ਸਾਢੇ ਪੰਜ ਸਾਲਾਂ ’ਚ 11721 ਮੁਕੱਦਮੇ, ਸਿਰਫ 2090 ਨੂੰ ਸਜ਼ਾ, 3142 ਬਰੀ, 214 ਭਗੌੜੇ
Posted on:- 21-06-2015
-ਸ਼ਿਵ ਕੁਮਾਰ ਬਾਵਾ
ਜ਼ਿਲ੍ਹਾ ਹੁਸ਼ਿਆਰਪੁਰ ’ਚ ਪੁਲਿਸ ਵੱਲੋਂ ਜਿਹਨਾਂ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕਰਕੇ ਅਦਾਲਤਾਂ ’ਚ ਦਿੱਤੇ ਜਾਂਦੇ ਹਨ, ਉਹਨਾਂ ’ਚੋਂ ਸਿਰਫ 40 ਫੀਸਦ ਨੂੰ ਹੀ ਸਜ਼ਾ ਹੁੰਦੀ ਹੈ। ਬਾਕੀ 60 ਫੀਸਦ ਅਰਾਮ ਨਾਲ ਬਰੀ ਹੋ ਜਾਂਦੇ ਹਨ। ਆਰ.ਟੀ.ਆਈ.ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਸੂਚਨਾ ਅਧਿਕਾਰ ਕਨੂੰਨ 2005 ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਲ 16 ’ਚੋਂ 15 ਪੁਲਿਸ ਥਾਣਿਆਂ ਬਾਰੇ ਹਾਸਲ ਕੀਤੀ ਸੂਚਨਾ ਤੋਂ ਕਈ ਦਿਲਚਸਪ ਪ੍ਰਗਟਾਵੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 01-01-2010 ਤੋ 15 ਮਈ 2015 ਸਾਲਾਂ ਦੇ ਅਰਸੇ ’ਚ ਜ਼ਿਲ੍ਹੇ ’ਚ 11721 ਮੁਕਦੱਮੇ ਦਰਜ ਕੀਤੇ ਗਏ।ਇੱਥੇ ਸਭ ਤੋਂ ਵੱਧ ਮੁਕਦੱਮੇ (1417) ਟਾਂਡਾ ਥਾਣੇ ’ਚ ਹੋਏ ਜਦਕਿ ਸਭ ਤੋਂ ਘੱਟ ਗਿਣਤੀ (281) ਤਲਵਾੜਾ ਥਾਣੇ ਦੀ ਹੈ ।ਗੜ੍ਹਸ਼ੰਕਰ ’ਚ 913, ਥਾਣਾ ਸਦਰ ਹੁਸ਼ਿਆਰਪੁਰ 903, ਥਾਣਾ ਹਰਿਆਣਾ 569, ਗੜ੍ਹਦੀਵਾਲਾ 374,ਮਾਡਲ ਟਾਊਨ 1129, ਹਾਜੀਪੁਰ 348, ਦਸੂਹਾ 1062, ਮੇਹਟੀਆਣਾ 666, ਮਾਹਿਲਪੁਰ 746, ਮੁਕੇਰੀਆਂ 904, ਬੁਲੋਵਾਲ 874,ਚੱਬੇਵਾਲ 707 ਅਤੇ ਹੁਸ਼ਿਆਰਪੁਰ ਸਿਟੀ ’ਚ 828 ਮੁਕਦੱਮੇ ਦਰਜ ਹੋਏ।ਥਾਣਾ ਐਨ.ਆਰ.ਆਈ. ਦੀ ਸੂਚਨਾ ਉਪਲਬਧ ਨਹੀਂ ਹੋ ਸਕੀ।
ਇਸ ਅਰਸੇ ਦੋਰਾਨ ਪੁਲਿਸ ਵੱਲੋਂ 5232 ਵਿਆਕਤੀਆਂ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਗਏ, ਜਿਹਨਾਂ ’ਚੋਂ 2090 ਨੂੰ ਸਜ਼ਾਵਾਂ ਹੋਈਆਂ ਅਤੇ 3142 ਸਾਫ ਬਰੀ ਹੋ ਗਏ।ਲਗਭਗ ਸਾਰੇ ਥਾਣਿਆਂ ਨਾਲ ਸੰਬੰਧਤ ਕੇਸਾਂ ’ਚ ਅਦਾਲਤਾਂ ਵੱਲੋਂ ਸਜ਼ਾ ਪਾਉਣ ਵਾਲਿਆਂ ਨਾਲੋਂ ਬਰੀ ਹੋਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ।ਸਜ਼ਾ ਯਾਫਤਾ ਅਤੇ ਬਰੀ ਹੋਣ ਵਾਲੇ ਮੁਲਜ਼ਮਾਂ ਦਾ ਸਭ ਤੋਂ ਜ਼ਿਆਦਾ ਅੰਤਰ ਦਸੂਹਾ ਥਾਣੇ ਦਾ ਹੈ ਜਿੱਥੇ 149 ਮੁਲਜ਼ਮਾਂ ਨੂੰ ਸਜ਼ਾ ਹੋਈ ਤੇ 330 ਬਰੀ ਹੋ ਗਏ ।ਬੁੱਲੋ੍ਹਵਾਲ ਥਾਣੇ ਨਾਲ ਸਬੰਧਤ ਮੁਲਜ਼ਮਾਂ ’ਚੋਂ 135 ਨੂੰ ਸਜ਼ਾ ਤੇ 295 ਬਰੀ ਹੋ ਗਏ।ਇਸੇ ਤਰਾਂ ਟਾਂਡਾ ਥਾਣਾ ਦੇ ਮੁਲਜ਼ਮਾਂ ’ਚੋਂ 255 ਨੂੰ ਸਜ਼ਾ ਤੇ 425 ਬਰੀ ਹੋ ਗਏ।ਮਾਡਲ ਟਾਊਨ ਥਾਣੇ ਵੱਲੋਂ ਸਜ਼ਾ ਪਾਉਣ ਵਾਲੇ ਤੇ ਬਰੀ ਹੋਣ ਵਾਲਿਆਂ ਦੀ ਗਿਣਤੀ ਭਾਵੇਂ ਨਹੀਂ ਦੱਸੀ ਗਈ ਲੇਕਿਨ ਦਾਅਵਾ ਕੀਤਾ ਗਿਆ ਹੈ ਕਿ ਇਸ ਥਾਣੇ ਨਾਲ ਸੰਬੰਧਤ 83 ਫੀਸਦ ਨੂੰ ਸਜ਼ਾ ਹੋਈ ਤੇ ਸਿਰਫ 17 ਫੀਸਦ ਹੀ ਬਰੀ ਹੋਏ। ਥਾਣਾ ਸਦਰ ਵੀ ਅਜਿਹਾ ਥਾਣਾ ਹੈ, ਜਿੱਥੇ ਬਰੀ ਹੋਣ ਵਾਲਿਆਂ ਦੀ ਗਿਣਤੀ (126) ਸਜ਼ਾ ਪਾਉਣ ਵਾਲਿਆਂ (139) ਨਾਲੋਂ ਘੱਟ ਹੈ।
ਔਸਤਨ 40 ਮੁਲਜ਼ਮ ਹਰ ਸਾਲ ਭਗੋੜੇ ਹੋ ਰਹੇ ਹਨ।ਇਸ ਸਮੇਂ ਚ ਸਭ ਤੋਂ ਵੱਧ ਭਗੌੜੇ ਦਸੂਹਾ, ਮਾਹਿਲਪੁਰ ਅਤੇ ਟਾਂਡਾ ਥਾਣੇ ਨਾਲ ਸਬੰਧਤ ਹਨ, ਜਿੱਥੇ ਕ੍ਰਮਵਾਰ 46,36 ਅਤੇ 31 ਵਿਅਕਤੀ ਭਗੌੜੇ ਬਣ ਗਏ ।ਸਾਢੇ ਪੰਜ ਸਾਲਾਂ ਚ 214 ਵਿਅਕਤੀ ਭਗੌੜੇ ਹੋ ਚੁੱਕੇ ਹਨ।
ਪੁਲਿਸ ਵੱਲੋਂ 1555 ਕੇਸਾਂ ’ਚ ਹਾਲੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ। 100 ਦੇ ਕਰੀਬ ਅਜਿਹੇ ਮੁਕਦੱਮੇ ਹਨ, ਜਿਹਨਾਂ ਚ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋਣ ’ਤੇ ਵੀ ਪੁਲਿਸ ਚਲਾਨ ਨਹੀਂ ਕਰ ਸਕੀ।ਇਹੋ ਜਿਹੇ ਕੁਝ ਕੇਸਾਂ ਵਿਚ ਹਾਈ ਕੋਰਟ ਵਲੋਂ ਸਟੇਅ ਹੋਇਆ ਹੋ ਸਕਦਾ ਹੈ ਜਾਂ ਮੁਕੱਦਮਾ ਰੱਦ ਕਰਨ ਦੀ ਕਾਰਵਾਈ ਚਲਦੀ ਹੋ ਸਕਦੀ ਹੈ ਦਰਜ ਹੋਇਆਂ ਨੂੰ ਥੋੜਾ ਸਮਾਂ ਹੋ ਸਕਦਾ ਹੈ, ਪਰ ਕਈ ਕੇਸ 2011 ਤੇ 2012 ਨਾਲ ਸਬੰਧਤ ਹਨ ਤੇ ਪੁਲਿਸ ਹਾਲੇ ਤੱਕ ਤਫਤੀਸ਼ ਹੀ ਕਰੀ ਜਾ ਰਹੀ ਹੈ।ਮਾਡਲ ਟਾਊਨ ਥਾਣੇ ਚ 335 ਕੇਸਾਂ ਚ ਚਲਾਨ ਪੇਸ਼ ਕੀਤੇ ਜਾਣੇ ਬਾਕੀ ਹਨ।ਇਹਨਾਂ ਚ 71 ਮੁਕੱਦਮੇ ਅਜਿਹੇ ਹਨ ਜਿਹੜੇ ਇਕ ਸਾਲ ਤੋਂ ਵੀ ਪੁਰਾਣੇ ਹਨ ।
ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ, “ਜ਼ਿਆਦਾ ਮੁਲਜ਼ਮਾਂ ਦਾ ਬਰੀ ਹੋਣਾ ਸਾਬਤ ਕਰਦਾ ਹੈ ਕਿ ਜਾਂ ਤਾਂ ਪੁਲਿਸ ਮੁਕੱਦਮੇ ਸਬੰਧੀ ਸਬੂਤ ਆਦਿ ਇਕੱਠੇ ਕਰਕੇ ਪੂਰੀ ਤਿਆਰੀ ਨਹੀਂ ਕਰਦੀ ਜਾਂ ਲੋਕਾਂ ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ। ਦੋਨਾਂ ਹਾਲਤਾਂ ਵਿਚ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।”
ਪਰਵਿੰਦਰ ਸਿੰਘ ਕਿੱਤਣਾ ਨੇ ਕਿਹਾ ਕਿ ਡੀ.ਜੀ.ਪੀ. ਸ਼੍ਰੀ ਸੁਮੇਧ ਸੈਣੀ, ਡੀ.ਆਈ.ਜੀ. ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਐਸ.ਐਸ.ਪੀ. ਸ਼੍ਰੀ ਰਾਜਜੀਤ ਸਿੰਘ ਹੁੰਦਲ ਹੁਰਾਂ ਨੂੰ ਈ ਮੇਲ- ਰਾਹੀਂ ਪੱਤਰ ਭੇਜ ਕੇ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ।