ਸਿੱਖਿਆ ਵਿਭਾਗ ਦੀ ਅਣਦੇਖੀ ਕਾਰਨ ਚੁਣੌਤੀ ਗ੍ਰਸਤ ਬੱਚਿਆਂ ਦੀ ਪੜ੍ਹਾਈ ਠੱਪ
Posted on:- 05-02-2015
-ਸ਼ਿਵ ਕੁਮਾਰ ਬਾਵਾ
ਸਿੱਖਿਆ ਵਿਭਾਗ ਦੀ ਅਣਦੇਖੀ ਕਾਰਨ ਗੜ੍ਹਸ਼ੰਕਰ ਬਲਾਕ ਦੇ ਸੈਂਕੜੇ ਚੁਣੌਤੀ ਗ੍ਰਸਤ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਹੋ ਕੇ ਰਹਿ ਗਈ ਹੈ ਜਿਸ ਨਾਲ ਇਹਨਾਂ ਬੱਚਿਆਂ ਦਾ ਭਵਿੱਖ ਦਾਅ ’ ਤੇ ਲੱਗ ਗਿਆ ਹੈ। ਸਰਕਾਰ ਵਲੋਂ ਸਰਬ ਸਿੱਖਿਆ ਅਭਿਆਨ ਅਧੀਨ ਹਰ ਬੱਚੇ ਨੂੰ ਲਾਜ਼ਮੀ ਤੇ ਮੁਫਤ ਸਿੱਖਿਆ ਦੇਣ ਸਬੰਧੀ ਕੀਤੇ ਜਾਂਦੇ ਦਾਅਵੇ ਇਹਨਾਂ ਚੁਣੌਤੀ ਗ੍ਰਸਤ ਬੱਚਿਆਂ ਤੇ ਲਾਗੂ ਹੁੰਦੇ ਨਹੀਂ ਦਿਸ ਰਹੇ ।ਵਿਭਾਗ ਵਿਚ ਅਧਿਆਪਕਾਂ ਦੀ ਘਾਟ, ਜ਼ਰੂਰੀ ਢਾਂਚੇ ਦੀ ਅਣਹੋਂਦ ਸਮੇਤ ਅਨੇਕਾਂ ਸਮੱਸਿਆਵਾਂ ਕਾਰਨ ਚੁਣੋਤੀ ਗ੍ਰਸਤ ਬੱਚੇ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਹੋ ਕੇ ਰਹਿ ਗਏ ਹਨ । ਜਿਕਰਯੋਗ ਹੈ ਕਿ ਸਰਬ ਸਿੱਖਿਆ ਅਭਿਆਨ ਅਧੀਨ ਦੇਖਣ ਸੁਣਨ ਚੱਲਣ ਫਿਰਨ, ਬੋਲਣ, ਅੰਗਹੀਣ ਤੇ ਮੰਦ ਬੁੱਧੀ ਹੋਣ ਦੀਆਂ ਅਲਾਮਤਾਂ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਮਾਂ ਸਾਰਣੀ ਦੇ ਕੇ ਸਿੱਖਿਆ ਕਰਨ ਲਈ ਵੱਖਰੇ ਫੰਡ ਭੇਜੇ ਜਾਂਦੇ ਹਨ ਪਰ ਸਿੱਖਿਆ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਇਹਨਾਂ ਫੰਡਾਂ ਦੀ ਢੁਕਵੀਂ ਵਰਤੋਂ ਨਹੀਂ ਹੋ ਪਾਉਂਦੀ। ਜਿਸ ਕਰਕੇ ਅਜਿਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਨ ਦੇ ਦਾਅਵੇ ਕਾਗਜ਼ੀ ਪ੍ਰਾਪਤੀਆਂ ਤੱਕ ਸਿਮਟ ਗਏ ਹਨ। ਵਿਭਾਗ ਵਲੋਂ ਚੁਣੌਤੀ ਗ੍ਰਸਤ ਬੱਚਿਆਂ ਦੀ ਰਜਿਸਟਰੇਸ਼ਨ ਕਰ ਲਈ ਜਾਂਦੀ ਹੈ ਪ੍ਰੰਤੂ ਇਹਨਾਂ ਦੀ ਸਿੱਖਿਆ ਸਬੰਧੀ ਸਕੂਲ ਤੇ ਪੱਕੇ ਅਧਿਆਪਕਾਂ ਦਾ ਪ੍ਰਬੰਧ ਨਾ ਹੋਣ ਕਾਰਨ ਅਜਿਹੇ ਬੱਚੇ ਘਰਾਂ ਤੱਕ ਸਿਮਟ ਕੇ ਰਹਿ ਜਾਂਦੇ ਹਨ।
ਇਥੇ ਵਰਣਨ ਯੋਗ ਹੈ ਕਿ ਸਥਾਨਿਕ ਬਲਾਕ ਵਿਚ ਚੁਣੌਤੀ ਗ੍ਰਸਤ ਬੱਚਿਆਂ ਦੀ ਕੁੱਲ ਗਿਣਤੀ 800 ਦੇ ਕਰੀਬ ਹੈ ’ ਤੇ ਅਜੇ ਵੀ ਅਨੇਕਾਂ ਵਿਦਿਆਰਥੀ ਵਿਭਾਗ ਦੀ ਰਜਿਸਟਰੇਸ਼ਨ ਤੋਂ ਬਾਹਰ ਹਨ। ਵਿਭਾਗ ਦੇ ਸੂਤਰਾਂ ਅਨੁਸਾਰ ਦੋਹਾਂ ਬਲਾਕਾਂ ਵਿਚ 800 ਚਣੌਤੀ ਗ੍ਰਸਤ ਬੱਚਿਆਂ ਲਈ ਸਿਰਫ ਤਿੰਨ ਅਧਿਆਪਕ ਨਿਯੁਕਤ ਹਨ, ਜਿਹਨਾਂ ਨਾਲ ਸਹਾਇਕ ਅਧਿਪਕਾਂ ਵਜੋਂ ਸਿਰਫ 8 ਵਲੰਟੀਅਰ ਟੀਚਰ ਨਿਯੁਕਤ ਹਨ। ਵਰਨਣਯੋਗ ਹੈ ਕਿ ਇਹ ਵਲੰਟੀਅਰ ਅਧਿਆਪਕ ਸਿਰਫ ਵਿਭਾਗ ਦੇ ਸਰਵੇ ਕਰਨ ਤੇ ਕਾਗਜ਼ੀ ਕਾਰਵਾਈ ਕਰਨ ਤੱਕ ਸੀਮਤ ਰਹਿੰਦੇ ਹਨ ਜਦਕਿ ਤਿੰਨ ਅਧਿਆਪਕਾਂ ਵਲੋਂ 800 ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ ਦੇਣਾ ਆਪਣੇ ਆਪ ਵਿਚ ਵੱਡੀ ਚਣੌਤੀ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਮਾਨਸਿਕ ਤੇ ਸਰੀਰਕ ਤੌਰ ਤੇ ਅੰਗਹੀਣ ਬੱਚਿਆਂ ਲਈ ਖਾਸ ਸਿਲੇਬਸ ਸਮਾਂ ਸਾਰਣੀ ਤੇ ਵਿਸ਼ੇਸ਼ ਸਕੂਲਾਂ ਦੇ ਪ੍ਰਬੰਧਾਂ ਦਾ ਨਿਰਦੇਸ਼ ਹੈ ਪਰ ਇਹ ਪ੍ਰਬੰਧ ਸਿਰਫ ਕਾਗਜ਼ੀ ਉਪਲਬਧੀਆਂ ਤੱਕ ਹੈ। ਮੌਜੂਦਾ ਸਮੇਂ ਗੜ੍ਹਸ਼ੰਕਰ ਤੇ ਮਾਹਿਲਪੁਰ ਵਿਚ ਇਕ ਵੀ ਅਜਿਹਾ ਸਕੂਲ ਨਹੀਂ ਹੈ ਜਿਹੜਾ ਚੁਣੌਤੀ ਗ੍ਰਸਤ ਬੱਚਿਆਂ ਲਈ ਸਿੱਖਿਆ ਦਿੰਦਾ ਹੋਵੇ। ਵਿਭਾਗ ਵਲੋਂ ਬੇਸ਼ੱਕ ਬਲਾਕ ਅੰਦਰ ਕੁੱਝ ਆਰਜੀ ਰਿਸੋਰਸ ਸੈਂਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਹਨਾਂ ਦੀ ਕੁੱਲ ਗਿਣਤੀ 9 ਹੋਣ ਕਰਕੇ ਖੇਤਰ ਦੇ 200 ਪਿੰਡਾਂ ਦੇ ਅੰਗਹੀਣ ਵਿਦਿਆਰਥੀਆਂ ਦਾ ਇਹਨਾਂ ਸੈਂਟਰਾਂ ਤੱਕ ਆਣਾ ਜਾਣਾ ਹੀ ਵੱਡੀ ਮੁਸ਼ਕਲ ਬਣਿਆਂ ਰਹਿੰਦਾ ਹੈ। ਖੇਤਰ ਦੇ ਅਨੇਕਾਂ ਪਿੰਡਾਂ ਨੂੰ ਇਹ ਰਿਸੋਰਸ ਸੈਂਟਰ 10-12 ਕਿਲੋਮੀਟਰ ਦੂਰ ਪੈਂਦੇ ਹਨ ਜਿਹੜੇ ਕਿ ਵਿਭਾਗ ਦੇ ਹਰ ਬੱਚੇ ਨੂੰ ਨੇੜੇ ਤੇ ਮੁਫਤ ਵਿਦਿਆ ਦੇਣ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ।
ਇਸ ਬਾਰੇ ਚਣੋਤੀ ਗ੍ਰਸਤ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਾਲ ਦੋ ਸਾਲ ਬਾਅਦ ਵਿਭਾਗ ਦਾ ਕੋਈ ਅਧਿਕਾਰੀ ਉਹਨਾਂ ਦੇ ਘਰ ਆ ਜਾਂਦਾ ਹੈ ਤੇ ਬੱਚੇ ਸਬੰਧੀ ਕੁੱਝ ਅੰਕੜੇ ਲੈ ਜਾਂਦਾ ਹੈ ਪਰ ਪੜ੍ਹਾਈ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਮਾਪਿਆਂ ਅਨੁਸਾਰ ਕੁਦਰਤ ਦੀ ਮਾਰ ਭੋਗਦੇ ਇਹ ਬੱਚੇ ਮਾਪਿਆਂ ਲਈ ਵੀ ਮੁਸ਼ਕਲਾਂ ਪੈਦਾ ਕਰਦੇ ਹਨ। ਪਰ ਇਹਨਾਂ ਦੀ ਸਿੱਖਿਆ ਸਿਖਲਾਈ ਦਾ ਕੋਈ ਪ੍ਰਬੰਧ ਨਾ ਹੋਣਾ ਸਰਕਾਰ ਦੀ ਕਥਿੱਤ ਨਲਾਇਕੀ ਦਾ ਸਬੂਤ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਚੁਣੋਤੀ ਗ੍ਰਸਤ ਬੱਚਿਆਂ ਦੀ ਕੁੱਲ ਸੰਖਿਆ 7386 ਦੇ ਕਰੀਬ ਹੈ ਜਿਹਨਾਂ ਨੂੰ ਸਿੱਖਿਅਤ ਕਰਨ ਲਈ ਸਿਰਫ 32 ਅਧਿਆਪਕ ਨਿਯੁਕਤ ਹਨ। ਇਕੱਲੇ ਮਾਹਿਲਪੁਰ ਬਲਾਕ ਵਿਚ 500 ਤੋਂ ਵੱਧ ਬੱਚਿਆਂ ਲਈ ਇਕ ਅਧਿਅਪਕ ਨਿਯਕਤ ਹੈ। ਜਦ ਕਿ ਗਿਣਤੀ ਵਿਚ ਥੌੜ੍ਹੇ ਵਲੰਟੀਅਰ ਟੀਚਰ ਅਸਿਖਿਅਤ ਹੋਣ ਕਾਰਨ ਪੜ੍ਹਾਉਣ ਦੀ ਦੀ ਥਾਂ ਸਰਵੇ ਤੇ ਹੋਰ ਕੰਮਾਂ ਵਿਚ ਰੁਝੇ ਰਹਿੰਦੇ ਹਨ।
ਇਸ ਸਬੰਧ ਵਿਚ ਸਬੰਧਤ ਵਿਭਾਗ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਜਲਦ ਹੀ ਗੜ੍ਹਸ਼ੰਕਰ ਵਿਖੇ ਅਜਿਹੇ ਬੱਚਿਆਂ ਲਈ ਵੱਖਰਾ ਸਕੂਲ ਖੋਲ੍ਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਟੀਚਰਾਂ ਦੀ ਘਾਟ ਹੈ ਕਿ ਵਲੰਟੀਅਰਾਂ ਨੂੰ ਵੀ ਨਿਰਦੇਸ਼ ਦੇ ਕੇ ਹੀ ਕੰਮ ਕਰਵਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅਜੇ ਤੱਕ ਆਰਜੀ ਤੇ ਮੁਬਾਇਲ ਰਿਸੋਰਸ ਸੈਂਟਰਾਂ ਦੁਆਰਾ ਹੀ ਬੱਚਿਆਂ ਦੀ ਪੜ੍ਹਾਈ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਸਮਰੱਥਾ ਅਨੁਸਾਰ ਕੰਮ ਹੋ ਰਿਹਾ ਹੈ।