ਕੈਂਸਰ ਦੀ ਜਕੜ ਵਿੱਚ ਫਸਿਆ ਹੈ ਬੋਹਾ - ਜਸਪਾਲ ਸਿੰਘ ਜੱਸੀ
Posted on:- 16-10-2012
ਸਕੂਲ ’ਚ ਰੋਲ ਮਾਡਲ 9ਸਾਲਾ ਬਾਲੜੀ ਦੀ ਕੈਂਸਰ ਨਾਲ ਮੌਤ
ਕੈਂਸਰ ਦੇ ਦੈਂਤ ਨੇ ਅੱਜ ਬੋਹਾ ਵਾਸੀ ਇੱਕ ਮਜ਼ਦੂਰ ਪਰਿਵਾਰ ਦੀ 9 ਸਾਲਾ ਬਾਲੜੀ ਨੂੰ ਵੀ ਨਿਗਲ ਲਿਐ। ਇਸ ਤਰ੍ਹਾਂ ਬੋਹਾ ’ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧਕੇ 32 ਹੋ ਗਈ ਹੈ, ਜਦਕਿ 15 ਹੋਰ ਕੈਂਸਰ ਪੀੜਤ ਵਿਅਕਤੀ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਹਨ। ਪ੍ਰਾਪਤ ਵੇਰਵੇ ਅਨੁਸਾਰ ਬੋਹਾ ਵਾਸੀ ਬਲਵੀਰ ਸਿੰਘ ਦੇ ਘਰ 27 ਮਾਰਚ, 2003 ਦੇ ਦਿਨ ਪੈਦਾ ਹੋਣ ਵਾਲੀ ਰਮਨਦੀਪ ਕੌਰ ਰਮਨ ਨੂੰ ਦਿਮਾਗ਼ ਦਾ ਕੈਂਸਰ (ਬਰੇਨ ਟਿਊਮਰ) ਸੀ,ਜਿਸ ਦੀ ਪੁਸ਼ਟੀ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਨੇ ਕੀਤੀ ਸੀ।
ਡਾਕਟਰ ਬਣਨਾ ਚਹੁੰਦੀ ਸੀ ਮੇਰੀ ਧੀ : ਮ੍ਰਿਤਕ ਲੜਕੀ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਰਮਨ ਉਨ੍ਹਾਂ ਦੀ ਪਹਿਲੀ ਸੰਤਾਨ ਸੀ,ਜਿਸ ਦਾ ਪਾਲਣ ਪੋਸ਼ਣ ਉਨ੍ਹਾਂ ਨੇ ਪੁੱਤਾਂ ਵਾਂਗ ਕੀਤਾ ਸੀ।ਉਨ੍ਹਾਂ ਦੱਸਿਆ ਕਿ ਪੜ੍ਹ-ਲਿਖਕੇ ਡਾਕਟਰ ਬਣਨ ਦਾ ਸੁਪਨਾ ਲੈਣ ਵਾਲੀ ਰਮਨ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਸਿਰ ’ਚ ਦਰਦ ਦੱਸ ਰਹੀ ਸੀ,ਜਿਸ ਦੇ ਇਲਾਜ ਲਈ ਉਹ ਮਾਨਸਾ,ਬਠਿੰਡਾ ਅਤੇ ਸਿਰਸਾ ਦੇ ਡਾਕਟਰਾਂ ਤੋਂ ਦਵਾਈ ਲੈਣ ਦੇ ਨਾਲ-ਨਾਲ ਓਹੜ-ਪੋਹੜ ਵੀ ਕਰਦੇ ਰਹੇ।ਜਦ ਬਿਮਾਰੀ ਕਾਬੂ ਹੁੰਦੀ ਨਾ ਦਿੱਸੀ ਤਾਂ ਉਹ ਆਪਣੀ ਬੱਚੀ ਨੂੰ ਲੈਕੇ ਪੀ.ਜੀ.ਆਈ. ਚੰਡੀਗੜ੍ਹ ਪਹੁੰਚੇ ਜਿੱਥੋਂ ਦੇ ਡਾਕਟਰਾਂ ਨੇ ਪੂਰੇ ਟੈਸਟ ਕਰਕੇ,ਰਿਪੋਰਟਾਂ ਦੇ ਆਧਾਰ ’ਤੇ ਇਹ ਪੁਸ਼ਟੀ ਕੀਤੀ ਕਿ ਰਮਨ ਨੂੰ 'ਬਰੇਨ ਟਿਊਮਰ' ਹੈ ਅਤੇ ਉਸ ਦੀ ਇਹ ਬਿਮਾਰੀ ਆਖਰੀ ਸਟੇਜ 'ਤੇ ਹੈ।ਡਾਕਟਰਾਂ ਦੀ ਇਹ ਗੱਲ ਸੁਣਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ..! ਉਨ੍ਹਾਂ ਕਿਹਾ ਕਿ ਰਮਨ ਦੇ ਇਲਾਜ ਲਈ ਘਰ ਦੀ ਗ਼ਰੀਬੀ ਵੀ ਅੜਿੱਕਾ ਬਣੀ।
ਬੱਚਿਆਂ ਲਈ ਰੋਲ ਮਾਡਲ ਸੀ ਰਮਨ : ਬੁਢਲਾਡਾ ਪਬਲਿਕ ਸਕੂਲ ਬੋਹਾ ਦੇ ਪ੍ਰਿੰਸੀਪਲ,ਸ੍ਰ.ਸੁਖਪਾਲ ਸਿੰਘ ਨੇ ਦੱਸਿਆ ਕਿ ਰਮਨਦੀਪ ਉਨ੍ਹਾਂ ਦੇ ਸਕੂਲ ਦੀ 5ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਹੜੀ ਪਿਛਲੀਆਂ ਕਲਾਸਾਂ ’ਚ ਹਮੇਸ਼ਾਂ ਅੱਵਲ ਰਹੀ। ਉਨ੍ਹਾਂ ਦੱਸਿਆ ਕਿ ਰਮਨ ਦੀ ਅੰਗਰੇਜ਼ੀ ਅਤੇ ਹਿਸਾਬ ਵਿਸ਼ਿਆਂ ’ਤੇ ਕਮਾਲ ਦੀ ਪਕੜ ਸੀ,ਸਧਾਰਨ ਪਰਿਵਾਰ ਦੇ ਬੱਚਿਆਂ ’ਚ ਇਹ ਗੁਣ ਹੋਣਾ 'ਗੋਡ ਗਿਫਟਡ' ਬੱਚਿਆਂ ਦੀ ਨਿਸ਼ਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬਹੁਪੱਖੀ ਪ੍ਰਤਿਭਾਸ਼ਾਲੀ ਇਹ ਬੱਚੀ ਹਮੇਸ਼ਾਂ ਸਕੂਲ ਦੀਆਂ ਵਿਦਿਆਰਥਣਾ ਲਈ ਰੋਲ ਮਾਡਲ ਰਹੀ। ਸ੍ਰੀ. ਸਿੰਘ ਨੇ ਕਿਹਾ ਕਿ ਬੱਚੀ ਦੀ ਮੌਤ ਨਾਲ ਜਿੱਥੇ ਮਾਤਾ-ਪਿਤਾ ਨੂੰ ਠੇਸ ਪੁੱਜੀ ਹੈ, ਉੱਥੇ ਸਮਾਜ ਹੱਥੋਂ ਇੱਕ ਹੀਰਾ ਗੁਆਚ ਗਿਆ ਹੈ। ਉਨ੍ਹਾਂ ਰਮਨ ਦੀ ਮੌਤ ’ਤੇ ਸੋਗ ਵਜੋਂ ਸਕੂਲ ’ਚ ਇੱਕ ਦਿਨ ਦੀ ਛੁੱਟੀ ਵੀ ਐਲਾਣੀ।
ਕੈਂਸਰ ਨਾਲ 32 ਮੌਤਾਂ : ਸਿਹਤ ਵਿਭਾਗ ਦੀਆਂ ਸਰਵੇਅ ਰਿਪੋਰਟਾਂ ਮੁਤਾਬਿਕ ਬੋਹਾ ’ਚ ਕੈਂਸਰ ਨਾਲ ਹੁਣ ਤੱਕ ਹੋਣ ਵਾਲੀਆਂ ਮੌਤਾਂ ਦੀ ਗਿਣਤੀ 32 ਹੋ ਗਈ ਹੈ, ਜਦ ਕਿ 15 ਤੋਂ ਵੱਧ ਕੈਂਸਰ ਪੀੜਤ ਅੱਜ ਵੀ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਹਨ। ਕੈਂਸਰ ਨਾਲ ਮਰਨ ਵਾਲਿਆਂ ’ਚ ਵੱਡੀ ਗਿਣਤੀ ਮਰੀਜ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਹਨ। ਇੱਕ ਵੱਖਰੀ ਜਾਣਕਾਰੀ ਮੁਤਾਬਕ ਕੁਝ ਮਰੀਜ ਤਾਂ ਸਰਕਾਰ ਵੱਲੋਂ ਇਲਾਜ ਲਈ ਐਲਾਣੀ ਸਹਾਇਤਾ ਰਾਸ਼ੀ ਸਮੇਂ ਸਿਰ ਨਾ ਮਿਲਣ ਕਾਰਨ 'ਰੱਬ ਨੂੰ ਪਿਆਰੇ ਹੋ ਗਏ' ਤੇ ਕਈਆਂ ਦੀਆਂ ਫਾਇਲਾਂ ਰੱਦ ਹੋਗੀਆਂ। ਇਸ ਸੰਬੰਧੀ ਜਦ ਸਿਵਲ ਸਰਜਨ ਮਾਨਸਾ ਡਾ.ਬਲਦੇਵ ਸਿੰਘ ਸਹੋਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਂਸਰ ਪੀੜਤ ਮਰੀਜਾਂ ਲਈ ਪੰਜਾਬ ਸਰਕਾਰ ਦੁਆਰਾ ਐਲਾਣੀ ਸਹਾਇਤਾ ਰਾਸ਼ੀ ਸਬੰਧੀ ਮਰੀਜਾਂ ਦੀਆਂ ਆਉਣ ਵਾਲੀਆਂ ਫਾਇਲਾਂ ਨੂੰ ਤੁਰੰਤ ਪ੍ਰਭਾਵ ਅਧੀਨ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਂਦਾ ਹੈ।
Kamal Sexena
So Sad..