ਹੌਟ ਸਪਰਿੰਗਜ਼ ਦੇ ਸ਼ਹੀਦਾਂ ’ਚ ਸ਼ਾਮਲ ਸੀ ਜਵਾਨ ਸ਼ਹੀਦ ਸਰਵਣ ਦਾਸ
Posted on:- 24-09-2015
-ਸ਼ਿਵ ਕੁਮਾਰ ਬਾਵਾ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਪੁਰੇ ਦੇਸ਼ ਚ 21 ਅਕਤੂਬਰ ਨੂੰ ਮਨਾਇਆ ਜਾਣ ਵਾਲਾ ਪੁਲਿਸ ਯਾਦਗਾਰੀ ਦਿਨ ਜਿਹਨਾਂ ਦਸ ਜਵਾਨਾਂ ਦੀ ਸ਼ਹਾਦਤ ਉਪਰੰਤ ਸ਼ੁਰੂ ਹੋਇਆ ਸੀ ਉਹਨਾਂ ‘ਚ ਹੁਸ਼ਿਆਪੁਰ ਜ਼ਿਲ੍ਹੇ ਦੇ ਪਿੰਡ ਕਿੱਤਣਾ ਦਾ ਜਵਾਨ ਸਰਵਣ ਦਾਸ ਵੀ ਸ਼ਾਮਲ ਸੀ। 21 ਅਕਤੂਬਰ 1959 ਨੂੰ ਜੰਮੂ ਕਸ਼ਮੀਰ ਦੇ ਲੱਦਾਖ ਦੇ ਹੌਟ ਸਪਰਿੰਗਜ਼ ਖਿੱਤੇ ’ਚ ਸੀ.ਆਰ.ਪੀ.ਐਫ. ਦੇ ਦਸ ਜਵਾਨਾਂ ਨੂੰ ਚੀਨ ਦੇ ਸੈਨਿਕਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ।1961 ਤੋਂ ਉੱਥੇ ਬਣੇ ਸ਼ਹੀਦੀ ਸਮਾਰਕ ’ਤੇ ਸਾਰੇ ਰਾਜਾਂ ’ਚੋਂ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਆਪੋ ਆਪਣੇ ਨੁਮਾਇੰਦੇ ਭੇਜ ਕੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਸੀ.ਆਰ.ਪੀ.ਐਫ.ਵੱਲੋਂ ਤਾਂ ਉਸ ਸਥਾਨ ਨੂੰ ਇਕ ਤਰ੍ਹਾਂ ਨਾਲ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ। ਜਾਣਕਾਰੀ ਮੁਤਾਬਕ 21 ਅਕਤੂਬਰ 1959 ਨੂੰ ਡੀ.ਐਸ.ਪੀ. ਕਰਮ ਸਿੰਘ ਦੀ ਅਗਵਾਈ ’ਚ ਸੀ.ਆਰ.ਪੀ.ਐਫ. ਦੇ ਤਿੰਨ ਜਵਾਨ ਆਪਣੇ ਪਹਿਲਾਂ ਗਏ ਤਿੰਨ ਸਾਥੀਆਂ ਨੂੰ ਲੱਭਣ ਸਮੇਂ ਦੁਸ਼ਮਣ ਦੇ ਹਮਲੇ ’ਚ ਘਿਰ ਗਏ ਸਨ।ਚੀਨ ਦੇ ਫੌਜੀਆਂ ਨੇ ਇਹਨਾਂ ਨੂੰ ਹਥਿਆਰ ਸੁੱਟ ਦੇਣ ਲਈ ਕਿਹਾ ਸੀ ਲੇਕਿਨ ਡੀ.ਐਸ.ਪੀ. ਕਰਮ ਸਿੰਘ ਨੇ ਜ਼ਮੀਨ ਤੋਂ ਮਿੱਟੀ ਦੀ ਮੁੱਠ ਚੁੱਕ ਕੇ ਹਿੱਕ ਨਾਲ ਲਾਉਂਦਿਆਂ ਉਹਨਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਉਸ ਸਮੇਂ ਦੁਸ਼ਮਣ ਨਾਲ ਲੋਹਾ ਲੈਂਦਿਆਂ ਦਸ ਜਵਾਨ ਸ਼ਹੀਦ ਹੋ ਗਏ ਸਨ ਜਿਹਨਾਂ ’ਚ ਪਿੰਡ ਕਿੱਤਣਾ ਦਾ ਜਵਾਨ ਸਰਵਣ ਦਾਸ ਵੀ ਸ਼ਾਮਲ ਸੀ।ਬਾਕੀ ਜਵਾਨਾਂ ਨੂੰ ਦੁਸ਼ਮਣ ਨੇ ਜ਼ਖਮੀ ਹੋਣ ਕਰਕੇ ਫੜ ਲਿਆ ਸੀ ਤੇ ਉਹਨਾਂ ਤੇ ਬਹੁਤ ਅਣਮਨੁੱਖੀ ਤਸ਼ੱਦਦ ਕਰਨ ਉਪਰੰਤ ਭਾਰਤ ਦੇ ਹਵਾਲੇ ਕੀਤਾ ਗਿਆ ਸੀ।ਉਦੋਂ ਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਨਹੀਂ ਸੌਂਪੀਆਂ ਜਾਂਦੀਆਂ ਸਨ, ਜਿਸ ਕਾਰਨ ਉਥੇ ਹੀ ਸ਼ਹੀਦ ਹੋਏ ਜਵਾਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਜਿਥੇ ਕਿ ਹੁਣ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ।
ਸ਼੍ਰੀ ਸਰਵਣ ਦਾਸ ਦੀ ਮੌਤ ਸਮੇਂ ਉਸਦੀ ਸ਼ਾਦੀ ਨੂੰ ਇਕ ਦੋ ਸਾਲ ਹੀ ਹੋਏ ਸਨ ਤੇ ਪ੍ਰਚਲਤ ਰੀਤੀ ਰਿਵਾਜਾਂ ਅਨੁਸਾਰ ਸ਼ਹੀਦ ਦੀ ਪਤਨੀ ਸ਼੍ਰੀਮਤੀ ਨਸੀਬ ਕੌਰ ਨੂੰ ਸ਼ਹੀਦ ਦੇ ਛੋਟੇ ਭਰਾ ਸ਼੍ਰੀ ਪਰਗਣ ਸਿੰਘ ਦੇ ਘਰ ਵਸਾ ਦਿੱਤਾ ਗਿਆ ਸੀ।ਸ਼੍ਰੀ ਪਰਗਣ ਸਿੰਘ ਤੇ ਸ਼੍ਰੀਮਤੀ ਨਸੀਬ ਕੌਰ ਅੱਜ ਕੱਲ੍ਹ ਅਮਰੀਕਾ ਚ ਆਪਣੇ ਇੰਜੀਨੀਅਰ ਪੁੱਤਰ ਸੰਤੋਖ ਸਿੰਘ ਕੋਲ ਰਹਿ ਰਹੇ ਹਨ।
ਉਹਨਾਂ ਦਾ ਪਿੰਡ ਕਿੱਤਣਾ ਚ ਰਹਿੰਦਾ ਬੇਟਾ ਅਮਰਜੀਤ ਸਿੰਘ ਭਾਵੁਕ ਹੋਇਆ ਦੱਸਦਾ ਹੈ ਕਿ ਉਸਦੇ ਮਾਤਾ ਪਿਤਾ ਜਦ ਵੀ ਵਿਦੇਸ਼ ਚੋਂ ਆਉਂਦੇ ਤਾਂ ਹਮੇਸ਼ਾ ਇਕ ਟਰੰਕ ਦਾ ਜਿੰਦਰਾ ਖੋ੍ਹਲ ਕੇ ਰੋ ਪੈਂਦੇ ਸਨ ਜਿਸਦਾ ਰਾਜ ਸਾਨੂੰ ਨਹੀਂ ਪਤਾ ਸੀ ਲੇਕਿਨ ਕੁਝ ਦਿਨ ਪਹਿਲਾਂ ਜਦ ਸੀ.ਆਰ.ਪੀ.ਐਫ.ਦੇ ਕੁਝ ਜਵਾਨ ਸ਼ਹੀਦਾਂ ਬਾਰੇ ਇਕੱਠੇ ਕੀਤੇ ਜਾ ਰਹੇ ਅੰਕੜਿਆਂ ਦੇ ਸੰਬੰਧ ਵਿਚ ਘਰ ਆਏ ਤਾਂ ਮਾਤਾ ਪਿਤਾ ਨੇ ਜਿੰਦਰਾ ਤੋੜਨ ਲਈ ਕਹਿ ਦਿੱਤਾ।ਫਿਰ ਭੇਦ ਖੁਲ੍ਹਿਆ ਕਿ ਉਸ ਟਰੰਕ ਵਿਚ ਸ਼ਹੀਦ ਦੇ ਕੁਝ ਕਾਗਜ਼ਾਤ, ਉਰਦੂ ਚ ਲਿਖਿਆ ਇਕ ਪੱਤਰ ਤੇ ਉਸ ਦੁਆਰਾ ਵਰਤਿਆ ਜਾਣ ਵਾਲਾ ਸ਼ਹੀਦ ਹੋਣ ਉਪਰੰਤ ਸਾਥੀਆਂ ਵਲੋਂ ਭੇਜਿਆ ਗਿਆ ਕੁਝ ਸਮਾਨ ਸੀ।
ਅਮਰਜੀਤ ਅਨੁਸਾਰ ਉਸਦੇ ਦਾਦਾ ਦਾਦੀ (ਸ਼ਹੀਦ ਦੇ ਮਾਤਾ ਪਿਤਾ) ਨੂੰ ਵੀ ਪੱਤਰ ਦੀ ਮੌਤ ਦਾ ਗਹਿਰਾ ਸਦਮਾ ਸੀ।ਜਦ ਕਦੇ ਬੱਚੇ ਲੜ ਪੈਂਦੇ ਤਾਂ ਉਹ ਕਿਹਾ ਕਰਦੇ ਸਨ, “ਜੇ ਲੜਨਾ ਹੈ ਤਾਂ ਚੀਨ ਦੇ ਬਾਡਰ ਤੇ ਜਾ ਕੇ ਲੜੋ ਚੀਨ ਦੇ ਫੌਜੀਆਂ ਨਾਲ …”
ਜਿੱਥੇ ਪੂਰੇ ਦੇਸ਼ ਦੀ ਪੁਲਸ ਹਰ ਵਰ੍ਹੇ ਇਹਨਾਂ ਸ਼ਹੀਦਾਂ ਨੂੰ ਸਿਜਦਾ ਕਰਦੀ ਹੈ ਉਥੇ ਸ਼ਹੀਦ ਸਰਵਣ ਦਾਸ ਦੇ ਪਿੰਡ ਜਾਂ ਇਲਾਕੇ ਚ ਬਹੁਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।ਸ਼ਹੀਦੀ ਉਪਰੰਤ 55 ਸਾਲ ਬੀਤ ਜਾਣ ਦੇ ਬਾਵਜੂਦ ਸ਼ਹੀਦ ਦੇ ਪਰਿਵਾਰ ਨੂੰ ਨਾ ਤਾਂ ਕਦੇ ਸਰਕਾਰ ਨੇ ਮਾਣ ਸਨਮਾਨ ਦਿੱਤਾ ਹੈ ਤੇ ਨਾ ਹੀ ਪ੍ਰਸਾਸ਼ਨ ਨੇ। ਹਾਲਾਂਕਿ ਇਸ ਪਰਿਵਾਰ ਵਲੋਂ ਪਿੰਡ ਦੇ ਸਕੂਲ਼ ਚ ਹਰੇਕ ਸਾਲ ਸਟੇਸ਼ਨਰੀ,ਵਰਦੀਆਂ ਤੇ ਹੋਰ ਸਮਾਨ ਦੇਣ ਤੋਂ ਇਲਾਵਾ ਸਮੇ ਸਮੇ ਤੇ ਲੋੜਵੰਦਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ। ਪਿੰਡ ਦੇ ਸਰਪੰਚ ਸ਼੍ਰੀ ਰਣਬੀਰ ਸਿੰਘ ਅਨੁਸਾਰ ਉਹਨਾਂ ਵਲੋਂ ਸ਼ਹੀਦ ਦੀ ਢੁਕਵੀਂ ਯਾਦਗਾਰ ਬਣਾਉਣ ਲਈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ।