ਪੰਜਾਬ ਸਰਕਾਰ ਕੰਢੀ ਖਿੱਤੇ ’ਚ ਵਿਕਾਸ ਲਈ ਖਰਚੇ ਗਏ ਪੈਸੇ ਦਾ ਲੈਣ ਲੱਗੀ ਹਿਸਾਬ
Posted on:- 28-11-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪੰਜਾਬ ਸਕਾਰ ਤਿੰਨ ਜ਼ਿਲ੍ਹਿਆਂ ਵਿਚ ਵੰਡੇ ਕੰਢੀ ਖਿੱਤੇ ਦੇ ਪਿੰਡਾਂ ਦੀ ਕਾਇਆ ਕਲਪ ਬਦਲਣ ਲਈ ਵੱਡੀ ਸਰਗਰਮੀ ਨਾਲ ਕੰਮ ਕਰਨ ਲੱਗ ਪਈ ਹੈ। ਇਸ ਕਿਸਮਤ ਅਤੇ ਥੁੜ੍ਹਾਂ ਮਾਰੇ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਲਈ ਪੰਜਾਬ ਸਰਕਾਰ ਕੇਂਦਰ ਅਤੇ ਵਲਡ ਬੈਂਕ ਦਾ ਸਹਾਰਾ ਵੀ ਲੈ ਰਹੀ ਹੈ। ਅਰਬਾਂ ਰੁਪਏ ਨਾਲ ਬਣ ਰਹੀ ਕੰਢੀ ਨਹਿਰ ਦੇ ਰੁੱਕੇ ਕੰਮ ਨੂੰ ਚਾਲੂ ਕਰਨ ਲਈ ਸਰਕਾਰ ਨੇ ਤਿੰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸੇ ਕੜੀ ਤਹਿਤ ਸਰਕਾਰ ਵਲੋਂ ਕੰਢੀ ਨਹਿਰ ਦੇ ਫੇਸ (1) ਦੀ ਸਫਾਈ ਅਤੇ ਉਸਾਰੀ ਲਈ 2 ਕਰੌੜ ਰੁਪਿਆ ਜਾਰੀ ਵੀ ਕਰ ਦਿੱਤਾ ਹੈ।
ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਅਨੁਸਾਰ ਹੁਣ ਉਹਨਾਂ ਅਧਿਕਾਰੀਆਂ ਅਤੇ ਪੰਚਾਇਤਾ ਦੀ ਖੈਰ ਨਹੀਂ ਜਿਹਨਾਂ ਦੀ ਅਗਵਾਈ ਵਿਚ ਪਿੰਡਾਂ ਦੇ ਵਿਕਾਸ ਅਤੇ ਜੰਗਲਾਂ ਨੂੰ ਹਰਾ ਭਰਾ ਰੱਖਣ ਲਈ ਕਰੌੜਾਂ ਰੁਪਏ ਖਰਚੇ ਗਏ ਪ੍ਰੰਤੂ ਉਕਤ ਪੈਸਾ ਸਿਰਫ ਕਾਗਜ਼ਾਂ ਵਿਚ ਹੀ ਖਰਚਿਆ ਸ਼ੋਅ ਕੀਤਾ ਗਿਆ ਹੈ। ਇਲਾਕੇ ਦੇ ਪਹਾੜ ਅਤੇ ਜੰਗਲ ਭੋਡੇ ਪਏ ਹਨ। ਸਰਕਾਰ ਵਲੋਂ ਜਾਂਚ ਦੀ ਸਰਗਰਮੀ ਨਾਲ ਵਣ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਸਾਹ ਸੂਤ ਹੋ ਗਏ ਹਨ।
ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੰਢੀ ਖਿੱਤੇ ਦੇ ਪਿੰਡਾਂ ਦਾ ਵਿਕਾਸ ਅਤੇ ਇਲਾਕੇ ਦੀਆਂ ਸਮੂਹ ਬੁਰੀ ਤਰ੍ਹਾਂ ਟੁੱਟੀਆਂ ਸੰਪਰਕ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਕੰਮ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਅਜਿਹੇ ਅਧਿਕਾਰੀਆਂ ਵਿਰੁੱਧ ਸ਼ਿਕੰਜਾ ਕੱਸਣ ਦਾ ਫੈਸਲਾ ਕੀਤਾ ਹੈ ਜਿਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਵਲਡ ਬੈਂਕ, ਕੇਂਦਰ ਅਤੇ ਪੰਜਾਬ ਸਰਕਾਰ ਦਾ ਕਰੌੜਾਂ ਰੁਪਿਆ ਇਸ ਇਲਾਕੇ ਦੇ ਜੰਗਲਾਂ ਵਿਚ ਸਿਰਫ ਕਾਗਜ਼ਾਂ ਵਿਚ ਹੀ ਪੌਦੇ ਲਗਾ ਦਿੱਤੇ ਅਤੇ ਲਾਏ ਗਏ ਪੌਦਿਆਂ ਦੀ ਕੋਈ ਵੀ ਸਾਂਭ ਸੰਭਾਲ ਨਹੀਂ ਕੀਤੀ। ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਅਤੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਕਾਗਜ਼ਾਂ ਵਿਚ ਲਾਏ ਰੁੱਖਾਂ ਦਾ ਪੂਰਾ ਪੂਰਾ ਹਿਸਾਬ ਲਵੇਗੀ। ਕਿਸੇ ਵੀ ਭਿ੍ਰਸ਼ਟ ਅਧਿਕਾਰੀ ,ਕਰਮਚਾਰੀ ਅਤੇ ਸਿਆਸੀ ਆਗੂ ਨੂੰ ਦੋਸ਼ ਸਾਬਤ ਹੋਣ ਤੇ ਬਖਸ਼ਿਆ ਨਹੀਂ ਜਾਵੇਗਾ। ਕੰਢੀ ਅਤੇ ਬੀਤ ਨਾਲ ਸਬੰਧਤ ਸੱਤਾਧਾਰੀ ਪਾਰਟੀ ਦੇ ਆਗੂ ਹਲਕੇ ਦੇ ਲੋਕਾਂ ਦੀ ਜੋਰਦਾਰ ਮੰਗ ਕਾਰਨ ਜੰਗਲਾਤ ਵਿਭਾਗ ਦੇ ਭਿ੍ਰਸ਼ਟ ਅਧਿਕਾਰੀਆਂ ਦੇ ਸੁਧਾਰ ਲਈ ਸਰਗਰਮ ਹੋਏ ਹਨ। ਕੰਢੀ ਅਤੇ ਬੀਤ ਇਲਾਕੇ ਵਿਚ ਜੰਗਲਾਤ ਵਿਭਾਗ ਵਲੋਂ ਪੌਦੇ ਲਗਾਉਣ ਤੇ ਖਰਚੇ ਜਾ ਰਹੇ ਕਰੌੜਾਂ ਰੁਪਏ ਦਾ ਇਸ ਖਿੱਤੇ ਨੂੰ ਕੋਈ ਲਾਭ ਨਹੀਂ ਹੋਇਆ ਕਿਉਂਕਿ ਪੌਦੇ ਸਿਰਫ ਕਾਗਜ਼ਾਂ ਵਿਚ ਹੀ ਲਗਾਏ ਗਏ ਸਨ। ਵਿਭਾਗ ਵਲੋਂ ਲਾਇਆ ਇਕ ਵੀ ਪੌਦਾ ਨਜ਼ਰ ਨਹੀਂ ਆ ਰਿਹਾ ਜਿਹੜਾਂ ਪੁੰਗਰਕੇ ਜ਼ਵਾਨ ਹੋਇਆ ਹੋਵੇ। ਵਿਭਾਗ ਦੇ ਅਧਿਕਾਰੀਆਂ ਦੀ ਢਿੱਲ ਮੱਠ , ਬੇਈਮਾਨੀ ਅਤੇ ਬੇਧਿਆਨੀ ਕਾਰਨ ਹਜਾਰਾਂ ਪੌਦੇ ਪੁੱਟੇ ਹੋਏ ਟੋਇਆਂ ਵਿਚ ਹੀ ਮੁਰਝਾ ,ਸੁੱਕ ਸੜ ਗਏ ਹਨ। ਲਾਏ ਗਏ ਪੌਦਿਆਂ ਦੀ ਕੋਈ ਸਾਂਭ ਸੰਭਾਲ ਨਾ ਹੋਣ ਕਾਰਨ ਬਹੁਤੇ ਪੌਦੇ ਭੇਡਾਂ ਬੱਕਰੀਆਂ ਦੇ ਝੁੰਡ ਉਜਾੜ ਸੁੱਟਦੇ ਹਨ। ਮੈਲੀ , ਜੇਜੋਂ ਦੋਆਬਾ, ਕੋਠੀ, ਲਲਵਾਣ, ਬਛੋਹੀ ਵਰਗੇ ਪਿੰਡਾਂ ਵਿਚ ਵਿਭਾਗ ਵਲੋਂ ਬਣਾਏ ਜਾ ਰੈਸਟ ਹਾੳੂਸਾਂ ਵਿਚ ਅਰਾਮ ਕਰਕੇ ਘਰਾਂ ਨੂੰ ਪਰਤ ਜਾਂਦੇ ਹਨ। ਭੇਡਾਂ ਬੱਕਰੀਆਂ ਦੇ ਵੱਗ ਵਣ ਵਿਭਾਗ ਵਲੋਂ ਲਾਏ ਪੌਦੇ ਉਜਾੜ ਸੁੱਟਦੇ ਹਨ। ਵਿਭਾਗ ਦੇ ਅਧਿਕਾਰੀ ਭੇਡਾਂ ਬੱਕਰੀਆਂ ਦੇ ਵੱਗਾਂ ਵਾਲਿਆਂ ਕੋਲੋਂ ਮੁਫਤ ਵਿਚ ਦੁੱਧ ਅਤੇ ਹੋਰ ਸਹੂਲਤਾਂ ਲੈਣ ਲਈ ਸਰਕਾਰ ਨੂੰ ਕਰੋੜਾਂ ਦਾ ਘਾਟਾ ਪਾ ਰਹੇ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਪਿੰਡਾਂ ਦੇ ਲੱਕੜ ਚੋਰਾਂ ਨੇ ਇਸ ਖਿੱਤੇ ਅਧੀਨ ਆਉਂਦੇ ਜੰਗਲੀ ਇਲਾਕੇ ’ਚ ਖੈਰ ਦੇ ਦਰੱਖਤ ਤਾਂ ਵੇਖਣ ਨੂੰ ਵੀ ਨਹੀਂ ਛੱਡੇ। ਖੈਰ ਦੇ ਦਰੱਖਤਾਂ ਦੀ ਅੰਧਾਂ ਧੂੰਦ ਕਟਾਈ ਕਾਰਨ ਜੰਗਲ ਅਤੇ ਪਹਾੜ ਖਾਲੀ ਹੋ ਗਏ ਹਨ।
ਵਿਭਾਗ ਇਸ ਲੱਕੜ ਦੀ ਚੋਰੀ ’ ਤੇ ਅੱਜ ਤੱਕ ਰੋਕ ਨਹੀਂ ਲਗਾ ਸਕਿਆ। ਅਧਿਕਾਰੀ ਜੰਗਲਾਂ ਨੂੰ ਖੁਦ ਅੱਗ ਲਗਾ ਕੇ ਆਪਣੇ ਬਚਾਅ ਲਈ ਸਰਕਾਰ ਦੇ ਅੱਖੀਂ ਘੱਟਾ ਪਾ ਰਹੇ ਹਨ। ਕੰਢੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਸਰਪੰਚ ਦਿਲਬਾਗ ਸਿੰਘ ਮਹਿਦੂਦ ਨੇ ਦੱਸਿਆ ਕਿ ਫਤਿਹਪੁਰ ਕੋਠੀ, ਖੰਨੀ, ਲਲਵਾਣ, ਸਾਰੰਗਵਾਲ, ਭੇੜੂਆ, ਬਛੋਹੀ, ਸੂਨਾ, ਹਰਜੀਆਣਾ, ਨਾਰੂ ਨੰਗਲ, ਜਹਾਨਖੇਲਾਂ ਕੰਢੀ ਦੇ ਅਜਿਹੇ ਪਿੰਡ ਹਨ ਜਿਹਨਾਂ ਦੇ ਜੰਗਲਾਂ ਵਿਚ ਕਿਸੇ ਸਮੇਂ ਕਰੌੜਾਂ ਰੁਪਏ ਦੇ ਖੈਰ ਦੇ ਦਰੱਖਤ ਹੁੰਦੇ ਸਨ।ਅੱਜ ਕੱਲ੍ਹ ਇਹ ਗੁੰਮ ਹਨ ਅਤੇ ਥਾਂ ਥਾਂ ਕੱਟੇ ਹੋਏ ਦਰੱਖਤਾਂ ਦੇ ਮੁੱਢ ਹੀ ਦਿਖਾਈ ਦੇ ਰਹੇ ਹਨ। ਲੱਕੜ ਚੋਰ ਉਕਤ ਦਰੱਖਤਾਂ ਨੂੰ ਉਪਰੋਂ ਕੱਟਕੇ ਬੜੀ ਅਸਾਨੀ ਨਾਲ ਵੇਚ ਰਹੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਹਰ ਸਾਲ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਹਾੜੀ ਪਿੰਡਾਂ ਅਤੇ ਜੰਗਲਾਂ ਵਿਚ ਵੱਡੇ ਪੱਧਰ ਤੇ ਦਰੱਖਤ ਲਗਵਾਉਣ ਦੇ ਦਾਅਵੇ ਕਰਦੇ ਹਨ। ਉਹ ਉਹਨਾਂ ਦੇ ਬੱਚ ਬਚਾਅ ਲਈ ਪਿੰਡਾਂ ਦੇ ਲੋਕਾਂ ਨੂੰ ਸੈਮੀਨਾਰ ਕਰਵਾਕੇ ਜਾਗਰੂਕ ਵੀ ਕਰਦੇ ਹਨ ਪ੍ਰੰਤੂ ਉਕਤ ਸੈਮੀਨਾਰ ਅਤੇ ਹਰ ਪਿੰਡ ਪੱਧਰ ਤੇ 1000 -1000 ਬੂਟਾ ਲਾਉਣ ਦੇ ਦਾਅਵੇ ਸਮਾਗਮ ਤੋਂ ਬਾਅਦ ਦੂਸਰੇ ਦਿਨ ਹੀ ਖੋਖਲੇ ਸਾਬਤ ਹੁੰਦੇ ਹਨ। ਕੋਈ ਵੀ ਅਧਿਕਾਰੀ ਆਪਣੇ ਪੱਧਰ ਤੇ ਕੋਈ ਵੀ ਪੌਦਾ ਨਹੀਂ ਲਾਉਂਦਾ।
ਕੰਢੀ ਅਤੇ ਬੀਤ ਭਲਾਈ ਕਮੇਟੀ ਦੇ ਆਗੂਆਂ ਦਾ ਕਹਿਣ ਹੈ ਕਿ ਵਣ ਵਿਭਾਗ ਵਲੋਂ ਪੌਦੇ ਲਾਉਣ ਦੇ ਨਾਂ ਤੇ ਖਰਚੇ ਜਾ ਰਹੇ ਕਰੌੜਾਂ ਰੁਪਏ ਵੀ ਸ਼ੱਕ ਦੇ ਘੇਰੇ ਵਿਚ ਹਨ। ਪ੍ਰਾਪਤ ਅੰਕੜਿਆਂ ਮੁਤਾਬਿਕ ਪਿੱਛਲੇ ਸਾਲਾਂ ਦੌਰਾਨ ਵਣ ਵਿਭਾਗ ਨੂੰ ਕੰਢੀ ਖੇਤਰ ਵਿਚ ਜਪਾਨ ਪ੍ਰੋਜੈਕਟ ਤਹਿਤ ਪੌਦੇ ਲਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਲੱਗਭਗ 47 ਕਰੌੜ ਰੁਪਏ ਆਏ ਸਨ ਅਤੇ ਉਕਤ ਪੌਦਿਆਂ ਦੀ ਸਾਂਭ ਸੰਭਾਲ ਲਈ 50 ਕਰੌੜ ਰੁਪਿਆ ਅਲੱਗ ਦਿੱਤਾ ਗਿਆ ਸੀ। ਵਿਭਾਗ ਵਲੋਂ ਉਸ ਵਕਤ ਲੱਗਭਗ 50 ਲੱਖ ਪੌਦਾ ਲਾਉਣ ਦਾ ਦਾਅਵਾ ਕੀਤਾ ਪ੍ਰੰਤੂ ਉਕਤ ਲਾਇਆ ਗਿਆ ਇਕ ਵੀ ਪੌਦਾ ਕਿਥੇ ਗਿਆ ਜਿਸਦਾ ਅੱਜ ਵੀ ਕੋਈ ਪਤਾ ਨਹੀਂ ਲੱਗ ਸਕਿਆ। ਪਿੱਛਲੇ ਪੰਜ ਸਾਲਾਂ ਦੌਰਾਨ ਪੌਦੇ ਲਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਦੇ ਨਾਂ ਤੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਸਰਕਾਰੀ ਖਜਾਨੇ ਨੂੰ ਤਕੜਾ ਖੋਰਾ ਲਾਇਆ ਹੈ। ਵਿਭਾਗ ਨੇ ਜਿਸ ਹਲਕੇ ਜਾਂ ਪਿੰਡ ਵਿਚ 70 ਲੱਖ ਰੁਪਏ ਖਰਚਕੇ ਪੌਦੇ ਲਾਉਣੇ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸੀ ਉਥੇ 70 ਹਜਾਰ ਰੁਪਏ ਵੀ ਖਰਚ ਨਹੀਂ ਕੀਤਾ ਗਿਆ। ਇਸ ਘਪਲੇਬਾਜ਼ੀ ਦਾ ਉਸ ਵਕਤ ਪਤਾ ਲੱਗਿਆ ਸੀ ਜਦੋਂ ਵਣ ਵਿਭਾਗ ਦੇ ਇਕ ਉਚ ਅਧਿਕਾਰੀ ਨੇ ਪੌਦੇ ਲਾਉਣ ਦਾ ਕੰਮ ਆਪਣੀ ਪਤਨੀ ਦੀ ਅਗਵਾਈ ਵਿਚ ਬਣਾਈ ਗਈ ਸੰਸਥਾ ‘ ਸਹਿਯੋਗੀ ’ ਨਾਲ ਇਕਰਾਰਨਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸਦਾ ਖੁਲਾਸਾ ਉਸ ਸਮੇਂ ਵਿਧਾਇਕ ਦੇਸ ਰਾਜ ਧੁੱਗਾ ਨੇ ਚੰਡੀਗੜ੍ਹ ਵਿਚ ਕੀਤਾ ਸੀ।
ਵਣ ਵਿਭਾਗ ਦੇ ਡੀ ਐਫ ਓ ਦੀ ਪਤਨੀ ਸਹਿਯੋਗੀ ਸੰਸਥਾ ਦੀ ਖੁਦ ਚੇਅਰਮੈਨ ਸੀ। ਵਿਭਾਗ ਨੇ ਸਹਿਯੋਗੀ ਨਾਲ ਇਕਰਾਰਨਾਮਾ ਕੀਤਾ ਸੀ ਕਿ ਸੰਸਥਾ ਦਸੂਹਾ, ਬਲਾਚੋਰ, ਟਾਂਡਾ, ਹੁਸ਼ਿਆਰਪੁਰ ਦੀਆਂ 137 ਕਿਲੋਮੀਟਰ ਸੜਕਾਂ ਤੇ ਦਰੱਖਤ ਲਗਾਕੇ ਉਹਨਾਂ ਦੀ ਸਾਂਭ ਸੰਭਾਲ ਤਿੰਨ ਸਾਲ ਕਰੇਗੀ। ਇਸ ਸੰਸਥਾ ਵਲੋਂ ਉਸ ਸਮੇਂ ਸਵਾ ਲੱਖ ਬੂਟਾ ਇਕੋ ਹੀ ਦਿਨ ਲਾਉਣਾ ਸੀ । ਸਹਿਯੋਗੀ ਸੰਸਥਾ ਨੇ ਆਪਣੇ ਇਕਰਾਰਨਾਮੇ ਮੁਤਾਬਿਕ ਕੋਈ ਅਜਿਹਾ ਬਾਅਦਾ ਪੂਰਾ ਹੀ ਨਹੀਂ ਕੀਤਾ। ਵਣ ਵਿਭਾਗ ਕੰਢੀ ਅਤੇ ਬੀਤ ਨਾਲ ਸਬੰਧਤ ਪਿੰਡਾਂ ਵਿਚ ਸਰਕਾਰ ਨੂੰ ਤਕੜੇ ਰੱਗੜੇ ਲਗਾ ਰਿਹਾ ਹੈ। ਹੁਸ਼ਿਆਰਪੁਰ ਚੰਡੀਗੜ੍ਹ ਰੋਡ ਦੋਹਾਂ ਪਾਸਿਆਂ ਤੋਂ ਦਰੱਖਤ ਕੱਟਕੇ ਭੋਡਾ ਕਰ ਦਿੱਤਾ ਗਿਆ ਹੈ। ਨਵੇਂ ਪੌਦੇ ਲਾਉਣ ਦੀ ਯੋਜਨਾ ਅਜੇ ਤੱਕ ਸ਼ਪੱਸ਼ਟ ਨਹੀਂ ਹੈ। ਬਿਸਤ ਦੋਆਬ ਨਹਿਰ ਦੇ ਦੋਵੇਂ ਪਾਸੇ ਦੀ ਪਟੜੀ ਤੋਂ ਲੱਕੜ ਚੋਰ ਕਰੌੜਾਂ ਦੇ ਦਰੱਖਤ ਕੱਟਕੇ ਲੈ ਗਏ ਹਨ। ਦੋਵੇਂ ਪਾਸੇ ਮੁੱਢਾਂ ਦੇ ਮੁੱਢ ਹੀ ਦਿਸ ਰਹੇ ਹਨ। ਹੁਣ ਬਾਦਲ ਸਰਕਾਰ ਨੇ ਨਵੇਂ ਸਿਰਿਓ ਪੌਦੇ ਲਾਉਣ ਦਾ ਫੈਸਲਾ ਕੀਤਾ ਹੈ। ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਣ ਵਿਭਾਗ ਦੇ ਅਧਿਕਾਰੀਆਂ ਨੇ ਪਿੱਛਲੇ ਕਈ ਸਾਲਾਂ ਤੋਂ ਸਿਰਫ ਕਾਗਜ਼ਾਂ ਵਿਚ ਹੀ ਦਰੱਖਤ ਲਗਾਕੇ ਸਰਕਾਰ ਦੇ ਅੱਖੀਂ ਘੱਟਾ ਪਾਇਆ ਹੈ। ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਜੋ ਕੰਢੀ ਖਿੱਤੇ ਦੇ ਪਿੰਡਾਂ ਦੇ ਸਰਗਰਮ ਆਗੂ ਹਨ ਦਾ ਕਹਿਣ ਹੈ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵਣ ਵਿਭਾਗ ਦੇ ਸੁਸਤ ਅਤੇ ਭਿ੍ਰਸ਼ਟ ਅਧਿਕਾਰੀਆਂ ਨਾਲ ਸਖਤੀ ਨਾਲ ਪੇਸ਼ ਆਵੇਗੀ। ਸਰਕਾਰ ਹੁਣ ਕਰੋੜਾ ਰੁਪਿਆ ਇਸ ਖਿੱਤੇ ਦੇ ਵਿਕਾਸ ਲਈ ਖਰਚ ਕਰ ਰਹੀ ਹੈ।