ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਜਸਵੀਰ ਸਿੰਘ, ਬਲਰਾਜ ਸਿੰਘ ਬਬਲੀ, ਦਰਸ਼ਨ ਸਿੰਘ, ਬਲਕਾਰ ਸਿੰਘ, ਨੇ ਦੱਸਿਆ ਕਿ ਸਕੂਲ ਚ ਅਧਿਆਪਕਾਂ ਦੀਆਂ ਵੱਡੀ ਗਿਣਤੀ ਪੋਸਟਾਂ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ ਤੇ ਬੱਚਿਆਂ ਦੇ ਬੈਠਣ ਲਈ ਕਮਰੇ ਤੱਕ ਨਹੀਂ ਹਨ।ਅੱਜ ਕੜਾਕੇ ਦੀ ਸਰਦੀ ਚ ਬੱਚੇ ਖੁੱਲੇ ਆਸਮਾਨ ਹੇਠ ਕਲਾਸਾਂ ਲਗਾਉਣ ਲਈ ਮਜਬੂਰ ਹਨ।ਆਪਣੀ ਇਸ ਸਮੱਸਿਆ ਦੇ ਹੱਲ ਲਈ ਉਹ ਕਈ ਵਾਰ ਜਿਲਾ ਸਿੱਖਿਆ ਅਫਸਰ (ਸ) ਮਾਨਸਾ, ਡਿਪਟੀ ਕਮਿਸ਼ਨਰ ਮਾਨਸਾ, ਹਲਕਾ ਵਿਧਾਇਕ ਸਮੇਂਤ ਅਕਾਲੀ ਲੀਡਰਸ਼ਿੱਪ ਨੂੰ ਮਿਲੇ ਹਨ ਪਰ ‘ਪਰਨਾਲਾ ਉਥੇ ਦਾ ਉਥੇ ਹੀ ਹੈ।’ ਮਾਪਿਆਂ ਦੱਸਿਆ ਕਿ ਅੱਜ ਜਦ ਹਲਕਾ ਵਿਧਾਇਕ ਨੂੰ ਇਹ ਗੱਲ ਅਸੀਂ ਆਖੀ ਤਾਂ ਵਿਧਾਇਕ ਅੱਗ-ਬਬੂਲੇ ਹੋ ਗਏ ਤੇ ਭਾਵੁਕ ਹੋਏ ਇੱਥੋ ਤੱਕ ਕਹਿ ਗਏ ਕਿ ‘‘ਮੈ ਥੋਡੇ ਸਕੂਲ ਦਾ ਠੇਕਾ ਨੀ ਲਿਆ..ਤੇ ਸਾਡੇ ਤੋਂ ਨੀ ਪੂਰੇ ਹੁੰਦੇ ਥੋਡੇ ਸਕੂਲ ਚ ਮਾਸਟਰ...ਕਰਲੋ ਕੀ ਕਰਨਾ ਹੈ।’’ ‘‘ਓਧਰ ਵਿਧਾਇਕ ਦੇ ਇਨਾਂ ਲਫਜਾਂ ਤੋਂ ਗੁੱਸਾਏ ਸਕੂਲ ਪੜਦੇ ਬੱਚਿਆਂ ਦੇ ਮਾਪਿਆਂ ਨੇ ਅਕਾਲੀ ਆਗੂਆਂ ਨੂੰ ਇੱਥੋ ਤੱਕ ਕਹਿ ਦਿੱਤਾ ਕਿ ਜੇ ਥੋਡੇ ਤੋਂ ਸਕੂਲ ਚ ਮਾਸਟਰ ਪੂਰੇ ਨੀ ਹੁੰਦੇ ਤਾਂ ਸਾਡੇ ਪਿੰਡਾਂ ਚ ਵੋਟਾਂ ਮੰਗਣ ਆਉਣ ਦੀ ਲੋੜ ਵੀ ਨਹੀਂ।’’ਇਹ ਹੈ ਸੀਨੀਅਰ ਸੈਕੰਡਰੀ ਸਕੂਲ ਰਿਉਦ ਕਲਾਂ ਦਾ ਅਸਲੀ ਸੱਚ :
ਇੱਥੇ ਤੁਹਾਨੂੰ ਦੱਸ ਦੇਈਏ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਿਉਦ ਕਲਾਂ ਚ ਅੱਧੀ ਦਰਜਨ ਪਿੰਡਾਂ ਚੋਂ 676 ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ।ਜਿਨ੍ਹਾਂ ਚੋਂ 95 ਫੀਸਦ ਬੱਚੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਨਾਲ ਸਬੰਧਤ ਹਨ।ਭਾਵੇਂ ਸਕੂਲ ਸੀਨੀਅਰ ਸੈਕੰਡਰੀ ਹੈ ਅਤੇ ਲੈਕਚਰਾਰ ਦੀਆਂ 6 ਪੋਸਟਾਂ ਵੀ ਹਨ ਪਰ ਲੰਬੇ ਸਮੇਂ ਤੋਂ ਇੱਥੇ ਇੱਕ ਵੀ ਲੈਕਚਰਾਰ ਤਾਇਨਾਤ ਨਹੀਂ ਹੈ।ਮਾਸਟਰ ਕਾਡਰ ਦੀਆਂ ਕੁੱਲ 18 ਆਸਾਮੀਆਂ ਹਨ ਜਿਨ੍ਹਾਂ ਚੋਂ ਸਮਾਜਿਕ ਸਿੱਖਿਆ ਵਿਸ਼ੇ ਦੀਆਂ 6 ਚੋਂ 2, ਮੈਥ ਦੀਆਂ 4 ਚੋਂ 3, ਹਿੰਦੀ ਦੀਆਂ 2 ਚੋਂ 1, ਪੰਜਾਬੀ ਦੀਆਂ 2 ਚੋਂ 1, ਸਾਇਸ ਦੀਆਂ 3 ਚੋਂ 3 ਪੋਸਟਾਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ।ਸਕੂਲ ਚ ਪ੍ਰਿੰਸੀਪਲ ਦੀ ਪੋਸਟ ਵੀ ਖਾਲੀ ਹੈ।ਇਮਾਰਤ ਦਾ ਸੱਚ : ਖੁੱਲੇ ਆਸਮਾਨ ਹੇਠ ਕਲਾਸਾਂ ਚ ਲਗਾਉਦੇ ਨੇ ਬੱਚੇ
ਸਕੂਲ ਇੰਚਾਰਜ ਸ੍ਰੀਮਤੀ ਸੁਖਜੀਤ ਕੌਰ ਦੀ ਜੁਬਾਨੀ ਸਕੂਲ ਚ ਬੀਰੇਵਾਲਾ ਡੋਗਰਾ, ਦਸ਼ਮੇਸ਼ ਨਗਰ, ਜੀਵਨ ਨਗਰ, ਰਿਉਦ ਖੁਰਦ, ਰਿਉਦ ਕਲਾਂ ਤੇ ਬਾਜ਼ੀਗਰ ਬਸਤੀ ਪਿੰਡਾਂ ਨਾਲ 676 ਬੱਚਿਆਂ ਦੇ ਬੈਠਣ ਲਈ ਕਮਰਿਆਂ ਦੇ ਪੁਖਤਾ ਪ੍ਰਬੰਧ ਨਹੀਂ ਹਨ।ਸਕੂਲ ਇਮਾਰਤ ਦੇ ਖੰਡਰਨੁਮਾ ਕਮਰਿਆਂ ਨੂੰ ਸਰਕਾਰ ਵੱਲੋ ਢਹਿ-ਢੇਰੀ ਕਰਨ ਦੇ ਫਰਮਾਨ ਨਾਲ ਪੁਰਾਣੀ ਇਮਾਰਤ ਢਾਹ ਤਾਂ ਦਿੱਤੀ ਪਰ ਸਕੂਲ ਚ ਨਵੀਂ ਇਮਾਰਤ ਬਣਾਕੇ ਬੱਚਿਆਂ ਦੇ ਬੈਠਣ ਲਈ ਪੁਖਤਾ ਪ੍ਰਬੰਧ ਕਰਨ ਦਾ ਸਰਕਾਰ ਨੂੰ ਜਿਵੇਂ ਚੇਤਾ ਭੁੱਲ ਗਿਆ ਹੋਵੇ।ਸਕੂਲ ਮੱਖੀ ਨੇ ਦੱਸਿਆ ਕਿ ਗਿਣਤੀ ਦੇ ਹਿਸਾਬ ਨਾਲ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਭਾਵੇਂ ਸਟਾਫ ਰੂਮ ਅਤੇ ਲਾਇਬ੍ਰੇਰੀ ਅਤੇ ਅਜੂਸੈਟ ਵਾਲੇ ਕਮਰੇ ਚ ਵੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਪਰ ਅਜੇ ਵੀ ਸੱਤਵੀਂ, ਅੱਠਵੀਂ, ਗਿਆਰਵੀਂ ਦੇ ਬੱਚਿਆਂ ਦੀਆਂ ਕਲਾਸਾਂ ਖੁੱਲੇ ਆਸਮਾਨ ਹੇਠ ਲਗਾਉਣੀਆਂ ਪੈ ਰਹੀਆਂ ਹਨ।ਪ੍ਰਤੀਕਿਰਿਆ :
ਵਿਧਾਇਕ ਚਤਿੰਨ ਸਿੰਘ ਸਮਾਂਓ ਦਾ ਪੱਖ :
ਅਗਲੇ ਸਾਲ ਪੂਰੀ ਹੋਵੇਗੀ ਅਧਿਆਪਕਾਂ ਦੀ ਕਮੀ :ਵਿਧਾਇਕ ਸਮਾਂਓ
ਇਸ ਸਬੰਧੀ ਜਦ ਹਲਕਾ ਵਿਧਾਇਕ ਸ੍ਰ.ਚਤਿੰਨ ਸਿੰਘ ਸਮਾਂਓ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਲਾਕੇ ਦੇ ਲੱਗਭੱਗ ਸਾਰੇ ਸਕੂਲਾਂ ਅਧਿਆਪਕਾਂ ਦੀ ਕਮੀ ਹੈ,ਜਿਹੜੀ ਅਗਲੇ ਸਾਲ ਅਧਿਆਪਕਾਂ ਦੀ ਕੀਤੀ ਜਾ ਰਹੀ ਨਵੀਂ ਭਰਤੀ ਨਾਲ ਪੂਰੀ ਹੋਵੇਗੀ।ਉਨ੍ਹਾਂ ਕਿਹਾ ਅਧਿਆਪਕਾਂ ਦੀ ਕਮੀ ਦਾ ਇਹ ਮਾਮਲਾ ਉਨ੍ਹਾਂ ਕਈ ਵਾਰ ਵਿਧਾਨ ਸਭਾ ਚ ਵੀ ਉਠਾਇਆ ਹੈ।ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਬੋਹਾ ਦੇ ਸੀਨੀਅਰ ਸੈਕੰਡਰੀ ਸਕੂਲ ਚ ਲੱਖਾਂ ਰੁਪਏ ਦਾ ਗਬਨ ਕਰਨ ਵਾਲੇ ਪ੍ਰਿੰਸੀਪਲ ਵਿਜੇ ਕੁਮਾਰ ਭਾਰਦਵਾਜ ਦਾ ਮਾਮਲਾ ‘ਠੰਡੇ ਬਸਤੇ’ ’ਚ ਨਹੀਂ ਪਿਆ।ਸਰਕਾਰ ਦੁਆਰਾ ਉਕਤ ਪ੍ਰਿੰਸੀਪਲ ਵਿਰੁੱਧ ਕਾਰਵਾਈ ਜਾਰੀ ਹੈ ਅਤੇ ਜਲਦੀ ਹੀ ਕਾਰਵਾਈ ਜਨਹਿੱਤ ਕੀਤੀ ਜਾਵੇਗੀ।ਰਿਉਦ ਕਲਾਂ ਸਕੂਲ ਦੀ ਤ੍ਰਾਸਦੀ ਮਾਮਲੇ ਦੇ ਹਾਈਕੋਰਟ ਚ ਘੇਰਾਂਗੇ ਪੰਜਾਬ ਸਰਕਾਰ : ਐਡਵੋਕੇਟ ਵਿੱਕੀ
ਯੂਥ ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪੇਂਡੂ ਸਕੂਲ ਰਿਉਦ ਕਲਾਂ ਦੀ ਇਸ ਤ੍ਰਾਸਦੀ ਤੇ ਦੁੱਖ ਦਾ ਪ੍ਰਗਟਵਾ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਸਰਕਾਰੀ ਸਕੂਲ ਨੂੰ ਸਮੇਂ ਦੇ ਹਾਣਦਾ ਬਣਾਉਣ ਲਈ ਨਿੱਤ ਦਿਨ ਬਿਆਨ ਦਾਗ ਰਹੀ ਹੈ ਅਤੇ ਨੰਨੀ ਛਾਂ ਮੁਹਿੰਮ ਤਹਿਤ ਕੁੜੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਨ ਦੇ ਡਰਾਮੇ ਕਰ ਰਹੀ ਹੈ ਪਰ ਸਰਕਾਰੀ ਸਕੂਲਾਂ ਦਾ ਅਸਲੀ ਸੱਚ ਜਾਣਨ ਤੋਂ ਮੁਨਕਰ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਉਹ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਚ ਜਨਹਿੱਤ ਅਪੀਲ ਪਾਕੇ ਸਰਕਾਰ ਤੋਂ ਰਿਉਦ ਕਲਾਂ ਸਕੂਲ ਚ ਪੜਦੇ ਬੱਚਿਆਂ ਨਾਲ ਕੀਤੀ ਜਾ ਰਹੀ ਬੇਇੰਨਸਾਫੀ ਦਾ ਜਵਾਬ ਮੰਗਣਗੇ।ਵਿਧਾਇਕ ਸਮਾਂਓ ਦਾ ਜਵਾਬ ਗੈਰ-ਜ਼ੁੰਮੇਵਾਰਾਨਾ : ਆਪ
ਓਧਰ ਇਸ ਮਾਮਲੇ ਦੇ ਉਪਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਭਾਈ ਕ੍ਰਿਪਾਲ ਸਿੰਘ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਜਨਤਾ ਦੁਆਰਾ ਚੁਣੇ ਵਿਆਕਤੀਆਂ ਨੂੰ ਗੈਰ-ਜ਼ੁੰਮੇਦਾਰਨਾ ਬਿਆਨ ਸ਼ੋਭਾ ਨਹੀਂ ਦਿੰਦੇ ਜਿਸ ਨਾਲ ਰਾਜਨੀਤਿਕ ਆਗੂਆਂ ਮਿਆਰ ਨੂੰ ਢਾਹ ਲੱਗਦੀ ਹੈ।ਉਨ੍ਹਾਂ ਕਿਹਾ ਕਿ ਵੋਟਰ ਨੂੰ ਸਵਾਲ ਪੁੱਛਣ ਅਤੇ ਸਮੱਸਿਆਵਾਂ ਬਾਰੇ ਆਪਣੇ ਚੁੱਣੇ ਨੁਮਾਇਦਿਆਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਹੱਕ ਹੈ ਪਰ ਵਿਧਾਇਕ ਸਮਾਂਓ ਦਾ ਇਹ ਵਰਤਾਰਾ ‘ਖੇਦ ਜਨਕ’ ਹੈ।
ਗੁਰਦੀਪ ਸਿੰਘ
ਇਸ ਸਕੂਲ ਵਿੱਚ ਦਾਸ ਵੀ ਤਿੰਨ ਸਾਲ ਸੇਵਾ ਬਤੌਰ ਮੈਥ ਮਾਸਟਰ ਕਰ ਚੁੱਕਿਆਂ ਹੈ।ਪਿਛਲੇ ਵੀਹ ਸਾਲਾ ਤੋਂ ਸਕੂਲ ਸਟਾਫ਼ ਦੀ ਕਮੀ ਨਾਲ ਪੀੜਾ ਹੈ।ਮੇਰੇ ਸੇਵਾ ਕਾਲ ਸਮੇਂ ਉੱਥੇ ਸੱਤ ਜਮਾਤਾਂ ਲਈ ਕੇਵਲ ਤਿੰਨ ਅਧਿਆਪਕ ਸਨ। ਸਰਕਾਰਾਂ ਬਦਲਦੀਆਂ ਰਹੀਆਂ ਪਰ ਰਿਓਂਦ ਕਲਾਂ ਸਕੂਲ ਦੀ ਹਾਲਤ ਉਹੀ ਹੈ।