ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਪੰਜਾਬ ਲਈ ਵਰਦਾਨ ਦੀ ਥਾਂ ਬਣੀ ਸਰਾਪ
Posted on:- 16-01-2015
ਫੰਡ ਨਾ ਮਿਲਣ ਕਾਰਨ ਯੂਨੀਵਰਸਿਟੀ ਦੀ ਇਮਾਰਤ ਦੀ ਉਸਾਰੀ ਦਾ ਕਾਰਜ ਠੱਪ
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਥੁੜ੍ਹਾਂ ਮਾਰੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸ਼ਿਵਾਲਿਕ ਪਹੜੀਆਂ ਦੀ ਗੋਦ ਵਿੱਚ ਪੈਦੇ ਪਿੰਡ ਪਟਿਆੜੀਆਂ (ਖੜਕਾਂ) ਲਾਗੇ ਮਿੱਤੀ 9 ਅਕਤੂਬਰ 2011 ਨੂੰ ‘ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ’ਦਾ ਨੀਹ ਪੱਥਰ ਰੱਖਕੇ ਜਿਥੇ ਪੰਜਾਬ ਦੇ ਦਲਿਤ ਵਰਗ ਨੂੰ ਵੱਡਾ ਮਾਣ ਬਖਸ਼ਿਆ, ਉਥੇ ਪਿੱਛਲੇ ਕਈ ਸਾਲਾਂ ਤੋਂ ਵਿਕਾਸ ਪੱਖ ਤੋਂ ਸਾਰੇ ਪੰਜਾਬ ਨਾਲੋ ਪਿੱਛੇ ਚੱਲ ਰਹੇ ਇਲਾਕੇ ਦੀ ਨੁਹਾਰ ਬਦਲਕੇ ਰੱਖ ਦਿੱਤੀ । ਪ੍ਰੰਤੂ ਯੂਨੀਵਰਸਿਟੀ ਦੇ ਨਿਰਮਾਣ ਕਾਰਜ ਦੀ ਗਤੀ ਐਨੀ ਧੀਮੀ ਗਤੀ ਨਾਲ ਚੱਲ ਰਹੀ ਹੈ ਕਿ ਚੱਲ ਰਿਹਾ ਕੰਮ ਲੱਗਭਗ ਬੰਦ ਹੀ ਪਿਆ ਹੈ। ਯੂਨੀਵਰਸਿਟੀ ਹੁਸ਼ਿਆਰਪੁਰ ਸ਼ਹਿਰ ਵਿਚ 2011 ਵਿਚ ਬਣਾਏ ਗਏ ਪੰਚਾਇਤ ਭਵਨ ਦੀ ਇਮਾਰਤ ਵਿਚ ਚੱਲ ਰਹੀ ਹੈ ਜੋ ਕਿ ਯੂਨੀਵਰਸਿਟੀ ਦੀ ਤਿਆਰ ਕਰਵਾਈ ਜਾ ਰਹੀ ਇਮਾਰਤ ਤੋਂ 12 ਕਿਲੋਮੀਟਰ ਦੀ ਦੂਰੀ ਤੇ ਹੈ।
ਠੇਕੇਦਾਰ ਚੱਲਦਾ ਕੰਮ ਬੰਦ ਕਰ ਚੁੱਕੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦਲਿਤ ਅਤੇ ਵਾਲਮੀਕ ਭਾਈਚਾਰੇ ਸਮੇਤ ਹੋਰ ਪੱਛੜੇ ਸਮਾਜ ਨਾਲ ਸਬੰਧਤ ਲੋਕਾਂ ਦਾ ਗੜ੍ਹ ਹੈ । ਮੁੱਖ ਮੰਤਰੀ ਵਲੋ ਦੁਆਬੇ ਖਾਸ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਸਮੇਤ ਕੰਢੀ ਖਿੱਤੇ ਦੇ ਲੋਕਾਂ ਨਾਲ ਕੀਤੇ ਹਰ ਬਾਅਦੇ ਨੂੰ ਪੂਰਾ ਕੀਤਾ ਹੈ। ਉਹਨਾਂ ਵਲੋ ਹੁਸ਼ਿਆਰਪੁਰ ਦੇ ਆਧੂਨਿਕ ਤਕਨੀਕ ਨਾਲ ਬਣਾਏ ਬੱਸ ਸਟੈਡ ਦਾ ਨਾਮ ‘ ਭਗਵਾਨ ਸ੍ਰੀ ਵਾਲਮੀਕ ’ ਦੇ ਨਾਮ ਤੇ ਰੱਖਕੇ ਉਸਦਾ ਉਦਘਾਟਨ ਖੁਦ ਕੀਤਾ । ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਦੇ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਖੁਰਾਲਗੜ੍ਹ ਜਿਸਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੂਹ ਪ੍ਰਾਪਤੀ ਦਾ ਮਾਣ ਹਾਸਿਲ ਹੈ ,ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿੱਚ ਢੁਕਵੀ ਯਾਦਗਾਰ ਬਣਾਉਣ ਲਈ ਲਗਭਗ 10 ਕਰੋੜ ਰੁਪਿਆ ਦੇ ਕੇ ਯਾਦਗਾਰ ਨੂੰ ਨਮੂਨੇ ਦਾ ਬਣਾਉਣ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਹੇ ਹਨ।
ਹੁਸ਼ਿਆਰਪੁਰ-ਊਨਾ ਰੋਡ ’ਤੇ 11 ਕਿਲੋਮੀਟਰ ਦੂਰ ਪਹਾੜੀ ਇਲਾਕੇ ਦੇ ਪਿੰਡ ਖੜਕਾਂ ਵਿਖੇ 33 ਏਕੜ ਜ਼ਮੀਨ ਵਿੱਚ 64 ਕਰੌੜ ਰੁਪਏ ਖਰਚਣ ਦਾ ਟੀਚਾ ਰੱਖਕੇ ਮਿੱਤੀ 9 ਅਕਤੂਬਰ 2011 ਨੂੰ ‘ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ’ਦਾ ਨੀਹ ਪੱਥਰ ਰੱਖਕੇ ਸਮੁੱਚੇ ਪੰਜਾਬ ਦੇ ਦਲਿਤ ਭਾਈਚਾਰੇ ਦੀ ਲੰਬੇ ਸਮੇ ਤੋਂ ਸਰਕਾਰ ਕੋਲੋ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਕੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦਲਿਤਾਂ ਦੇ ਮਸੀਹੇ ਵਜੋ ਉਭਰੇ ਹਨ। ਉਹਨਾਂ ਉਕਤ ਜੰਗਲੀ ਅਤੇ ਪਹਾੜੀ ਇਲਾਕੇ ਵਿੱਚ ਗੁਰੂ ਰਵਿਦਾਸ ਯੂਨੀਵਰਸਿਟੀ ਦਾ ਨੀਹ ਪੱਥਰ ਹੀ ਨਹੀ ਰੱਖਿਆ ਸਗੋ ਉਕਤ ਯੂਨੀਵਰਸਿਟੀ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਉਣ ਦਾ ਕੰਮ ਸ਼ੁਰੂ ਕਰਵਾਕੇ ਉਕਤ ਕਾਰਜ ਡੇਢ ਸਾਲ ਵਿੱਚ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਯੂਨੀਵਰਸਿਟੀ ਦਾ ਕੰਮ ਤਾਂ ਉਹਨਾਂ ਇਮਾਰਤ ਦੇ ਨੀਹ ਪੱਥਰ ਰੱਖਣ ਤੋਂ ਥੌੜ੍ਹੇ ਦਿਨਾਂ ਬਾਅਦ ਹੀ ਹੁਸ਼ਿਆਰਪੁਰ ਸ਼ਹਿਰ ਦੇ ਉਸ ‘ ਪੰਚਾਇਤ ਭਵਨ ਦੀ ਸੁੰਦਰ ਇਮਾਰਤ ਵਿੱਚ ਸ਼ੁਰੂ ਕਰਵਾ ਦਿੱਤਾ ਸੀ ਜਿਸਦਾ ਉਦਘਾਟਨ ਇੱਕ ਵਾਰ ਖੁਦ ਪ੍ਰਕਾਸ਼ ਸਿੰਘ ਬਾਦਲ ਅਤੇ ਇੱਕ ਵਾਰ 16=8=1977 ਵਿੱਚ ਉਸ ਸਮੇ ਦੇ ਵਿਕਾਸ ਮੰਤਰੀ ਆਤਮਾ ਸਿੰਘ ਵਲੋ ਕੀਤਾ ਗਿਆ ਸੀ । ਸ੍ਰੀ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਸਾਰਾ ਕੰਮ ਹਾਲ ਦੀ ਘੜੀ ਹੁਸ਼ਿਆਰਪੁਰ ਦੀ ਪੰਚਾਇਤ ਭਵਨ ਵਾਲੀ ਇਲਾਮਰਤ ਵਿੱਚ ਹੀ ਚੱਲ ਰਿਹਾ ਹੈ । ਇਥੇ ਹੀ ਉਹ ਖੁਦ ਬੈਠਕੇ ਯੂਨੀਰਸਿਟੀ ਅਧੀਨ ਪੰਜਾਬ ਵਿੱਚ 16 ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕਾਲਜਾਂ ਦਾ ਕੰਮ ਚਲਾ ਰਹੇ ਹਨ ।
ਉਹਨਾਂ ਦੱਸਿਆ ਕਿ ਯੂਨੀਵਰਸਿਟੀ ਅਧੀਨ ਅਬੋਹਰ , ਅੰਮਿ੍ਰਤਸਰ, ਬਠਿੰਡਾ, ਫਰੀਦਕੋਟ, ਫਿਰੋਜਪੁਰ ਸਿਟੀ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਮੁਹਾਲੀ, ਮੋਗਾ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਤਰਨਤਾਰਨ, ਲੁਧਿਆਣਾ, ਪਟਿਆਲਾ, ਪਠਾਨਕੋਟ ,ਰੂਪਨਗਰ , ਮੰਡੀ ਗੋਬਿੰਦਗੜ੍ਹ, ਮੁਕਤਸਰ ਸਮੇਤ 16 ਕਾਲਜ ਹਨ, ਜਿਹਨਾਂ ਵਿੱਚ 12 ਕਾਲਜ ਆਯੂਰਵੈਦਿਕ ਅਤੇ 4 ਕਾਲਜਾਂ ਵਿੱਚ ਹੋਮੀਓਪੈਥਿਕ ਦੀ ਪੜ੍ਹਾਈ ਅਤੇ ਕੋਰਸ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੁਰੂ ਰਵਿਦਾਸ ਯੂਨੀਵਰਸਿਟੀ ਦੇ ਮਹਾਂਵੀਰਾ ਹੋਮੀਓਪੈਥਿਕ ਮੈਡੀਕਲ ਕਾਲਜ ਲੁਧਿਆਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਹੋਮੀਓਪੈਥਿਕ ਮੈਡੀਕਲ ਕਾਲਜ ਕੈਨਾਲ ਰੋਡ ਨੇੜੇ ਇਯਾਲੀ ਕਲਾਂ ਲੁਧਿਆਣਾ , ਅਬੋਹਰ ਅਤੇ ਤਰਨਤਾਰਨ ਆਦਿ ਚਾਰ ਕਾਲਜਾਂ ਵਿੱਚ ਹੋਮੀਓਪੈਥੀ ਨਾਲ ਸਬੰਧਤ ਕੋਰਸ ਕਰਵਾਏ ਜਾਂਦੇ ਹਨ ਅਤੇ ਬਾਕੀ 12 ਕਾਲਜਾਂ ਵਿੱਚ ਆਯੂਰਵੈਦਿਕ ਪੜਾਈ ਨਾਲ ਸਬੰਧਤ ਕੋਰਸ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਖੜਕਾਂ ਪਿੰਡ ਵਿੱਚ ਬਣ ਰਹੀ ਇਮਾਰਤ ਤਿਆਰ ਹੋਣ ਨੂੰ ਸਮਾ ਲੱਗੇਗਾ ਪ੍ਰੰਤੂ ਉਹਨਾਂ ਦਾ ਬਹੁਤ ਘੱਟ ਸਟਾਫ ਹੋਣ ਦੇ ਬਾਵਜੂਦ ਵੀ ਵਧੀਆ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਕੋਲ ਬੀ ਏ ਐਮ ਐਸ ਅਤੇ ਬੀ ਐਚ ਐਮ ਐਸ ਦੇ ਕੋਰਸਾਂ ਲਈ ਕੁੱਲ 880 ਸੀਟਾਂ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਵਿਦਿਆਰਥੀਆਂ ਵਿੱਚ ਕੋਰਸਾਂ ਲਈ ਕਾਫੀ ਉਤਸ਼ਾਹ ਹੈ ਤੇ ਉਕਤ ਯੂਨੀਵਰਸਿਟੀ ਆਉਣ ਵਾਲੇ ਸਮੇ ਵਿੱਚ ਪੰਜਾਬ ਦੀ ਇੱਕ ਨਾਮਵਰ ਨਮੂਨੇ ਦੀ ਯੂਨੀਵਰਸਿਟੀ ਬਣੇਗੀ।
ਇਸ ਸਬੰਧ ਵਿੱਚ ਸੋਹਣ ਸਿੰਘ ਠੰਡਲ ਦੱਸਿਆ ਕਿ 33 ਏਕੜ ਜ਼ਮੀਨ ਵਿੱਚ ਉਸਾਰੀ ਜਾ ਰਹੀ ਇਸ ਯੂਨੀਵਰਸਿਟੀ ਦੇ ਨਵੇ ਕੈਪਸ ਦੀ ਉਸਾਰੀ 64 ਕਰੌੜ ਰੁਪਿਆ ਖਰਚ ਕਰਕੇ ਡੇਢ ਸਾਲ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਪਹਿਲੇ ਫੇਜ਼ ਵਿੱਚ ਇਸ ਯੂਨੀਵਰਸਿਟੀ ਦੀ ਉਸਾਰੀ ਤੇ 20 ਕਰੋੜ ਖਰਚ ਕੀਤੇ ਜਾ ਰਹੇ ਹਨ । ਇਹ ਯੂਨੀਵਰਸਿਟੀ ਭਾਰਤ ਦੀ ਚੌਥੀ ਅਤੇ ਪੰਜਾਬ ਦੀ ਪਹਿਲੀ ਆਯੂਰਵੇਦ ਯੂਨੀਵਰਸਿਟੀ ਹੋਵੇਗੀ ਜੋ ਆਯੂਰਵੇਦ ਸਿੱਖਿਆ ਨੂੰ ਕੌਮਾਂਤਰੀ ਪੱਧਰ ਤੇ ਪ੍ਰਫੁਲਤ ਕਰੇਗੀ। ਯੂਨੀਵਰਸਿਟੀ ਹਿੰਦੋਸਤਾਨ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ ਨਾਲੋ ਬੇਹਤਰੀਨ ਯੂਨੀਵਰਸਿਟੀ ਹੋਵੇਗੀ। ਇਸ ਯੂਨੀਵਰਸਿਟੀ ਲਈ ਜ਼ਮੀਨ ਖੜ੍ਹਕਾਂ ਪਿੰਡ ਦੀ ਪੰਚਾਇਤ ਵਲੋ ਦਾਨ ਦਿੱਤੀ ਗਈ ਹੈ । ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਅਧਿਕਾਰੀਆਂ ਨੂੰ ਹੁਕਮ ਹਨ ਕਿ ਉਹ ਪਿੰਡ ਖੜ੍ਹਕਾਂ ਦੇ ਬੱਚਿਆਂ ਨੂੰ ਯੂਨੀਵਰਸਿਟੀ ਵਿੱਚ ਮੁਫਤ ਸਿੱਖਿਆ ਦੇਣ । ਇਸ ਵਕਤ ਯੂਨੀਵਰਸਿਟੀ ਦੇ 16 ਕਾਲਜਾਂ ਵਿੱਚ 450 ਹਜ਼ਾਰ ਤੋਂ ਵੱਧ ਬੱਚੇ ਪੜ੍ਹਾਈ ਕਰ ਰਹੇ ਹਨ। ਯੂਨੀਰਸਿਟੀ ਵਲੋ ਡਿਗਰੀ ਪੱਧਰ ਤੇ ਯੋਗਾ ,ਸਿੱਧਾ ਯੂਨਾਨੀ ਕੋਰਸ ਸਮੇਤ ਹੋਰ ਨਵੀ ਤਕਨੀਕ ਨਾਲ ਸਬੰਧਤ ਕੋਰਸ ਜਲਦ ਹੀ ਸ਼ੁਰੂ ਕੀਤੇ ਜਾ ਰਹੇ ਹਨ।
ਦੂਸਰੇ ਪਾਸੇ ਸੂਬਾ ਸਰਕਾਰ ਵਲੋਂ ਉਕਤ ਯੂਨੀਵਰਸਿਟੀ ਦੇ ਉਕਤ ਪ੍ਰੋਜੈਕਟ ਨੂੰ ਪੂਰਾ ਕਰਨ ਵਿਚ ਜਿੰਨੀ ਸਰਗਰਮੀ ਦਿਖਾਈ ਗਈ ਸੀ ਉਹ ਪਹਿਲਾਂ ਵਰਗੀ ਨਹੀਂ ਰਹੀ। ਬਣ ਰਹੀ ਇਮਾਰਤ ਨੂੰ ਚਾਰਦਿਵਾਰੀ ਨਾ ਹੋਣ ਕਾਰਨ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਚੋਕੀਦਾਰ ਵੀ ਭੱਜ ਗਿਆ ਹੈ। ਸਰਕਾਰ ਵਲੋਂ ਤਹਿ ਰਕਮ ਐਲਾਨ ਕੇ ਅੱਧ ਤੋਂ ਵੀ ਘੱਟ ਦਿੱਤੀ ਜਿਸ ਸਦਕਾ ਠੇਕੇਦਾਰ ਆਪਣੀ ਅਦਾਇਗੀ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀਆਂ ਤਿਆਰੀਆਂ ਵਿਚ ਹੈ। ਜੇਕਰ ਸਰਕਾਰ ਨੇ ਉਕਤ ਯੂਨੀਵਰਸਿਟੀ ਦੀ ਉਸਾਰੀ ਜਾ ਰਹੀ ਇਮਾਰਤ ਨੂੰ ਨਿਰਧਾਰਤ ਸਮੇਂ ਸਿਰ ਪੂਰਾ ਨਾ ਕਰਵਾਇਆ ਤਾਂ ਇਥੇ ਖਰਚ ਹੋ ਚੁੱਕਾ ਲੱਗਭਗ 6 ਕਰੋੜ ਰੁਪਿਆ ਵੀ ਤਿਆਰ ਇਮਾਰਤ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਬੇਅਰਥ ਹੋ ਜਾਵੇਗਾ। ਇਸ ਸਬੰਧ ਵਿਚ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਦੱਸਿਆ ਕਿ ਉਹ ਉਕਤ ਮਾਮਲਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਧਿਆਨ ਵਿਚ ਲਿਆ ਰਹੇ ਹਨ। ਲੋਕ ਨਿਰਮਾਣ ਵਿਭਾਗ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਨਿਰਮਾਣ ਕਾਰਜ ਦਾ ਕੰਮ ਫੰਡਾਂ ਦੀ ਘਾਟ ਕਾਰਨ ਹੀ ਰੁਕਿਆ ਹੋਇਆ ਹੈ। ਵਿਭਾਗ ਨੂੰ ਸਿਰਫ 5. 20 ਕਰੋੜ ਰੁਪਏ ਹੀ ਪ੍ਰਾਪਤ ਹੋਏ ਸਨ।