ਜਾਨਵਰਾਂ ਦੇ ਸ਼ਿਕਾਰ ਲਈ ਲਾਈਆਂ ਤਾਰਾਂ ਤੇ ਕੁੰਡੀਆਂ ਕਾਰਣ ਕੰਢੀ ਖੇਤਰ ਦੀ ਬਿਜਲੀ ਰਹਿੰਦੀ ਗੁੱਲ
Posted on:- 26-11-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਕੰਢੀ ਇਲਾਕੇ ਦੇ ਪਿੰਡ ਰਾਮਪੁਰ ਝੰਜੋਵਾਲ ਵਿਖੇ ਸ਼ਿਕਾਰ ਖੇਡਣ ਅਤੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਲਗਾਈਆਂ ਹਾਈ ਵੋਲਟੇਜ ਤਾਰਾਂ ਤੇ ਕੁੰਡੀਆਂ ਨਾਲ ਮਰੇ ਪ੍ਰਵਾਸੀ ਮਜ਼ਦੂਰ ਦੀ ਮੌਤ ਨੇ ਬਿਜਲੀ ਅਤੇ ਜੰਗਲਾਤ ਵਿਭਾਗ ਦੀ ਕਾਰਜਗਾਰੀ ਤੇ ਪ੍ਰਸ਼ਨ ਚਿੰਨ੍ਹ ਤਾਂ ਲਗਾ ਹੀ ਦਿੱਤਾ ਹੈ ਉੱਥੇ ਕੰਡੀ ਖੇਤਰ ਵਿਚ ਰਾਤ ਦੇ ਸਮੇਂ ਬਿਜਲੀ ਗੁੱਲ ਰਹਿਣ ਦਾ ਵੀ ਪਰਦਾਫ਼ਾਸ਼ ਹੋਇਆ ਹੈ। ਕੰਢੀ ਖੇਤਰ ਅਧੀਨ ਪੈਂਦੇ ਦਰਜ਼ਨ ਦੇ ਕਰੀਬ ਪਿੰਡਾਂ ਦੇ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਰਾਤ ਦੇ ਸਮੇਂ ਬਿਜਲੀ ਗੁੱਲ ਰਹਿਣ ਕਾਰਨ ਬਿਜ਼ਲੀ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਕੋਸ ਰਹੇ ਸਨ। ਉਹ ਆਏ ਦਿਨ ਪਾਵਰਕਾਮ ਦੇ ਦਫਤਰਾਂ ਵਿਚ ਉਚ ਅਧਿਕਾਰੀਆਂ ਨੂੰ ਵਫਦ ਲੈ ਕੇ ਮਿਲ ਚੁੱਕੇ ਹਨ ਪ੍ਰੰਤੂ ਉਹਨਾਂ ਦੀ ਬਿਜ਼ਲੀ ਰਾਤਾਂ ਦੇ ਸਮੇਂ ਹਮੇਸ਼ਾਂ ਗੁੱਲ ਹੀ ਰਹਿੰਦੀ ਹੈ। ਉਹ ਕਈ ਵਾਰ ਕਾਂਗਰਸੀ ਅਤੇ ਸੀ ਪੀ ਆਈ ਐਮ ਦੇ ਸੀਨੀਅਰ ਆਗੂਆਂ ਦੀ ਅਗਵਾਈ ਵਿਚ ਸਰਕਾਰ ਦਾ ਪਿੱਟ ਸਿਆਪਾ ਵੀ ਕਰ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੰਢੀ ਖੇਤਰ ਦੇ ਦਰਜ਼ਨ ਦੇ ਕਰੀਬ ਪਿੰਡਾਂ ਵਿਚ ਜੰਗਲੀ ਜੀਵਾਂ ਦੇ ਸ਼ਿਕਾਰ ਲਈ ਸ਼ਿਕਾਰੀਆਂ ਅਤੇ ਲੋਕਾਂ ਵਲੋਂ ਲਗਾਈਆਂ ਜਾਂਦੀਆਂ ਹਾਈ ਵੋਲਟੇਜ ਤਾਰਾਂ ਅਤੇ ਕੜਿਕੀਆਂ ਕਾਰਨ ਬਿਜਲੀ ਬੋਰਡ ਅਤੇ ਜੰਗਲਾਤ ਵਿਭਾਗ ਦੀ ਕਾਰਜਗਾਰੀ ਤੇ ਪ੍ਰਸ਼ਨ ਲੱਗ ਗਿਆ ਹੈ। ਪਿੰਡ ਫ਼ਹਿਤਪੁਰ, ਕੋਠੀ, ਲਲਵਾਣ, ਰਾਮਪੁਰ, ਝੰਜੋਵਾਲ, ਜੇਜੋਂ ਦੁਆਬਾ, ਖੰਨੀ, ਨਰਿਆਲਾ, ਹਰਜੀਆਣਾ, ਬੱਦੋਵਾਲ ਆਦਿ ਪਿੰਡਾਂ ਸਮੇਤ ਇਸ ਹਲਕੇ ਵਿਚ ਜਿੱਥੇ ਸ਼ਿਕਾਰ ਤੇ ਪਾਬੰਦੀ ਹੈ ਉੱਥੇ ਬਿਜਲੀ ਚੋਰੀ ਅਤੇ ਹਾਈ ਵੋਲਟੇਜ਼ ਤਾਰਾਂ ਨਾਲ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਖੇਤਾਂ ਵਿਚ ਲਗਾਈਆਂ ਜਾ ਰਹੀਆਂ ਕੰਡੀਆਂ ਅਤੇ ਤਾਰਾਂ ਨਾਲ ਪਹਿਲਾਂ ਵੀ ਕਈ ਵਿਅਕਤੀ ਅਤੇ ਜੰਗਲੀ ਜਾਨਵਰ ਜ਼ਖਮੀ ਹੋ ਚੁੱਕੇ ਹਨ ਪਰੰਤੂ ਬੀਤੇ ਕੱਲ ਹੋਈ ਪ੍ਰਵਾਸੀ ਮਜ਼ਦੂਰ ਦੀ ਮੌਤ ਨੇ ਦੋਹਾਂ ਵਿਭਾਗਾਂ ਦੀ ਕਾਰਜਸ਼ੈਲੀ ਨੂੰ ਕਟਿਹਰੇ ਵਿਚ ਖੜਾ ਕਰ ਦਿੱਤਾ ਹੈ।
ਲੋਕਾਂ ਨੇ ਦੱਸਿਆ ਕਿ ਸ਼ਰੇਆਮ ਹੁੰਦੀ ਬਿਜਲੀ ਦੀ ਚੋਰੀ ਅਤੇ ਅਜਿਹੇ ਢੰਗ ਨਾਲ ਲਗਾਈਆਂ ਜਾਂਦੀਆਂ ਤਾਰਾਂ ਨਾਲ ਬੀਤੀ 16 ਨਵੰਬਰ ਨੂੰ ਪਿੰਡ ਮੇਘੋਵਾਲ ਦੁਆਬਾ ਦਾ ਨੌਜਵਾਨ ਨਵਜੋਤ ਪਾਲ ਪੁੱਤਰ ਬਲਵੀਰ ਵਾਸੀ ਸਵੇਰੇ 7 ਵਜ਼ੇ ਦੇ ਕਰੀਬ ਆਪਣੇ ਖੇਤਾਂ ਵਿਚੋਂ ਪਸ਼ੂਆਂ ਲਈ ਪੱਠੇ ਲੈਣ ਗਿਆ ਤਾਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਲਗਾਈ 11 ਕੇਵੀ ਦੀ ਸਪਲਾਈ ਤੋਂ ਕੁੰਡੀ ਲਗਾਕੇ ਖੇਤਾਂ ਵਿਚ ਵਿਛਾਈ ਲੋਹੇ ਦੀ ਤਾਰ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਬੀਤੇ ਕੱਲ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਤ ਨੇ ਜੰਗਲਾਤ ਵਿਭਾਗ ਅਤੇ ਬਿਜਲੀ ਬੋਰਡ ਦੀ ਢਿੱਲੀ ਕਾਰਜਗਾਰੀ ਦੀ ਪੋਲ ਖੋਹਲ ਦਿੱਤੀ ਹੈ। ਦੂਸਰੇ ਪਾਸੇ ਕਿਸਾਨਾ ਦਾ ਕਹਿਣ ਹੈ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਰੱਖਿਆ ਵਿਭਾਗ ਦੇ ਉਚ ਅਧਿਕਾਰੀ ਰਾਤਾਂ ਸਮੇਂ ਜੰਗਲੀ ਜਾਨਵਰਾਂ ਵਲੋਂ ਕੀਤੇ ਜਾ ਰਹੇ ਵੱਡੇ ਪੱਧਰ ਤੇ ਫਸਲਾਂ ਦੇ ਉਜਾੜੇ ਤੇ ਕਾਬੂ ਨਹੀਂ ਪਾ ਸਕੇ। ਉਹਨਾਂ ਦਾ ਇਸ ਪਾਸੇ ਵੱਲ ਕੋਈ ਧਿਆਨ ਨਾ ਹੋਣ ਕਾਰਨ ਹਜਾਰਾਂ ਰੁਪਏ ਦਾ ਫਸਲਾਂ ਤਬਾਹ ਹੋਣ ਕਾਰਨ ਨੁਕਸਾਨ ਹੋ ਰਿਹਾ ਹੈ। ਉਹਨਾਂ ਵਲੋਂ ਮਿਹਨਤ ਨਾਲ ਪਾਲੀ ਫਸਲ ਜੰਗਲੀ ਜਾਨਵਰ ਕੁੱਝ ਹੀ ਪਲਾਂ ਵਿਚ ਝੁੰਡਾ ਦੇ ਰੂਪ ਵਿਚ ਹਮਲਾ ਕਰਕੇ ਤਬਾਹ ਕਰ ਦਿੰਦੇ ਹਨ। ਇਸ ਲਈ ਉਹਨਾਂ ਨੂੰ ਫਸਲਾਂ ਦੀ ਰਾਖੀ ਖੁਦ ਕਰਨੀ ਪੈਂਦੀ ਹੈ। ਬਿਜ਼ਲੀ ਦੀਆਂ ਤਾਰਾਂ ਲਾਉਣਾ ਜੰਗਲੀ ਜਾਨਵਰਾਂ ਤੋਂ ਫਸਲਾਂ ਦਾ ਬਚਾਅ ਕਰਨਾ ਹੈ। ਬਿਜ਼ਲੀ ਵਿਭਾਗ ਕੰਢੀ ਵਿਚ ਅਕਸਰ ਹੀ ਰਿਜ਼ਲੀ ਗੁੱਲ ਕਰ ਦਿੰਦਾ ਹੈ ਜਿਸਦਾ ਇਸ ਖਿੱਤੇ ਦੇ ਪੇਂਡੂ ਲੋਕਾਂ ਸਮੇਤ ਕਿਸਾਨਾ ਨੂੰ ਤਿੱਗਣਾ ਨੁਕਸਾਨ ਸਹਿਣਾ ਪੈ ਰਿਹਾ ਹੈ। ਉਹਨਾਂ ਫਸਲਾਂ ਦੇ ਨੁਕਸਾਨ ਨੂੰ ਰੋਕਣ ਅਤੇ ਨਿਰਵਿਘਨ ਬਿਜ਼ਲੀ ਦੀ ਸਪਲਾਈ ਦੀ ਮੰਗ ਕੀਤੀ ਹੈ।
ਪੱਖ- ਇਸ ਸਬੰਧੀ ਜੇ ਈ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕੁੰਡੀ ਲਗਾਉਣ ਵਾਲੇ ਕਿਸਾਨ ਰਘੁਵੀਰ ਸਿੰਘ ਵਿਰੁੱਧ ਬਿਜਲੀ ਚੋਰੀ ਦਾ ਕੇਸ ਦਰਜ਼ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਚੋਰੀ ਅਤੇ ਅਜਿਹੀਆਂ ਕੁੰਡੀਆਂ ਰੋਕਣ ਲਈ ਰਾਤ ਦੀ ਗਸ਼ਤ ਵਧਾਈ ਜਾਵੇਗੀ। ਇਸ ਸਬੰਧੀ ਜੰਗਲੀ ਜੀਵ ਸੁਰਖਿੱਆ ਵਿਭਾਗ ਦੇ ਰੇਂਜ ਅਫ਼ਸਰ ਦੇ ਦਫ਼ਤਰ ਨਾਲ ਵਾਰ ਵਾਰ ਸੰਪਰਕ ਕਰਨ ਤੇ ਵੀ ਉਨ੍ਹਾਂ ਫ਼ੋਨ ਨਾ ਚੁੱਕਿਆ।