ਦੋਆਬੇ ’ਚ ਪਾਣੀ ਦਾ ਪੱਧਰ ਥੱਲ੍ਹੇ ਡਿੱਗਣ ਕਾਰਨ ਸਫੈਦੇ ਅਤੇ ਪਾਪੂਲਰ ਦੀ ਖੇਤੀ ਨੂੰ ਮਾਰ ਪਈ
Posted on:- 21-12-2014
-ਸ਼ਿਵ ਕੁਮਾਰ ਬਾਵਾ
ਦੁਆਬੇ ਵਿਚ ਜ਼ਮੀਨ ਹੇਠਲਾ ਪਾਣੀ ਜਿੱਥੇ ਤੇਜਾਬੀ ਅਤੇ ਜ਼ਹਿਰੀਲਾ ਬਣ ਚੁੱਕਾ ਹੈ ਉਥੇ ਇਥੋਂ ਦੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਵੱਡੀ ਗਿਣਤੀ ਵਿਚ ਸਫੈਦੇ ਅਤੇ ਪਾਪੂਲਰ ਦੇ ਦਰੱਖਤਾਂ ਦੀ ਖੇਤੀ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਹੀ ਥੱਲੇ ਕਰਕੇ ਰੱਖ ਦਿੱਤਾ ਹੈ। ਕਿਸੇ ਸਮੇਂ ਚੋਆਂ ਕਰਕੇ ਪ੍ਰਸਿੱਧ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਵਿਚ 25 ਤੋਂ 40 ਫੁੱਟ ਹੇਠਾਂ ਪਾਣੀ ਮਿਲ ਜਾਂਦਾ ਸੀ ਤੇ ਪਹਾੜੀ ਇਲਾਕੇ ਵਿਚ ਤਾਂ ਆਮ ਪਾਣੀ ਦੀਆਂ ਆਮ ਸੀਰਾਂ ਨਿਕਲਦੀਆਂ ਸਨ ਪ੍ਰੰਤੂ ਹੁਣ ਤਾਂ ਇਸ ਖਿੱਤੇ ਦੇ ਲੋਕ ਪਾਣੀ ਦੀ ਘਾਟ ਕਾਰਨ ਪਾਣੀ ਨੂੰ ਤਰਸ ਰਹੇ ਹਨ। ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਡੂੰਘੇ ਬੋਰ ਕਰਵਾਉਣੇ ਪੈ ਰਹੇ ਹਨ ਤੇ ਪਾਣੀ ਫਿਰ ਵੀ ਥੱਲੇ ਜਾਣ ਕਾਰਨ ਘੱਟ ਮਾਤਰਾ ਵਿਚ ਹੀ ਨਿਕਲਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੰਢੀ ਖਿੱਤੇ ਵਿਚ ਕਿਸਾਨਾਂ ਦੀਆਂ ਫਸਲਾਂ ਦਾ ਜੰਗਲੀ ਜਾਨਵਰਾਂ ਵਲੋਂ ਵੱਡੀ ਪੱਧਰ ਤੇ ਨੁਕਸਾਨ ਕਰਨ ਕਾਰਨ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਸਫੈਦਾ ਅਤੇ ਪਾਪੂਲਰ ਦੀ ਖੇਤੀ ਵੱਲ ਰੁਝਾਨ ਵਧਾ ਲਿਆ ਸੀ। ਸਾਲ 1995 ਤੋਂ 2002 ਤੱਕ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਧੜਾ ਧੜ ਸਫੈਦੇ ਦੇ ਬੂਟੇ ਲਾਏ ਅਤੇ ਦੋਹਰੀ ਖੇਤੀ ਕਰਕੇ ਚੰਗਾ ਮੁਨਾਫਾ ਕਮਾਇਆ ਪ੍ਰੰਤੂ ਜਦ ਧਰਤ ਹੇਠਲਾ ਪਾਣੀ ਜ਼ਹਿਰੀਲਾ ਤੇ ਤੇਜਾਬੀ ਹੋਣ ਦੇ ਨਾਲ ਨਾਲ ਜ਼ਮੀਨ ਤੋਂ 80 ਤੋਂ 100 ਫੁੱਟ ਤੋਂ ਵੀ ਥੱਲੇ ਚਲਾ ਗਿਆ ਤਾਂ ਹਲਕੇ ਦੇ ਕਿਸਾਨ ਸਫੈਦੇ ਸਮੇਤ ਪਾਪੂਲਰ ਦੀ ਖੇਤੀ ਤੋਂ ਪਿੱਛੇ ਹਟਣ ਲੱਗ ਪਏ। ਕੁਦਰਤੀ ਕੁੱਝ ਸਾਲ ਔਸਤ ਨਾਲੋਂ ਘੱਟ ਬਾਰਸ਼ਾਂ ਵੀ ਇਸਦਾ ਕਾਰਨ ਬਣੀਆਂ। ਭੂੰਮੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਉਘੇ ਚਿੰਤਕ ਵਿਜੈ ਬੰਬੇਲੀ ਨੇ ਦੱਸਿਆ ਕਿ 15 ਸਾਲ ਪਹਿਲਾਂ ਸਫੈਦਾ ਅਤੇ ਪਾਪੂਲਰ ਕਿਸਾਨਾਂ ਦੀ ਪਹਿਲੀ ਪਸੰਦ ਸੀ ਕਿਉਂਕਿ ਪੰਜਾਬ ਵਿਚ ਮਾਲਵਾ ਖਿੱਤੇ ਦੇ ਪਿੰਡਾਂ ਵਿਚ ਸੇਮ ਦੀ ਸਮੱਸਿਆ ਨੇ ਖੇਤੀ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਸੀ ਜਿਸ ਸਦਕਾ ਸਰਕਾਰ ਅਤੇ ਖੇਤੀ ਮਾਹਿਰਾਂ ਦੀ ਸਲਾਹ ਤੇ ਪੰਜਾਬ ਵਿਚ ਸਫੈਦਾ ਅਤੇ ਪਾਪੂਲਰ ਦੀ ਖੇਤੀ ਨੂੰ ਤਰਜੀਹ ਦਿੱਤੀ ਗਈ । ਪੰਜਾਬ ਦੇ ਕੰਢੀ ਜਾਣੀ ਹੁਸ਼ਿਆਰਪੁਰ ਦੀ ਰੇਤਲੀ ਜ਼ਮੀਨ ਹੋਣ ਕਰਕੇ ਇਥੋਂ ਦੇ ਕਿਸਾਨਾਂ ਨੇ ਸਫੈਦਾ ਅਤੇ ਪਾਪੂਲਰ ਧੜਾ ਧੜ ਬੀਜਿਆ ਅਤੇ ਕੁੱਝ ਹੀ ਸਾਲਾਂ ਵਿਚ ਲੱਖਾਂ ਰੁਪਏ ਕਮਾਏ। ਉਹਨਾਂ ਦੱਸਿਆ ਕਿ ਜਦ ਇਥੇ ਦੀ ਧਰਤ ਦਾ ਪਾਣੀ ਸਤਾ ਤੋਂ ਕਾਫੀ ਥੱਲੇ ਚਲਾ ਗਿਆ ਤਾਂ ਸਫੈਦੇ ਅਤੇ ਪਾਪੂਲਰ ਦੀ ਖੇਤੀ ਗ੍ਰਹਿਣ ਲੱਗ ਗਿਆ। ਕੰਢੀ ਅਤੇ ਸੇਮ ਮਾਰੇ ਜਿਹੜੇ ਖੇਤਰਾਂ ਵਿਚ ਹੋਰ ਕੋਈ ਫਸਲ ਨਹੀਂ ਹੁੰਦੀ ਸੀ ਉਥੇ ਦੇ ਕਿਸਾਨ ਸਫੈਦਾ ਅਤੇ ਪਾਪੂਲਰ ਦੀ ਖੇਤੀ ਨੂੰ ਹੀ ਤਰਜੀਹ ਦਿੰਦੇ ਸਨ। ਉਸ ਵਕਤ ਇਲਾਕੇ ਵਿਚ ਜਿਹੜੀਆਂ ਜ਼ਮੀਨਾ ਬੰਜ਼ਰ ਅਤੇ ਖਾਲੀ ਪਈਆਂ ਸਨ ਉਹਨਾਂ ਨੂੰ ਉਕਤ ਦਰੱਖਤਾਂ ਨਾਲ ਭਰ ਦਿੱਤਾ ਗਿਆ ਅਤੇ ਚੰਗੇ ਨਤੀਜੇ ਮਿਲੇ ਅਤੇ ਸੇਮ ਨੂੰ ਕਾਫੀ ਫਰਕ ਪੈ ਗਿਆ।
ਖੇਤੀ ਮਾਹਿਰਾਂ ਨੇ ਦੱਸਿਆ ਕਿ ਸਫੈਦਾ ਪਾਣੀ ਬਹੁਤ ਪੀਂਦਾ ਹੈ । ਸਫੈਦੇ ਦਾ ਵੱਡਾ ਰੁੱਖ 2500 ਲੀਟਰ ਦੇ ਲੱਗਭਗ ਰੋਜਾਨਾ ਪਾਣੀ ਪੀਂਦਾ ਹੈ ਜਿਸ ਸਦਕਾ ਪਾਣੀ ਦੀ ਵੱਡੀ ਖਪਤ ਕਾਰਨ ਕੰਢੀ ਸਮੇਤ ਦੋਆਬੇ ਦੇ ਪਿੰਡਾਂ ਵਿਚ ਪਾਣੀ ਧਰਤ ਤੋਂ 100 ਫੁੱਟ ਤੋਂ ਵੀ ਥੱਲੇ ਚਲਾ ਗਿਆ। 5-6 ਸਾਲਾਂ ਵਿਚ ਵੱਡਾ ਦਰੱਖਤ ਬਣਕੇ ਚੰਗੀ ਕਮਾਈ ਦੇਣ ਵਾਲਾ ਸਫੈਦਾ ਤਿਆਰ ਹੋਣ ਲਈ ਹੁਣ 15 ਸਾਲ ਤੋਂ ਵੀ ਵੱਧ ਦਾ ਸਮਾਂ ਲੈਂਦਾ ਹੈ ਜਿਸ ਸਦਕਾ ਕਿਸਾਨਾਂ ਨੇ ਪਾਣੀ ਦੀ ਘਾਟ ਕਾਰਨ ਸਫੈਦੇ ਦੀ ਖੇਤੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਕਤ ਬੂਟੇ ਲਾਉਣ ਸਮੇਂ ਅੱਜ ਕੱਲ੍ਹ ਦੁਆਬੇ ਵਿਚ ਇਸ ਤੇ ਸੇਕ ਵੱਡੀ ਮਾਤਰਾ ਵਿਚ ਮਾਰ ਕਰਦੀ ਹੈ। ਇਸ ਦੇ ਬਚਾਅ ਲਈ ਖੇਤਾਂ ਵਿਚ ਲੱਗੇ ਬੂਟਿਆਂ ਨੂੰ ਕਲੋਰੋਪੈਰੀਫਾਸ ਨਾ ਦੀ ਦੁਆਈ ਜ੍ਹੜਾਂ ਵਿਚ ਪਾਈ ਜਾਂਦੀ ਹੈ ਪ੍ਰੰਤੂ ਕਿਸਾਨ ਹੁਣ ਇਸ ਬੂਟੇ ਨੂੰ ਪਸੰਦ ਹੀ ਨਹੀਂ ਕਰਦੇ। ਇਸ ਸਬੰਧੀ ਇਕ ਫਾਰਮ ਦੇ ਮਾਲਿਕ ਗੁਰਜੀਤ ਸਿੰਘ ਨੇ ਦੱਸਿਆ ਕਿ ਕੰਢੀ ਸਮੇਤ ਦੋਆਬੇ ਦੇ ਕਿਸਾਨਾਂ ਨੂੰ ਹੁਣ ਸਫੈਦੇ ਅਤੇ ਪਾਪੂਲਰ ਦੀ ਖੇਤੀ ਦਾ ਕੋਈ ਲਾਭ ਨਹੀਂ ਹੋ ਰਿਹਾ। ਸਫੈਦੇ ਅਤੇ ਪਾਪੂਲਰ ਦੀ ਲੱਕੜ ਬਹੁਤ ਘੱਟ ਵਰਤੋਂ ਵਿਚ ਆ ਰਹੀ ਹੈ ਤੇ ਜਿਸ ਕੰਮ ਲਈ ਇਹ ਕੰਮ ਆਉਂਦੀ ਹੈ ਉਹ ਪੰਜਾਬ ਵਿਚ ਬਹੁਤ ਘੱਟ ਕਾਰੋਬਾਰ ਹੈ। ਉਕਤ ਬੂਟਾ ਵਾਤਾਵਰਣ ਲਈ ਵੀ ਬਹੁਤਾ ਢੁਕਵਾਂ ਨਹੀਂ ਅਤੇ ਪਾਣੀ ਦਿਨ ਪ੍ਰਤੀ ਦਿਨ ਡੂੰਘਾ ਹੋਣ ਕਾਰਨ ਇਹ ਦਰੱਖਤ ਹੁਣ ਦੋਆਬੇ ਸਮੇਤ ਕੰਢੀ ਦੇ ਫਿਟ ਨਹੀਂ ਬੈਠ ਰਿਹਾ। ਇਸ ਦੇ ਬਾਵਜੂਦ ਵੀ ਕਿਸਾਨ ਉਕਤ ਦਰੱਖਤ ਆਪਣੇ ਖੇਤਾਂ ਦੀਆਂ ਵੱਟਾਂ ਤੇ ਲਗਾ ਰਹੇ ਹਨ। ਸਫੈਦੇ ਦੀ ਵਿਕਰੀ ਵੀ ਕਿਸਾਨ ਪੱਖੀ ਨਹੀਂ ਹੈ ਸਰਕਾਰੀ ਖਰੀਦ ਅਤੇ ਨਿਸ਼ਚਿਤ ਭਾਅ ਨਾ ਹੋਣਾ ਵੀ ਕਿਸਾਨਾਂ ਦਾ ਇਸ ਖੇਤੀ ਤੋਂ ਮੁੱਖ ਮੋੜਨ ਦਾ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਬਿਜਲੀ ਟਿੳਬਵੈਲ ਕੁਨੈਕਸ਼ਨਾਂ ਉਤੇ ਨੈਸ਼ਨਲ ਗਰੀਨ ਟਿ੍ਰਬਿੳੂਨਲ ਵਲੋਂ ਲਗਾਈ ਰੋਕ ਵੀ ਇਸ ਖੇਤੀ ਤੋਂ ਕਿਸਾਨ ਪਿੱਛੇ ਹੱਟ ਰਹੇ ਹਨ। ਸਫੈਦੇ ਦੀ ਖੇਤੀ ਉਤੇ ਪਾਬੰਦੀ ਲਾਉਣਾ ਇਸ ਕੇਸ ਦਾ ਮੁੱਖ ਮਕਸਦ ਹੈ। ਪੀ ਜੀ ਆਈ ਦੇ ਮਾਹਿਰ ਇਕ ਡਾਕਟਰ ਨੇ ਬੀਤੇ ਕੱਲ੍ਹ ਹੀ ਅਦਾਲਤ ਵਿਚ ਬਿਆਨ ਦਰਜ ਕਰਵਾਏ ਹਨ ਕਿ ਸਫੈਦੇ ਦੀਆਂ ਪੰਜ ਕਿਸਮਾਂ ਵਿਚੋਂ ਇਕ ਦੇ ਬੂਟੇ ਜਦੋਂ ਲੰਬੀ ਉਮਰ ਦੇ ਹੋ ਜਾਂਦੇ ਹਨ ਤਾਂ ਉਸਦੇ ਫੁੱਲਾਂ ਉਤੇ ਇਕ ਵਾਇਰਸ ਆ ਜਾਂਦਾ ਹੈ। ਜੋ ਖਤਰਨਾਕ ਅਲਰਜੀ ਦਾ ਕਾਰਨ ਬਣਦਾ ਹੈ।
ਇਸ ਸਬੰਧ ਵਿਚ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਉਹਨਾਂ ਸਮੇਤ ਪੰਜਾਬ ਸਰਕਾਰ ਦੇ ਵਕੀਲਾਂ ਅਤੇ ਪਾਵਰਕਾਮ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਨਵੇਂ ਕੁਨੈਕਸ਼ਨ ਉਤੇ ਰੋਕ ਹਟਾਈ ਜਾਵੇ। ਉਹਨਾਂ ਕਿਹਾ ਕਿ ਪਾਣੀ ਕਿਸਾਨਾਂ ਨੇ ਨਹੀਂ ਮੁਕਾਇਆ ਸਗੋਂ ਇਸ ਦੀ ਘਰੇਲੂ ,ਪਬਲਿਕ ਖੇਤਰ ਅਤੇ ਇੰਡਸਟਰੀ ਵਿਚ ਅੰਨ੍ਹੀ ਵਰਤੋਂ ਨੇ ਇ ਸਮੱਸਿਆ ਖੜ੍ਹੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਵਾਹੀ ਹੇਠਲਾ ਪੂਰਾ ਰਕਬਾ ਸਿੰਚਾਈ ਅਧੀਨ ਹੈ ਅਤੇ ਟਿਊਬਵੈਲਾਂ ਦੇ ਨਵੇਂ ਕੁਨੈਕਸ਼ਨਾਂ ਨਾਲ ਹੋਰ ਕੋਈ ਫਰਕ ਨਹੀਂ ਪੈਣ ਲੱਗਾ। ਉਹਨਾਂ ਦੱਸਿਆ ਕਿ ਅਦਾਲਤ ਵਲੋਂ ਇਸ ਸਬੰਧ ਵਿਚ ਅਗਲੀ ਸੁਣਵਾਈ 22 ਦਸੰਬਰ ਕਰ ਰਹੀ ਹੈ। ਸਫੈਦਾ ਅਤੇ ਪਾਪੂਲਰ ਕਿਸਾਨਾਂ ਲਈ ਲਾਹੇਵੰਦ ਹੈ ਪ੍ਰੰਤੂ ਸਰਕਾਰ ਇਹਨਾਂ ਦਾ ਖਰੀਦ ਲਈ ਅੱਜ ਤੱਕ ਵਾਜਬ ਭਾਅ ਤਹਿ ਨਹੀਂ ਕਰ ਸਕੀ ਸਗੋਂ ਅਦਾਲਤਾਂ ਵਿਚ ਉਕਤ ਬੂਟਿਆਂ ਕਾਰਨ ਪਾਣੀ ਦੀ ਕਮੀ ਅਤੇ ਬਿਮਾਰੀਆਂ ਨੂੰ ਦੱਸਕੇ ਕਿਸਾਨਾਂ ਦਾ ਮੋਹ ਵੀ ਭੰਗ ਕਰ ਰਹੀ ਹੈ।