਹਾ। ਪਿੰਡ ਰਾਮ ਪੁਰ ਦੇ ਸਰਪੰਚ ਤਰਸੇਮ ਸਿੰਘ ਅਨੁਸਾਰ ਉਨ੍ਹਾਂ ਕੋਲ ਪਿੰਡ ਦੀ ਸਫਾਈ ਲਈ ਵੀ ਕੋਈ ਪੈਸਾ ਨਹੀਂ ਅਤੇ ਨਾ ਹੀ ਨਿਯਮਤ ਰੂਪ ਵਿਚ ਕੋਈ ਪੰਚਾਇਤ ਸਕੱਤਰ ਮਿਲਦਾ ਹੈ। ਜਿਸ ਕਰਕੇ ਪਿੰਡ ਵਿਚ ਗੰਦਗੀ ਦੀ ਸਫਾਈ ਤਾਂ ਇਕ ਪਾਸੇ ਕੋਈ ਵਿਕਾਸ ਕਾਰਜ ਵੀ ਨਹੀਂ ਹੋ ਰਿਹਾ।
ਇਸ ਸਬੰਧੀ ਕੰਢੀ ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਸਰਕਾਰ ਦੀ ਬੇਧਿਆਨੀ ਕਾਰਨ ਕੰਢੀ ਦੇ ਪਿੰਡ ਵਿਕਾਸ ਕੰਮਾਂ ਪੱਖੋਂ ਪਠੜੇ ਹੋਏ ਹਨ। ਉਨ੍ਹਾਂ ਕਿਹਾ ਕਿ ਯੋਜਨਾਵੰਦੀ ਦੀ ਘਾਟ,ਪੋਸਟਾਂ ਦੀ ਕਮੀ ਅਤੇ ਸਰਕਾਰੀ ਅਣਗਹਿਲੀ ਕਾਰਨ ਇਸ ਖੇਤਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਇਆ ਨਹੀਂ ਹੋ ਰਹੀਆਂ।
ਇਸ ਬਾਰੇ ਬਲਾਕ ਸੰਮਤੀ ਗੜ੍ਹਸ਼ੰਤਕ ਦੇ ਚੇਅਰਮੈਨ ਸੁਖਦੇਵ ਸਿੰਘ ਨੇ ਕਿਹਾ ਕਿ ਸਕੱਤਰਾਂ ਦੀ ਘਾਟ ਕਾਰਨ ਕੰਮ ਪ੍ਰਘਾਵਿਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਇਹ ਮਸਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਨ।