ਕੇਂਦਰੀ ਮੰਤਰੀ ਬੀਬੀ ਬਾਦਲ ਨੇ ‘ਹਾਕਮ ਵਾਲਾ‘ ਦੀ ਬਦਲੀ ਨੁਹਾਰ
Posted on:- 22-12-2014
50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਨਾਲ ਗਲੀਆਂ-ਨਾਲੀਆਂ ਤੇ ਫਿਰਨੀ ਨੂੰ ਪੱਕਾ ਕਰਨ ਦੇ ਕੰਮ ਅਰੰਭ
- ਜਸਪਾਲ ਸਿੰਘ ਜੱਸੀ
ਬੁਢਲਾਡਾ: ਦਹਾਕਿਆਂ ਤੋ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਾਕਮ ਵਾਲਾ ਦੇ ਲੋਕਾਂ ਨੂੰ ਗੁਰਬਤ ’ਚੋਂ ਕੱਢਣ ਲਈ ਕੇਂਦਰੀ ਮੰਤਰੀ ਤੇ ਬਠਿੰਡਾ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਦੀ ਬਾਂਹ ਨੇੜੇ ਹੋ ਕੇ ਫੜੀ ਹੈ।ਭਾਵੇਂ ਗ੍ਰਾਮ ਪੰਚਾਇਤ ਦੇ ਸਮੁੱਚੇ ਮੈਂਬਰ, ਰਾਜਨੀਤਿਕ ਤੌਰ ’ਤੇ ਗੈਰ ਅਕਾਲੀ ਪਿਛੋਕੜ ਵਾਲੇ ਸਨ, ਪਰ ਪੰਚਾਇਤੀ ਚੌਣ ਹੁੰਦਿਆਂ ਹੀ ਸਰਪੰਚ ਜਸਵਿੰਦਰ ਕੌਰ ਦੀ ਅਗਵਾਈ ’ਚ ਕੇਵਲ ਸਰਪੰਚ ਅਤੇ ਪੰਚਾਂ ਨੇ ਹੀ ਨਹੀਂ ਬਲਕੇ ਸਮੁੱਚੇ ਪਿੰਡ ਵਾਸੀਆਂ ਨੇ ਪਾਰਟੀ ਹਿੱਤਾਂ ਤੋਂ ਉਪਰ ਉੱਠਕੇ ਅਤੇ ਪਿੰਡ ਪੱਧਰੀ ਸੌੜੀ ਰਾਜਨੀਤੀ ਨੂੰ ਤਿਆਗਕੇ ਪਿੰਡ ਦੀ ਬੇਹਤਰੀ ਅਤੇ ਚੌਤਰਫੇ ਵਿਕਾਸ ਲਈ ਗ੍ਰਾਮ ਪੰਚਾਇਤ ਦਾ ਸਹਿਯੋਗ ਦੇਣ ਲਈ ਗੁਰਦੁਆਰਾ ਸਾਹਿਬ ਵਿਖੇ ਸਹੂੰ ਚੁੱਕੀ ਸੀ।
ਆਪਣੇ ਵਾਅਦੇ ਤੇ ਖਰੇ ਉੱਤਰਦਿਆਂ ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਦੀ ਪ੍ਰੇਰਣਾਂ ਨਾਲ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਲੋਕ ਸਭਾ ਚੋਣਾਂ ਚ ਅਕਾਲੀ-ਭਾਜਪਾ ਗੱਠਜੋੜ ਨੂੰ ਪੂਰਨ ਬਹੁਤਮੱਤ ਨਾਲ ਨਿਵਾਜਿਆ ਅਤੇ ਪਾਰਟੀ ਉਮੀਦਵਾਰਾਂ ਨੂੰ ਜਿੱਤਾਉਣ ਚ ਆਪਣਾ ਅਹਿਮ ਯੋਗਦਾਨ ਦਰਜ ਕਰਾਇਆ।ਲੋਕ ਸਭਾ ਚੋਣਾਂ ਚ ਜਦੋ ਕਾਂਗਰਸ,ਪੀਪਲਜ਼ ਪਾਰਟੀ ਆਫ ਪੰਜਾਬ ਸਮੇਤ ਹੋਰ ਖੱਬੇ ਪੱਖੀ ਪਾਰਟੀਆਂ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹਨੇਰੀ ਝੁੱਲ ਰਹੀ ਸੀ ਅਤੇ ਅਕਾਲੀ ਦਲ ਦੇ ਆਪਣੇ ਵਰਕਰ ਵੀ ਪਾਰਟੀ ਨੂੰ ਖੋਰਾ ਲਗਾ ਰਹੇ ਸਨ ਤਾਂ ਅਕਾਲੀ-ਭਾਜਪਾ ਗੱਠਜੋੜ ਲਈ ਅਜਿਹੇ ਸੰਕਟਕਾਲੀਨ ਸਮੇ ਚ ਵੀ ਗ੍ਰਾਮ ਪੰਚਾਇਤ ਨੇ ਚੋਣ ਪ੍ਰਚਾਰ ਦੌਰਾਨ ਅਕਾਲੀ-ਭਾਜਪਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਕੀਤਾ ਪਿੰਡ ਚ ਜਿੱਤ ਦਰਜ ਕਰਾਉਣ ਦਾ ਵਾਅਦਾ ਨਿਭਾਇਆ।ਬੱਸ ਇਥੇ ਹੀ ਬੱਝ ਗਿਆ ਪਿੰਡ ਨੂੰ ਵਿਕਾਸ ਦੀਆਂ ਲੀਹਾਂ ਉਪਰ ਪਾਉਣ ਦਾ ‘ਮੁੱਢ‘।
ਪਿੰਡ ਹਾਕਮ ਵਾਲਾ ਬਲਾਕ ਬੁਢਲਾਡਾ ਦਾ ਤੀਜਾ ਉਹ ਪਿੰਡ ਹੈ ਜਿੱਥੇ ਲੋਕ ਸਭਾ ਚੋਣ ਚ ਅਕਾਲੀ-ਭਾਜਪਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਵੋਟ ਨੂੰ ਵੱਡਾ ਹੁੰਗਾਰਾ ਮਿਲਿਆ ਹੈ।ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਭਾਂਵੇਂ ਸਵੱਸ਼ ਗ੍ਰਾਮ ਯੋਜਨਾਂ ਦੌਰਾਨ ਹਾਕਮਵਾਲਾ ਪਿੰਡ ਨੂੰ ਨਹੀਂ ਅਪਣਾਇਆ ਪਰ ਇਸ ਨਾਲੋਂ ਘੱਟ ਵੀ ਨਹੀਂ।
ਲੰਘੇ ਦਿਨੀਂ ਬਰੇਟਾ ਫੇਰੀ ਦੌਰਾਨ ਬੀਬੀ ਬਾਦਲ ਨੇ ਗ੍ਰਾਮ ਪੰਚਾਇਤ ਹਾਕਮ ਵਾਲਾ ਨੂੰ ਵਿਸ਼ੇਸ਼ ਸੱਦਾ ਦੇਕੇ ਪਿੰਡ ਦੀਆਂ ਗਲੀਆਂ-ਨਾਲੀਆਂ, ਗੰਦੇ ਪਾਣੀ ਦੇ ਨਿਕਾਸ ਲਈ, ਫਿਰਨੀ ਨੂੰ ਪੱਕਾ ਕਰਨ ਲਈ ਤਕਰੀਬਨ 50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਨਾਲ ਨਿਵਾਜਿਆ।ਜਿਸ ਨਾਲ ਪਿੰਡ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ ਅਤੇ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਜਿੱਥੇ ਗ੍ਰਾਮ ਪੰਚਾਇਤ ਦੇ ਕੰਮਾਂ ਉਪਰ ਡਾਢੇ ਖੁਸ਼ ਹਨ, ਉਥੇ ਕੇਦਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਇਸ ਪਰਉਪਕਾਰ ਬਦਲੇ ਹਮੇਸ਼ਾਂ ਰਿਣੀ ਹੋਣ ਦੀਆਂ ਗੱਲਾਂ ਵੀ ਕਰਦੇ ਹਨ।
ਵਾਰਡ ਨੰਬਰ 4 ਦੇ ਵਾਸੀ ਗੁਰਬਚਨ ਸਿੰਘ ਕੌਲਧਾਰ,ਨੌਜਵਾਨ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਜੱਸੀ, ਜੱਗਰ ਸਿੰਘ, ਮੋਤੀਲਾਲ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਦੀਆਂ ਗਲੀਆਂ ਦਹਾਕਿਆਂ ਤੋਂ ਕੱਚੀਆਂ ਸਨ।ਨਿਕਾਸ ਨਾ ਹੋਣ ਕਾਰਨ ਘਰਾਂ ਦਾ ਪਾਣੀ ਗਲੀਆਂ ਚ ਖਿੱਲਰਿਆ ਰਹਿੰਦਾ ਸੀ,ਇਥੋ ਤੱਕ ਕਿ ਗਲੀਆਂ ਚੋਂ ਲੰਘਣਾ ਵੀ ਮੁਸ਼ਕਲ ਸੀ।ਉਨ੍ਹਾਂ ਕਿਹਾ ਕਿ ਹੁਣ ਗਲੀਆਂ ਪੱਕੀਆਂ ਹੋ ਰਹੀਆਂ ਹਨ, ਜਿਸ ਨਾਲ ਖਾਸ਼ ਕਰਕੇ ਮਜਦੂਰ ਵਿਹੜਿਆਂ ਚ ਡਾਢੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।
ਪਿੰਡ ਦੀ ਸਰਪੰਚ ਜਸਵਿੰਦਰ ਕੌਰ ਤੇਜੇ,ਪੰਚ ਪ੍ਰਦੀਪ ਕੌਰ,ਪੰਚ ਜਸਵੰਤ ਕੌਰ,ਪੰਚ ਜਗਸੀਰ ਸਿੰਘ,ਪੰਚ ਅਮਰੀਕ ਸਿੰਘ,ਪੰਚ ਬਲਵਿੰਦਰ ਸਿੰਘ ਲਹਿਰੀ,ਪੰਚ ਜਸਵੀਰ ਕੌਰ ਨੇ ਕਿਹਾ ਕਿ ਪੰਚਾਇਤੀ ਚੋਣਾਂ ਸਮੇ ਪਿੰਡ ਦੀਆਂ 37 ਗਲੀਆਂ ਨਾਲੀਆਂ ਦਾ ਕੰਮ ਅਧੂਰਾ ਸੀ,ਗੰਦੇ ਪਾਣੀ ਦੇ ਨਿਕਾਸ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਜਿਥੇ ਇਸ ਸਮੱਸਿਆ ਨਾਲ ਜੂਝ ਰਹੇ ਸਨ।ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਗ੍ਰਾਮ ਪੰਚਾਇਤ ਨੂੰ ਵਿਸ਼ੇਸ਼ ਗ੍ਰਾਂਟ ਨਾਲ ਨਿਵਾਜੇ ਜਾਣ ਉਪਰੰਤ ਪਿੰਡ ਉਕਤ ਵਿਕਾਸ ਕੰਮ ਜੰਗੀ ਪੱਧਰ ਤੇ ਜਾਰੀ ਹਨ।
ਓਧਰ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਹਮੇਸ਼ਾਂ ਵਿਸ਼ੇਸ ਸਤਿਕਾਰ ਨਾਲ ਨਿਵਾਜਦੇ ਆਏ ਹਨ ਗਾਮ ਪੰਚਾਇਤ ਹਾਕਮ ਵਾਲਾ ਵੱਲੋ ਵੀ ਕੀਤੇ ਗਏ ਕੰਮ ਸ਼ਲਾਂਘਾਯੋਗ ਹਨ।ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਵੱਲੋ ਪ੍ਰਾਰਟੀ ਪ੍ਰੋਗਰਾਮਾਂ ਅਤੇ ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਅਤੇ ਲੋਕ ਸਭਾ ਚੋਣਾਂ ਚ ਨਿਭਾਈ ਭੂਮਿਕਾ ਵੀ ਅੱਖੋਂ ਪ੍ਰੋਖੇ ਨਹੀਂ ਕੀਤੀ ਜਾ ਸਕਦੀ।