ਸਿੰਗਲ ਅਧਿਆਪਕਾਂ ਸਹਾਰੇ ਹੈ ਤਹਿਸੀਲ ਗੜ੍ਹਸ਼ੰਕਰ ਦੇ ਐਲੀਮੈਂਟਰੀ ਸਕੂਲਾਂ ਦੀ ਸਿੱਖਿਆ
Posted on:- 02-03-2016
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਤਹਿਸੀਲ ਗੜ੍ਹਸ਼ੰਕਰ ਦੇ ਅਨੇਕਾਂ ਸਕੂਲ ਪਿਛਲੇ ਕਈ ਸਾਲਾਂ ਤੋਂ ਸਿੰਗਲ ਅਧਿਆਪਕਾਂ ਦੇ ਸਹਾਰੇ ਚੱਲ ਰਹੇ ਹਨ, ਜਿਸ ਕਰਕੇ ਜਿੱਥੇ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨਿਰੰਤਰ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਸਰਕਾਰ ਵਲੋਂ ਸਕੂਲਾਂ ਵਿਚ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇਣ ਦੇ ਦਾਅਵੇ ਵੀ ਖੋਖਲੇ ਸਿੱਧ ਹੋ ਰਹੇ ਹਨ।ਜ਼ਿਕਰਯੋਗ ਹੈ ਕਿ ਸਥਾਨਿਕ ਤਹਿਸੀਲ ਵਿਚ ਲਗਭਗ 140 ਦੇ ਕਰੀਬ ਐਲੀਮੈਂਟਰੀ ਸਕੂਲ ਪੈਂਦੇ ਹਨ ਪਰ ਇਨ੍ਹਾਂ ਸਕੂਲਾਂ ਵਿਚੋਂ ਕਰੀਬ 50 ਦੇ ਕਰੀਬ ਸਕੂਲ ਅਜਿਹੇ ਹਨ ਜਿੱਥੇ ਸਿੰਗਲ ਟੀਚਰ ਤਾਇਨਾਤ ਹਨ। ਇੱਥੇ ਕੰਮ ਕਰਦੇ ਦੂਜੇ ਟੀਚਰ ਵਿਭਾਗ ਦੀ ਕਥਿਤ ਮਿਲੀਭੁਗਤ ਕਾਰਨ ਆਪਣੇ ਮਨਪਸੰਦ ਦੇ ਸਟੇਸ਼ਨਾਂ ‘ਤੇ ਬਦਲੀਆਂ ਕਰਵਾ ਕੇ ਜਾ ਚੁੱਕੇ ਹਨ ਤੇ ਹੁਣ ਇੱਥੇ ਇੱਕ-ਇੱਕ ਟੀਚਰ ਕੰਮ ਕਰਦਾ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਹੋ ਕੇ ਰਹਿ ਗਈ ਹੈ।
ਇਨ੍ਹਾਂ ਵਿਚੋਂ ਕਈ ਸਕੂਲਾਂ ਵਿਚ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਵਿੱਤੀ ਵਸੀਲਿਆਂ ਨਾਲ ਕੁਝ ਅਧਿਆਪਕ ਰੱਖ ਕੇ ਕੰਮ ਚਲਾਇਆ ਹੋਇਆ ਹੈ ਪਰ ਸਥਿਤੀ ਤਸੱਲੀਬਖਸ਼ ਨਹੀਂ ਹੈ।
ਇਸਦੀ ਇਕ ਉਦਾਹਰਣ ਭਰੋਵਾਲ ਪਿੰਡ ਦੇ ਸੈਂਟਰ ਸਕੂਲ ਦੀ ਹੈ ਜਿਸ ਅਧੀਨ ਖੇਤਰ ਦੇ ਨੌਂ ਸਕੂਲ ਪੈਂਦੇ ਹਨ । ਇਨ੍ਹਾਂ ਸਕੂਲਾਂ ਵਿਚੋਂ ਪਿੰਡ ਜੀਵਨਪੁਰ, ਭਾਤਪੁਰ, ਭਰੋਵਾਲ, ਹਿਆਤਪੁਰ ਪਿੰਡਾਂ ਵਿਚ ਇਕ-ਇਕ ਅਧਿਆਪਕ ਕੰਮ ਕਰ ਰਿਹਾ ਹੈ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਤੇ ਇਹ ਸਕੂਲ ਸਿੰਗਲ ਅਧਿਆਪਕਾਂ ਦੇ ਆਸਰੇ ਹੀ ਚੱਲ ਰਹੇ ਹਨ। ਅਜਿਹੀਆਂ ਹੋਰ ਉਦਾਹਰਣਾਂ ਵਿਚ ਇਸ ਤਹਿਸੀਲ ਦੇ ਨੀਮ ਪਹਾੜੀ ਖੇਤਰ (ਬੀਤ) ਵਿਚ ਪੈਂਦੇ ਕਈ ਸਿੰਗਲ ਅਧਿਆਪਕ ਸਕੂਲ ਹਨ ਜਿੱਥੇ ਟੀਚਰਾਂ ਦੀਆਂ ਵਾਧੂ ਅਸਾਮੀਆਂ ਮਨਜ਼ੂਰ ਹਨ ਪਰ ਇਥੇ ਅਧਿਆਪਕ ਕੰਮ ਕਰਨ ਨੂੰ ਤਰਜੀਹ ਨਹੀਂ ਦਿੰਦੇ ਤੇ ਵਿਭਾਗ ਦੀ ਕਥਿਤ ਮਿਲੀਭੁਗਤ ਕਾਰਨ ਜਲਦ ਹੀ ਬਦਲੀ ਕਰਵਾ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਬੀਤ ਦੇ ਜਿਹੜੇ ਸਕੂਲ ਇਸ ਵੇਲੇ ਸਿੰਗਲ ਟੀਚਰ ਵਾਲੇ ਹਨ ਉਨ੍ਹਾਂ ਵਿਚ ਗੜੀ ਮਾਨਸੋਵਾਲ ਇੱਕ ਹੈ। ਇਸ ਸਕੂਲ ਵਿਚ 100 ਵਿਦਿਆਰਥੀ ਪੜ੍ਹਦੇ ਹਨ ਪਰ ਇੱਥੇ 5 ਪੋਸਟਾਂ ਦੀ ਮਨਜੂਰੀ ਦੇ ਬਾਵਜੂਦ ਸਿਰਫ ਇੱਕ ਅਧਿਆਪਕ ਕੰਮ ਕਰ ਰਿਹਾ ਹੈ। ਵਿਭਾਗ ਵਲੋਂ ਇੱਥੇ ਇਕ ਵਲੰਟੀਅਰ ਟੀਚਰ ਨਿਯੁਤਕ ਕੀਤਾ ਗਿਆ ਹੈ ਪਰ ਜਿਸ ਸਕੂਲ ਤੋਂ ਉਕਤ ਵਲੰਟੀਅਰ ਆਉਂਦਾ ਹੈ ਉੱਥੇ ਇਕ ਟੀਚਰ ਦੀ ਘਾਟ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਬੀਤ ਦੇ ਪਿੰਡ ਡੱਲੇਵਾਲ ਵਿਖੇ 65 ਵਿਦਿਆਰਥੀਆਂ ਪਿੱਛੇ 3 ਪੋਸਟਾਂ ਮਨਜੂਰ ਹੋਣ ਦੇ ਬਾਵਜੂਦ ਸਿਰਫ ਇੱਕ ਟੀਚਰ ਕੰਮ ਕਰ ਰਿਹਾ ਹੈ। ਇਸ ਸਕੂਲ ਵਿਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਦਾਖਿਲਾ ਗਿਣਤੀ ਲਗਾਤਾਰ ਘਟਾ ਹੈ। ਇਸੇ ਤਰ੍ਹਾਂ ਬੀਤ ਦੇ ਪਿੰਡ ਅਚਲਪੁਰ ਭਵਾਨੀਪੁਰ, ਕਾਣੇਵਾਲ, ਮਲਕੋਵਾਲ, ਭਵਾਨੀਪੁਰ, ਪਿੱਪਲੀਵਾਲ, ਟਿੱਬੀਆਂ, ਗੁੱਜਰਾਂ-ਤਰਖਾਣਾਂ, ਕੋਕੋਵਾਲ, ਮਜਾਰੀ, ਹਰਮਾਂ, ਨੈਣਵਾਂ ਆਦਿ ਵਿਸ਼ੇਸ਼ ਹਨ ਇਨ੍ਹਾਂ ਸਕੂਲਾਂ ਵਿਚ ਸਿਰਫ ਇੱਕ ਟੀਚਰ ਕੰਮ ਕਰਦਾ ਹੋਣ ਕਰਕੇ ਸਿੱਖਿਆ ਦਾ ਬੇਹੱਦ ਮੰਦਾ ਹਾਲ ਹੈ। ਇਸ ਤੋਂ ਇਲਾਵਾ ਗੜ੍ਹਸ਼ੰਕਰ ਦੇ ਹੋਰ ਪਿੰਡਾਂ ਕੁੱਕੜ ਮਜਾਰਾ, ਡੁਗਰੀ, ਮੋਜੀਪੁਰ,ਕਿੱਤਣਾ, ਸ਼ਾਹਪੁਰ, ਸਦਰਪੁਰ, ਹੰਲੇਰਾਂ, ਬੱਠਲਾਂ, ਸੌਲੀ, ਲਸਾੜਾ,ਐਮਾਂ ਜੱਟਾਂ, ਐਮਾਂ ਮੁਗਲਾਂ, ਬਹਿਬਲਪੁਰ ਆਦਿ ਵਿਖੇ ਵੀ ਟੀਚਰਾਂ ਦੀ ਘਾਟ ਕਾਰਨ ਸਿੱਖਿਆ ਦਾ ਮੰਦਾ ਹਾਲ ਹੈ। ਇੱਥੇ ਕੰਮ ਕਰਦੇ ਸਿੰਗਲ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਇਲਾਵਾ ਨਿਰੰਤਰ ਡਾਕ ਬਣਾਉਣ,ਮਿੱਡ-ਡੇ-ਮੀਲ ਦੇ ਕੰਮ,ਪ੍ਰਵੇਸ਼ ਪ੍ਰਾਜੈਕਟ ਸਮੇਤ ਅਨੇਕਾਂ ਗੈਰ ਵਿਦਿਅਕ ਡਿਉਟੀਆਂ ਕਰਨਾ ਆਪਣੇ ਆਪ ਵਿਚ ਇੱਕ ਚੁਣੌਤੀ ਬਣਿਆ ਰਹਿੰਦਾ ਹੈ। ਅਧਿਆਪਕਾਂ ਅਨੁਸਾਰ ਉਨ੍ਹਾਂ ਨੂੰ ਛੁੱਟੀ ਲੈਣੀ ਵੀ ਔਖੀ ਹੋ ਗਈ ਹੈ ਜਦ ਕਿ ਵਿਭਾਗ ਦੇ ਉੱਚ ਅਧਿਕਾਰੀ ਇਸ ਪਾਸੇ ਕੋਈ ਧਿਆਨ ਵੀ ਨਹੀਂ ਦਿੰਦੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਕਈ ਵਾਰ ਇੱਥੇ ਅਧਿਆਪਕਾਂ ਨੂੰ ਨਿਯੁਕਤੀ ਦੇ ਆਰਡਰ ਜ਼ਰੂਰ ਕਰਦੇ ਹਨ ਪਰ ਜਲਦੀ ਹੀ ਰਾਜਸੀ ਪਹੁੰਚ ਕਰਕੇ ਜਾਂ ਕਥਿਤ ਰਿਸ਼ਵਤ ਲੈ ਕੇ ਇੱਥੋਂ ਬਦਲੀ ਕਰ ਦਿੱਤੀ ਜਾਂਦੀ ਹੈ।
ਬੀਤ ਭਲਾਈ ਕਮੇਟੀ ਦੇ ਅਹੁਦੇਦਾਰਾਂ ਦਰਸ਼ਨ ਸਿੰਘ ਅਤੇ ਕੰਢੀ ਸੰਘਰਸ਼ ਕਮੇਟੀ ਦੇ ਦਰਸ਼ਨ ਸਿੰਘ ਮੱਟੂ,ਮਹਾਂ ਸਿੰਘ ਰੌੜੀ ਨੇ ਕਿਹਾ ਕਿ ਅੱਜ ਕੰਢੀ ਦੇ ਹਰ ਪਿੰਡ ਵਿਚ ਇੱਕ ਠੇਕਾ ਹੈ ਪਰ ਸਕੂਲਾਂ ਵਿਚ ਪਿਛਲੇ 10 ਸਾਲਾਂ ਤੋਂ ਅਧਿਆਪਕਾਂ ਦੀ ਵੱਡੀ ਘਾਟ ਹੈ,ਸਕੂਲ ਬੰਦ ਹੋਣ ਦੇ ਕੰਢੇ ਹਨ ਤੇ ਸਰਕਾਰ ਵਿਕਾਸ ਦੇ ਝੂਠੇ ਦਮਗੱਜੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਗਰੀਬ ਲੋਕ ਆਪਣੇ ਬੱਚਿਆ ਨੂੰ ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਸਿੱਖਿਆ ਨਹੀਂ ਦਿਵਾ ਸਕਦੇ ਪਰ ਸਰਕਾਰਾਂ ਨੇ ਇਨ੍ਹਾਂ ਕੋਲੋਂ ਸਿੱਖਿਆ ਦਾ ਅਧਿਕਾਰ ਵੀ ਖੋਹ ਲਿਆ ਹੈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਪੇਸਟਾਂ ਦੀ ਘਾਟ ਦਾ ਪੱਕਾ ਹੱਲ ਸਰਕਾਰ ਵਲੋਂ ਅਧਿਆਪਕਾਂ ਨਵੀਂ ਭਰਤੀ ਕਰਕੇ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਵਿਦਿਆਰਥੀਆਂ ਦੀ ਨਿਰਵਿਘਨ ਪੜ੍ਹਾਈ ਲਈ ਵਚਨਵੱਧ ਹਨ।