ਕੰਢੀ ਅਤੇ ਬੀਤ ਖਿੱਤੇ ਦੇ ਗ਼ਰੀਬ ਕਿਸਾਨ ਖੇਤੀ ਤੋਂ ਮੂੰਹ ਮੋੜਨ ਲਈ ਮਜਬੂਰ
Posted on:- 15-11-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਪੇਂਡੂ ਕਿਸਾਨਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਪ੍ਰੰਤੂ ਪੰਜਾਬ ਦੇ ਕਿਸਾਨਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ। ਕਿਸਾਨਾਂ ਨੂੰ ਜਿਥੇ ਸਰਕਾਰ ਵਲੋਂ ਮੁਫਤ ਬਿਜਲੀ ਪਾਣੀ ਦੀ ਸਹੂਲਤ ਵਾਪਿਸ ਲੈਣ ਦਾ ਡਰ ਬਣਿਆ ਹੋਇਆ ਹੈ, ਉਥੇ ਪੰਜਾਬ ਵਿਚ ਪਾਣੀ ਦੇ ਥੱਲੇ ਡਿੱਗ ਰਹੇ ਪੱਧਰ ਨੇ ਜਾਨ ਸੁਕਾਈ ਪਈ ਹੈ। ਕਰਜ਼ੇ ਦੇ ਬੋਝ ਕਾਰਨ ਅੱਜ ਵੀ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਅਤੇ ਨੌਜਵਾਨ ਨਸ਼ਈ ਬਣ ਰਹੇ ਹਨ।ਕੰਢੀ ਅਤੇ ਬੀਤ ਇਲਾਕੇ ਦੇ ਪੇਂਡੂ ਕਿਸਾਨਾਂ ਦੀ ਹਾਲਤ ਅੱਜ ਕੱਲ੍ਹ ਬਹੁਤ ਹੀ ਤਰਸਯੋਗ ਬਣੀ ਹੋਈ ਹੈ।
ਦੁੱਖੀ ਗ਼ਰੀਬ ਕਿਸਾਨ ਖੇਤੀ ਧੰਦੇ ਨੂੰ ਛੱਡ ਰਹੇ ਹਨ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਰੋਪੜ,ਖਰੜ ਸਮੇਤ ਮੁਹਾਲੀ ਦੇ ਪਾ੍ਰਪਰਟੀ ਡੀਲਰਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ ਵੱਲ ਮੂੰਹ ਕਰ ਲਿਆ ਹੈ। ਇਹਨਾਂ ਵੱਡੇ ਸ਼ਹਿਰਾਂ ਦੇ ਧਨਾਢ ਡੀਲਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਸਤੇ ਭਾਅ ਵੱਡੇ ਪੱਧਰ ’ਤੇ ਜ਼ਮੀਨਾਂ ਖਰੀਦ ਰਹੇ ਹਨ। ਜ਼ਮੀਨਾਂ ਦੇ ਇਸ ਧੰਦੇ ਵਿਚ ਕਾਂਗਰਸੀ ਅਤੇ ਅਕਾਲੀ ਘਿਓ ਖਿੱਚੜੀ ਹੋ ਕੇ ਸੌਦੇਬਾਜ਼ੀ ਕਰ ਰਹੇ ਹਨ। ਇਸੇ ਕਰਕੇ ਪਹਾੜੀ ਪਿੰਡਾਂ ਦੇ ਛੋਟੇ ਕਿਸਾਨ ਤਾਂ ਆਪਣੀਆਂ ਜ਼ਮੀਨਾਂ ਵੇਚਕੇ ਹੋਰ ਧੰਦੇ ਕਰਨ ਲੱਗ ਪਏ ਹਨ। ਕੰਢੀ ਦਾ ਕਿਸਾਨ ਇਸ ਗੱਲੋਂ ਵੀ ਪ੍ਰੇਸ਼ਾਨ ਹੈ ਕਿ ਬਿਜ਼ਲੀ ਦੇ ਲੰਬੇ ਕੱਟ ਅਤੇ ਸਰਕਾਰੀ ਟਿੳੂਬਵੈਲਾਂ ਦੀ ਖਸਤਾ ਹਾਲਤ ਕਾਰਨ ਉਹਨਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਹਨ। ਦੂਸਰਾ ਟਿੳੂਬਵੈਲਾਂ ਦੇ ਕੁਨੈਸ਼ਨਾਂ ਲਈ ਉਹ ਦਫਤਰਾਂ ਵਿਚ ਅਤਿ ਦਾ ਜ਼ਲੀਲ ਹੁੰਦੇ ਹਨ। ਭੂੰਅ ਮਾਫੀਏ ਨੇ ਉਹਨਾਂ ਦਾ ਖੇਤੀ ਧੰਦੇ ਦਾ ਰਹਿੰਦਾ ਕਾਫੀਆ ਵੀ ਤੰਗ ਕਰਕੇ ਰੱਖ ਦਿੱਤਾ ਹੈ। ਜੰਗਲੀ ਜਾਨਵਰਾਂ ਦੀ ਬਹੁਤਾਦ ਕਾਰਨ ਸਖਤ ਮਿਹਨਤਾਂ ਨਾਲ ਪਾਲੀ ਫਸਲ ਘੰਟਿਆਂ ਵਿਚ ਹੀ ਉਜਾੜ ਹੋ ਜਾਂਦੀ ਹੈ।
ਪਹਾੜੀ ਖਿੱਤੇ ਦੇ ਸੈਂਕੜੇ ਪਿੰਡਾਂ ਵਿਚ ਅੱਜ ਵੀ ਹਾਲਾਤ ਇਹੋ ਜਿਹੇ ਹਨ ਕਿ ਉਹਨਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਕੋਈ ਜਾਣਕਾਰੀ ਹੀ ਨਹੀਂ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਰਕਾਰੀ ਸਹੂਲਤਾਂ ਦਾ ਲਾਭ ਤਾਂ ਵੱਡੇ ਕਿਸਾਨ ਹੀ ਲੈ ਰਹੇ ਹਨ। ਪ੍ਰੰਤੂ ਉਹ ਤਾਂ ਅੱਜ ਵੀ ਵੱਡੇ ਕਿਸਾਨਾ ਕੋਲੋਂ ਸਰਕਾਰ ਵਲੋਂ ਮੁਫਤ ਦਿੱਤੀ ਜਾ ਰਹੀ ਬਿਜ਼ਲੀ ਅਤੇ ਪਾਣੀ ਮੁੱਲ ਖਰੀਦ ਕੇ ਆਪਣੇ ਖੇਤਾਂ ਦੀ ਸਿੰਚਾਈ ਕਰਦੇ ਹਨ। ਇਸ ਖਿੱਤੇ ਦੇ ਪੇਂਡੂ ਕਿਸਾਨਾ ਦੀਆਂ ਜ਼ਮੀਨਾ ਤੇ ਅੱਜ ਕੱਲ੍ਹ ਸਿਆਸੀ ਆਗੂਆਂ , ਸਰਕਾਰੀ ਉਚ ਅਧਿਕਾਰੀਆਂ ਅਤੇ ਸਾਬਕਾ ਉਚ ਅਫਸਰਾਂ ਨੇ ਕਬਜ਼ਾ ਕਰ ਲਿਆ ਹੈ। ਜ਼ਮੀਨਾ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਸ਼ਹਿਰਾਂ ਦੇ ਧਨਾਢ ਲੋਕਾਂ ਨੇ ਧੜਾ ਧੜ ਇਸ ਇਲਾਕੇ ਵਿਚ ਸੱਸਤੇ ਭਾਅ ਜ਼ਮੀਨਾ ਖਰੀਦਕੇ ਵੱਡੇ ਵੱਡੇ ਫਾਰਮ ਬਣਾ ਲਏ ਹਨ। ਡੇਰਿਆਂ ਦੇ ਸਾਧਾਂ, ਲੋਕ ਸਭਾ ਮੈਂਬਰਾਂ, ਵਿਧਾਇਕਾਂ ਅਤੇ ਹੋਰ ਬਹੁਤੇ ਸਿਆਸੀ ਆਗੂਆਂ ਨੇ ਗ਼ਰੀਬ ਕਿਸਾਨਾ ਕੋਲੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਜ਼ਮੀਨਾ ਸੱਸਤੇ ਭਾਅ ਖਰੀਦਕੇ ਉਹਨਾਂ ਨੂੰ ਖੇਤੀ ਧੰਦੇ ਤੋਂ ਮੁਕਤ ਕਰਵਾ ਦਿੱਤਾ ਹੈ। ਇਸ ਖਿੱਤੇ ਦੇ ਕਿਸਾਨ ਸੈਲਾਖੁਰਦ, ਜੇਜੋਂ ਦਆਬਾ, ਚੱਬੇਵਾਲ, ਭੇੜੂਆ, ਜੰਡੋਲੀ, ਬਛੋਹੀ , ਚੱਬੇਵਾਲ, ਨਾਰੂ ਨੰਗਲ ਅਤੇ ਬੀਤ ਇਲਾਕੇ ਧਨਾਢਾਂ ਦੀ ਜੋਰ ਜਬਰੀ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ।
ਪਿੰਡ ਬਛੌਹੀ , ਸਾਰੰਗਵਾਲ, ਭੇੜੂਆ , ਮੈਲੀ , ਲਲਵਾਣ , ਗੱਜਰ ਮਹਿਦੂਦ, ਬੀਰਮਪੁਰ ਅਤੇ ਬੀਣੇਵਾਲ ਦੇ ਕਿਸਾਨਾ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਦੇ ਕੁੱਝ ਕਿਸਾਨਾ ਨੇ ਆਰਥਿਕ ਤੰਗੀਆਂ ਕਾਰਨ ਖੇਤੀ ਦੇ ਧੰਦੇ ਨੂੰ ਤਿਆਗ ਕੇ ਹੋਰ ਕੰਮ ਅਪਣਾ ਲਏ ਹਨ। ਉਹਨਾਂ ਦੱਸਿਆ ਕਿ 1997 ਵਿਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਜਿੱਤਣ ਲਈ ਇਸ ਇਲਾਕੇ ਦੇ ਕਿਸਾਨਾਂ ਅਤੇ ਹੋਰ ਪੇਂਡੂ ਲੋਕਾਂ ਨੂੰ ਅੰਨ੍ਹੇਵਾਹ ਪੈਸਾ ਵਹਾਕੇ ਸਬਜਬਾਗ ਦਿਖਾਕੇ ਖੁਸ਼ ਕੀਤਾ ਸੀ ਪ੍ਰੰਤੂ ਜਦ ਐਲਾਨੇ ਬਾਅਦੇ ਪੂਰੇ ਨਾ ਹੋਏ ਤਾਂ ਉਹ ਮੁੜ ਨਿਰਾਸ ਹੋ ਗਂਏ ਸਨ। ਬਾਦਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਕਿਸਾਨਾ ਸਮੇਤ ਇਸ ਹਲਕੇ ਦੇ ਲੋਕਾਂ ਨਾਲ ਝੂਠੇ ਬਾਅਦੇ ਹੀ ਕੀਤੇ। ਤਹਿਸੀਲ ਗੜ੍ਹਸ਼ੰਕ ਵਿਚ ਕਿਸਾਨਾ ਨੂੰ ਪਾਣੀ ਦੀ ਸਹੂਲਤ ਲਈ ਸਰਕਾਰ ਵਲੋਂ 108 ਟਿਊਬਵੈਲ ਲਗਵਾਏ ਗਏ ਜਿਹਨਾਂ ਵਿਚੋਂ ਇਸ ਵਕਤ ਸਿਰਫ 55 ਟਿਊਬਵੈਲ ਹੀ ਚੱਲ ਰਹੇ ਹਨ। ਸਰਕਾਰ ਵਲੋਂ ਕੋਈ ਪੈਸਾ ਨਾ ਖਰਚਣ ਕਾਰਨ 53 ਟਿਊਬਵੈਲ ਬੰਦ ਪਏ ਹਨ। ਕੰਢੀ ਅਤੇ ਬੀਤ ਦੀ ਬੰਜ਼ਰ ਜ਼ਮੀਨ ਦੇ ਚੱਪੇ ਚੱਪੇ ਨੂੰ ਪਾਣੀ ਦੇਣ ਦਾ ਬਾਅਦਾ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਮੁੜ ਸੱਤਾ ਤੇ ਕਾਬਜ਼ ਹਨ ਪ੍ਰੰਤੂ ਇਸ ਖਿੱਤੇ ਦੇ ਕਿਸਾਨਾ ਨੂੰ ਮਿਲਣ ਵਾਲਾ ਪਾਣੀ ਖਰਾਬ ਪਏ ਟਿਊਬਵੈਲਾਂ ਕਾਰਨ ਮਿਲ ਹੀ ਨਹੀਂ ਰਿਹਾ। ਜਿਹੜੇ ਟਿਊਬਵੈਲ ਚੱਲ ਰਹੇ ਹਨ ਉਹਨਾਂ ਤੋਂ ਪੰਚਾਇਤਾਂ 50 ਤੋਂ 80 ਰੁਪਏ ਤੱਕ ਘੰਟਾ ਲੈ ਕੇ ਸਿੰਚਾਈ ਲਈ ਪਾਣੀ ਦੇ ਰਹੀਆਂ ਹਨ। ਜਿਹਨਾਂ ਕਿਸਾਨਾਂ ਨੂੰ ਸਰਕਾਰ ਵਲੋਂ ਪਾਣੀ ਦੀ ਮੁਫਤ ਸਹੂਲਤ ਦਿੱਤੀ ਗਈ ਹੈ ਉਹ ਅੱਗੇ ਛੋਟੇ ਕਿਸਾਨਾ ਕੋਲੋਂ ਚੰਗੇ ਪੈਸੇ ਲੈ ਕੇ ਪਾਣੀ ਵੇਚ ਰਹੇ ਹਨ।
ਭਰੋਸੇਯੋਗ ਸੂਤਰਾਂ ਮੁਤਾਬਿਕ ਪਿੱਛਲੀ ਕੈਪਟਨ ਸਰਕਾਰ ਵੀ ਉਕਤ ਟਿੳੂਬਵੈਲਾਂ ਨੂੰ ਹੋਰ ਫੰਡ ਦੇ ਕੇ ਚਲਾਉਣ ਦੇ ਲਾਰੇ ਲਗਾਉਂਦੀ ਰਹੀ। ਮੁੱਖ ਮੰਤਰੀ ਸ੍ਰੀ ਬਾਦਲ ਵੀ ਕਿਸਾਨਾਂ ਦੀ ਬੇਹਤਰੀ ਦੀਆਂ ਗੱਲਾਂ ਹੀ ਕਰ ਰਹੇ ਹਨ ਪ੍ਰੰਤੂ ਉਹ ਅਸਲ ਵਿਚ ਕੋਈ ਵੀ ਕੀਤਾ ਗਿਆ ਬਾਅਦਾ ਪੂਰਾ ਨਹੀਂ ਕਰ ਰਹੇ। ਕਈ ਸਾਲਾਂ ਤੋਂ ਲੱਗੇ ਇਹ ਟਿਊਬਵੈਲ ਕਿਸਾਨਾਂ ਲਈ ਸ਼ਰਾਪ ਅਤੇ ਪੰਚਾਇਤਾਂ ਲਈ ਫਾਹੇ ਬਣੇ ਹੋਏ ਹਨ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਦੀ ਉਹਨਾਂ ਨੂੰ ਕੋਈ ਢੂੱਕਵੀਂ ਜਾਣਕਾਰੀ ਨਹੀਂ ਹੈ। ਉਹਨਾਂ ਦੱਸਿਆ ਕਿ ਸਰਕਾਰ ਦੇ ਮੰਤਰੀ ਅਤੇ ਮਹਿਕਮੇ ਦੇ ਅਧਿਕਾਰੀ ਸਮੇਂ ਸਮੇਂ ਪਿੰਡਾਂ ਵਿਚ ਆ ਕੇ ਟਿਊਬਵੈਲਾਂ ਦੀ ਮੁਰੰਮਤ ਲਈ ਗਰਾਂਟਾ ਦਾ ਐਲਾਨ ਕਰ ਜਾਂਦੇ ਹਨ ਪ੍ਰੰਤੂ ਉਹ ਐਲਾਨ ਸਮਾਗਮਾਂ ਪਿੱਛੋਂ ਭੁੱਲ ਜਾਂਦੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤੇ ਪਿੰਡਾਂ ਵਿਚ ਸਰਕਾਰੀ ਟਿਊਬਵੈਲ ਬੰਦ ਪਏ ਹਨ। ਪਿੰਡ ਬਛੋਹੀ , ਖੰਨੀ ਦੇ ਟਿਊਬਵੈਲ ਬੰਦ ਹੋਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਸਰਕਾਰ ਮਹਿਕਮੇ ਨੂੰ ਕੋਈ ਗਰਾਂਟ ਨਹੀਂ ਭੇਜ ਰਹੀ। ਨਵੇਂ ਟਿਊਬਵੈਲਾਂ ਨੂੰ ਚਾਲੂ ਕਰਨ ਅਤੇ ਪੁਰਾਣਿਆਂ ਦੀ ਮੁਰੰਮਤ ਦਾ ਕੰਮ ਪੈਸਿਆਂ ਦੀ ਘਾਟ ਕਾਰਨ ਠੱਪ ਪਿਆ ਹੈ। ਇਸ ਤੋਂ ਇਲਾਵੇ ਇਸ ਖਿੱਤੇ ਦੇ ਕਿਸਾਨ ਹੋਰ ਮੁਸ਼ਕਲਾਂ ਕਾਰਨ ਵੀ ਖੇਤੀ ਧੰਦੇ ਨੂੰ ਛੱਡ ਰਹੇ ਹਨ। ਸਹਿਕਾਰੀ ਬੈਂਕਾ ਸਮੇਤ ਹੋਰ ਕਰਜੇ ਦੇ ਬੋਝ ਦੇ ਮਾਰੇ ਕਿਸਾਨ ਜੰਗਲੀ ਜ਼ਾਨਵਰਾਂ ਵਲੋਂ ਫਸਲਾਂ ਦੇ ਉਜਾੜੇ ਦਾ ਸਾਹਮਣਾ ਕਰਨ ਕਾਰਨ ਵੀ ਪ੍ਰੇਸ਼ਾਨ ਹਨ।
ਸਿੰਚਾਈ ਵਾਲੇ ਟਿਊਬਵੈਲਾਂ ਦੀ ਖਰਾਬੀ ਸਬੰਧੀ ਟਿਊਬਵੈਲ ਕਾਰਪੋਰੇਸ਼ਨ ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖਰਾਬ ਪਏ ਟਿਊਬਵੈਲਾਂ ਦੀ ਮੁਰੰਮਤ ਲਈ ਮਹਿਕਮੇ ਨੂੰ ਹਾਲੇ ਤੱਕ ਕੋਈ ਮਾਲੀ ਸਹਾਇਤਾ ਨਹੀਂ ਭੇਜੀ। ਇਸੇ ਕਰਕੇ ਸਾਰੇ ਟਿਊਬਵੈਲਾਂ ਦਾ ਕੰਮ ਠੱਪ ਪਿਆ ਹੈ। ਟਿਊਬਵੈਲਾਂ ਦੇ ਚੱਲ ਰਹੇ ਕੰਮ ਪੈਸਿਆਂ ਦੀ ਘਾਟ ਕਾਰਨ ਹੀ ਬੰਦ ਪਏ ਹਨ। ਇਸੇ ਕਰਕੇ ਤਹਿਸੀਲ ਗੜ੍ਹਸ਼ਕਰ ਵਿਚ ਨਵੇਂ ਲਾਏ 32 ਟਿਊਬਵੈਲ ਵੀ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕੇ। ਉਹਨਾਂ ਕਿਹਾ ਕਿ ਜਦ ਵੀ ਸਰਕਾਰ ਮਹਿਕਮੇ ਨੂੰ ਇਸ ਕੰਮ ਲਈ ਪੈਸਾ ਜਾਰੀ ਕਰੇਗੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।