Thu, 21 November 2024
Your Visitor Number :-   7256409
SuhisaverSuhisaver Suhisaver

ਦੋਆਬੇ ਸਮੇਤ ਪਹਾੜੀ ਖਿੱਤੇ ਦੇ ਪਿੰਡਾਂ ’ਚ ਔਰਤਾਂ ਛਾਤੀ ਕੈਂਸਰ, ਲੱਕ ਅਤੇ ਸਿਰ ਦਰਦ ਦੀਆਂ ਮਰੀਜ਼

Posted on:- 22-11-2014

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਦੋਆਬੇ ਸਮੇਤ ਪਹਾੜੀ ਖਿੱਤੇ ਦੇ ਪਿੰਡਾਂ ’ ਚ ਔਰਤਾਂ ਛਾਤੀ ਕੈਂਸਰ, ਲੱਕ ਦਰਦ ਸਮੇਤ ਸਿਰ ਦਰਦ ਦੀਆਂ ਮਰੀਜ਼ ਬਣਦੀਆਂ ਜਾ ਰਹੀਆਂ ਹਨ। ਇਥੇ ਔਰਤਾਂ ਮਰਦਾਂ ਤੋਂ ਵਧੇਰੇ ਕੰਮ ਕਰਦੀਆਂ ਹਨ ਜਿਸ ਸਦਕਾ ਸਖਤ ਮਿਹਨਤ ਤੇ ਪੇਟ ਦੀ ਭੁੱਖ ਨੇ ਉਹਨਾ ਦਾ ਉਕਤ ਬਿਮਾਰੀਆਂ ਨੇ ਜੀਣਾ ਬੇਹਾਲ ਕਰਕੇ ਰੱਖ ਦਿੱਤਾ ਹੈ। ਛਾਤੀ ਕੈਂਸਰ ਤੇ ਸਿਰ ਦਰਦ ਇਥੇ ਆਮ ਪੇਂਡੂ ਔਰਤਾਂ ਨੂੰ ਹੈ। ਪਹਾੜੀ ਖਿੱਤੇ ਦੇ ਪਿੰਡਾਂ ਤੋਂ ਇਲਾਵਾ ਉਕਤ ਬਿਮਾਰੀਆਂ ਦਾ ਹੁਣ ਸਮੁੱਚੇ ਦੋਆਬੇ ਵਿਚ ਵੀ ਵਾਧਾ ਹੋਣ ਲੱਗਾ ਹੈ। ਪਿੰਡਾਂ ਵਿਚ ਸਰਕਾਰ ਵਲੋਂ ਸਿਹਤ ਸਹੂਲਤਾਂ ਲਈ ਡਿਸਪੈਂਸਰੀਆਂ ਅਤੇ ਹਸਪਤਾਲ ਵੀ ਖੁੱਲ੍ਹੇ ਹੋਏ ਹਨ ਪ੍ਰੰਤੂ ਇਹਨਾਂ ਸਿਹਤ ਕੇਂਦਰਾਂ ਵਿਚ ਉਕਤ ਬਿਮਾਰੀਆਂ ਤੋਂ ਪੀੜਤ ਔਰਤਾਂ ਲਈ ਕੋਈ ਵੀ ਢੁੱਕਵੀਂ ਦੁਆਈ ਨਹੀਂ ਮਿਲਦੀ।

ਸਿਹਤ ਕੇਂਦਰ ਪੇਂਡੂ ਲੋਕਾਂ ਲਈ ਖਾਨਾਪੂਰਤੀ ਦਾ ਕੰਮ ਕਰਦੇ ਹਨ। ਇਥੇ ਡਾਕਟਰਾਂ ਤੇ ਸਟਾਫ ਦੀ ਘਾਟ ਹੋਣ ਕਾਰਨ ਅਕਸਰ ਹੀ ਸਿਹਤ ਕੇਂਦਰਾਂ ਨੂੰ ਤਾਲੇ ਲੱਗੇ ਨਜ਼ਰ ਆਉਂਦੇ ਹਨ। ਪੇਂਡੂ ਗਰੀਬ ਉਕਤ ਬਿਮਾਰੀਆਂ ਤੋਂ ਪੀੜਤ ਔਰਤਾਂ ਕਰਿਆਨੇ ਦੀਆਂ ਦੁਕਾਨਾ ਤੋਂ ਐਨਾਸੀਨ (ਹਰੇ ਪੱਤੇ ਵਾਲੀ ਗੋਲੀ),ਡਿਕਲੋਵਿਨ ਨਾਲ ਹੀ ਡੰਗ ਟਪਾ ਰਹੀਆਂ ਹਨ। ਔਰਤਾਂ ਵਿਚ ਛਾਤੀ ਕੈਂਸਰ, ਸਿਰ ਦਰਦ ਅਤੇ ਲੱਕ ਦਰਦ ਨੇ ਪੇਂਡੂ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਬਣਾਕੇ ਰੱਖ ਦਿੱਤਾ ਹੈ। ਔਰਤਾਂ ਦੇ ਬਿਮਾਰ ਰਹਿਣ ਕਾਰਨ ਉਹ ਆਪਣਾ ਧਿਆਨ ਆਪਣੇ ਪਰਿਵਾਰ ਤੇ ਬੱਚਿਆਂ ਵੱਲ ਨਹੀਂ ਦੇ ਪਾ ਰਹੀਆਂ। ਸਮੇਂ ਸਿਰ ਖਾਣਾ ਨਾ ਬਣਨ ਕਾਰਨ ਬੱਚਿਆਂ ਦਾ ਸਕੂਲਾਂ ਵਿਚ ਨਾ ਜਾਣਾ ਆਮ ਬਣਦਾ ਜਾ ਰਿਹਾ ਹੈ। ਇਥੇ ਮਰਦ ਅਕਸਰ ਸਸਤੇ ਨਸ਼ਿਆਂ ਦੇ ਆਦੀ ਹਨ।

ਔਰਤਾਂ ਵਿਚ ਛਾਤੀ ਕੈਂਸਰ ਦੀ ਬਿਮਾਰੀ ਤਾਂ ਪਹਾੜੀ ਪਿੰਡਾਂ ਤੋਂ ਇਲਾਵਾ ਪੂਰੇ ਪੰਜਾਬ ਵਿਚ ਜੋਰ ਸ਼ੋਰ ਨਾਲ ਵੱਧ ਫੁੱਲ ਰਹੀ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਤੱਥਾਂ ਅਨੁਸਾਰ 60 ਔਰਤਾਂ ਵਿਚ ਇਕ ਔਰਤ ਛਾਤੀ ਕੈਂਸਰ ਦੀ ਮਰੀਜ਼ ਹੈ। ਮਾਲਵਾ ਖਿੱਤੇ ਵਿਚ ਇਸ ਬਿਮਾਰੀ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਹੈ। ਐਨ ਜੀ ਓ ਰੋਕੋ ਕੈਂਸਰ ਦੋਆਰਾ ਪੰਜਾਬ ਦੇ 15 ਜ਼ਿਲ੍ਹਿਆਂ ਵਿਚ ਲੱਗਭਗ 100 ਤੋਂ ਵੱਧ ਕੈਂਪ ਲਗਾਏ ਜਾ ਚੁੱਕੇ ਹਨ ਜਿਹਨਾਂ ਵਿਚ 6000 ਔਰਤਾਂ ਦੀ ਮੈਮੋਗ੍ਰਾਫੀ ਰਿਪੋਰਟ ਵਿਚ 100 ਔਰਤਾਂ ਛਾਤੀ ਕੈਂਸਰ ਦੀਆਂ ਮਰੀਜ਼ ਪਾਈਆਂ ਗਈਆਂ । ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਵਿਚ ਲਗਾਏ ਗਏ ਕੈਂਪਾ ਵਿਚ 2000 ਔਰਤਾਂ ਵਿਚੋਂ 500 ਦੇ ਕਰੀਬ ਔਰਤਾਂ ਦੀ ਮੈਮੋਗ੍ਰਾਫੀ ਵਿਚ 90 ਔਰਤਾਂ ਉਕਤ ਬਿਮਾਰੀ ਤੋਂ ਪੀੜਤ ਪਾਈਆਂ ਗਈਆਂ। ਬਠਿੰਡਾ ਵਿਚ 1500 ਔਰਤਾਂ ਦੀ ਜਾਂਚ ਦੌਰਾਨ 400 ਔਰਤਾਂ ਦੀ ਮੈਮੋਗ੍ਰਾਫੀ ਕੀਤੀ ਗਈ ਜਿਸ ਵਿਚੋਂ 50 ਔਰਤਾਂ ਛਾਤੀ ਕੈਂਸਰ ਦੀਆਂ ਮਰੀਜ਼ ਪਾਈਆਂ ਗਈਆਂ ਸਨ। ਮੁਕਤਸਰ ’ਚ 120 ਔਰਤਾਂ ਦੀ ਜਾਂਚ ਦੌਰਾਨ 45 ਔਰਤਾਂ ਦੀ ਮੈਮੋਗ੍ਰਾਫੀ ਦੌਰਾਨ 5 ਔਰਤਾਂ ’ਚ ਉਕਤ ਬਿਮਾਰੀ ਦੇ ਲੱਛਣ ਪਾਏ ਗਏ।

ਸਿਹਤ ਵਿਭਾਗ ਨਾਲ ਸਬੰਧਤ ਉਚ ਅਧਿਕਾਰੀਆਂ , ਮਾਹਿਰ ਡਾਕਟਰਾਂ ਨੇ ਦੱਸਿਆ ਕਿ ਪੰਜਾਬ ਵਿਚ ਜਿਹਨਾਂ ਸ਼ਹਿਰਾਂ ਅਤੇ ਕਸਬਿਆਂ ਦਾ ਪਾਣੀ ਜ਼ਹਿਰੀਲਾ , ਤੇਜ਼ਾਬੀ ਅਤੇ ਪੀਲਾ ਬਣ ਚੁੱਕਾ ਹੈ ਉਥੇ ਔਰਤਾਂ ਛਾਤੀ ਕੈਂਸਰ ਦੀਆਂ ਮਰੀਜ਼ ਬਣ ਰਹੀਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤੇ ਪਹਾੜੀ ਅਤੇ ਮੈਦਾਨੀ ਪਿੰਡਾਂ ਵਿਚ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਨਹੀਂ ਮਿਲ ਰਿਹਾ। ਖੂਹਾਂ ਅਤੇ ਨਲਕਿਆਂ ਦਾ ਪਾਣੀ ਤੇਜ਼ਾਬੀ ਬਣ ਚੁੱਕਾ ਹੈ ਜਿਸ ਸਦਕਾ ਇਥੇ ਦੇ ਪਿੰਡਾਂ ਦੀਆਂ ਔਰਤਾਂ ਸਾਫ ਪਾਣੀ ਨਾ ਮਿਲਣ ਕਾਰਨ ਛਾਤੀ ਕੈਂਸਰ ਦੀਆਂ ਮਰੀਜ਼ ਬਣ ਰਹੀਆਂ ਹਨ। ਮਾਹਿਰ ਡਾਕਟਰਾਂ ਮਨਪ੍ਰੀਤ ਸਿੰਘ ਬੈਂਸ, ਪ੍ਰਦੀਪ ਕੁਮਾਰ, ਡਾ ਮਨਜੀਤ ਸਿੰਘ, ਡਾ ਸਤਪਾਲ ਸਿੰਘ ਦਾ ਕਹਿਣ ਹੈ ਕਿ ਪਹਾੜੀ ਪਿੰਡਾਂ ਦੀਆਂ ਜ਼ਿਆਦਾਤਰ ਔਰਤਾਂ ਸਖਤ ਮਿਹਨਤ ਕਰਦੀਆਂ ਹਨ ਪ੍ਰੰਤੂ ਕੰਮ ਦੇ ਹਿਸਾਬ ਨਾਲ ਉਹਨਾਂ ਨੂੰ ਖੁਰਾਕੀ ਤੱਤਾਂ ਦੀ ਕਮੀਂ ਰਹਿੰਦੀ ਹੈ। ਇਸ ਤੋਂ ਇਲਾਵਾ ਇਹਨਾਂ ਪਿੰਡਾਂ ਵਿਚ ਜਾਗਰੂਕਤਾ ਦੀ ਵੀ ਕਮੀ ਹੈ। ਇਥੇ ਔਰਤਾਂ ਦੀ ਸਮੇਂ ਸਮੇਂ ਤੇ ਮੈਮੋਗ੍ਰਾਫੀ ਹੋਣੀ ਚਾਹੀਦੀ ਹੈ,। ਔਰਤਾਂ ਨੂੰ ਛਾਤੀ ਵਿਚ ਗੱਠ ਮਹਿਸੂਸ ਹੋਣ ਤੇ ਤੁਰੰਤ ਚੈਕਅਪ ਕਰਵਾ ਲੈਣਾ ਚਾਹੀਦਾ ਹੈ। ਉਮਰ ਦਾ ਵੱਧਦਾ ਪਨ ਵੀ ਬਿਮਾਰੀ ਦਾ ਲੱਛਣ ਹੈ । ਜਿਹਨਾਂ ਲੜਕੀਆਂ ਦਾ ਵਿਆਹ ਸਮੇਂ ਸਿਰ ਨਹੀਂ ਹੁੰਦਾ ਤੇ ਉਹ ਦੇਰ ਸਮੇਂ ਬਾਅਦ ਮਾਂ ਬਣਦੀਆਂ ਹਨ ਉਕਤ ਔਰਤਾਂ ਵੀ ਇਸ ਬਿਮਾਰੀ ਦੀ ਲਪੇਟ ਵਿਚ ਆਉਂਦੀਆਂ ਹਨ। ਇਸ ਤੋਂ ਇਲਾਵਾ 40 ਸਾਲਾ ਮਹਿਲਾਵਾਂ ਇਸ ਬਿਮਾਰੀ ਦੀਆਂ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ।

ਹੁਸ਼ਿਆਰਪੁਰ, ਪੱਸੀ ਕੰਢੀ, ਮੁਕੇਰੀਆਂ, ਹਰਿਆਣਾ, ਜੇਜੋਂ ਦੋਆਬਾ, ਚੱਬੇਵਾਲ, ਮਾਹਿਲਪੁਰ, ਬੀਣੇਵਾਲ, ਸੈਲਾਖਰਦ ਸ਼ਹਿਰੀ ਇਲਾਕਿਆਂ ਦਾ ਪਾਣੀ ਨਾ ਪੀਣ ਜੋਗ ਹੈ। ਨਲਕਿਆਂ ਅਤੇ ਖੂਹਾਂ ਵਿਚਲਾ ਪਾਣੀ ਪੀਲਾ ,ਗੰਧਲਾ ਅਤੇ ਤੇਜਾਬੀ ਬਣ ਚੁੱਕਾ ਹੈ। ਸਾਫ ਪਾਣੀ ਨਾ ਪੀਣ ਕਾਰਨ ਔਰਤਾਂ ਲੱਕ ਦਰਦ ਅਤੇ ਸਿਰ ਦਰਦ ਦੀਆਂ ਮਰੀਜ਼ ਵੀ ਹਨ। ਮਾਂਹਮਾਰੀ ਦੀ ਬਿਮਾਰੀ ਵੀ ਵੱਧ ਫੁੱਲ ਰਹੀ ਹੈ। ਸਰਕਾਰਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਬਾਅਦੇ ਕਰਦੀਆਂ ਹਨ ਪ੍ਰੰਤੂ ਗਰੀਬ ਪਰਿਵਾਰਾਂ ਦੀਆਂ ਪੇਂਡੂ ਔਰਤਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ। ਹੁਸ਼ਿਆਰਪੁਰ ਵਿਚ 1000 ਲੜਕਿਆਂ ਪਿੱਛੇ 885 ਲੜਕੀਆਂ ਹਨ। ਸਿਹਤ ਵਿਭਾਗ ਵਲੋਂ ਲੜਕੀਆਂ ਲਈ ਬਹੁਤ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ । ਔਰਤਾਂ ਤੋਂ ਲੜਕੀਆਂ ਪੈਦਾ ਕਰਨ ਲਈ ਸਰਕਾਰ ਤੇ ਸਿਹਤ ਵਿਭਾਗ ਢੇਰ ਸਾਰੀਆਂ ਸਕੀਮਾਂ ਲੈ ਕੇ ਮੈਦਾਨ ਵਿਚ ਹੈ ਪ੍ਰੰਤੂ ਅਧਿਕਾਰੀ ਅਸਲ ਵਿਚ ਗਰਭਵਤੀ ਔਰਤਾਂ ਲਈ ਕੁੱਝ ਨਹੀਂ ਕਰਦੇ ਜਿਸ ਸਦਕਾ ਔਰਤਾਂ ਭਿਆਨਿਕ ਬਿਮਾਰੀਆਂ ਦੀਆਂ ਸ਼ਿਕਾਰ ਹੋ ਰਹੀਆਂ ਹਨ। ਸਿਹਤ ਵਿਭਾਗ ਦੇ ਅਧਿਕਾਰੀ ਗਰਭਵਤੀ ਜਾਂ ਬੱਚਾ ਪੈਦਾ ਹੋਣ ਤੋਂ ਬਾਅਦ ਔਰਤ ਦੀ ਕੋਈ ਸਾਰ ਨਹੀਂ ਲੈਂਦੇ। ਅੰਕੜਿਆਂ ਦੇ ਹਿਸਾਬ ਨਾਲ 2008 ਅਤੇ 2009 ਵਿਚ 5366 ਔਰਤਾਂ ਨੇ ਨਲਬੰਦੀ ਤੇ 389 ਮਰਦਾਂ ਨੇ ਨਸਬੰਦੀ ਕਰਵਾਈ । ਅਪ੍ਰੈਲ 2009 ਤੋਂ ਨਵੰਬਰ 2009 ਤੱਕ 3248 ਔਰਤਾਂ ਤੇ 174 ਮਰਦਾਂ ਨੇ ਅਪ੍ਰੇਸ਼ਨ ਕਰਵਾਏ ਪ੍ਰੰਤੂ ਇਹਨਾਂ ਲੋਕਾਂ ਨੂੰ ਸਰਕਾਰ ਨੇ ਬਾਅਦ ਵਿਚ ਖੁੱਲ੍ਹੇ ਛੱਡ ਦਿੱਤਾ ਅਤੇ ਕੋਈ ਸਾਰ ਹੀ ਨਹੀਂ ਲਈ। ਇਸੇ ਕਰਕੇ ਬਾਅਦ ਵਿਚ ਨਸਬੰਦੀ ਅਤੇ ਨਲਬੰਦੀ ਤੋਂ ਔਰਤਾਂ ਅਤੇ ਮਰਦਾਂ ਦੇ ਰੁਝਾਨ ਨੇ ਮੂੰਹ ਮੋੜ ਲਿਆ। ਇਥੇ ਔਰਤਾਂ ’ਚ ਵੱਧ ਫੁੱਲ ਰਹੀਆਂ ਬਿਮਾਰੀਆਂ ਗੰਭੀਰ ਚਿੰਤਾ ਦਾ ਵਿਸ਼ਾ ਹਨ।

ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਬੀਬੀ ਸੁਭਾਸ਼ ਚੌਧਰੀ ਮੱਟੂ ਨੇ ਕਿਹਾ ਕਿ ਸਮੇਂ ਦੀ ਕਿਸੇ ਵੀ ਸਰਕਾਰ ਨੇ ਪਹਾੜੀ ਪਿੰਡਾਂ ਦੇ ਲੋਕਾਂ ਦੀਆਂ ਸੋਮੱਸਿਆਵਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਇਹਨਾਂ ਪਿੰਡਾਂ ਵਿਚ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਮਜ਼ਬੂਰੀ ਬਸ ਲੋਕ ਪ੍ਰਦੂਸ਼ਤ ,ਗੰਧਲਾ,ਪੀਲਾ ਪਾਣੀ ਪੀਣ ਲਈ ਮਜ਼ਬੂੁਰ ਹਨ। ਜਿਸ ਸਦਕਾ ਬੱਚੇ ਤੇ ਔਰਤਾਂ ਗੰਭੀਰ ਲਾ ਇਲਾਜ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਹਨਾਂ ਅਖਿਆ ਕਿ ਪਿੰਡਾਂ ਵਿਚ ਬਣੇ ਸਿਹਤ ਕੇਂਦਰ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਸਿਹਤ ਕੇਂਦਰਾਂ ਵਿਚ ਦੁਵਾਈਆਂ ਦੀ ਘਾਟ ਰਹਿੰਦੀ ਹੈ। ਡਾਕਟਰ ਤੇ ਸਟਾਫ ਕਦੇ ਕਦਾਈਂ ਹੀ ਦੇਖਣ ਨੂੰ ਮਿਲਦੇ ਹਨ। ਉਹਨਾਂ ਸਰਕਾਰ ਤੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਪਹਾੜੀ ਪੇਂਡੂ ਲੋਕਾਂ ਵਿਚ ਵੱਧ ਰਹੀਆਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਇਮਾਨਦਾਰੀ ਨਾਲ ਕੰਮ ਕਰੇ ਤੇ ਇਸ ਪਾਸੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਦੂਸਰੇ ਪਾਸੇ ਇਸ ਸਬੰਧੀ ਸੀਨੀਅਰ ਡਾ. ਨਸੀਬ ਕੁਮਾਰ ਅਤੇ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਪ੍ਰਦੂਸ਼ਤ ਪਾਣੀ ਅਤੇ ਵਾਤਾਵਰਣ ਉਕਤ ਬਿਮਾਰੀਆਂ ਦੇ ਵਾਧੇ ਦਾ ਕਾਰਨ ਹਨ। ਸਰਕਾਰ ਵਲੋਂ ਹਰ ਸਰਕਾਰੀ ਹਸਪਤਾਲ ਵਿਚ ਉਕਤ ਬਿਮਾਰੀਆਂ ਦੇ ਇਲਾਜ ਦਾ ਪ੍ਰਬੰਧ ਹੈ। ਪੀੜਤਾਂ ਦਾ ਦੁਆਈਆਂ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ