ਬਾਲ ਸੁਧਾਰ ਘਰ ਦੀ ਤੰਗ ਇਮਾਰਤ ਬਾਲ ਕੈਦੀਆਂ ਲਈ ਬਣੀ ਮੁਸੀਬਤ
Posted on:- 28-11-2014
-ਸ਼ਿਵ ਕੁਮਾਰ ਬਾਵਾ
ਜ਼ਿਲ੍ਹਾ ਹੁਸ਼ਿਆਰਪੁਰ ਨਾਲ ਲਗਦੇ ਰਾਮ ਕਲੋਨੀ ਕੈਂਪ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ (ਹੁਸ਼ਿਆਰਪੁਰ) ਅਧੀਨ ਚੱਲਦੇ ਬਾਲ ਸੁਧਾਰ ਘਰ (ਸ਼ਪੈਸ਼ਲ ਹੋਮਅਬਜ਼ਰਵੇਸ਼ ਹੋਮ) ਦਾ ਪੁਰਾਣੀ, ਖਸਤਾ ਹਾਲਤ ਅਤੇ ਤੰਗ ਇਮਾਰਤ ਹੋਣ ਕਾਰਨ ਬਹੁਤ ਹੀ ਤਰਸਯੋਗ ਹਾਲਤ ਹੈ। ਇਥੇ ਵੱਡੇ ਵੱਡੇ ਤਿੰਨ ਹਾਲ ਤਾਂ ਹਨ ਪ੍ਰੰਤੂ ਕੜਾਕੇ ਦੀ ਠੰਡ ਅਤੇ ਗਰਮੀ ਵਿਚ ਅੰਦਰ ਵੱਖ ਵੱਖ ਕੇਸਾਂ ਤਹਿਤ ਸਜਾ ਭੁਗਤ ਰਹੇ ਬਾਲ ਕੈਦੀਆਂ ਨੂੰ ਸਹੂਲਤਾਂ ਨਾ ਮਾਤਰ ਹਨ। ਵੱਡੇ ਕਮਰਿਆਂ ਦੇ ਰੌਸ਼ਨਦਾਨ ਖੁੱਲ੍ਹੇ ਹਨ ਜਿਸ ਸਦਕਾ ਅੰਦਰ ਬੰਦ ਬਾਲ ਕੈਦੀਆਂ ਦੀ ਸੁਰੱਖਿਆ ਤੇ ਹਮੇਸ਼ਾਂ ਪ੍ਰਸ਼ਨ ਚਿੰਨ੍ਹ ਲੱਗ ਚੁੱਕਾ ਹੈ।
ਬਹੁਤ ਵਾਰ ਕਈ ਬਾਲ ਕੈਦੀ ਫਰਾਰ ਹੋ ਚੁੱਕੇ ਹਨ। ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਇਥੇ ਕੈਦੀਆਂ ਦੀ ਸਹੂਲਤ ਲਈ ਕਈ ਤਰ੍ਹਾਂ ਦੇ ਪ੍ਰਬੰਧ ਕਰਕੇ ਦਿੰਦੇ ਹਨ ਪ੍ਰੰਤੂ ਉਹ ਕੁੱਝ ਹੀ ਦਿਨਾ ਵਿਚ ਅੱਗੇ ਪਿੱਛੇ ਹੋ ਜਾਂਦੇ ਹਨ। ਸਿਆਸੀ ਆਗੂ ਇਥੇ ਸਿਰਫ ਆਪਣੇ ਨੰਬਰ ਬਣਾਉਣ ਲਈ ਹੀ ਪੁੱਜਦੇ ਹਨ। ਅੰਦਰ ਬੰਦ ਬਾਲ ਕੈਦੀ ਕਈ ਵਾਰ ਉਹਨਾਂ ਨੂੰ ਖਰੀਆਂ ਖਰੀਆਂ ਸੁਣਾ ਵੀ ਚੁੱਕੇ ਹਨ ਪ੍ਰੰਤੂ ਉਹ ਫਿਰ ਵੀ ਆਉਂਦੇ ਜਾਂਦੇ ਰਹਿੰਦੇ ਹਨ। ਸਾਬਕਾ ਸੰਸਦ ਮੈਂਬਰ ਬੀਬੀ ਸੰਤੌਸ਼ ਚੌਧਰੀ ਇਥੇ ਹੁਣ ਤੱਕ ਸਿਰਫ ਇਕ ਪੀਣ ਵਾਲੇ ਪਾਣੀ ਦਾ ਕੂਲਰ ਹੀ ਲਗਵਾ ਸਕੀ ਹੈ। ਬਾਕੀ ਬਾਅਦੇ ਕਰਦੇ ਰਹੇ ਪ੍ਰੰਤੂ ਪੂਰਾ ਕਿਸੇ ਨੇ ਨਹੀਂ ਕੀਤਾ।
ਅੱਜ ਇਸ ਬਾਲ ਸੁਧਾਰ ਘਰ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਥੇ ਬਹੁਤ ਸਾਰੀਆਂ ਪਾਰਟੀਆਂ ਨਾਲ ਸਬੰਧਤ ਆਗੂ ਬਾਲ ਕੈਦੀਆਂ ਨੂੰ ਸਿਰਫ ਇਸ ਲਈ ਮਿਲਣ ਆਉਂਦੇ ਹਨ ਕਿ ਉਹ ਕਿ ਉਹ ਆਪਣੀਆਂ ਫੋਟੋਆਂ ਖਿਚਵਾਕੇ ਵੱਡੇ ਵੱਡੇ ਲਾਰੇ ਲਾਕੇ ਅਖਬਾਰਾਂ ਦਾ ਸ਼ਿੰਗਾਰ ਬਣ ਜਾਂਦੇ ਹਨ ਜਦਕਿ ਅਸਲੀਅਤ ਵਿਚ ਉਹ ਕਦੇ ਵੀ ਆਪਣਾ ਬਾਅਦਾ ਪੂਰਾ ਨਹੀਂ ਕਰਦੇ। ਅੰਦਰ ਬਾਲ ਕੈਦੀ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਗਰਮੀਆਂ ਵਿਚ ਪੱਖੇ ਨਾ ਮਾਤਰ ਚੱਲਦੇ ਹਨ। ਸਰਦੀਆਂ ਵਿਚ ਵੱਡੇ ਖੁੱਲ੍ਹੇ ਹਾਲ ਉਹਨਾਂ ਦੇ ਹੱਡੀਂ ਠੰਢ ਪਾਉਂਦੇ ਹਨ। ਬਾਲ ਕੈਦੀਆਂ ਨੂੰ ਫਰਸ਼ ਤੇ ਸੋਣਾ ਪੈਂਦਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਬਾਲ ਕੈਦੀ ਅੰਦਰ ਆਪਸ ਵਿਚ ਕਈ ਵਾਰ ਖੂਨੀ ਜੰਗ ਤੇ ਉਤਾਰੂ ਹੋ ਜਾਂਦੇ ਹਨ ਜਿਸ ਸਦਕਾ ਪੁਲਸ ਨੂੰ ਸਖਤੀ ਨਾਲ ਪੇਸ਼ ਆਉਣਾ ਪੈਂਦਾ ਹੈ। ਅੰਦਰ ਬਹੁਤੇ ਬਾਲ ਕੈਦੀ ਅਜਿਹੇ ਬੰਦ ਹਨ ਜਿਹਨਾਂ ਦੀ ਉਮਰ 18 ਸਾਲ ਤੋਂ ਕਈ ਸਾਲ ਵੱਧ ਹੋ ਚੁੱਕੀ ਹੈ। ਛੋਟੀ ਉਮਰ ਦੇ ਬਾਲ ਕੈਦੀਆਂ ਤੇ ਵੱਡੀ ਉਮਰ ਦੇ ਕੈਦੀ ਰੋਅਬ ਪਾਉਂਦੇ ਹਨ ਜਿਸ ਸਦਕਾ ਕਈ ਵਾਰ ਇਥੇ ਖੂਨੀ ਲੜਾਈ ਹੋ ਚੁੱਕੀ ਹੈ। ਕੈਦੀ ਅੰਦਬ ਥਾ ਦੀ ਕਮੀ ਹੋਣ ਕਰਕੇ ਵੀ ਅਪਸ ਵਿਚ ਉਲਝਦੇ ਰਹਿੰਦੇ ਹਨ। ਇਥੇ ਪੰਜਾਬ ਦੇ 10 ਜ਼ਿਲ੍ਹਿਆ ਨਾਲ ਸਬੰਧਤ ਕੈਦੀ ਬੰਦ ਹਨ ਜਿਹਨਾਂ ਵਿਚ ਹੋਰ ਸੂਬਿਆਂ ਤੋਂ ਇਲਾਵਾ ਹੋਰ ਨੇੜਲੇ ਦੇਸ਼ਾਂ ਨਾਲ ਸਬੰਧਤ ਵੀ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਕਤ ਬਾਲ ਸੁਧਾਰ ਘਰ ਦੀ ਮੁੜਕੇ ਮੁਰੰਮਤ ਕਰਵਾਏ ਅਤੇ ਖੁੱਲ੍ਹੀ ਥਾਂ ਤੇ ਸਥਿੱਤ ਉਕਤ ਬਾਲ ਘਰ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਕ ਮੁਲਾਕਾਤੀ ਨੇ ਦੱਸਿਆ ਕਿ ਜੇਕਰ ਪੁਲਸ ਅਤੇ ਵਿਭਾਗ ਦੇ ਕਰਮਚਾਰੀ ਅੰਦਰ ਬੰਦ ਕਈ ਤਕੜੇ ਅਮੀਰ ਘਰਾਂ ਦੇ ਬੱਚਿਆਂ ਨਾਲ ਦੋਸਤਾਨਾ ਜਾਂ ਨਜ਼ਦੀਕੀਆਂ ਨਾ ਬਣਾਉਣ ਤਾਂ ਇਥੇ ਕਦੇ ਵੀ ਅੰਦਰ ਬੰਦ ਕੈਦੀ ਆਪਸ ਵਿਚ ਲੜਾਈ ਝਗੜਾ ਨਾ ਕਰਨ। ਪ੍ਰੰਤੂ ਕੈਦੀ ਬੱਚੇ, ਉਹਨਾਂ ਦੇ ਅਮੀਰ ਮਾਪੇ ਪੁਲਸ ਅਤੇ ਅਧਿਕਾਰੀਆਂ ਨਾਲ ਮਿਲਕੇ ਕਈ ਵਾਰ ਘਿਓ ਖਿਚੜੀ ਹੋ ਜਾਂਦੇ ਹਨ ਜਿਸ ਸਦਕਾ ਇਥੇ ਬੰਦ ਕੈਦੀ ਫਰਾਰ ਵੀ ਹੋਏ ਹਨ।
ਇਸ ਸਬੰਧ ਵਿਚ ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੁਪਰਡੈਂਟ ਸ੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਵਕਤ ਇਸ ਬਾਲ ਸੁਧਾਰ ਘਰ ਅੰਦਰ ਕੁੱਲ 121ਕੈਦੀ ਹਨ। ਕੱਲ੍ਹ 122 ਸਨ ਪ੍ਰੰਤੂ ਉਹਨਾਂ ਵਿਚੋਂ ਇਕ ਦੀ ਅੱਜ ਜਮਾਨਤ ਹੋ ਗਈ ਹੈ। ਉਹਨਾਂ ਦੱਸਿਆ ਕਿ ਬਾਲ ਕੈਦੀਆਂ ਨੂੰ ਅੰਦਰ ਕੋਈ ਸਮੱਸਿਆ ਨਹੀਂ ਹੈ। ਅੰਦਰ ਪੀਣ ਵਾਲਾ ਪਾਣੀ ਅਤੇ ਹਰ ਤਰ੍ਹਾਂ ਦੀ ਸਹੂਲਤ ਹੈ। ਉਹਨਾਂ ਇਕ ਸਵਾਲ ਦੇ ਜ਼ਵਾਬ ਵਿਚ ਦੱਸਿਆ ਕਿ ਇਥੇ ਕੈਦੀ ਸਮਰੱਥਾ ਤੋਂ ਵੱਧ ਹਨ। ਤਿੰਨ ਹਾਲਾਂ ਵਿਚ ਇਕੱਠੇ ਰਹਿਣ ਦੇ ਬਾਵਜੂਦ ਵੀ ਕਦੇ ਕਦਾਈ ਉਹ ਆਫਸ ਵਿਚ ਲੜਾਈ ਝਗੜੇ ਕਰਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਲੜਾਈ ਝਗੜੇ ਦਾ ਮੁੱਖ ਕਾਰਨ ਜਗ੍ਹਾ ਦੀ ਘਾਟ ਹੈ। ਉਹਨਾਂ ਦੱਸਿਆ ਕਿ ਅੰਦਰ ਬੰਦ 121 ਕੈਦੀਆਂ ਵਿਚੋਂ 15 ਦੇ ਕਰੀਬ ਕੈਦੀ ਕਤਲ, 10 ਦੇ ਕਰੀਬ ਬਲਾਤਕਾਰ ਅਤੇ ਬਹੁਤੇ ਕੈਦੀ ਇਰਾਦਾ ਕਤਲ ਅਤੇ ਨਸ਼ਾ ਵਿਰੋਧੀ ਐਕਟ ਤਹਿਤ ਸਜਾ ਭੁਗਤ ਰਹੇ ਹਨ। ਉਹਨਾਂ ਦੱਸਿਆ ਕਿ ਸਮੁੱਚੇ ਵਿਭਾਗ ਸਮੇਤ ਉਕਤ ਬਾਲ ਸੁਧਾਰ ਘਰ ਲਈ ਪੀਣ ਵਾਲੇ ਪਾਣੀ ਦੀ ਵਿਭਾਗ ਵਲੋਂ ਵੱਖਰੀ ਟੈਂਕੀ ਦਾ ਪ੍ਰਬੰਧ ਹੈ। ਸਮੁੱਚੇ ਕੈਂਪ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਇਥੋਂ ਹੀ ਹੁੰਦੀ ਹੈ। ਉਹਨਾਂ ਦੱਸਿਆ ਕਿ ਬਾਲ ਕੈਦੀਆਂ ਦੀ ਸੁਰੱਖਿਆ ਲਈ ਇਕ ਥਾਣੇਦਾਰ ਅਤੇ ਚਾਰ ਕਾਂਸਟੇਬਲ ਹਰ ਵਕਤ ਤਾਇਨਾਤ ਰਹਿੰਦੇ ਹਨ। ਉਹਨਾਂ ਦੱਸਿਆ ਕਿ ਹਰ ਬਾਲ ਕੈਦੀ ਨੂੰ ਹਫਤੇ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਉਹਨਾਂ ਦੇ ਮਾਪੇ ਮਿਲਣ ਆਉਂਦੇ ਹਨ ਜਿਸ ਲਈ ਵਿਭਾਗ ਹਰ ਸਹੂਲਤ ਦਾ ਪ੍ਰਬੰਧ ਕਰਕੇ ਦਿੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਉਕਤ ਬਾਲ ਸੁਧਾਰ ਲਈ ਇੱਕ ਹਾਲ ਅੰਦਰ ਹੋਰ ਬਣ ਜਾਵੇ ਤਾਂ ਅੰਦਰ ਬੰਦ ਕੈਦੀ ਬੜੇ ਅਰਾਮ ਨਾਲ ਰਹਿ ਸਕਦੇ ਹਨ।