ਸਾਹਿਤ ਅਕੈਡਮੀ ਲੁਧਿਆਣਾ ਦੀਆਂ ਰਿਓੜੀਆਂ –ਮਿੱਤਰ ਸੈਨ ਮੀਤ
Posted on:- 16-01-2016
(ਟੈਗੋਰ ਰਚਨਾਵਲੀ ਪੁਸਤਕਾਂ ਦੇ ਤੋਹਫ਼ੇ)
ਦਸੰਬਰ, 2010 ਵਿਚ ਸਾਹਿਤ ਅਕੈਡਮੀ ਦਿੱਲੀ ਤੋਂ ਮਿਲੀ ਆਰਥਿਕ ਸਹਾਇਤਾ ਨਾਲ ਲੁਧਿਆਣਾ ਅਕੈਡਮੀ ਵੱਲੋਂ ਰਵਿੰਦਰ ਨਾਥ ਟੈਗੋਰ ਦੀਆਂ 12 ਪੁਸਤਕਾਂ ਦਾ ਇੱਕ ਸੈੱਟ 'ਟੈਗੋਰ ਰਚਨਾਵਲੀ' ਨਾਂ ਹੇਠ ਛਾਪਿਆ ਗਿਆ। ਸੈਟਾਂ ਦੀ ਗਿਣਤੀ 500 ਤੋਂ 1000 ਦੱਸੀ ਜਾਂਦੀ ਹੈ। ਉਸ ਸਮੇਂ ਇੱਕ ਸੈੱਟ ਦਾ ਮੁੱਲ 800/- ਰੁਪਏ ਰੱਖਿਆ ਗਿਆ ਸੀ। ਪੰਜਾਬੀ ਭਵਨ ਵਿਚ ਆਈਆਂ 'ਵੱਡੀਆਂ ਸ਼ਖਸੀਅਤਾਂ' ਨੂੰ ਇਹ ਸੈੱਟ ਤੋਹਫ਼ੇ ਵਿਚ ਦਿੱਤੇ ਜਾਣ ਲੱਗੇ। ਬਿਨਾਂ ਸ਼ੱਕ ਇਹ ਸੈੱਟ ਲੁਧਿਆਣਾ ਅਕੈਡਮੀ ਦਾ ਸਭ ਤੋਂ ਕੀਮਤੀ ਤੋਹਫ਼ਾ ਹੈ। ਤੋਹਫ਼ੇ ਦੇ ਤੌਰ ਤੇ ਖੁੱਲ ਕੇ ਦਿੱਤਾ ਜਾਣਾ ਚਾਹੀਦਾ ਹੈ। ਪਰ 'ਵੱਡੀਆਂ ਸ਼ਖਸੀਅਤਾਂ' ਦੀ ਚੋਣ ਦਾ ਕੋਈ ਅਧਾਰ ਜ਼ਰੂਰ ਹੋਣਾ ਚਾਹੀਦਾ ਹੈ। ਚਰਚਾ ਹੈ ਕਿ ਉਸ ਸਮੇਂ ਦੇ ਪ੍ਰਬੰਧਕਾਂ ਵੱਲੋਂ ਬਹੁਤੇ ਸੈੱਟ ਮਿੱਤਰਾਂ ਪਿਆਰਆਂ ਨੂੰ ਵੰਡ ਦਿੱਤੇ ਗਏ। ਤੋਹਫ਼ਿਆਂ 'ਚ ਗਏ, ਵਿਕੇ ਅਤੇ ਬਚੇ ਸੈਟਾਂ ਦਾ ਹਿਸਾਬ-ਕਿਤਾਬ ਸ਼ਾਇਦ ਇਸੇ ਲਈ ਅਕੈਡਮੀ ਨੇ ਨਹੀਂ ਰੱਖਿਆ। ਪ੍ਰਬੰਧਕਾਂ ਨੂੰ ਸਥਿਤੀ ਸਪੱਸ਼ਟ ਕਰਨ ਲਈ ਵਾਰ-ਵਾਰ ਬੇਨਤੀ ਕੀਤੀ ਗਈ ਪਰ ਅਕੈਡਮੀ ਵੱਲੋਂ ਚੁੱਪ ਧਾਰ ਲਈ ਗਈ। ਅੰਤ ਵਿਚ ਇੱਕ ਵਾਰ ਫਿਰ ਔਜਲਾ ਸਾਹਿਬ ਵੱਲੋਂ ਆਪਣੇ ਪੱਤਰ ਮਿਤੀ 05.12.2015 ਰਾਹੀਂ ਇਹ ਬੇਨਤੀ ਦੁਹਰਾਈ ਗਈ। ਮੰਗੀ ਗਈ ਸੂਚਨਾ: ਟੈਗੋਰ ਰਚਨਾਵਲੀ ਦੇ ਕਿੰਨੇ ਸੈੱਟ ਪ੍ਰਕਾਸ਼ਿਤ ਕੀਤੇ ਗਏ? ਕਿੰਨੇ ਸੈੱਟ ਵਿਕੇ ਅਤੇ ਕਿੰਨੇ ਤੋਹਫ਼ਿਆਂ ਵਿਚ ਦਿੱਤੇ ਗਏ? ਉਹਨਾਂ ਵਿਅਕਤੀਆਂ ਦੇ ਨਾਂ ਜਿਹਨਾਂ ਨੂੰ ਇਹ ਸੈੱਟ ਤੋਹਫ਼ੇ ਵਿਚ ਦਿੱਤੇ ਗਏ? ਕਿੰਨੇ ਸੈੱਟ 30.11.2015 ਨੂੰ ਅਕੈਡਮੀ ਦੇ ਸਟਾਕ ਵਿਚ ਉਪਲੱਬਧ ਸਨ?
ਉਪਲੱਬਧ ਕਰਵਾਈ ਗਈ ਸੂਚਨਾ: ਪੰਜਾਬੀ ਸਾਹਿਤ ਅਕੈਡਮੀ ਵੱਲੋਂ ਟੈਗੋਰ ਰਚਨਾਵਲੀ ਤਹਿਤ ਪ੍ਰਕਾਸ਼ਿਤ 12 ਪੁਸਤਕਾਂ ਦੀ ਗਿਣਤੀ ਵੱਖ ਵੱਖ ਹੈ ਅਤੇ ਸਾਰੀਆਂ ਬਾਰਾਂ ਪੁਸਤਕਾਂ ਦੇ ਸੈੱਟ ਤਿਆਰ ਕੀਤੇ ਗਏ। ਜਿਨ੍ਹਾਂ ਵਿਚੋਂ 125 ਸੈੱਟ ਪਿਛਲੀ ਟਰਮ ਮੌਕੇ ਡਾ.ਅਨੂਪ ਸਿੰਘ ਨੇ ਵੇਚ ਕੇ ਇੱਕ ਲੱਖ ਰੁਪਏ ਅਕੈਡਮੀ ਨੂੰ ਜਮ੍ਹਾਂ ਕਰਵਾਏ। ਪ੍ਰਧਾਨ ਜੀ ਦੇ ਹੋਰ ਸਾਥੀਆਂ ਨੇ ਵੀ ਇਸ ਤਰ੍ਹਾਂ ਕਈ ਸੈੱਟ ਵੇਚੇ ਹਨ। ਸਮੇਂ ਸਮੇਂ ਵੱਡੀਆਂ ਸ਼ਖਬੀਅਤਾਂ ਦੇ ਪੰਜਾਬੀ ਭਵਨ ਵਿਖੇ ਫੇਰਾ ਪਾਉਣ ਮੌਕੇ ਅਕੈਡਮੀ ਦੀਆਂ ਪ੍ਰਕਾਸ਼ਨਾਵਾਂ ਦੇ ਸੈੱਟ ਭੇਟਾ ਕੀਤੇ ਜਾਂਦੇ ਹਨ।
ਲੋਕ-ਕਚਿਹਰੀ ਸਾਹਮਣੇ ਪ੍ਰਸ਼ਨ: ਕੀ ਪੰਜ ਸਾਲ ਬਾਅਦ ਵੀ ਅਕੈਡਮੀ ਦੇ ਮੈਂਬਰਾਂ ਨੂੰ ਪੰਜ ਲੱਖ ਤੋਂ ਦਸ ਲੱਖ ਤੱਕ ਕੀਮਤ ਵਾਲੀਆਂ ਪੁਸਤਕਾਂ ਦੀ ਹਿਸਾਬ-ਕਿਤਾਬ ਅਤੇ 'ਵੱਡੀਆਂ ਸ਼ਖਸੀਅਤਾਂ' ਦੇ ਨਾਂ ਜਾਨਣ ਦਾ ਅਧਿਕਾਰ ਨਹੀਂ?
ਲੋਕ ਕਚਿਹਰੀ - 'ਚ ਦੂਜਾ ਮੁੱਦਾ ਪ੍ਰਬੰਧਕਾਂ ਦੀ ਕਾਰਜ਼ਕੁਸ਼ਲਤਾ (ਆਪਸੀ ਤਾਲਮੇਲ ਦੀ ਇੱਕ ਝਲਕ) ਅਕੈਡਮੀ ਦੀ ਇੱਕ ਦੁਕਾਨ ਲੋਕ ਗੀਤ ਪ੍ਰਕਾਸ਼ਨ ਕੋਲ ਕਿਰਾਏ ਤੇ ਹੈ। ਕੁਝ ਦੇਰ ਤੋਂ ਕਾਰੋਬਾਰ ਬੰਦ ਹੈ। ਦੁਕਾਨ ਨੂੰ ਜਿੰਦਾ ਲੱਗਾ ਹੋਇਆ ਹੈ। ਚਰਚਾ ਹੈ ਕਿ ਅੰਦਰ ਪ੍ਰਕਾਸ਼ਕ ਦੀਆਂ ਪੁਸਤਕਾਂ ਪਈਆਂ ਹਨ। ਵਿਤ ਅਤੇ ਭਵਨ ਪ੍ਰਬੰਧਕ ਵੱਲੋਂ ਪ੍ਰਬੰਧਕੀ ਬੋਰਡ ਦੀ ਮਿਤੀ 27.12.2015 ਦੀ ਮੀਟਿੰਗ ਵਿਚ ਪੇਸ਼ ਕੀਤੀ ਰਿਪੋਰਟ (ਮਿਤੀ 15.12.2015) ਵਿਚ ਲਿਖਿਆ ਹੈ ਕਿ 'ਦੁਕਾਨ ਦਾ ਕਬਜ਼ਾ ਹਾਲੇ ਤੱਕ ਉਨ੍ਹਾਂ (ਲੋਕ ਗੀਤ ਪ੍ਰਕਾਸ਼ਨ) ਪਾਸ ਹੀ ਹੈ'। ਮਿਤੀ 17.12.2015 ਨੂੰ ਔਜਲਾ ਸਾਹਿਬ ਨੂੰ ਲਿਖੇ ਪੱਤਰ ਵਿਚ ਜਨਰਲ ਸਕੱਤਰ ਸਾਹਿਬ ਲਿਖਦੇ ਹਨ 'ਲੋਕ ਗੀਤ ਪ੍ਰਕਾਸ਼ਨ 30 ਸਤੰਬਰ 2015 ਤੋਂ ਦੁਕਾਨ ਖਾਲੀ ਕਰ ਚੁੱਕੇ ਹਨ'। ਵਿਤ ਅਤੇ ਭਵਨ ਪ੍ਰਬੰਧਕ ਦੀ ਰਿਪੋਰਟ ਜ਼ਿਆਦਾ ਭਰੋਸੇਯੋਗ ਜਾਪਦੀ ਹੈ ਕਿਉਂਕਿ ਉਹ ਹਰ ਰੋਜ਼ ਪੰਜਾਬੀ ਭਵਨ ਆਉਂਦੇ ਹਨ। ਪ੍ਰਬੰਧਕ ਦੀ ਰਿਪੋਰਟ ਅਨੁਸਾਰ ਅਕੈਡਮੀ ਪ੍ਰਕਾਸ਼ਕ ਤੋਂ 01 ਅਕਤੂਬਰ 2015 ਤੋਂ ਕਿਰਾਇਆ ਵਸੂਲਣ ਦੀ ਹੱਕਦਾਰ ਹੈ।
ਲੋਕ-ਕਚਿਹਰੀ ਸਾਹਮਣੇ ਪ੍ਰਸ਼ਨ: ਕੀ ਅਕੈਡਮੀ ਦੇ ਮੈਂਬਰਾਂ ਨੂੰ ਇਹ ਜਾਨਣ ਦਾ ਹੱਕ ਨਹੀਂ ਹੈ ਕਿ ਦੁਕਾਨ ਉੱਪਰ ਲੱਗਾ ਜਿੰਦਾ ਕਿਸਦਾ ਹੈ? ਜਨਰਲ ਸਕੱਤਰ ਦੀ ਰਿਪੋਰਟ ਠੀਕ ਹੈ ਜਾਂ ਕਿ ਪ੍ਰਬੰਧਕ ਦੀ? ਪ੍ਰਕਾਸ਼ਕ ਤੋਂ ਇੱਕ ਅਕਤੂਬਰ 2015 ਤੋਂ ਬਾਅਦ ਦਾ ਕਿਰਾਇਆ ਵਸੂਲਿਆ ਜਾਵੇਗਾ ਜਾਂ ਨਹੀਂ।
ਨੋਟ: ਹਵਾਲੇ ਲਈ ਫੇਸਬੁੱਕ ਗਰੁੱਪ 'ਪੀ.ਡੀ.ਐਫ਼. ਬੁਕਸ ਇਨ ਪੰਜਾਬੀ '(PDF Books in Punjabi) ਵਿਚ ਉਪਲੱਬਧ ਪੀ.ਡੀ.ਐਫ਼. ਫ਼ਾਈਲ 'ਲੁਧਿਆਣਾ ਅਕੈਡਮੀ ਨਾਲ ਸਬੰਧਤ ਦਸਤਾਵੇਜ਼'(Ludhiana Academy nal samndat dastvej) ਦੇ ਪੰਨਾ ਨੰ:31 ਅਤੇ 78 ਦੇਖੇ ਜਾ ਸਕਦੇ ਹਨ।
ਬਲਰਾਜ ਚੀਮਾ
ਜਾਇਜ਼ ਪ੍ਰਸ਼ਨਾਂ ਦਾ ਉੱਤਰ ਹਰੇਕ ਉੱਤਰਦਾਇਕ ਸੰਸਥਾ ਵੱਲੋਂ ਦੇਣ ਬਣਦਾ ਹੈ। ਜੇ ਕਰ, ਪ੍ਰਸ਼ਨ ਗ਼ਲਤ ਹੋਵੇ ਜਾਂ ਪ੍ਰਸ਼ਨ ਅੰਦਰਲੇ ਤੱਥ ਦਰੁਸਤ ਨਾ ਹੋਣ ਤਾਂ ਅਜਿਹੀ ਸੰਸਥਾ ਨੂੰ ਨਸ਼ਰ ਕਰਨੇ ਚਾਹੀਦੇ ਹਨ ਨਹੀਂ ਤਾਂ ਸੰਸਥਾ ਦੀ ਸਾਖ ਬਾਰੇ ਭੁਲੇਖੇ ਬਣੇ ਰਹਿੰਦੇ ਹਨ , ਸਗੋਂ ਸਮਾ ਪਾ ਕੇ ਵਧਦੇ ਰਹੰਦੇ ਹਨ।