ਮਿੱਟੀ ’ਚ ਹੀ ਦਫ਼ਨ ਹੋ ਗਏ ਖ਼ੇਤਾਂ ਦੇ ਕਮਾਊ ਪੁੱਤ -ਬਲਜਿੰਦਰ ਕੋਟਭਾਰਾ
Posted on:- 10-02-2012
ਚੜ੍ਹਦੀ ਜਵਾਨੀ ਉਮਰੇ ਮਿੱਟੀ ਵਿੱਚ ਹੀ ਦਫ਼ਨ ਹੋ ਗਏ ਖ਼ੇਤਾਂ ਦੇ ਕਮਾਊ ਪੁੱਤਰਾਂ ਦੀ ਦਿਲ ਦਹਿਲਾ ਜਾਣ ਵਾਲੀ ਕਹਾਣੀ ਹੈ। ਖਾਕ ਵਿੱਚ ਹੀ ਮਿੱਟੀ ਹੋ ਗਏ ਇਹਨਾਂ ਗੱਭਰੂਆਂ ਦੀਆਂ ਵਿਧਵਾਵਾਂ ਦੇ ਨਾ ਕੇਵਲ ਸਾਰੇ ਸੁਪਨੇ ਹੀ ਖਾਕ ਹੋ ਗਏ ਸਗੋਂ ਉਹ ਆਪਣੀ ਜ਼ਿੰਦਗੀ ਦੀ ਗੱਡੀ ਤੋਰਨ ਲਈ ਕਿਸਾਨਾਂ ਦੇ ਕਰਜ਼ੇ ਵਾਲੇ ਜਾਲ ਵਿੱਚ ਫਸ ਕੇ ਰਹਿ ਗਈਆਂ ਹਨ।
ਸੁਨਹਿਰੀ ਕਣਕਾਂ, ਚਿੱਟੇ ਸੋਨੇ ਵਰਗਾ ਨਰਮਾ, ਚੋਲਾਂ ਦੀ ਖ਼ੇਤੀ ਲਈ ਧਰਤੀ ਦੀ ਕੁੱਖ ’ਚੋਂ ਕੱਢੇ ਜਾਣ ਵਾਲੇ ਪਾਣੀ ਨੇ ਅਨੇਕਾਂ ਕਿਰਤੀ ਨੌਜਵਾਨਾਂ ਦੀ ਬਲੀ ਲਈ ਹੈ, ਧਰਤੀ ’ਚੋਂ ਦਫ਼ਨ ਹੋ ਜਾਣ ਵਾਂਗੂ ਹੀ ਜਿਹਨਾਂ ਲੋਕਾਂ ਦੇ ਖ਼ੇਤਾਂ ਵਿੱਚ ਇਹ ਮਰ ਗਏ ਉਹਨਾਂ ਨੇ ਉਸ ਤਰ੍ਹਾਂ ਹੀ ਇਹਨਾਂ ਦੇ ਗੁਣਾਂ ਨੂੰ ਦਫ਼ਨਾ ਕੇ ਪੀੜਤਾਂ ਦੇ ਘਰਦਿਆਂ ਦੀ ਕਦੇ ਸਾਰ ਨਹੀਂ ਲਈ। ਖ਼ੇਤਾਂ ਵਿੱਚ ਟਿਊਬਵੈੱਲ ਡੂੰਘਾ ਕਰਦਿਆ, ਪੱਕਾ ਕਰਦਿਆ, ਮਿੱਟੀ ਕੱਢਦਿਆ ਅਨੇਕਾਂ ਘਟਨਾਵਾਂ ਨੇ ਕਿਰਤੀਆਂ ਦੀ ਬਲੀ ਲੈ ਲਈ ਜਿਹਨਾਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਮਾਲੀ ਮੱਦਦ ਜਾਂ ਤਾਂ ਨਾਂਹ ਦੇ ਬਰਾਬਰ ਜਾਂ ਬਿਲਕੁੱਲ ਹੀ ਨਹੀਂ ਮਿਲੀ। ਮਿੱਟੀ ਵਿੱਚ ਦਫ਼ਨ ਹੋ ਜਾਣ ਵਾਲਿਆਂ ਵਿੱਚ ਹੇਠਲੀ ਕਿਸਾਨੀ ਦੇ ਘਰ ਗਰੀਬੀ ਦਾ ਪਰਛਾਵਾਂ ਹੈ ਤਾਂ ਕਿਰਤੀਆਂ ਦੇ ਘਰ ਭੁੱਖ ਮਰੀ ਡੈਣ ਮੂੰਹ ਅੱਡੀ ਖੜੀ ਹੈ।
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਕੋਲ ਪਿੰਡ ਭੈਣੀ ਵਿੱਚ ਦੋ ਸਕੇ ਭਰਾ ਮਿੱਟੀ ਵਿੱਚ ਦਫ਼ਨ ਹੋ ਗਏ, ਉਸ ਤੋਂ ਪਹਿਲਾ ਵੀ ਇਸੇ ਪਿੰਡ ਦੇ ਦੋ ਇਕੱਠੇ ਕਿਰਤੀਆਂ ਨੂੰ ਮਿੱਟੀ ਨੇ ਹੀ ਦੱਬ ਲਿਆ ਸੀ। ਮਿੱਟੀ ਵਿੱਚ ਦਫਨ ਹੋ ਗਏ ਸਕੇ ਭਰਾਵਾਂ ਦੀ ਉਮਰ 19-20 ਸਾਲ ਦੀ ਸੀ ਜਿਹਨਾਂ ਵਿੱਚੋਂ ਇੱਕ ਦਾ ਵਿਆਹ ਕੇਵਲ 7-8 ਮਹੀਨੇ ਪਹਿਲਾ ਹੀ ਹੋਇਆ ਸੀ। 18 ਸਾਲ ਦੀ ਨੌਜਵਾਨ ਵਿਆਹੁਤਾ ਗਗਨਦੀਪ ਕੌਰ ’ਤੇ ਉਸ ਸਮੇਂ ਮੁਸੀਬਤਾਂ ਦੇ ਪਹਾੜ ਡਿੱਗ ਪਏ ਜਦੋਂ ਉਸ ਦਾ 7-8 ਮਹੀਨੇ ਪਹਿਲਾਂ ਬਣਿਆ ਜੀਵਨ ਸਾਥੀ ਜਗਦੇਵ ਸਿੰਘ ਆਪਣੇ ਸਕੇ ਭਰਾ ਗੁਰਤੇਜ ਸਿੰਘ ਸਮੇਤ ਘਰ ਨਜ਼ਦੀਕ ਜ਼ਿੰਮੀਦਾਰਾਂ ਦੇ ਖ਼ੇਤਾਂ ਵਿੱਚੋਂ ਦਿਹਾੜੀ ’ਤੇ ਬਰੇਤੀ ਕੱਢਦਿਆ ਹੀ ਮਿੱਟੀ ਹੋ ਗਏ। 5-5 ਜਮਾਤਾਂ ਪਾਸ ਇਹਨਾਂ ਮ੍ਰਿਤਕ ਨੌਜਵਾਨਾਂ ਦੀ ਮਾਂ ਤੇ ਪਿਤਾ ਸੀਰਾ ਸਿੰਘ ਉਮਰ 47 ਸਾਲ ਦੀਆਂ ਅਸਮਾਨ ਪਾੜਨ ਵਾਲੀਆਂ ਚੀਕਾਂ ਸੁਣ ਕੇ ਹਰ ਕਿਸੇ ਦੀਆਂ ਅੱਖ਼ਾਂ ਨਮ ਸਨ। 12 ਨਵੰਬਰ, 2011 ਦੇ ਮਨਹੂਸ ਦਿਨ ਇਹ ਭਾਣਾ ਵਪਰਿਆ।
ਸੀਰਾ ਸਿੰਘ ਰੋਂਦਾ ਹੋਇਆ ਦੱਸਦਾ ਹੈ ਕਿ ਜਦੋਂ ਉਹ 5-6 ਸਾਲ ਦਾ ਸੀ ਤਾਂ ਉਸ ਦੇ ਮਾਂ, ਪਿਓ ਮਰ ਜਾਣ ਕਾਰਣ ਉਹ ਬਚਪਨ ਵਿੱਚ ਹੀ ਪਾਲੀ ਦੇ ਤੌਰ ’ਤੇ ਜਿੰਮੀਦਾਰਾਂ ਦੀਆਂ ਮੱਝਾਂ, ਗਾਵਾਂ ਚਾਰਦਾ ਤੇ ਫਿਰ ਸਾਰੀ ਉਮਰ ਕਿਸਾਨਾਂ ਦੇ ਸੀਰ ਕਮਾਉਂਦਾ ਰਿਹਾ ਤੇ ਹੁਣ ਜਦੋਂ ਉਸ ਨੇ ਸੋਚਿਆ ਸੀ ਕਿ ਪੁੱਤਰ ਗੱਭਰੂ ਹੋਣ ’ਤੇ ਜ਼ਿੰਦਗੀ ਵਿੱਚ ਥੋੜਾ ਅਰਾਮ ਮਿਲੇਗਾ ਤਾਂ ਮਿੱਟੀ ਨੇ ਹੀ ਸਾਰੇ ਸੁਪਨੇ ਦਫ਼ਨ ਕਰ ਦਿੱਤੇ। ਆਪਣੇ ਪਤੀ ਤੇ ਦਿਉਰ ਦੇ ਸੱਥਰ ’ਤੇ ਬੈਠੀ ਨਵ-ਵਿਆਹੁਤਾ ਦੇ ਵਿਆਹ ਵਾਲੀ ਐਲਬਮ ਦੇਖਦਿਆ ਹੀ ਦੱਦਲ ਪੈਂ ਜਾਂਦੀ ਹੈ। ਕਿਰਤੀਆਂ ਦੇ ਸਾਰੇ ਵਿਹੜੇ ਵਿੱਚ ਸੋਗ ਦਾ ਮਾਹੌਲ ਸੀ। ਇਸੇ ਪਿੰਡ ਦਾ ਹੀ ਦੋ ਹੋਰ ਨੌਜਵਾਨ ਮਹਿਰਾਜ਼ ਪਿੰਡ ਦੇ ਕਿਸਾਨਾਂ ਦੇ ਖ਼ੇਤਾਂ ਵਿੱਚ ਟਿਊਬਵੈੱਲ ਵਾਲਾ ਖ਼ੂਹ ਪੱਕਾ ਕਰਦਿਆ ਹੀ ਇੱਕ ਦਹਾਕਾ ਪਹਿਲਾਂ ਦਫ਼ਨ ਹੋ ਗਏ। ਮਿੱਟੀ ਹੇਠ ਆ ਕੇ ਦਮ ਤੋੜ ਜਾਣ ਵਾਲੇ ਦਰਸ਼ਨ ਸਿੰਘ ਦੀ ਵਿਧਵਾ ਜਗਦੇਵ ਕੌਰ ਸਾਰੀ ਵਿਥਿਆ ਦੱਸਦੀ ਹੋਈ ਰੋਦੀ ਹੀ ਰਹੀ। ਦਰਸ਼ਨ ਸਿੰਘ ਪਿੰਡ ਦੇ ਖ਼ੇਤਾਂ ਵਿੱਚ ਟਿਊਬਵੈਂਲ ਵਾਲੇ ਬੋਰ ਪੱਕੇ ਕਰਨ ਦਾ ਮਾਹਿਰ ਮਿਸਤਰੀ ਹੋਣ ਕਾਰਣ ਨੇੜਲੇ ਪਿੰਡ ਵਿੱਚ ਮਸ਼ਹੂਰ ਸੀ। ਮਹਿਰਾਜ ਪਿੰਡ ਦੇ ਖ਼ੇਤਾਂ ਨੇ ਉਸ ਦੀ ਬਲੀ ਕੀ ਲਈ ਉਸ ਦੀ ਜੀਵਨ ਸਾਥਣ ਕਿਸਾਨਾਂ ਦੀ ਬੰਧੂਆਂ ਮਜ਼ਦੂਰ ਵਾਂਗ ਕੇਵਲ ਵਿਆਜ਼ ’ਤੇ ਗੋਹਾ ਕੂੜਾ ਸੁੱਟ ਕੇ ਸਮਾਂ ਬਤੀਤ ਕਰ ਰਹੀ ਹੈ। ਜਗਦੇਵ ਕੌਰ ਆਪਣੇ ਛੋਟੇ ਬੱਚੇ ਅਤੇ ਕੁੜੀਆਂ ਦਾ ਪੇਟ ਭਰਨ ਲਈ 7 ਘਰਾਂ ਦੇ ਪਸ਼ੂਆਂ ਦੀ ਮਤਰਾਲ ਹੂੰਝਦੀ ਹੈ। ਉਸ ਤੋਂ ਬਾਅਦ ਉਹ ਹੋਰ ਕੰਮ ਜਿਵੇਂ ਨਰਮਾ ਚੁਗਣਾ, ਕਿਸਾਨਾਂ ਦੇ ਕੋਠਿਆਂ ’ਤੇ ਮਿੱਟੀ ਲਗਾਉਣਾ ਆਦਿ ਕੰਮ ਕਰਦੀ ਹੈ। ਉਹ ਆਪਣੀਆਂ ਅੱਖ਼ਾਂ ਵਿੱਚੋਂ ਹੰਝੂ ਕੇਰਦੀ ਦੱਸਦੀ ਹੈ ਕਿ ਹੁਣ ਬੇਟੀ ਦੇ ਜਾਪੇ ਵਾਸਤੇ 10 ਹਜ਼ਾਰ ਰੁਪਏ ਹੋਰ ਕਿਸੇ ਕਿਸਾਨ ਤੋਂ ਫੜ ਕੇ ਵਿਆਜ਼ ’ਤੇ ਗੋਹਾ ਕੂੜਾ ਸੁਟਣਾ ਸ਼ੁਰੂ ਕਰੇਗੀ। ਬੱਚਿਆਂ ਦੀ ਪੜਾਈ ਬਾਰੇ ਪੁੱਛਣ ’ਤੇ ਹੋ ਦੱਸਦੀ ਹੈ ਕਿ ਕੁੜੀਆਂ ਦੇ ਸਿਰਾਂ ਦੇ ਤਾਂ ਬਚਪਨ ਵਿੱਚ ਹੀ ਮਤਰਾਲ ਦੇ ਟੋਕਰੇ ਟਿੱਕ ਗਏ, ਜਿਸ ਘਰ ਰੋਟੀ ਦਾ ਫਿਕਰ ਹੋ ਗਏ, ਉੱਥੇ ਪੜਾਈ ਕਿੱਥੇ। ਵਿਧਵਾ ਜਗਦੇਵ ਕੌਰ ਸਿਰ 60 ਹਜ਼ਾਰ ਦਾ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ। ਦਰਸ਼ਨ ਸਿੰਘ ਦੇ ਨਾਲ ਹੀ ਮਿੱਟੀ ਵਿੱਚ ਦਬ ਕੇ ਮਰ ਜਾਣ ਵਾਲਾ ਮੌਰ ਸਿੰਘ ਦੇ ਮਰਨ ਨਾਲ ਹੀ ਉਹਨਾਂ ਦਾ ਸਾਰਾ ਹੀ ਘਰ ਪੱਟਿਆ ਗਿਆ। ਹੁਣ ਇਸ ਪਿੰਡ ਵਿੱਚ ਮੌਰ ਸਿੰਘ ਦੇ ਘਰ ਦਾ ਨਾ ਕੋਈ ਜੀਅ ਬਚਿਆ ਤੇ ਨਾ ਹੀ ਘਰ ਦਾ ਨਿਸ਼ਾਨ। ਮੌਰ ਸਿੰਘ, ਮੱਗੂ ਸਿੰਘ ਤੇ ਭਿੰਦਾ ਸਿੰਘ ਤਿੰਨਾਂ ਭਰਾਵਾਂ ਨੇ ਆਪਣੀ ਜਿੰਦਗੀ ’ਚੋਂ ਰੰਗ ਭਰਨ ਲਈ ਦਿਨ ਰਾਤ ਇੱਕ ਕੀਤੀ ਸੀ, ਪਰ ਜਿੰਦਗੀ ਨੇ ਤਿੰਨਾਂ ਨਾਲ ਹੀ ਬੇਵਫਾਈ ਕੀਤੀ। ਮੌਰ ਸਿੰਘ ਦੇ ਮਿੱਟੀ ਵਿੱਚ ਦਫ਼ਨ ਹੋਣ ਤੋਂ ਬਾਅਦ ਕਰਜ਼ੇ ਕਾਰਣ ਉਸ ਦੇ ਭਰਾ ਮੱਗੂ ਸਿੰਘ ਆਜੜੀ ਨੇ ਘਰ ਵਿੱਚ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਕਰਜ਼ਾ ਹੋਰ ਵੱਧਦਾ ਗਿਆ ਤਾਂ ਕਿਸਾਨਾਂ ਦੀ ਚਾਕਰੀ ਕਰਦਾ ਤੀਜਾ ਭੋਲਾ ਸਿੰਘ ਅਜਿਹਾ ਘਰੋਂ ਭੱਜਿਆ ਕਿ ਦਹਾਕਿਆਂ ਬਾਅਦ ਵੀ ਉਸ ਦਾ ਕੁਝ ਪਤਾ ਨਹੀਂ ਲੱਗਿਆ, ਪਿੰਡ ਦੇ ਜਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਵੀ ਦੂਰ-ਨੇੜੇ ਜਾ ਕੇ ਕਿਤੇ ਖ਼ੁਦਕੁਸੀ ਕਰ ਲਈ ਹੋਵੇਗੀ, ਤਿੰਨੇ ਨੌਜਵਾਨ ਪੁੱਤਾਂ ਦੇ ਦੁੱਖਾਂ ਦੀ ਮਾਰੀ ਉਹਨਾਂ ਦੀ ਮਾਤਾ ਸੀਤੋ ਕਈ ਘਰਾਂ ਦਾ ਗੋਹਾ ਕੂੜਾ ਸੁੱਟ ਕੇ ਰੋਟੀ ਖ਼ਾਦੀ ਰਹੀ। ਸੀਤੋ ਕੌਰ ਦੇ ਮਰਨ ਬਾਅਦ ਕਰਜ਼ੇ ਕਾਰਣ ਮ੍ਰਿਤਕ ਕਿਰਤੀਆਂ ਦਾ ਪਿਤਾ ਘਰ ਭੇਜ ਕੇ ਪਿੰਡ ਛੱਡ ਗਿਆ ਤੇ ਇਸ ਕਿਰਤੀ ਪਰਿਵਾਰ ਦਾ ਪਿੰਡ ਵਿੱਚੋਂ ਸਦਾ ਲਈ ਸੀਰ ਮੁੱਕ ਗਿਆ। ਪਿੰਡ ਦਾ ਨਾਜਰ ਸਿੰਘ ਨੇੜਲੇ ਪਿੰਡ ਸਧਾਣਾ ਵਿੱਚ ਟਿਊਬਵੈਂਲ ਡੂੰਘਾ ਕਰਦਾ ਮਿੱਟੀ ਵਿੱਚ ਦੱਬ ਕੇ ਰਹਿ ਗਿਆ, ਲੋਕਾਂ ਦੀ ਜਦੋ ਜਹਿਦ ਮਗਰੋਂ ਉਸ ਦੀ ਲਾਸ਼ ਹੀ ਬਾਹਰ ਨਿਕਲੀ। ਨਾਜ਼ਰ ਸਿੰਘ ਆਪਣੇ ਦੋ ਪੁੱਤਰਾਂ ਤੇ ਜੀਵਨ ਸਾਥਣ ਦਾ ਮਿੱਟੀ ਨਾਲ ਮਿੱਟੀ ਹੋ ਕੇ ਪੇਟ ਪਾਲਦਾ ਸੀ, ਉਸ ਦੀ ਮੌਤ ਤੋਂ ਬਾਅਦ ਇਸ ਕਿਰਤੀ ਪਰਿਵਾਰ ਸਿਰ ਕਰਜ਼ਾ ਲਗਾਤਾਰ ਚੜਦਾ ਰਿਹਾ, ਕਿਸੇ ਕਰਜ਼ੇ ਕਾਰਣ ਹੀ ਉਸ ਦਾ ਇੱਕ ਪੁੱਤ ਅਰਧ ਮਾਨਸਿਕ ਰੋਗੀ ਹੋ ਗਿਆ ਹੈ। ਨੂੰਹ ਸਿਮਰਜੀਤ ਕੌਰ ਦੱਸਦੀ ਹੈ ਕਿ ਉਹਨਾਂ ਚਿਰ 70-80 ਹਜ਼ਾਰ ਰੁਪਏ ਦਾ ਕਰਜ਼ਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
ਭਾਰਤ ਦੀ ਅਜ਼ਾਦੀ ਵਾਲੇ ਦਿਨ ਜਦੋਂ ਦੇਸ਼ ਭਰ ਵਿੱਚ ਸੁਤੰਤਰਾ ਦੇ ਜਸ਼ਨ ਮਨਾਏ ਜਾ ਰਹੇ ਤਾਂ 15 ਅਗਸਤ 2010 ਨੂੰ ਪਿੰਡ ਮਹਿਮਾ ਭਗਵਾਨਾ ਦੇ ਦੋ ਖ਼ੇਤਾਂ ਦੇ ਪੁੱਤਾਂ ਨੂੰ ਮਿੱਟੀ ਨੇ ਸਦਾ ਲਈ ਹੀ ਦਫ਼ਨਾ ਲਿਆ, ਪਿੰਡ ਵਿੱਚ ਵੈਣਾਂ ਤੋਂ ਬਿਨਾਂ ਕੁਝ ਨਹੀਂ ਸੀ ਸੁਣ ਰਿਹਾ। ਮਰ ਚੁੱਕੇ ਮਜ਼ਦੂਰ ਦੇ ਘਰ ਭੁੱਖ ਨੰਗ ਵਾਲੀ ਹਾਲਤ ਹੈ ਜਦੋਂ ਕਿ ਉਸ ਦੇ ਨਾਲ ਹੀ ਦਫ਼ਨ ਹੋਣ ਵਾਲੇ ਕਿਸਾਨ ਨੌਜਵਾਨ ਲੜਕਾ ਨੇ ਕੁਝ ਦਿਨ ਬਾਅਦ ਹੀ ਆਸਟ੍ਰੇਲੀਆ ਜਾਣਾ ਸੀ। ਪਿੰਡ ਦੇ ਕਿਸਾਨ ਬਘੇਲ ਸਿੰਘ ਦੇ ਖ਼ੇਤਾਂ ਵਿੱਚ ਟਿਊਬਵੈੱਲ ਵਾਲਾ ਬੋਰ ਪੱਕਾ ਕਰਨ ਲਈ ਉਸ ਦਾ ਕੁਆਰਾ ਨੌਜਵਾਨ ਬੇਟਾ ਸਤਵਿੰਦਰ ਸਿੰਘ ਤੇ ਇਸੇ ਪਿੰਡ ਦਾ ਕਿਰਤੀ ਛਿੰਦਰਪਾਲ ਸਿੰਘ ਨੂੰ ਮਿੱਟੀ ਦੀਆਂ ਢਿੱਗਾਂ ਨੇ ਆਪਣੇ ਵਿੱਚ ਹੀ ਸਦਾ ਲਈ ਸਮੋ ਲਿਆ। ਦਰਮਿਆਨੀ ਕਿਸਾਨੀ ਵਿੱਚੋਂ ਘਰ ਦੀ ਮਾੜੀ ਹਾਲਤ ਨੂੰ ਬੇਹਤਰ ਬਣਾਉਂਣ ਲਈ 20 ਸਾਲ ਦੇ ਸਤਵਿੰਦਰ ਸਿੰਘ ਗੌਰੀ ਨੇ 10+2 ਮਗਰੋਂ ਆਸਟਰੇਲੀਆ ਵਿੱਚ ਪੜਾਈ ਲਈ ਜਾਣ ਖਾਤਰ ਆਈਲੇਟਸ 6 ਪੁਆਇੰਟਸ ਨਾਲ ਕੀਤੀ ਉਸ ਨੇ ਕੁਝ ਦਿਨ ਬਾਅਦ ਹੀ ਜਹਾਜ਼ ਚੜਨਾ ਸੀ ਪਰ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਦੇ ਸਾਰੇ ਸੁਪਨੇ ਹੀ ਮਿੱਟੀ ਕਰ ਦਿੱਤੇ, ਗੌਰੀ ਦੇ ਜਾਣ ਲਈ ਏਜੰਟ ਨੂੰ 6 ਲੱਖ ਰੁਪਏ ਵੀ ਕਰਜ਼ਾ ਲੈ ਕੇ ਹੀ ਦਿੱਤਾ ਸੀ, ਇਸ ਘਟਨਾ ਤੋਂ ਮਗਰੋਂ ਏਜੰਟ ਉਸ ਦੇ ਤੇ ਉਸ ਦੇ ਦੂਜੇ ਸਾਥੀਆਂ ਦੇ ਰੁਪਏ ਲੈ ਕੇ ਫਰਾਰ ਹੋ ਗਿਆ। ਗੱਲ ਛੇੜਨ ’ਤੇ ਸਤਵਿੰਦਰ ਸਿੰਘ ਦੀ ਮਾਂ ਬਲਵਿੰਦਰ ਕੌਰ ਧਾਹਾਂ ਮਾਰ ਕੇ ਰੋਂਦੀ ਕਹਿੰਦੀ ਹੈ, ‘‘ਪੁੱਤ ਗੌਰੀ ਤੂੰ ਕਿਤੇ ਨੀ ਆਉਂਣਾ, ਤੂੰ ਸਾਰੀ ਉਮਰ ਲਈ ਸਾਨੂੰ ਤੜਫਤਾ ਛੱਡ ਕੇ ਜਾ ਵੜਿਆ।’’ ਉਸ ਦੇ ਹਾਉਂਕੇ, ਹੰਝੂ, ਦਰਦ, ਭਾਵਨਾਵਾਂ ਮਿੱਟੀ ਵਿੱਚ ਦੱਬ ਕੇ ਰਹਿ ਜਾਂਦੀਆਂ ਹਨ। ਟੁੱਟੇ ਜਿਹੇ ਸਾਇਕਲ ’ਤੇ ਖ਼ਾਦ ਦੀਆਂ ਬੋਰੀਆਂ ਚੁੱਕੀ ਆਉਂਦੇ ਗੋਰੀ ਦੇ ਭਰਾ ਦੀ ਆਰਥਿਕ ਹਾਲਤ ਮੂੰਹ ਬੋਲਦੀ ਤਸਵੀਰ ਹੈ। ਛੋਟੀ ਉਮਰ ਦੀ ਬਲਜੀਤ ਕੌਰ ਆਪਣੇ ਬਲ ਨਾਲ ਜਿੱਤਣ ਦੀ ਬਜਾਏ ਹਾਰ ਮੰਨ ਚੁੱਕੀ ਹੈ। ਉਹ ਨੂੰ ਮੁਸੀਬਤਾਂ ਤੇ ਗਰੀਬ ਨੇ ਬੁੱਢੀ ਜਿਹੀ ਹੀ ਬਣਾ ਦਿੱਤਾ। ਉਸ ਦੇ ਪਤੀ ਛਿੰਦਰਪਾਲ ਸਿੰਘ ਦੇ ਮਿੱਟੀ ਹੇਠ ਆ ਕੇ ਮੌਤ ਹੋ ਜਾਣ ਮਗਰੋਂ ਉਹ ਲੱਖ਼ਾਂ ਰੁਪਏ ਦੇ ਕਰਜ਼ੇ ਦੇ ਜਾਲ ਵਿੱਚ ਫ਼ਸ ਕੇ ਰਹਿ ਗਈ, ਉਸ ਦੇ 6 ਬੱਚਿਆਂ ਦੀ ਹਾਲਤ ਅਤਿ ਤਰਸਯੋਗ ਹੈ ਜੋ ਕਿ ਆਪਣਾ ਪੇਟ ਪਾਲਣ ਲਈ ਛੋਟੀ-ਮੋਟੀ ਦਿਹਾੜੀ ਕਰਦੇ ਹਨ, ਦੋ ਬੇਟੀਆਂ ਕਿਸਾਨਾਂ ਦਾ ਗੋਹਾ ਕੂੜਾ ਕਰਦੀਆਂ ਹਨ, ਬਲਜੀਤ ਕੌਰ ਦਾ ਗਿਲਾ ਕੇ ਉਸ ਨੂੰ ਇੱਕ ਪੈਸ਼ੇ ਦੀ ਵੀ ਸਰਕਾਰੀ ਮੱਦਦ ਨਹੀਂ ਮਿਲੀ। ਨਜ਼ਦੀਕੀ ਪਿੰਡ ਮਹਿਮਾ ਸਰਜਾ ਵਿੱਚ ਵੀ ਕੁਝ ਸਾਲ ਪਹਿਲਾ ਫ਼ਰੀਦਕੋਟ ਜਿਲੇ ਦੇ ਪਿੰਡ ਰਣ ਸਿੰਘ ਵਾਲਾ ਤੋਂ ਆਪਣੀ ਭੈਣ ਦੇ ਘਰ ਮਿਲਣ ਆਇਆ ਕੁਲਵੰਤ ਸਿੰਘ ਆਪਣੇ ਭਾਣਜੇ ਦੇ ਖ਼ੇਤ ਸਥਿਤ ਪੁਰਾਣੇ ਖ਼ੂਹ ਵਿੱਚੋਂ ਇੱਟਾਂ ਕੱਢਦੇ ਸਮੇਂ ਮਿੱਟੀ ਵਿੱਚ ਹੀ ਖ਼ਤਮ ਹੋ ਗਿਆ।
ਪਿੰਡ ਝੂੰਬਾ ਦਾ ਕਿਰਤੀ ਰਣਜੀਤ ਸਿੰਘ ਜ਼ਿੰਦਗੀ ਦੇ ਰਣ ਵਿੱਚ ਜਿੱਤ ਹਾਸਲ ਨਾ ਕਰ ਸਕਿਆ। ਉਸ ਦੀ ਜਿੰਦਗੀ ਦੀ ਹਾਰ ਦਾ ਕਾਰਣ ਮਿੱਟੀ ਵਿੱਚ ਦੱਬ ਜਾਣਾ ਹੀ ਬਣਿਆ। ਗਿਆਨੀ ਰਣਜੀਤ ਸਿੰਘ ਟਿਊਬਵੈੱਲ ਵਾਲੇ ਖ਼ੂਹ ਪੱਕੇ ਕਰਨ ਦਾ ਮਾਹਿਰ ਮਿਸਤਰੀ ਸੀ, ਉਹ ਪੂਰੇ 15 ਸਾਲ ਇਸੇ ਕਿੱਤੇ ਦੌਰਾਨ ਰਣ ’ਚੋਂ ਜੂਝਦਾ ਰਿਹਾ। ਇਹ ਨੌਜਵਾਨ ਨੇੜਲੇ ਪਿੰਡ ਘੁੱਦਾ ਵਿੱਚ 8 ਅਪ੍ਰੈਲ, 2009 ਨੂੰ ਜਿੰਮੀਦਾਰ ਦਾ ਖ਼ੂਹ ਪੱਕਾ ਕਰ ਰਿਹਾ ਸੀ ਕਿ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਣ ਮਿੱਟੀ ਵਿੱਚ ਹੀ ਦੱਬ ਕੇ ਰਹਿ ਗਿਆ। ਉਹ ਆਪਣੀ ਜੀਵਨ ਸਾਥਣ ਜਸਵੀਰ ਕੌਰ ਸਮੇਤ ਪਰਿਵਾਰ ਦੇ 6 ਮੈਂਬਰਾਂ ਦਾ ਕਮਾਊ ਜੀਅ ਸੀ। ਉਸ ਦੀ ਮੌਤ ਤੋਂ ਬਾਅਦ ਘਰ ਦੀ ਹਾਲਤ ਲਗਾਤਾਰ ਨਿਘਰਦੀ ਗਈ, ਪਰਿਵਾਰ ਸਿਰ ਕਰਜ਼ੇ ਦਾ ਜਾਲ ਵੱਧਦਾ ਹੀ ਜਾ ਰਿਹਾ ਹੈ। ਉਸ ਦੀ ਪਤਨੀ ਆਪਣੇ ਪੁੱਤਾਂ-ਧੀਆਂ ਨੂੰ ਨਾਲ ਲੈ ਕੇ ਖ਼ੇਤਾਂ ਵਿੱਚ ਦਿਹਾੜੀ ਕਰਦੀ ਹੈ।
ਪਿੰਡ ਦਿਓਣ ਵਿੱਚ ਕੁਝ ਸਮੇਂ ਦੇ ਅੰਦਰ ਹੀ ਤਿੰਨ ਕਿਰਤੀ ਤੇ ਕਿਸਾਨ ਮਿੱਟੀ ਵਿੱਚ ਦਫ਼ਨ ਹੋ ਗਏ। ਮਜ਼ਦੂਰਾਂ ਦਾ ਹਰਜਿੰਦਰ ਸਿੰਘ 25 ਸਾਲ ਦੀ ਉਮਰ ਵਿੱਚ ਮਿੱਟੀ ’ਚੋਂ ਉਸ ਸਮੇਂ ਮਿੱਟੀ ਹੋ ਗਿਆ ਜਦੋਂ ਉਹ ਕਿਸਾਨਾਂ ਦੇ ਦਿਹਾੜੀ ’ਤੇ ਮੁਕਤਸਰ ਰੋਡ ਸਥਿਤ ਟੋਇਆਂ ਵਿੱਚੋਂ ਮਿੱਟੀ ਕੱਢਣ ਗਿਆ ਸੀ ਤੇ ਉਸ ਦੀ ਦੇਹ ਆਪਣੇ ਘਰ ਮਿੱਟੀ ਹੀ ਬਣ ਆਈ। ਉਸ ਦੇ ਇੱਕੋ ਕਮਰੇ ਵਿੱਚ ਪਸ਼ੂ ਬੰਨਣ, ਤੂੜੀ ਸਾਭਣ ਤੇ ਸਟੋਰ ਦਾ ਕੰਮ ਲੈਣ, ਕੋਠੇ ਦੀ ਡਿੱਗੂ-ਡਿੱਗੂ ਕਰਦੀ ਛੱਤ ਘਰ ਦੀ ਗਰੀਬੀ ਦੀ ਮੂੰਹ ਬੋਲਦੀ ਤਸਵੀਰ ਹੈ। ਵਿਧਵਾ ਅਮਰਜੀਤ ਕੌਰ ਨੂੰ ਘਰਦੀ ਕਬੀਲਦਾਰੀ ਚਲਾਉਣ ਲਈ ਪਿੰਡ ਵਿੱਚ ਦਿਹਾੜੀ ਜਾਣਾ ਪੈਂਦਾ ਹੈ। ਮ੍ਰਿਤਕ ਦਾ ਵੱਡਾ ਭਰਾ ਮੰਗਲ ਸਿੰਘ ਫ਼ਿਕਰ ਕਰਦਾ ਕਹਿੰਦਾ ਹੈ ਕਿ ਕਰਜ਼ੇ ਤੋਂ ਬਿਨਾਂ ਘਰ ਵਿੱਚ ਦੁਆਨੀ ਵੀ ਨਹੀਂ, ਜਦੋਂ ਕੱਲ ਨੂੰ ਜਰੂਰਤ ਪਈ ਤਾਂ ਕੀ ਬਣੇਗਾ।
ਇਸੇ ਪਿੰਡ ਦਾ ਵਾਸੀ ਜੱਗਾ ਸਿੰਘ ਹੁਣ ਜੱਟ ਨਹੀਂ ਰਿਹਾ, ਜਿਸ ਦੇ ਘਰ ਗਰੀਬੀ ਕਾਰਣ, ਪੁੱਤ ਦੀ ਮੌਤ ਨਾਲ ਕਬੂਤਰ ਬੋਲਦੇ ਹਨ। ਉਹਨਾਂ ਦੀ ਮਿੱਟੀ ਨੂੰ ਕਰਜ਼ਾ ਤੇ ਉਸ ਦੇ ਪੁੱਤ ਨੂੰ ਮਿੱਟੀ ਨਿਘਲ ਗਈ। ਉਸ ਦਾ ਨੌਜਵਾਨ ਪੁੱਤਰ ਪ੍ਰਸੋਤਮ ਸਿੰਘ 35 ਸਾਲ ਦੀ ਉਮਰ ਵਿੱਚ 4 ਸਾਲ ਪਹਿਲਾ ਜਦੋਂ ਮਿੱਟੀ ਦੀ ਟਰਾਲੀ ਭਰਨ ਗਿਆ ਤਾਂ ਉਪਰੋਂ ਢਿੱਗਾਂ ਢਿੱਗਣ ਕਾਰਣ ਉਸ ਦੀ ਦੇਹ ਮਿੱਟੀ ਬਣਾ ਦਿੱਤੀ। ਨਦੀ ਕਿਨਾਰੇ ਰੁਖੜਾ ਵਾਂਗ ਉਸ ਦਾ ਬਜ਼ੁਰਗ ਪਿਤਾ ਤੋਂ ਜ਼ਮੀਨ ਬਾਰੇ ਪੁੱਛਣ ’ਤੇ ਜੱਗਾ ਸਿੰਘ ਦੇ ਦਰਦ ਦੇ ਹੰਝੂ ਉਸ ਦੀ ਚਿੱਟੀ ਦਾਹੜੀ ਵੀ ਸਮਾ ਨਾ ਸਕੀ, ਉਹ ਰੋਦਾ ਹੋਇਆ ਦੱਸਦਾ ਹੈ ਕਿ ਹੁਣ ਤਾਂ ਬੱਸ ਨਾਂਅ ਦੇ ਹੀ ਜੱਟ ਹਾਂ, ਸਾਰੀ ਜ਼ਮੀਨ ਕਰਜ਼ੇ ਨੇ ਹੜੱਪ ਲਈ ਹੈ। ਕੇਵਲ 4 ਕਨਾਲਾਂ ਹੀ ਬਾਕੀ ਬਚੀਆਂ ਹਨ। ਮ੍ਰਿਤਕ ਕਿਸਾਨ ਪ੍ਰਸੋਤਮ ਦੇ ਦੋਹੇ ਬੇਟੇ 10 ਤੇ ਬਾਰਵੀਂ ਪੜ ਕੇ ਕੰਮ ਨਾ ਮਿਲਣ ਕਾਰਣ ਵਿਹਲੇ ਗਲੀਆਂ ਦੀ ਧੂੜ ਫੱਕਣ ਲਈ ਮਜਬੂਰ ਹਨ। ਇਸੇ ਪਿੰਡ ਦਾ ਹੀ ਨੌਜਵਾਨ ਕਿਸਾਨ ਲੱਖਵੀਰ ਸਿੰਘ ਲੱਖਾਂ ਦਾ ਵੀਰ ਤਾਂ ਕੀ ਬਣਨਾ ਸੀ ਉਹ ਆਪਣੀਆਂ ਭੈਣਾਂ ਦਾ ਵੀਰ ਵੀ ਬਣ ਕੇ ਨਾ ਰਹਿ ਸਕਿਆ। ਕੁਝ ਸਾਲ ਪਹਿਲਾਂ ਜਦੋਂ ਉਹ ਕਿਸੇ ਹੋਰ ਕਿਸਾਨ ਦੇ ਖ਼ੇਤ ਵੀਹੜੀ ’ਤੇ ਟਿਊਬਵੈੱਲ ਲਈ ਟੋਟਾ ਪਟਵਾਉਣ ਗਿਆ ਤਾਂ ਢਿੱਗਾਂ ਡਿੱਗਣ ਕਾਰਣ ਮਿੱਟੀ ਵਿੱਚ ਹੀ ਜ਼ਿੰਦਗੀ ਮੌਤ ਦੀ ਲੜਾਈ ਦੌਰਾਨ ਜ਼ਿੰਦਗੀ ਤੋਂ ਹਾਰ ਗਿਆ। ਉਸ ਦੀ ਬਜ਼ੁਰਗ ਮਾਤਾ ਜੰਗੀਰ ਕੌਰ ਵਿਰਲਾਪ ਕਰਦੀ ਦੱਸਦੀ ਉਸ ਵੇਲੇ ਨੂੰ ਪਛਤਾਉਂਦੀ ਹੈ ਜਦੋਂ ਉਹ ਕੰਮ ਕਰਵਾਉਣ ਲਈ ਘਰੋਂ ਤੁਰਿਆ ਸੀ। ਜੰਗੀਰ ਕੌਰ ਦੱਸਦੀ ਹੈ ਕਿ ਇਸ ਮੌਕੇ ਸਾਰੀ ਕਬੀਲਦਾਰੀ ਵੀ ਬਾਕੀ ਹੈ ਤੇ 3-4 ਲੱਖ ਰੁਪਏ ਦਾ ਕਰਜ਼ਾ ਵੀ ਸਿਰ ਹੈ।
manmohan deep singh
kihde koll jayiye