ਸਰਕਾਰ ਵੱਲੋਂ ਬਣਾਏ ਪਖਾਨਿਆਂ ’ਚ ਵੱਡਾ ਘਪਲਾ
Posted on:- 01-03-2016
-ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪਿੰਡ ਹੇਲਰਾਂ ਸਮੇਤ ਪੰਜਾਬ ਵਿਚ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪਖਾਨਿਆਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕੰਢੀ ਇਲਾਕੇ ਦੇ ਪਿੰਡਾਂ ਦੀ ਖਸਤਾ ਹਾਲਤ ਅਤੇ ਮੁਢੱਲੀਆਂ ਸਹੂਲਤਾਂ ਤੋਂ ਸਖਣੇ ਹੋਣ ਵੱਲ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਧਿਆਨ ਨਾ ਦੇਣ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅੱਜ ਵੀ ਗਰੀਬ ਲੋਕਾਂ ਦੇ ਘਰ ਬਿਨ੍ਹਾਂ ਪਖਾਨਿਆਂ ਤੋਂ ਹਨ, ਲੋਕ ਪੁਰਾਣੇ ਘੜਿਆਂ ਵਿਚ ਹੀ ਪਾਣੀ ਪੀਣ ਲਈ ਮਜਬੂਰ ਹਨ। ਕਈ ਘਰਾਂ ਦੀਆਂ ਛੱਤਾਂ ਹਾਲੇ ਵੀ ਖਸਤਾ ਹਾਲਤ ਵਿਚ ਹਨ ਤੇ ਘਰਾਂ ਦੀ ਰਸੋਈ ਅਤੇ ਬੈਡ ਰੂਮ ਸਾਂਝੇ ਹਨ ਤੇ ਬਹੁਤਿਆਂ ਵਿਚ ਪਖਾਨਿਆਂ ਦੇ ਗਟਰ ਵੀ ਰਸੋਈ ਦੇ ਨਾਲ ਹੀ ਬਣੇ ਹੋਏ ਹਨ। ਟੋਟਲ ਸੈਨੀਟੇਸ਼ਨ ਕੰਪੈਨ ਤਹਿਤ ਬਣੇ ਪਖਾਨਿਆਂ ਦੀਆਂ ਸਕੀਮਾਂ ਵਿਚ ਵੱਡੇ ਪੱਧਰ ਤੇ ਘਪਲੇ ਹੋਣ ਕਾਰਨ ਗਰੀਬਾਂ ਦੇ ਘਰਾਂ ਵਿਚ ਬਣੇ ਪਖਾਨੇ ਸਰਕਾਰੀ ਤੋਰ ਤੇ ਬਣੇ ਨਕਸ਼ੇ ਮੁਤਾਬਿਕ ਨਹੀਂ ਹਨ ।
ਜਿਥੇ ਦਰਵਾਜ਼ੇ ਲੱਗਣੇ ਸੀ ਉਥੇ ਲੋਕ ਫਟੀਆਂ ਚਾਦਰਾਂ ਦੇ ਪਰਦੇ ਲਗਾ ਕੇ ਡੰਗ ਟਪਾ ਰਹੇ ਹਨ,ਟੁੱਟੀਆਂ ਸੜਕਾਂ, ਸਿਹਤ ਸਹੂਲਤਾਂ ਤੋਂ ਸਰਕਾਰੀ ਤੰਗ ਦਿਲੀ ਦੇ ਸ਼ਿਕਾਰ ਹਨ ਅਤੇ ਬਹੁਤ ਸਾਰੇ ਹਾਲੇ ਕੱਚੇ ਘਰਾਂ ਨਾ ਜੁੜੇ ਹੋਏ ਹਨ। ਇਸ ਸਬੰਧ ਵਿਚ ਧੀਮਾਨ ਨੇ ਪਿੰਡ ਹੈਲਰਾਂ ਵਿਖੇ ਲੋਕਾਂ ਦੇ ਘਰਾਂ ਦੇ ਹਲਾਤ ਜਾਨਣ ਤੋਂ ਬਾਅਦ ਦੱਸਿਆ ਕਿ ਭਾਵੇਂ ਸਰਕਾਰ ਘਰਾਂ ਵਿਚ ਟੁਆਲਿਟਾਂ ਬਣਾਉਣ ਦੇ ਦਾਅਵੇ ਕਰ ਰਹੀ ਹੈ, ਪਰ ਉਸ ਕੰਮ ਵਿਚ ਭਾਰੀ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਗਰੀਬਾਂ ਨੂੰ ਨਾ ਤਾ ਪੂਰੇ ਪੈਸੇ ਦਿਤੇ ਜਾ ਰਹੇ ਹਨ ਤੇ ਲਾ ਹੀ ਪੂਰਾ ਮਟੀਰੀਅਲ।
ਉਹਨਾਂ ਕਿਹਾ ਕਿ ਭਾਵੇਂ ਸਰਕਾਰ ਲੋਕਾਂ ਦੇ ਘਰਾਂ ਵਿਚ ਟੁਆਲਿਟਾਂ ਬਣਾ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਜਿਹੜੇ ਪਖਾਨੇ ਬਣਾਉਣ ਦੀ ਸਕੀਮ ਅਪਣਾਈ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਤਬਾਹਕੁਨ ਸਾਬਤ ਹੋ ਰਹੀ ਹੈ, ਕਿਉਕਿ ਪਖਾਨਿਆਂ ਦਾ ਗੰਦਾ ਬਦਬੂ ਮਾਰਦਾ ਪਾਣੀ ਸਾਰਾ ਦਿਨ ਖੁਲੀਆਂ ਨਾਲੀਆਂ ਵਿਚ ਬਹਿ ਰਿਹਾ ਹੈ , ਜਿਸ ਕਾਰਨ ਵਾਤਾਵਰਣ ਪਲੀਤ ਹੋ ਰਿਹਾ ਹੈ । ਪਿੰਡਾਂ ਦੇ ਛੱਪੜ ਪੂਰੀ ਤਰ੍ਹ੍ਹਾਂ ਨਰਕ ਦਾ ਰੂਪ ਧਾਰਨ ਕਰ ਗਏ ਹਨ । ਇਹ ਬਦਬੂ ਮਾਰਦੇ ਛੱਪੜ ਲੋਕਾਂ ਨੂੰ ਕੈਂਸਰ ਰੂਪੀ ਬਿਮਾਰੀਆਂ ਵੰਡਣ ਤੋਂ ਸਿਵਾ ਕੁਝ ਵੀ ਲਾਭ ਨਹੀਂ ਦੇ ਰਹੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਅਸ਼ਵੱਛਤਾ ਨਾਲ ਸਮਝੋਤਾ ਨਾ ਕਰਨ ਅਤੇ ਸਰਕਾਰ ਦੀਆਂ ਦੋਗਲੀਆਂ ਅਤੇ ਭਿ੍ਰਸ਼ਟ ਨੀਤੀਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਜਾਵੇਗਾ।