ਉੱਤਰ ਪ੍ਰਦੇਸ਼ ਵਿੱਚ ਬੇਘਰ ਹਨ ਸਿਕਲੀਗਰ ਸਿੱਖ - ਭਾਵਨਾ ਮਲਿਕ
Posted on:- 26-09-2012
ਸਰਵਜਨ ਹਿਤਾਏ ਗ਼ਰੀਬ ਆਵਾਸ (ਸਲੱਮ ਏਰੀਆ) ਮਾਲਿਕਾਨਾ ਹੱਕ ਯੋਜਨਾ ਦੇ ਤਹਿਤ ਪੂਰੇ ਪੈਸੇ ਜਮ੍ਹਾਂ ਕਾਰਵਾਉਣ ਤੋਂ ਬਾਅਦ ਵੀ ਯੂ.ਪੀ. 'ਚ ਪਿਛਲੇ 40 ਸਾਲਾਂ ਤੋਂ ਵਸੇ ਸਿੱਖ ਸਿਕਲੀਗਰ ਘਰੋਂ ਬੇਘਰ ਹਨ। ਸਿੱਖ ਸਿਕਲੀਗਰ ਪਰਿਵਾਰਾਂ ਨੇ 1972 'ਚ ਆਮ ਕਾ ਰੋਡ, ਬਰੜੇ ਬਾਬੂ ਤਲਾਬ ਕੇ ਪਾਸ, ਬਰਹੰਪੁਰੀ ਦਾਦਰੀ ਯੂ.ਪੀ. ਵਿਖੇ ਆਪਣੀਆਂ ਝੌਂਪੜੀਆਂ ਬਣਾਈਆਂ ਸਨ। ਇਹ ਸਰਕਾਰੀ ਜ਼ਮੀਨ ਹੋਣ ਕਾਰਨ ਸਰਕਾਰ 2009 ਵਿਚ ਸਿਕਲੀਗਰਾਂ ਤੋਂ ਇਹ ਜ਼ਮੀਨ ਖ਼ਾਲੀ ਕਰਵਾਣਾ ਚਾਹੁੰਦੀ ਸੀ ਪਰ ਇਨ੍ਹਾਂ (ਸਿਕਲੀਗਰਾਂ) ਦੇ ਅਰਜ਼ੀ ਦੇਣ 'ਤੇ ਸਰਕਾਰ ਨੇ ਇਹ ਜ਼ਮੀਨ 15 ਰੁਪਏ ਮੀਟਰ ਦੇ ਮੁੱਲ 'ਤੇ ਸਿਕਲੀਗਰਾਂ ਨੂੰ ਪੱਕੀ ਹੀ ਅਲਾਟ ਕਰ ਦਿੱਤੀ। ਮੁੱਖ ਮੰਤਰੀ ਮਾਇਆਵਤੀ ਨੇ ਵੀ ਐਲਾਨ ਕੀਤਾ ਕਿ ਹਰ ਪਰਿਵਾਰ ਨੂੰ 15 ਵਰਗ ਮੀਟਰ ਦੇ ਹਿਸਾਬ ਨਾਲ 30 ਮੀਟਰ ਦਾ ਪਲਾਟ, ਦਿੱਤਾ ਜਾਏ ਤਾਂ ਕਿ ਝੌਂਪੜੀਆਂ ਦੀ ਜਗ੍ਹਾ ਪੱਕੇ ਮਕਾਨ ਬਣ ਸਕਣ। ਹਰ ਇਕ ਘਰ ਵਿਚ 2 ਕਮਰੇ, 1 ਰਸੋਈ ਅਤੇ ਇਕ ਬਾਥਰੂਮ ਬਣਵਾਉਣ ਦੀ ਗੱਲ ਪੱਕੀ ਕੀਤੀ ਗਈ।
ਅਪਰੈਲ, 2010 ਵਿਚ ਆਈ.ਐੱਚ.ਐੱਸ.ਡੀ.ਪੀ. ਸਕੀਮ ਦੇ ਤਹਿਤ ਸਿੱਖ ਸਿਕਲੀਗਰਾਂ ਨੇ ਇਕ ਅਰਜ਼ੀ ਸੀ.ਡੀ.ਓ. ਅਫ਼ਸਰ ਗੌਤਮ ਬੁੱਧ ਨਗਰ ਨੂੰ ਦਿੱਤੀ, ਜਿਸ ਵਿਚ ਘਰ ਬਣਵਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਇਸ ਅਰਜ਼ੀ ਤੋਂ ਬਾਅਦ ਇਹ ਕੰਮ ਡੀ.ਯੂ.ਡੀ.ਏ. (ਡਿਸਟ੍ਰਿਕਟ ਅਰਬਨ ਡਿਵੈੱਲਪਮੈਂਟ ਅਥਾਰਟੀ) ਨੂੰ ਸੌਂਪ ਦਿੱਤਾ ਗਿਆ। ਪਰਿਯੋਜਨ ਅਫ਼ਸਰ ਦੇ ਕਹਿਣ 'ਤੇ ਸਿੱਖ ਸਿਕਲੀਗਰਾਂ ਨੇ ਹਰ ਇਕ ਮਕਾਨ ਲਈ 15,500 ਰੁਪਏ ਨਕਦੀ ਦੇ ਰੂਪ ਵਿਚ ਜਮ੍ਹਾਂ ਕਰਵਾ ਦਿੱਤੇ, ਪਰ ਇਨ੍ਹਾਂ ਜਮ੍ਹਾਂ ਕੀਤੇ ਗਏ ਪੈਸਿਆਂ ਦੀ ਕੋਈ ਵੀ ਰਸੀਦ ਨਹੀਂ ਦਿੱਤੀ ਗਈ। ਉਸ ਬਸਤੀ ਦੇ ਰਿਹਾਇਸ਼ੀ ਅਤੇ ਪੀੜਿਤ ਆਜ਼ਾਦ ਸਿੰਘ ਦੇ ਮੁਤਾਬਿਕ 96,000 ਰੁਪਏ ਅਤੇ 50,000 ਰੁਪਏ ਦੀਆਂ ਦੋ ਕਿਸ਼ਤਾਂ 'ਚ ਸਿੱਖ ਸਿਕਲੀਗਰ ਇਹ ਪੂਰਾ ਪੈਸਾ ਜਮ੍ਹਾਂ ਕਰਵਾ ਚੁੱਕੇ ਹਨ। ਰਸੀਦ ਮੰਗਣ 'ਤੇ ਜੇ.ਈ. ਅਤੇ ਪਰਿਯੋਜਨ ਅਫ਼ਸਰ ਰਾਜੇਸ਼ ਸਿੰਘ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਵਕਤ ਆਉਣ 'ਤੇ ਰਸੀਦ ਮਿਲ ਜਾਏਗੀ। ਇਹ ਰਸੀਦ ਅੱਜ ਵੀ ਸਿਕਲੀਗਰਾਂ ਨੂੰ ਨਹੀਂ ਦਿੱਤੀ ਗਈ।
ਕੁੱਲ 14 ਮਕਾਨ ਪੱਕੇ ਬਣੇ ਸਨ, ਜਿਸ ਵਿਚ 12 ਸਿੱਖ ਸਿਕਲੀਗਰਾਂ ਦੇ ਸਨ ਅਤੇ 2 ਮਕਾਨ ਮੁਸਲਮਾਨ ਪਰਿਵਾਰਾਂ ਦੇ ਸਨ। ਸ਼ੁਰੂਆਤੀ ਦੌਰ ਵਿਚ 6 ਮਕਾਨਾਂ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਡੇਢ ਮਹੀਨੇ ਬਾਅਦ ਕੰਮ ਰੋਕ ਦਿੱਤਾ ਗਿਆ। ਇਸ ਦੀ ਸ਼ਿਕਾਇਤ ਸੀ.ਡੀ.ਓ. ਅਫ਼ਸਰ ਨੂੰ 2462010 ਨੂੰ ਕੀਤੀ ਗਈ, ਜਿਸ ਦੇ ਚਲਦੇ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਅਤੇ 6 ਘਰ ਬਣਨ ਤੋਂ ਬਾਅਦ ਕੰਮ ਫਿਰ ਬੰਦ ਕਰ ਦਿੱਤਾ ਗਿਆ। ਇਸ ਦੀ ਸ਼ਿਕਾਇਤ ਦੁਬਾਰਾ ਅਫ਼ਸਰ ਨੂੰ 192010 ਨੂੰ ਕੀਤੀ ਗਈ ਪਰ ਕੁਝ ਦਿਨ ਕੰਮ ਸ਼ੁਰੂ ਹੋਣ ਤੋਂ ਬਾਅਦ ਫਿਰ ਬੰਦ ਕਰ ਦਿੱਤਾ ਗਿਆ। ਆਜ਼ਾਦ ਸਿੰਘ ਮੁਤਾਬਿਕ ਸੀ.ਡੀ.ਓ. ਅਫ਼ਸਰਾਂ ਦੀ ਵਾਰ-ਵਾਰ ਬਦਲੀ ਕਾਰਨ ਇਹ ਕੰਮ ਵਿਚੇ ਲਟਕਾਇਆ ਹੋਇਆ ਹੈ। ਪਹਿਲੇ ਪ੍ਰੋਜੈਕਟ ਅਫ਼ਸਰ ਰਾਜੇਸ਼ ਸਿੰਘ ਨੂੰ ਇਸ ਦੀ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਪਰ ਕੰਮ ਰੁਕਿਆ ਰਿਹਾ ਅਤੇ ਮੌਜੂਦਾ ਸਮੇਂ ਕੋਈ ਮਹਿਲਾ ਅਫ਼ਸਰ ਹਨ ਜਿਨ੍ਹਾਂ ਨੂੰ 2352012 ਨੂੰ ਅਰਜ਼ੀ ਦਿੱਤੀ ਗਈ ਹੈ ਪਰ ਅਜੇ ਵੀ ਕੋਈ ਸੁਣਵਾਈ ਨਹੀਂ ਹੋਈ।
ਸੰਨ 2011 ਵਿਚ 6 ਘਰ ਪੂਰੇ ਬਣਾਉਣ ਤੋਂ ਬਾਅਦ 4 ਘਰਾਂ ਦੀਆਂ ਹੋਈ ਸਿਰਫ਼ ਦੀਵਾਰਾਂ ਖੜ੍ਹੀਆਂ ਕਰਕੇ ਬਗੈਰ ਲੈਂਟਰ ਦੇ ਹੀ ਕੰਮ ਬੰਦ ਕਰ ਦਿੱਤਾ ਗਿਆ। 2 ਘਰਾਂ ਦੀ ਨੀਂਹ ਖੋਦਣ ਤੋਂ ਬਾਅਦ ਬਾਕੀ ਦੋ ਘਰਾਂ ਦਾ ਕੰਮ ਵੀ ਸ਼ੁਰੂ ਹੀ ਨਹੀਂ ਕੀਤਾ ਗਿਆ। ਇਹ 4 ਘਰ ਅਜੇ ਵੀ ਬਗੈਰ ਛੱਤਾਂ ਦੇ ਹਨ। ਇਸ ਦੀ ਸ਼ਿਕਾਇਤ ਲਿਖਤੀ ਰੂਪ ਵਿਚ 862011 ਨੂੰ, 192011 ਨੂੰ ਅਤੇ 2352012 ਨੂੰ ਕੀਤੀ ਗਈ ਪਰ ਸਰਕਾਰੀ ਅਫ਼ਸਰਾਂ 'ਤੇ ਕੋਈ ਅਸਰ ਨਹੀਂ ਹੋਇਆ। ਸਿੱਖ ਸਿਕਲੀਗਰਾਂ ਵੱਲੋਂ 3 ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਡੀ.ਐੱਮ. ਦਾਦਰੀ ਨਾਲ ਮੁਲਾਕਾਤ ਨਹੀਂ ਹੋ ਸਕੀ।
ਸਰਕਾਰ ਵੱਲੋਂ ਪੂਰੇ ਕੀਤੇ ਗਏ ਘਰਾਂ ਵਿਚ ਜੋ ਬਾਥਰੂਮ ਬਣੇ ਹਨ, ਉਨ੍ਹਾਂ ਵਿਚ ਨਾ ਸੀਟ ਲਗਵਾਈ ਗਈ ਹੈ ਤੇ ਨਾ ਹੀ ਪਾਣੀ ਦੀ ਟੈਂਕੀ। ਸਿੱਖ ਪਰਿਵਾਰ ਜੰਗਲ ਵਿਚ ਬਾਥਰੂਮ ਜਾਂਦੇ ਹਨ ਅਤੇ ਪੀਣ ਦੇ ਪਾਣੀ ਦਾ ਬੋਰ ਵੀ ਕੱਚਾ ਹੈ। ਕੋਈ ਵੀ ਨਲਕਾ ਸਰਕਾਰ ਵੱਲੋਂ ਇਨ੍ਹਾਂ ਸਾਲਾਂ ਵਿਚ ਨਹੀਂ ਲਗਵਾਇਆ ਗਿਆ। ਘਰਾਂ ਦੇ ਨਜ਼ਦੀਕ ਜੋ ਤਲਾਬ ਹੈ ਉਸ ਦਾ ਪਾਣੀ ਮੱਛਰਾਂ ਨਾਲ ਭਰਿਆ ਹੋਇਆ ਹੈ ਅਤੇ ਬਦਬੂਦਾਰ ਹੈ। ਬਾਰਿਸ਼ ਦਾ ਸਾਰਾ ਪਾਣੀ ਘਰਾਂ ਵਿਚ ਭਰ ਗਿਆ ਹੈ ਅਤੇ ਮੱਛਰਾਂ ਨਾਲ ਬੱਚਿਆਂ 'ਚ ਬੁਖ਼ਾਰ ਵੀ ਫੈਲ ਰਿਹਾ ਹੈ। ਨਗਰ ਪਾਲਿਕਾ ਨੂੰ ਕਈ ਵਾਰ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ। ਬਿਜਲੀ ਦੀਆਂ ਤਾਰਾਂ ਖੁੱਲ੍ਹੀਆਂ ਲਟਕ ਰਹੀਆਂ ਹਨ ਜਿਸ ਦੇ ਚਲਦੇ ਕਦੀ ਵੀ ਕੋਈ ਹਾਦਸਾ ਹੋ ਸਕਦਾ ਹੈ। ਹੈਰਤ ਦੀ ਗੱਲ ਹੈ ਕਿ ਇਹ ਸਭ ਪਰਿਵਾਰ ਆਪਣੇ ਬਿਜਲੀ ਦੇ ਬਿੱਲ ਵੀ ਭਰਦੇ ਹਨ ਪਰ ਜਿਨ੍ਹਾਂ ਹਾਲਤਾਂ ਵਿਚ ਇਨ੍ਹਾਂ ਦੀ ਰਿਹਾਇਸ਼ ਹੈ ਉਸ ਨੂੰ ਦੇਖ ਕੇ ਇਨਸਾਨੀਅਤ ਨੂੰ ਵੀ ਸ਼ਰਮ ਆ ਜਾਏਗੀ।
Parminder Singh Shonkey
ਕਾਫੀ ਵਧੀਆ ਅਤੇ ਭਾਵਨਾ ਪੂਰਤ ਖੋਜ ਹੈ ਸ਼੍ਰੀਮਤੀ ਜੀ ਦੀ ਪਰ ਦੁੱਖ ਦੀ ਗੱਲ ਹੈ ਕਿ ਜਿਨਾਂ ਨੂੰ ਅਪਣਿਆਂ ਨੇ ਵਿਸਾਰ ਦਿੱਤਾ ਉਹ ਹੋਰ ਕਿਸਤੋਂ ਆਸ ਰੱਖਣ ?