256 ਵਿੱਚੋਂ 66 ਫੂਡ ਸੈਂਪਲਾਂ ਦਾ ਨਤੀਜਾ ਫੇਲ੍ਹ
Posted on:- 19-06-2015
ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ਼੍ਹਾ ਸਿਹਤ ਵਿਭਾਗ ਵੱਲੋਂ ਲਗਾਤਾਰ ਫੂਡ ਸੈਂਪਲਿੰਗ ਕੀਤੀ ਜਾ ਰਹੀ ਹੈ।ਜਨਵਰੀ, 2015 ਤੋਂ ਮਈ, 2015 ਤੱਕ ਕੁਲ 258 ਵੱਖ-ਵੱਖ ਖਾਦ ਪਦਾਰਥਾਂ ਦੇ ਸੈਂਪਲ ਜ਼ਿਲ੍ਹਾ ਭਰ ਵਿੱਚੋਂ ਭਰੇ ਗਏ, ਜਿਨ੍ਹਾਂ ਵਿੱਚੋਂ 256 ਦਾ ਨਤੀਜਾ ਫੂਡ ਐਨਾਲਿਸਟ ਪੰਜਾਬ ਚੰਡੀਗੜ੍ਹ ਤੋਂ ਮਿਲ ਚੁੱਕਾ ਹੈ।ਇਨ੍ਹਾਂ ਵਿੱਚੋਂ 66 ਸੈਂਪਲ ਅਜਿਹੇ ਹਨ, ਜੋ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ `ਤੇ ਖਰੇ ਨਹੀਂ ਉੱਤਰੇ ਭਾਵ ਫੇਲ਼੍ਹ ਹਨ।
ਇਸ ਜਾਣਕਾਰੀ ਦਾ ਪ੍ਰਗਟਾਵਾ ਜ਼ਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਸਿੰਗਲਾ ਨੇ ਕਰਦਿਆਂ ਕਿਹਾ ਕਿ ਇਨ੍ਹਾਂ ਫੇਲ੍ਹ ਆਏ 66 ਸੈਂਪਲਾਂ ਵਿੱਚੋਂ 4 ਸੈਂਪਲ ਅਜਿਹੇ ਹਨ, ਜੋ ਮਨੁੱਖੀ ਸਿਹਤ ਲਈ ਅਸੁਰੱਖਿਅਤ ਹਨ।ਇਨ੍ਹਾਂ ਵਿੱਚੋਂ 2 ਸੈਂਪਲ ਬੋਤਲ ਬੰਦ ਪਾਣੀ ਅਤੇ 2 ਕੋਲਡ ਡਰਿੰਕ ਦੇ ਹਨ।ਡਾ. ਸਿੰਗਲਾ ਨੇ ਕਿਹਾ ਕਿ ਇਨ੍ਹਾਂ ਪਦਾਰਥਾਂ ਦੇ ਕਾਰੋਬਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਕੇਸ ਦਾਇਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅਸੁਰੱਖਿਅਤ ਫੂਡ ਵੇਚਣ `ਤੇ ਐਕਟ ਤਹਿਤ ਉਮਰ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਡਾ. ਸਿੰਗਲਾ ਨੇ ਬਾਕੀ ਫੇਲ੍ਹ ਹੋਏ ਫੂਡ ਸੈਂਪਲਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 32 ਸਬ ਸਟੈਂਡਰਡ ਅਤੇ 17 ਮਿਸ ਬਰੈਂਡਡ ਆਏ ਹਨ, ਭਾਵ ਫੂਡ ਪ੍ਰੋਡਕਟ ਤੇ ਐਕਟ ਤਹਿਤ ਪੂਰੀ ਜਾਣਕਾਰੀ ਉਪਲਬਧ ਨਹੀਂ ਕਰਵਾਈ ਗਈ। 2 ਸੈਂਪਲ ਮਿਸਲੀਡਿੰਗ ਆਏ ਹਨ ਭਾਵ ਪ੍ਰੋਡਕਟ `ਤੇ ਗੁੰਮਰਾਹਕੁਨ ਸੂਚਨਾ ਦਿੱਤੀ ਗਈ ਹੈ, 2 ਸੈਂਪਲ ਵਿੱਚ ਤਿੰਨੋਂ ਨੁਕਸ ਭਾਵ ਮਿਸ ਬਰੈਂਡਡ, ਗੁੰਮਰਾਹਕੁਨ ਤੇ ਸਬ ਸਟੈਂਡਰਡ ਹਨ, 1 ਸੈਂਪਲ ਮਿਆਦ ਟੱਪੀ ਵਾਲਾ ਅਤੇ 8 ਸੈਂਪਲ ਮਿਸ ਬਰੈਂਡਡ ਤੇ ਗੁੰਮਰਾਹਕੁਨ ਪਾਏ ਗਏ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਭਰ ਵਿੱਚੋਂ ਵੱਖ-ਵੱਖ ਅਦਾਰਿਆਂ ਤੋਂ ਭਰੇ ਇਨ੍ਹਾਂ ਫੇਲ੍ਹ ਸੈਂਪਲਾਂ ਵਿੱਚੋਂ 12 ਸੈਂਪਲ ਦਹੀ, 11 ਦੁੱਧ, 3 ਪਨੀਰ, 6 ਸਰ੍ਹੋਂ ਦਾ ਤੇਲ, 3 ਦੇਸੀ ਘਿਓ, 3 ਬਿਸਕੁਟ ਤੇ ਹੋਰ ਬੇਕਰੀ ਸਮਾਨ, 1 ਚਾਹ, 1 ਹੋਰਲਿਕਸ, 1 ਸੇਵੀਆਂ, 1 ਅਚਾਰ, 3 ਦਾਲਾਂ ਦੇ, 1 ਸਿਰਕਾ, 2 ਸ਼ਰਬਤ, 1 ਵੇਸਣ , 8 ਸੈਂਪਲ ਨੁਡਲਜ਼, 2 ਪਾਨ ਮਸਾਲਾ, 1 ਕੋਲਡ ਡਰਿੰਕ ਅਤੇ 2 ਵੇਸਣ ਪਕੌੜਿਆਂ ਦੇ ਹਨ।ਡਾ. ਸਿੰਗਲਾ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਤਹਿਤ ਜੇਕਰ ਕੋਈ ਕਾਰੋਬਾਰੀ ਸਬ ਸਟੈਂਡਰਡ ਫੂਡ ਆਇਟਮ ਵੇਚਦਾ ਹੈ ਤਾਂ ਉਸ ਨੂੰ 5 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।ਇਸੇ ਤਰ੍ਹਾਂ ਮਿਸ ਬਰੈਂਡਡ ਫੂਡ ਆਇਟਮ ਵੇਚਣ `ਤੇ 3 ਲੱਖ ਰੁਪਏ ਜ਼ੁਰਮਾਨਾ ਅਤੇ ਗੁੰਮਰਾਹਕੁਨ ਫੂਡ ਆਇਟਮ ਵੇਚਣ `ਤੇ 10 ਲੱਖ ਰੁਪਏ ਤੱਕ ਜ਼ੁਰਮਾਨਾ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਕਮ ਐਡਜੁਡੀਕੇਟਿੰਗ ਅਫਸਰ ਫੂਡ ਸੇਫਟੀ ਵੱਲੋਂ 100 ਤੋਂ ਵੱਧ ਕਾਰੋਬਾਰੀਆਂ ਨੂੰ ਲਗਭਗ 18 ਲੱਖ ਰੁਪਏ ਜ਼ੁਰਮਾਨਾ ਅਤੇ ਲਗਭਗ 150 ਕੇਸਾਂ ਦਾ ਫੈਸਲਾ ਹੋਣਾ ਬਾਕੀ ਹੈ।
ਉਨ੍ਹਾਂ ਕਿਹਾ ਕਿ ਅਸੁਰੱਖਿਅਤ (ਅਨਸੇਫ) ਫੂਡ ਆਇਟਮਸ ਵੇਚਣ ਵਾਲਿਆਂ ਖ਼ਿਲਾਫ਼ੳਮਪ; ਜੁਡੀਸ਼ੀਅਲ ਕੋਰਟ ਵਿੱਚ ਕੇਸ ਦਾਇਰ ਕੀਤਾ ਜਾਂਦਾ ਹੈ ਅਤੇ ਜ਼ਿਲ੍ਹਾ ਸੰਗਰੂਰ ਵਿੱਚ 23 ਅਜਿਹੇ ਕਾਰੋਬਾਰੀਆਂ ਖ਼ਿਲਾਫ਼ੳਮਪ; ਕੇਸ ਦਾਇਰ ਹੋ ਚੁੱਕਾ ਹੈ।ਡਾ. ਸਿੰਗਲਾ ਨੇ ਸਮੂਹ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਕਟ ਤਹਿਤ ਆਪਣੇ ਲਾਇਸੈਂਸ ਜਾਂ ਰਜਿਸਟਰੇਸ਼ਨ ਕਰਵਾਉਣ ਅਤੇ ਸਾਫ ਸੁਥਰਾ ਮਿਲਾਵਰ ਰਹਿਤ ਖਾਣ-ਪੀਣ ਦੀਆਂ ਵਸਤਾਂ ਵੇਚਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਕਰਨ।