ਕੋਈ ਗ਼ੁਰਬਤ ਹਢਾਂਉਂਦੇ ਨਰੇਸ਼ ਦੀ ਲਵੇ ਸਾਰ. . .
Posted on:- 20-12-2014
ਪੀੜਤ ਨਰੇਸ਼ ਦੀ ਹੋਵੇਗੀ ਮਦਦ : ਡੀ.ਸੀ ਮਾਨਸਾ
- ਜਸਪਾਲ ਸਿੰਘ ਜੱਸੀ
ਬੁਢਲਾਡਾ: ‘ਮੈਨੂੰ ਆਪਣੇ ਨਾਲ ਲੈ ਚੱਲ ਬਾਈ ...ਤੈਨੂੰ ਪੁੰਨ ਲੱਗੂ...ਮੈ ਤੇਰੀਆਂ ਮੱਝਾਂ ਦਾ ਗੋਹਾ-ਕੁੜਾ ਕਰਦਾ ਰਹੂੰ..ਬੱਸ ਮੈਨੂੰ ਸੌਣ ਲਈ ਮੰਜਾ ’ਤੇ ਦੋ ਗੁੱਲੀਆਂ ਦਿੰਦਾ ਰਹੀਂ...ਤੇਰਾ ਭਲਾ ਹੋਊ..ਤੇਰੇ ਬੱਚਿਆਂ ਨੂੰ ਸੀਸ ਲੱਗੂ...ਇਹ ਲੋਕ ਮੈਨੂੰ ਘੂਰ-ਘੂਰ ਤੱਕਦੇ ਆ...ਬੱਚੇ ਮੈਨੂੰ ਨਰਸੀ ਪਾਗਲ ਕਹਿੰਦੇ ਨੇ...ਮੇਰਾ ਇਥੇ ਰਹਿਣ ਨੂੰ ਦਿਲ ਨੀ ਕਰਦਾ...ਰੱਬਾ ਚੁੱਕਲੈ ਓਏ...’ ਇਹ ਸ਼ਬਦ ਕਿਸੇ ਫਿਲਮ ਦੇ ਡਾਇਲਾਗ ਨਹੀਂ ਅਤੇ ਨਾ ਹੀ ਕਿਸੇ ਕਹਾਣੀ ਦੀਆਂ ਪੰਕਤੀਆਂ ਨੇ...ਇਹ ਤਾਂ ਉਹ ਤਰਲਾ ਹੈ ਜਿਹੜਾ ਮਾਨਸਾ ਜ਼ਿਲ੍ਹੇ ਦੇ ਗੰਢੂ ਕਲਾਂ ਪਿੰਡ ਚ ਜਲ ਘਰ ਨੇੜੇ ਇੱਕ 5.8 ਫੁੱਟ ਲੰਬੇ-ਚੌੜੇ ਮੋਟਰ ਵਾਲੇ ਕੋਠੇ ਚ ਗੁਰਬਤ ਦੀ ਜ਼ਿੰਦਗੀ ਕੱਟ ਰਿਹਾ ਇਸੇ ਪਿੰਡ ਦਾ ਜਮਪਲ ਨਰੇਸ਼ ਕੁਮਾਰ ਉਥੋ ਲੰਘਣ ਵਾਲੇ ਹਰ ਰਾਹਗੀਰ ਅੱਗੇ ਪਾਉਂਦਾ ਹੈ।ਉਹ ਨਰੇਸ਼ ਜਿਸ ਦਾ ਕਦੀ ਬੋਹਾ ਤੇ ਆਸ-ਪਾਸ ਦੇ ਪਿੰਡਾਂ ਚ ਸਿੱਕਾ ਚਲਦਾ ਸੀ ਤੇ ਪੈਸੇ ਵਿਆਜ਼ ਤੇ...ਉਹ ਨਰੇਸ਼ ਜਿਸਦੀ ਧੀ ਅਧਿਆਪਕ ਹੈ ਤੇ ਪੁੱਤ ਨਾਮੀ ਕੰਪਨੀ ਚ ਇੰਜੀਨੀਅਰ।
ਨਰੇਸ਼ ਕੁਮਾਰ ਦਾ ਜਨਮ 7 ਜਨਵਰੀ 1964 ਨੂੰ ਗੰਢੂ ਕਲਾਂ ਵਿਖੇ ਸੇਠ ਰੋਸ਼ਨ ਲਾਲ ਦੇ ਘਰ ਹੋਇਆ।ਅੱਠ ਭੈਣ-ਭਰਾਵਾਂ ਵਾਲੇ ਪਰਿਵਾਰ ਚੋ ਤਿੰਨ ਵੱਡੇ ਭਰਾਵਾਂ ਤੋਂ ਛੋਟਾ ਨਰੇਸ਼ ਦੱਸਦੈ ਕਿ ਉਹ ਪੜ੍ਹਨ-ਲਿਖਣ ਚ ਬੇਹੱਦ ਹੁਸ਼ਿਆਰ ਸੀ ਤੇ ਉਸ ਨੇ ਸਰਕਾਰੀ ਹਾਈ ਸਕੂਲ ਬੋਹਾ ਤੋ ਅੱਵਲ ਦਰਜ਼ੇ ਚ ਦਸਵੀ ਦੀ ਪ੍ਰੀਖਿਆ ਪਾਸ ਕੀਤੀ।ਮਾਪਿਆਂ ਨੇ 16 ਮਾਰਚ 1986 ਨੂੰ ਨਰੇਸ਼ ਦਾ ਵਿਆਹ ਬਰੇਟਾ ਮੰਡੀ ਦੇ ਇੱਕ ਖਾਨਦਾਨੀ ਸੇਠ ਦੀ ਬੇਟੀ ਨਾਲ ਕਰ ਦਿੱਤਾ ਜਿਸ ਤੋਂ ਇੱਕ ਬੇਟਾ ਤੇ ਬੇਟੀ ਪੈਦਾ ਹੋਏ।
ਪਿੰਡ ਵਾਸੀ ਦੱਸਦੇ ਨੇ ਕਿ 3 ਦਹਾਕੇ ਪਹਿਲਾਂ ਨਰੇਸ਼ ਕੁਮਾਰ ਦਾ ਪਿੰਡ ਚ ਆਟਾ ਚੱਕੀ ਤੇ ਰੂੰ-ਪੇਜੇ ਦਾ ਕਾਰਖਾਨਾ ਸੀ,ਇਲਾਕੇ ਚ ਬੜਾ ਸਤਿਕਾਰ ਸੀ ਅਤੇ ਪੈਸੇ ਵਿਆਜ ’ਤੇ ਚਲਦੇ ਸਨ।ਨਰੇਸ਼ ਨੇ ਆਪਣੇ ਬਰਬਾਦੀ ਦੇ ਦਿਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੱਤਵਾਦ ਦੇ ਦੌਰ ਚ ਇੱਕ ਦਿਨ ਕੁਝ ਦਹਿਸ਼ਤਗਰਦ ਉਸ ਦੇ ਕਾਰਖਾਨੇ ਚ ਆਕੇ ਪੁੱਛਣ ਲੱਗੇ ਕਿ ਪਿੰਡ ਚ ਕਿੰਨੇ ਕੁ ਵਿਅਕਤੀ ਨੇ ਜਿਨ੍ਹਾਂ ਨੇ ਅਮ੍ਰਿਤ ਛੱਕ ਕੇ ਛੱਡ ਦਿੱਤੈ..।ਘਟਨਾਂ ਬਾਰੇ ਕਿਸੇ ਸਹੂਏ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਤੇ ਪੁਲਿਸ ਚੜ੍ਹਕੇ ਉਸ ਦੇ ਕਾਰਖਾਨੇ ਆ ਪੁੱਜੀ ਅਤੇ ਨਰੇਸ਼ ਅਤੇ ਉਸ ਦੇ ਪਰਿਵਾਰ ਦੀ ਖਿੱਚ-ਧੂਹ ਕਰਨ ਲੱਗੀ।
ਪੁਲਿਸ ਅਤੇ ਦਹਿਸ਼ਤਗਰਦਾਂ ਦੇ ਇਸ ‘ਪੁੜ’ ਨਰੇਸ਼ ਦੀ ਜਾਨ ਪਿਸਣ ਲੱਗੀ ਤੇ ਅੱਛਾ-ਖਾਸਾ ਚੱਲਣ ਵਾਲਾ ਕਰੋਬਾਰ ਦਿਨ-ਬ-ਦਿਨ ਘਾਟੇ ਚ ਜਾਂਦਾ ਰਿਹਾ।ਇਸੇ ਦੌਰ ਚ ਰੋਜੀ-ਰੋਟੀ ਦਾ ਸਾਧਨ ਉਕਤ ਕਾਰਖਾਨਾ ‘ਚੌਪਟ’ ਹੋ ਗਿਆ ਤੇ ਪਰਿਵਾਰ ਆਰਥਿਕ ਮੰਦਹਾਲੀ ਚ ਧਸਣ ਲੱਗਾ।ਅੱਤਵਾਦ ਦੇ ਕਾਲੇ ਦਿਨਾਂ ਨੇ ਨਰੇਸ਼ ਦੀ ਜਿੰਦਗੀ ਹਨੇਰੀ ਕਰ ਦਿੱਤੀ ਤੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋਣ ਲੱਗਾ।ਹਲਾਤਾਂ ਤੋ ਤੰਗ ਆਕੇ ਪਤਨੀ, ਬੱਚਿਆਂ ਸਮੇਤ ਪੇਕੇ ਚਲ ਗਈ, ਜਿਸਨੇ ਅੱਜ ਤੱਕ ਉਸ ਵੱਲ ‘ਪਰਤਕੇ’ ਨਹੀਂ ਦੇਖਿਆ।ਸਿਰ ਤੇ ਛੱਤ ਦੀ ਗੱਲ ਤੋਰਦਿਆਂ ਨਰੇਸ਼ ਨੇ ਦੱਸਿਆ ਮਹਿਜ 7200 ਰੁਪਏ ਬਦਲੇ, ਇੱਕ ਭਰਾ ਨੇ ਉਸ ਦੇ ਜੱਦੀ ਘਰ ਉਪਰ ਕਬਜਾ ਜਮਾ ਲਿਆ ਤੇ ਜਿੰਦਰਾ ਮਾਰਕੇ ਮੈਨੂੰ ਬੇਘਰ ਕਰ ਦਿੱਤਾ,ਜਿਸ ਘਰ ਦੀ ਕੀਮਤ ਅੱਜ 5 ਲੱਖ ਰੁਪਏ ਹੈ।ਘਰ ਉਪਰ ਕਬਜੇ ਨੂੰ ਲੈਕੇ ਮੈਂ ਬਥੇਰਾ ਪੰਚਾਇਤਾਂ ਅੱਗੇ ਤਰਲੇ-ਮਿਨਤਾਂ ਕੀਤੀਆਂ ਪਰ ਮੇਰੀ ਕਿਸੇ ਨੇ ਮੱਦਦ ਨਹੀਂ ਕੀਤੀ, ਜਿਸ ਕਰਕੇ ਅੱਜ ਉਹ ਪੂਰੀ ਤਰਾਂ ਬੇਘਰ ਹੈ।ਆਪਣੇ ਬੱਚਿਆਂ ਦਾ ਜਿਕਰ ਕਰਦਾ ਹੋਇਆ ਉਹ ਦੱਸਦੈ ਕਿ ਮੈਨੂੰ ਪਤਾ ਲੱਗਿਐ ਕਿ ਮੇਰੀ ਧੀ ਟੀਚਰ ਲੱਗ ਗਈ ਹੈ ਤੇ ਬੇਟਾ ਇੱਕ ਨਾਮੀ ਕੰਪਨੀ ਚ ਇੰਜੀਨੀਅਰ..! ਇਹ ਗੱਲਾਂ-ਬਾਤਾਂ ਕਰਕੇ ਨਰੇਸ਼ ਦੁਹੱਥੜਾ ਮਾਰਕੇ ਰੋਣ ਲੱਗ ਪਿਆ ਤੇ ਧਾਂਹਾਂ ਮਾਰਕੇ ਕਹਿੰਦੈ...ਸੇਠ ਦਾ ਪੁੱਤ....ਦੋ ‘ਟੁੱਕਾਂ’ ਬਦਲੇ ਅੱਜ ਘਰਾਂ ਚੋ ਗੰਦ ਚੁੱਕਦੈ..ਬੱਚੇ ਮੈਨੂੰ ਪਾਲਗ ਕਹਿੰਦੇ ਨੇ...ਮੈਨੂੰ ਚੁੱਕਲੈ ਰੱਬਾ ਓਏ..!ਇੰਨਾਂ ਸੰਤਾਪ ਹੰਢਾਂਉਣ ਵਾਲੇ ਨਰੇਸ਼ ਨੂੰ ਕਿਸੇ ਨਾਲ ਵੀ ਗਿਲਾ ਨਹੀਂ ਹੈ ਨਾਂ ਪਤਨੀ ਨਾਲ,ਨਾ ਬੱਚਿਆਂ ਨਾਲ ਅਤੇ ਨਾ ਹੀ ਘਰ ਉਪਰ ਕਬਜਾ ਕਰਕੇ ਉਸ ਨੂੰ ਬੇਘਰ ਕਰਨ ਵਾਲਿਆਂ ਨਾਲ ਬੱਸ ਉਹ ਅੱਜ ਵੀ ਇੱਜਤ ਦੀ ਰੋਟੀ ਖਾਣ ਦੀ ਦਿਲੀ ਇੱਛਾ ਰੱਖਦੈ..ਜੇ ਪ੍ਰਸ਼ਾਸਨ ਜਾਂ ਸਮਾਜ ਸੇਵੀ ਕਹਾਉਣ ਵਾਲੇ ਉਸ ਦੀ ਦਿਲੀ ਮੱਦਦ ਕਰਨ ਤਾਂ ਇਹ ਗੈਰਤਮੰਦ ਇੰਨਸਾਨ ਮੁੜ ਲੋਕਾਂ ਚ ਆ ਜਾਵੇਗਾ..।
ਮਜ਼ਦੂਰ ਮੁਕਤੀ ਮੋਰਚਾ ਕਰੂ ਮਦਦ : ਸਮਾਂਓ
ਗੰਢੂ ਕਲਾਂ ਵਾਸੀ ਨਰੇਸ਼ ਕੁਮਾਰ ਦੀ ਦਰਦ ਭਰੀ ਕਹਾਣੀ ਸੁਣਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਭਗਵੰਤ ਸਿੰਘ ਸਮਾਂਓ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਨਰੇਸ਼ ਕੁਮਾਰ ਦੇ ਘਰ ਉਪਰ ਕਬਜਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਕੇ ਉਸ ਨੂੰ ਘਰ ਵਾਪਸ ਕਰਵਾਏ ਅਤੇ ਉਸ ਦੇ ਮੁੜ ਵਸੇਵੇ ਲਈ ਸੰਭਵ ਮਦਦ ਕਰੇ।ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਚ ਉਨ੍ਹਾਂ ਦੀ ਜਥੇਬੰਦੀ ਨਰੇਸ਼ ਕੁਮਾਰ ਦੀ ਮਦਦ ਚ ਸੰਘਰਸ਼ ਵਿੱਢੇਗੀ।
ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਨਰੇਸ਼ ਦੀ ਮਦਦ: ਡੀ.ਸੀ.ਮਾਨਸਾ
ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ. ਪ੍ਰਵੀਨ ਕੁਮਾਰ ਥਿੰਦ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਹ ਪੀੜਤ ਨਰੇਸ਼ ਕੁਮਾਰ ਦੀ ਹਰ ਸੰਭਵ ਮੱਦਦ ਕਰਨਗੇ।ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਅਧਿਕਾਰੀਆਂ ਦੀ ਇੱਕ ਟੀਮ ਪਿੰਡ ਚ ਨਰੀਖਣ ਕਰੇਗੀ।
Kheewa Brar
sad yaar