ਅਧਿਆਪਕਾਂ ਤੋਂ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਨੂੰ ਮਾਪਿਆਂ ਮਾਰਿਆ ‘ਜਿੰਦਰਾ’
Posted on:- 31-08-2015
- ਜਸਪਾਲ ਸਿੰਘ ਜੱਸੀ
ਸਕੂਲ ਚ ਅਧਿਆਪਕਾਂ ਦੀ ਕਮੀ ਜਦਲੀ ਹੋਵੇਗੀ ਪੂਰੀ
: ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾ.)
ਬੋਹਾ: ਅਧਿਆਪਕਾਂ ਤੋ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ’ਚ ਬੱਚਿਆਂ ਦੇ ਮਾਪਿਆਂ ਨੇ ਅੱਜ ਸਕੂਲ ਚ ਅਧਿਆਪਕ ਨਾ ਹੋਣ ਦੇ ਰੋਸ ਵਜੋਂ ਜਿੱਥੇ ਸਕੂਲ ਨੂੰ ਜਿੰਦਰਾ ਮਾਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ, ਉਥੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਆਉਂਦੇ ਕੁਝ ਦਿਨਾਂ ’ਚ ਸਕੂਲ ਵਿਖੇ ਲੋੜੀਂਦੀ ਮਾਤਰਾ ਅਨੁਸਾਰ ਅਧਿਆਪਕ ਨਾ ‘ਭੇਜੇ’ ਤਾਂ ਉਹ ਪੰਜਾਬ ਸਰਕਾਰ ਦੇ ਸਾਰੇ ਸਮਾਗਮਾਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ‘ਮੰਤਰੀਆਂ-ਸੰਤਰੀਆਂ’ ਨੂੰ ਪਿੰਡ ਚ ਦਾਖਲ ਹੋਣ ਤੋ ਵਰਜਣ ਦੇ ਨੋਟਿਸ ਬੋਰਡ ਲਗਾਉਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਨੰਬਰਦਾਰ, ਕਮੇਟੀ ਮੈਂਬਰ ਪ੍ਰਿਤਪਾਲ ਸਿੰਘ, ਨਛੱਤਰ ਸਿੰਘ, ਪਾਲਾ ਸਿੰਘ, ਬੀਰਪਾਲ ਕੌਰ, ਬੇਅੰਤ ਕੌਰ, ਕੀਰਾਂ ਕੌਰ, ਜਸਵੀਰ ਕੌਰ, ਰਾਜ ਕੌਰ, ਅਦਿ ਨੇ ਦੱਸਿਆ ਕਿ ਸਕੂਲ ਚ ਪੜ੍ਹਦੇ ਬੱਚਿਆਂ ਚੋ 96 ਫੀਸਦੀ ਬੱਚੇ ਅਨੁਸੂਚਿਤ ਜਾਤੀ ਦੇ ਹਨ ਪਰ ਸਕੂਲ ਕੇਵਲ ’ਤੇ ਕੇਵਲ ਇੱਕ ਅਧਿਆਪਕ ਦੇ ਆਸਰੇ ਚੱਲ ਰਿਹਾ ਹੈ।
ਉਨ੍ਹਾਂ ਤਰਕਸੰਗਤ ਹੁੰਦਿਆਂ ਕਿਹਾ ਕਿ ਇੱਕ ਅਧਿਆਪਕ ਪੰਜ ਜਮਾਤਾਂ ਨੂੰ ਪੜ੍ਹਾਵੇਗਾ ਜਾਂ
ਕੇਵਲ ਅਨੁਸ਼ਾਸਨ ’ਚ ਬਿਠਾਵੇਗਾ,ਮਿਡ-ਡੇ-ਮੀਲ ਦਾ ਕੰਮ ਕਰੇਗਾ ਜਾਂ ਸਕੂਲ ਦੀਆਂ ਡਾਕਾਂ
ਤਿਆਰ ਕਰੇਗਾ,ਬੱਚਿਆਂ ਦੇ ਬੈਕ ਖਾਤੇ ਖੁਲਾਵੇ ਜਾਂ ਪ੍ਰਵੇਸ਼ ਦਾ ਸਲੇਬਸ..! ਸਕੂਲ ਮਨੇਜਮੈਟ
ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਉਹ ਆਪਣੀ ਇਸ ਸਮੱਸਿਆ ਪ੍ਰਤੀ
ਜ਼ਿਲ੍ਹਾ ਸਿੱਖਿਆ ਅਫਸਰ(ਪ੍ਰਾ:)ਸ੍ਰ.ਜਸਪ੍ਰੀਤ ਸਿੰਘ ਨੂੰ ਲਗਾਤਾਰ ਕਈ ਵਾਰ ਮਿਲ ਚੁੱਕੇ
ਹਨ ਪਰ ‘ਪਰਨਾਲਾ ਉੱਥੇ ਦਾ ਉੱਥੇ’ ਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਸਕੂਲ ਨੂੰ
ਜਿੰਦਰਾ ਮਾਰਕੇ ‘ਕੇਵਲ’ ਸਰਕਾਰ ਅਤੇ ਸਿੱਖਿਆ ਵਿਭਾਗ ਪ੍ਰਤੀ ਪਿੰਡ ਵਾਸੀਆਂ ਚ ਪਾਏ ਜਾ
ਰਹੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜੇਕਰ ਸਕੂਲ ਚ ਜਲਦੀ ਕੋਈ ਅਧਿਆਪਕ ਨਾ ਭੇਜਿਆ
ਗਿਆ ਤਾਂ ਉਹ ਸਰਕਾਰ ਦਾ ਮੁਕੰਮਲ ਬਾਈਕਾਟ ਕਰਨਗੇ। ਮਾਪਿਆਂ ਨੇ ਇਹ ਵੀ ਕਿਹਾ ਕਿ ਅਜਿਹਾ
ਕਰਕੇ ਸਰਕਾਰ ਗਰੀਬ ਵਰਗਾਂ ਦੇ ਬੱਚਿਆਂ ਨੂੰ ਵਿੱਦਿਆ ਤੋਂ ਵਾਂਝੇ ਕਰਨ ਦੇ ਕੋਝੇ ਯਤਨ ਕਰ
ਰਹੀ ਹੈ। ਜਿਸ ਨਾਲ ਸਰਕਾਰ ਦਾ ਗਰੀਬ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ
ਕਿ ਜਿਹੜੀ ਸਰਕਾਰ ਉਨ੍ਹਾਂ ਦੇ ਬੱਚਿਆਂ ਤੋ ਪੜ੍ਹਨ ਦਾ ਹੱਕ ਖੋਹ ਰਹੀ ਹੈ ਅਜਿਹੀ ਸਰਕਾਰ
ਦੇ ਮੰਤਰੀਆਂ-ਸੰਤਰੀਆਂ ਦਾ ਉਹ ਮੁਕੰਮਲ ਬਾਈਕਾਟ ਕਰਨਗੇ ਅਤੇ ਅਕਾਲੀ-ਭਾਜਪਾ ਗੱਠਜੋੜ
ਸਰਕਾਰ ਦੇ ਨੁਮਾਇਦਿਆਂ ਨੂੰ ਪਿੰਡ ਚ ਦਾਖਲ ਹੋਣ ਤੋ ਵਰਜਣ ਲਈ ਪਿੰਡ ਦੀਆਂ ਹੱਦਾਂ ਉਪਰ
ਨੋਟਿਸ ਬੋਰਡ ਲਗਾਉਣਗੇ।ਇਸ ਮੌਕੇ ਹੋਰਨਾਂ ਤੋ ਇਲਾਵਾ ਵਿਸਾਖਾ ਸਿੰਘ,ਸੱਚਦੇਵ
ਸਿੰਘ,ਗੁਰਪ੍ਰੀਤ ਸਿੰਘ,ਹਰਜੀਤ ਸਿੰਘ,ਸੁਖਚੈਨ ਸਿੰਘ,ਮਹਿੰਦਰ ਸਿੰਘ,ਸੁਖਦੇਵ ਸਿੰਘ,ਸਾਹਿਬ
ਸਿੰਘ ਸਮੇਤ ਵੱਡੀ ਗਿਣਤੀ ਮਾਪੇ ਹਾਜਰ ਸਨ।ਇਸ ਸਬੰਧੀ ਜਦ ਜਿਲਾ ਸਿੱਖਿਆ ਅਫਸਰ
(ਪ੍ਰਾ.)ਮਾਨਸਾ ਸ੍ਰ.ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ
ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਵਿਖੇ ਅਧਿਆਪਕਾਂ ਦੀ ਕਮੀ ਜਲਦੀ ਪੂਰੀ ਕਰਨਗੇ।