ਪ੍ਰਿੰਸੀਪਲ ਦੀ ਸਸਪੈਨਸ਼ਨ ਨਾਲ ਸਕੂਲ ਮੈਨੇਜਮੈਂਟ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ। ਪਹਿਲਾਂ ਤਾਂ ਆਪਣੇ ਇਨਸਾਫ ਕਰਨ ਦਾ ਝੰਡਾ ਲਹਿਰਾ ਦਿੱਤਾ ਤੇ ਦੂਜਾ ਸਕੂਲ ਵਿੱਚ ਚੱਲਦਾ ਸਿਆਸਤ, ਪਰਿਵਾਰਵਾਦ ਤੇ ਜਾਲਸਾਜ਼ੀ ਦੇ ਛੜਯੰਤਰ ਨੂੰ ਵੀ ਬੜੀ ਖੂਬਸੂਰਤੀ ਨਾਲ ਦਬਾ ਦਿੱਤਾ।
22 ਸਾਲਾਂ ਤੱਕ ਵੱਖ ਵੱਖ ਸਕੂਲਾਂ ’ਚ ਪ੍ਰਿੰਸੀਪਲ ਰਹਿ ਚੁੱਕੇ ਅਤੇ ਕਈ ਸਨਮਾਨਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਸੁਰਿੰਦਰਬੀਰ ਸਿੰਘ ਅਚਾਨਕ ਹੀ ਆਪਣੇ ਚਰਿੱਤਰ ਤੋਂ ਕਿਵੇਂ ਡਿੱਗ ਗਏ। ਇਹ ਲੇਖ ਉਸ ਟੁੱਟੀ ਕੜੀ ਨੂੰ ਜੋੜਨ ਦਾ ਉਪਰਾਲਾ ਹੈ ਜੋ ਇਸ ਪੂਰੇ ਮਸਲੇ ਦਾ ਖੁਲਾਸਾ ਕਰੇਗੀ।
ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦਾ ਸ਼ੁਰੂਆਤੀ ਸਫ਼ਰ
10 ਜੁਲਾਈ 2010 ਨੂੰ ਸੁਰਿੰਦਰਬੀਰ ਸਿੰਘ ਨੇ ਬਤੌਰ ਪ੍ਰਿੰਸੀਪਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਹੇਮਕੁੰਟ ਕਲੋਨੀ ਬਰਾਂਚ ’ਚ ਕੰਮ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਨਿਯੁਕਤੀ ਸਮੇਂ ਪਰਮਜੀਤ ਸਰਨਾ ਨੇ ਇਹ ਹਦਾਇਤ ਦਿੱਤੀ ਸੀ ਕਿ ਉਹ ਸਕੂਲ ਨੂੰ ਇਕ ਉਚ-ਪੱਧਰ ’ਤੇ ਲੈ ਕੇ ਜਾਣਗੇ ਅਤੇ ਜਿਨਾਂ ਵੀ ਟੀਚਰਾਂ ਦੀ ਚੋਣ ਸਿਫਾਰਿਸ਼ ਨਾਲ ਹੋਈ ਹੈ। ਉਹ ਠੀਕ ਕੰਮ ਨਹੀਂ ਕਰ ਰਹੀਆਂ ਉਹਨਾਂ ਤੇ ਨਜ਼ਰ ਰੱਖੀ ਜਾਏਗੀ। ਇਹੀ ਨਹੀਂ ਸਰਨਾ ਨੇ ਸਕੂਲ ਦੇ ਚੇਅਰਮੈਨ ਹਰਜਿੰਦਰ ਸਿੰਘ ਖੰਨਾ ਬਾਰੇ ਵੀ ਤਾਕੀਦ ਕੀਤੀ ਕਿ ਉਹ ਨਿਹਾਇਤ ਹੀ ਬੇਈਮਾਨ ਇਨਸਾਨ ਹੈ। ਸੁਰਿੰਦਰਬੀਰ ਸਿੰਘ ਦਾ ਅਨੁਸਾਸ਼ਨ ਅਤੇ ਪਾਰਖੂ ਨਜ਼ਰ ਸਕੂਲ ਦੇ ਚੇਅਰਮੈਨ ਅਤੇ ਕੁੱਝ ਟੀਚਰਾਂ ਨੂੰ ਸ਼ੁਰੂਆਤੀ 15 ਦਿਨਾਂ ਵਿੱਚ ਹੀ ਚੁੱਭਣ ਲੱਗ ਗਈ। ਸਕੂਲ ਦੇ ਹਲਾਤ ਬਾਰੇ ਸੁਰਿੰਦਰਬੀਰ ਸਿੰਘ ਦੱਸਦੇ ਹਨ ਕਿ ‘‘ਸਕੂਲ ’ਚ ਅਸੈਬਲੀ ਨਹੀਂ ਹੁੰਦੀ ਸੀ ਅਤੇ ਕੰਪਿਊਟਰ ਟੀਚਰ ਨੂੰ ਕਲਾਸ ਦੇ ਟਾਈਮ ਵਿੱਚ ਕੰਪਿਊਟਰ ਤੇ ਗੇਮ ਅਤੇ ਤਾਸ਼ ਖੇਡਦੇ ਫੜਿਆ। ਕੁੱਝ ਟੀਚਰ ਸਕੂਲ ਡਾਇਰੀ ਵੀ ਨਹੀਂ ਲਿਖਦੇ ਸਨ ਜੋ ਕਿ ਲਿਖਣੀ ਲਾਜ਼ਮੀ ਹੈ।’’ ਇਹੀ ਨਹੀਂ ਟੀਚਰਾਂ ਦੀ ਬਰੇਕ ਤੋਂ ਬਗੈਰ ਕੰਨਟੀਨ ’ਚ ਜਾਣ ਤੇ ਸੁਰਿੰਦਰਬੀਰ ਸਿੰਘ ਨੇ ਪਾਬੰਦੀ ਲਗਾਈ ਅਤੇ ਸਭ ਟੀਚਰਾਂ ਨੂੰ ਹਿਦਾਇਤ ਕੀਤੀ ਕਿ ਉਹ ਬਲੈਕ ਬੋਰਡ ਤੇ ਰੋਜ਼ ਗੁਰਬਾਣੀ ਚੋਂ ਇੱਕ ‘ਅੱਜ ਦਾ ਵਿਚਾਰ’ ਲਿਖਿਆ ਕਰਨ।
ਸਕੂਲ ਕੰਨਟੀਨ ਦੀ ਹਾਲਤ ਵੀ ਨਹਾਇਤ ਹੀ ਖਸਤਾ ਸੀ। ਗੰਦਗੀ ਅਤੇ ਮੱਖੀਆਂ ਨਾਲ ਕੰਨਟੀਨ ਭਰੀ ਰਹਿੰਦੀ ਸੀ ਨਾ ਤਾਂ ਹਫਤੇ ਦਾ ਕੋਈ ਮੈਨਿਊ ਚਾਰਟ ਲਗਾਇਆ ਗਿਆ ਸੀ ਤੇ ਨਾ ਹੀ ਰੇਟ ਲਿਸਟ ਮੌਜੂਦ ਸੀ। ਇਹੀ ਨਹੀਂ ਕੰਨਟੀਨ ਮੈਨੇਜਰ ਅਰਵਿੰਦਰ ਸਿੰਘ ਕੰਨਟੀਨ ’ਚ ਨਹੀਂ ਬਲਕਿ ਸਟਾਫ ਰੂਮ ’ਚ ਰਹਿੰਦਾ ਸੀ ਜਿਸ ’ਤੇ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ। ਸੁਰਿੰਦਰਬੀਰ ਸਿੰਘ ਦੱਸਦੇ ਹਨ ਕਿ ‘‘ਅਰਵਿੰਦਰ ਸਿੰਘ ਕੰਨਟੀਨ ਵਿੱਚ ਸਰਾਬ ਤੱਕ ਪੀ ਕੇ ਆਉਂਦਾ ਸੀ ਅਤੇ ਸਕੂਲ ਦੇ ਬੱਚਿਆਂ ਨੂੰ ਬਗੈਰ ਬਰੇਕ ਦੇ ਕੰਨਟੀਨ ’ਚ ਬਿਠਾਉਣ ਦੀ ਇਜਾਜ਼ਤ ਦਿੰਦਾ ਸੀ।’’ ਸੁਰਿੰਦਰਬੀਰ ਸਿੰਘ ਨੇ ਚੇਅਰਮੈਨ ਹਰਜਿੰਦਰ ਸਿੰਘ ਖੰਨਾ ਨੂੰ ਇਕ ਚਿੱਠੀ ਰਾਹੀਂ ਇਸਦੀ ਸ਼ਿਕਾਇਤ ਵੀ ਕੀਤੀ। ਚੇਅਰਮੈਨ ਨੇ ਸੁਰਿੰਦਰਬੀਰ ਸਿੰਘ ਨੂੰ ਆਪਣੇ ਦਫ਼ਤਰ ’ਚ ਬੁਲਾ ਕੇ ਬੇਇੱਜ਼ਤ ਕੀਤਾ ਅਤੇ ਹਿਦਾਇਤ ਦਿੱਤੀ ਕਿ ਅਰਵਿੰਦਰ ਸਿੰਘ ਮੇਰਾ ਸਾਲਾ ਹੈ। ਇਸ ਲਈ ਉਹਦੇ ਕੰਮ ਕਰਨ ਦੇ ਤਰੀਕੇ ਤੇ ਕੋਈ ਵੀ ਸਵਾਲ ਨਹੀਂ ਚੁੱਕਿਆ ਜਾਏਗਾ। ਚੇਅਰਮੈਨ ਨੇ ਸਕੂਲ ਵਿੱਚ ਕਿਸ ਤਰਾਂ ਆਪਣੇ ਪਰਿਵਾਰ ਨੂੰ ਜਮਾਇਆ ਹੋਇਆ ਸੀ ਇਸਦਾ ਖੁਲਾਸਾ ਲੇਖ ਦੇ ਅਗਲੇ ਹਿੱਸੇ ’ਚ ਕੀਤਾ ਜਾਏਗਾ।
17 ਜੁਲਾਈ 2011 ਨੂੰ ਸੁਰਿੰਦਰਬੀਰ ਸਿੰਘ ਨੇ ਪਰਮਜੀਤ ਸਿੰਘ ਸਰਨਾ ਨੂੰ ਫੋਨ ਕੀਤਾ ਅਤੇ ਉਹਨਾ ਨੂੰ ਮਿਲ ਕੇ ਇਹ ਸਾਰੀ ਗੱਲ ਦੱਸੀ। ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਰਨਾ ਨੇ ਸੁਰਿੰਦਰਬੀਰ ਸਿੰਘ ਨੂੰ ਵਿਸਵਾਸ਼ ਦਿਵਾਇਆ ਕਿ ਉਹ ਦੋਨੋਂ ਉਹਨਾਂ ਦੇ ਨਾਲ ਹਨ ਅਤੇ ਚੇਅਰਮੈਨ ਨਾ ਵੀ ਗੱਲ ਕਰਨਗੇ। ਦੋ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਜਦ ਸਕੂਲ ਖੁੱਲਣ ਤੇ ਹਰਵਿੰਦਰ ਸਿੰਘ ਸਰਨਾ ਅਤੇ ਸਮਸ਼ੇਰ ਸਿੰਘ ਸੰਧੂ ਨੇ ਸਕੂਲ ਅਤੇ ਕੰਨਟੀਨ ਦਾ ਦੌਰਾ ਕੀਤਾ। ਸੁਰਿੰਦਰਬੀਰ ਸਿੰਘ ਦੱਸਦੇ ਹਨ ਕਿ ‘‘ਛੁੱਟੀਆਂ ਦੌਰਾਨ ਹੀ ਕੰਨਟੀਨ ’ਚ ਸਫਾਈ ਕਰਵਾ ਦਿੱਤੀ ਗਈ ਸੀ ਅਤੇ ਰੇਟ ਲਿਸਟ ਕੇ ਮੈਨਿੳੂ ਕਾਰਡ ਵੀ ਟੰਗ ਦਿੱਤਾ ਗਿਆ ਸੀ।’’ ਸਰਨਾ ਤੇ ਸੰਧੂ ਚੇਅਰਮੈਨ ਅਤੇ ਕੰਨਟੀਨ ਦੀ ਤਾਰੀਫ ਕਰਕੇ ਚਲੇ ਗਏ ਅਤੇ ਸੁਰਿੰਦਰਬੀਰ ਸਿੰਘ ਨੂੰ ਝੂਠਾ ਠਹਿਰਾ ਦਿੱਤਾ ਗਿਆ। ਇਸ ਤੋਂ ਬਾਅਦ ਚੇਅਰਮੈਨ ਦਾ ਅਤੇ ਤੰਗ ਕਰਨ ਦਾ ਦੌਰ ਸ਼ੁਰੂ ਹੋ ਗਿਆ।
ਸੁਰਿੰਦਰਬੀਰ ਸਿੰਘ ਨੇ ਸਕੂਲ ਵਿੱਚ ਮੌਜੂਦਾ ਦੋ ਵਾਈਸ ਪ੍ਰਿੰਸੀਪਲ ਮਿਸਿਜ਼ ਗੁਰਪਾਲ ਅਤੇ ਹਰਪ੍ਰੀਤ ਕੋਲੋਂ ਪਿਛਲੇ ਸਾਲ ਦਾ ਰਿਜਲਟ ਮੰਗਿਆ. ਸੁਰਿੰਦਰਬੀਰ ਸਿੰਘ ਨੇ ਸ਼ੱਕ ਜਤਾਇਆ ਕਿ ਫੇਲ ਬੱਚਿਆਂ ਨੂੰ ਪੈਸੇ ਲੈ ਕੇ ਪਾਸ ਕੀਤਾ ਗਿਆ ਹੈ ਜਾਂ ਕੁੱਝ ਨੂੰ ਬਗੈਰ ਇਮਤਿਹਾਨ ਲਏ ਹੀ ਪਾਸ ਕੀਤਾ ਗਿਆ ਹੈ। ਰਿਜਲਟ ਉਹਨਾਂ ਨੂੰ ਨਹੀਂ ਦਿੱਤਾ ਗਿਆ ਬਲਕਿ ਚੇਅਰਮੈਨ ਨੇ ਸੁਰਿੰਦਰਬੀਰ ਸਿੰਘ ਕੋਲੋਂ ਉਹਨਾਂ ਦੇ ਕੰਪਿਊਟਰ ਟਾਈਪਿਸਟ ਅਤੇ ਪੀ.ਏ ਹਟਾ ਲਏ। ਸੁਰਿੰਦਰਬੀਰ ਸਿੰਘ ਆਪਣਾ ਲੈਪ ਟੋਪ ਲੈ ਕੇ ਸਕੂਲ ਜਾਂਦੇ ਰਹੇ। ਇਹ ਸਾਫ ਦਿੱਸਦਾ ਹੈ ਕਿ ਸੁਰਿੰਦਰਬੀਰ ਸਿੰਘ ਦੀ ਇਮਾਨਦਾਰੀ ਚੇਅਰਮੈਨ ਅਤੇ ਕੁੱਝ ਟੀਚਰਾਂ ਨੂੰ ਅੱਖਰਨ ਲੱਗ ਗਈ ਸੀ।
ਸਕੂਲ ਵਿੱਚ ਕੰਪਿਊਟਰਾਂ ਅਤੇ ਫਰਨੀਚਰ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਸੁਰਿੰਦਰਬੀਰ ਸਿੰਘ ਨੇ ਚੇਅਰਮੈਨ ਨੂੰ ਨਵੇਂ ਕੰਪਿਊਟਰ ਲੈਣ ਲਈ ਗੱਲ ਕੀਤੀ ਅਤੇ ਸੁਝਾਅ ਵੀ ਦਿੱਤਾ ਕਿ ਸਟਾਫ ਰੂਮ ਬਹੁਤ ਵੱਡਾ ਹੈ ਤੇ ਉਸਦੀ ਜਗਾ ਆਡੀਉ ਵੀਜ਼ੂਅਲ ਸੈਂਟਰ ਬਣਵਾ ਦਿੱਤਾ ਜਾਏ। ਇਹੀ ਨਹੀਂ ਬਲਕਿ ਹਰ ਮੰਜ਼ਿਲ ਤੇ ਲਰਨਿੰਗ ਰਿਸੋਰਸ ਸੈਂਟਰ ਬਣਵਾਇਆ ਜਾਏ। ਇਸਦਾ ਇਨਾਮ ਪਿ੍ਰੰਸੀਪਲ ਨੂੰ ਇਹ ਮਿਲਿਆ ਕਿ ਉਹਨਾਂ ਦੀ ਤਨਖਾਹ ਬਾਕੀ ਸਕੂਲ ਸਟਾਫ ਨਾਲੋਂ ਵੱਖ ਆਉਣ ਲੱਗ ਪਈ ਜੋ ਕਿ ਸਕੂਲ ਦੇ ਰੂਲਜ਼ ਮੁਤਾਬਿਕ ਗ਼ਲਤ ਸੀ ਤੇ ਨਾਲ ਹੀ ਚੇਅਰਮੈਨ ਕੁਝ ਸਕੂਲ ਟੀਚਰਾਂ ਅਤੇ ਸਟਾਫ ਸੈਕਟਰੀ ਸੁਰਿੰਦਰਬੀਰ ਸਿੰਘ ਦੇ ਪੂਰੀ ਤਰਾਂ ਖਿਲਾਫ ਹੋ ਗਿਆ। ਪੁਰਾਣੇ ਕੰਪਿੳੂਟਰਾਂ ਨੂੰ ਠੀਕ ਠਾਕ ਕਰਕੇ ਕੰਮ ਸ਼ੁਰੂ ਕੀਤਾ ਗਿਆ ਅਤੇ ਹਰ ਇਕ ਗੱਲ ਦੀ ਖ਼ਬਰ ਸੁਰਿੰਦਰਬੀਰ ਸਿੰਘ ਪਰਮਜੀਤ ਸਿੰਘ ਸਰਨਾ ਨੂੰ ਦਿੰਦੇ ਰਹੇ। ਕੀ ਕਾਰਨ ਸੀ ਕਿ ਸਭ ਕੁੱਝ ਜਾਣਦੇ ਹੋਏ ਵੀ ਸਰਨਾ ਨੇ ਚੇਅਰਮੈਨ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ?
ਹੱਦ ਉਸ ਦਿਨ ਪਾਰ ਹੋ ਗਈ ਜਦੋਂ ਪਿ੍ਰੰਸੀਪਲ ਨੇ ਸਕੂਲ ਤੇ ਕਿ ਲੜਕੇ ਨੂੰ ਸ਼ਰਾਬ ਦੇ ਨਸੇ ਵਿੱਚ ਵੇਖਿਆ ਅਤੇ ਉਸ ਕੋਲੋਂ ਸ਼ਰਾਬ ਦੀ ਬੋਤਲ ਵੀ ਫੜੀ ਗਈ। ਪਿ੍ਰੰਸੀਪਲ ਨੇ ਇਸਦੀ ਸ਼ਿਕਾਇਤ ਚੇਅਰਮੈਨ ਨੂੰ ਕੀਤੀ ਕਿ ਸਕੂਲ ਵਿੱਚ ਲੜਕੀਆਂ ਵੀ ਪੜਦੀਆਂ ਹਨ ਅਗਰ ਨਸ਼ੇ ਦੀ ਹਾਲਤ ਵਿੱਚ ਕੋਈ ਦੁਰਘਟਨਾ ਹੋ ਗਈ ਤੇ ਉਸਦੀ ਜ਼ਿੰਮੇਵਾਰੀ ਕਿਸ ਉਪੱਰ ਹੈ। ਚੇਅਰਮੈਨ ਨੇ ਨਾ ਤੇ ਉਸ ਲੜਕੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਨਾ ਹੀ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਸਕੂਲ ਦਾ ਅਨੁਸਾਸ਼ਨ ਕਿਸ ਪਾਸੇ ਜਾ ਰਿਹਾ ਹੈ।
ਖਿਚੋਤਾਣੀ ਇਥੇ ਆ ਕੇ ਵੀ ਰੁਕੀ ਨਹੀਂ। ਅਚਾਨਕ ਪਿ੍ਰੰਸੀਪਲ ਸੁਰਿੰਦਰਬੀਰ ਸਿੰਘ ਦੀ ਤਨਖਾਹ ਬੰਦ ਕਰ ਦਿੱਤੀ ਗਈ ਅਤੇ ਇਸਦਾ ਕਾਰਨ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੁੱਝ ਦਸਤਾਵੇਜ਼ ਸਬੂਤ ਨਹੀਂ ਹਨ। ਦਸਤਾਵੇਜ਼ ਜਮਾਂ ਕਰਨ ਤੋਂ ਬਾਅਦ ਦੋ ਮਹੀਨੇ ਤੱਕ ਤਨਖਾਹ ਨਹੀਂ ਦਿੱਤੀ ਗਈ।
ਸਕੂਲਾਂ ਵਿੱਚ ਪੈਸੇ ਦਾ ਹੇਰ ਫੇਰ
ਹੁਣ ਰੁਖ ਕਰੀਏ ਬੇਈਮਾਨੀ ਦੀ ਉਸ ਦਲਦਲ ਵੱਲ ਜਿਸਨੇ ਸਕੂਲਾਂ ਦੀ ਬੁਨਿਆਦ ਖੋਖਲੀ ਕਰ ਦਿੱਤੀ ਅਤੇ ਜਿਸਨੂੰ ਪੜ ਕੇ ਹਰ ਸਿੱਖ ਦਾ ਸਿਰ ਸ਼ਰਮ ਨਾਲ ਝੁਕ ਜਾਏਗਾ।
ਪਹਿਲਾ- ਚੇਅਰਮੈਨ ਖੰਨਾ ਦੇ ਘਰ ਹਰ ਮਹੀਨੇ ਦੀ ਤਨਖਾਹ ਦੇ ਇਲਾਵਾ ਸਕੂਲ ਫੰਡ ਚੋਂ 30,000/- ਰੁਪੈ ਦਾ ਚੈਕ ਜਾਂਦਾ ਸੀ, ਉਸਦਾ ਕੀ ਕਾਰਨ ਸੀ?
ਦੂਜਾ- ਜਦ ਵੀ ਸਕੂਲ ਵਿੱਚ ਕਿਸੀ ਸਰਕਾਰੀ ਇੰਸਟੀਚਿੳੂਸ਼ਨ ਦੇ ਇਮਤਿਹਾਨ ਦਾ ਸੈਂਟਰ ਪੈਂਦਾ ਸੀ ਤਦ ਕੰਨਟੀਨ ਕਨਟਰੈਕਟਰ ਅਰਵਿੰਦਰ ਸਿੰਘ ਪੇਪਰ ਦੇਣ ਵਾਲਿਆਂ ਦੇ ਮੁਬਾਇਲ ਆਪਣੇ ਕੋਲ ਰੱਖਣ ਦੇ 10/- ਰੁਪੈ ਲੈਂਦਾ ਸੀ ਅਤੇ ਪੇਪਰ ਨਕਲ ਮਰਵਾਉਣ ਦੇ 500 ਤੋਂ 1000/- ਰੁਪੈ ਤੱਕ ਲੈਂਦਾ ਸੀ। ਇਸ ਵਿੱਚ ਚੇਅਰਮੈਨ, ਮੈਨੇਜਮੈਂਟ ਕਮੇਟੀ ਅਤੇ ਕੁੱਝ ਟੀਚਰਾਂ ਦਾ ਵੀ ਹਿੱਸਾ ਸੀ। ਕਿਉਂਕਿ ਇਹ ਸਭ ਚੇਅਰਮੈਨ ਦੀ ਦੇਖ ਰੇਖ ’ਚ ਹੁੰਦਾ ਸੀ। ਅਗਰ ਉਹ ਪੈਸਾ ਸਕੂਲ ਫੰਡ ’ਚ ਜਮਾਂ ਕੀਤਾ ਗਿਆ ਸੀ ਤੇ ਉਸਦਾ ਕੋਈ ਵੀ ਰਿਕਾਰਡ ਕਿਉਂ ਮੌਜੂਦ ਨਹੀਂ ਹੈ?
ਤੀਜਾ- ਕਿਸੀ ਵੀ ਇਮਤਿਹਾਨ ਦੇ ਦੌਰਾਨ ਚੇਅਰਮੈਨ ਦੇ ਪੂਰੇ ਪਰਿਵਾਰ ਨੂੰ ਹੀ ਡਿਊਟੀ ਮਿਲਦੀ ਸੀ। ਜਿਸ ਵਿੱਚ ਉਹਨਾਂ ਦੀ ਸਾਲੀ, ਸਾਲਾ, ਬੇਟੀ ਅਤੇ ਬੇਟਾ ਸ਼ਾਮਿਲ ਸੀ। ਸੁਰਿੰਦਰਬੀਰ ਸਿੰਘ ਦੱਸਦੇ ਹਨ ਕਿ ‘‘ਰਣਜੀਤ ਸਿੰਘ, ਬਲਜੀਤ ਸਿੰਘ, ਰਾਜਵੰਤ ਸਿੰਘ ਅਤੇ ਬਿਮਲ ਸਿੰਘ ਇਹ ਚਾਰੇ ਸਕੂਲ ਪੇਪਰਾਂ ਦੇ ਦੌਰਾਨ ਕਾਫ਼ੀ ਪੈਸਾ ਇਕੱਠਾ ਕਰਕੇ ਚੇਅਰਮੈਨ ਨੂੰ ਦਿੰਦੇ ਸੀ। ਇਹੀ ਨਹੀਂ ਚੇਅਰਮੈਨ ਨੇ ਇਸ ਪੈਸੇ ਦਾ ਇਕ ਵੱਖਰਾ ਬੈਂਕ ਅਕਾਉਂਟ ਵੀ ਖੁਲਵਾ ਲਿਆ ਜਿਸਦੀ ਖ਼ਬਰ ਪਰਜੀਤ ਸਿੰਘ ਸਰਨਾ ਨੂੰ ਵੀ ਮਿਲੀ।’’ ਸਰਨਾ ਦੇ ਮਨਾ ਕਰਕੇ ਤੇ ਇਹ ਬੈਂਕ ਅਕਾਊਂਟ ਤਾਂ ਬੰਦ ਹੋ ਗਿਆ। ਪਰ ਇਹ ਬੇਇਮਾਨੀ ਚੱਲਦਾ ਰਹੀ।
ਚੌਥਾ- ਹਰ ਸਾਲ ਸਕੂਲ ਵਿੱਚ ਕੰਪਿੳੂਟਰ ਕੰਟਰੈਕਟ ਨਵੇਂ ਬੰਦੇ ਨੂੰ ਮਿਲਣਾ ਚਾਹੀਦਾ ਸੀ। ਜਿਸਦੀ ਸ਼ੁਰੂਆਤ ਵੱਖ ਵੱਖ ਕੰਪਨੀਆਂ ਵੱਲੋਂ ਟੈਂਡਰ ਭਰਨ ਨਾਲ ਕੀਤੀ ਜਾਂਦੀ ਹੈ। ਪਰ ਚੇਅਰਮੈਨ ਨੇ ਬਿਨਾਂ ਕੋਈ ਟੈਂਡਰ ਭਰਨ ਅਤੇ ਬਿਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਜ਼ੀ ਦੇ ਪਹਿਲੀ ਵਾਲੀ ਕੰਪਨੀ ਨੂੰ ਹੀ ਕੰਟਰੈਕਟ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਚੇਅਰਮੈਨ ਦੇ ਹੱਥ ਦੀ ਕੱਠਪੁਤਲੀ ਕਿਉਂ ਬਣੀ ਰਹੀ?
ਪੰਜਵਾਂ- ਸਾਲਾਨਾ ਗੁਰਪੁਰਬ ਦੇ ਦੌਰਾਨ ਜੋ ਸੇਬ ਮਾਰਕੀਟ ’ਚ 40-50 ਰੁਪੈ ਕਿਲੋਂ ਮਿਲਦੇ ਸੀ ਉਹਨਾ ਦੇ ਜਾਲੀ ਬਿਲ 80/-ਰੁਪੈ ਕਿਲੋ ਬਣਾ ਕੇ ਦਿੱਤਾ ਗਿਆ। ਸੁਰਿੰਦਰਬੀਰ ਸਿੰਘ ਨੇ ਇਕ ਪਰਚੇਜ਼ ਕਮੇਟੀ ਬਨਾਉਣ ਦੀ ਇੱਛਾ ਜ਼ਾਹਿਰ ਕੀਤੀ। ਜਿਹੜੀ ਖੁਦ ਸਮਾਨ ਖਰੀਦੇਗੀ ਅਤੇ ਇਸ ਨਾਲ ਝੂਠੇ ਬਿਲ ਬਨਾਉਣ ਤੇ ਵੀ ਰੋਕ ਲੱਗੇਗੀ। ਇਸਤੇ ਚੇਅਰਮੈਨ ਨੇ ਪਿ੍ਰੰਸੀਪਲ ਸੁਰਿੰਦਰਬੀਰ ਸਿੰਘ ਨੂੰ ਹਿਦਾਇਤ ਕੀਤੀ ਕਿ ਉਹ ਆਪਣੇ ਕੰਮ ਨਾਲ ਹੀ ਮਤਲਬ ਰੱਖਣ ਅਤੇ ਸਕੂਲ ਦੇ ਬਿੱਲਾਂ ਵੱਲ ਨਾ ਵੇਖਣ। ਇਹ ਸਾਫ ਦਿੱਸਦਾ ਹੈ ਕਿ ਚੇਅਰਮੈਨ ਬੇਵਕੂਫ ਹੋ ਕੇ ਕੰਮ ਕਰ ਰਿਹਾ ਸੀ।
ਛੇਵਾਂ- ਸਕੂਲ ਦੇ ਗੇਟ ਤੇ ਲੇਟ ਆਉਣ ਵਾਲੇ ਬੱਚਿਆਂ ਤੋਂ ਰੋਜ਼ ਫਾਈਨ ਇਕੱਠਾ ਕਰਨ ਦੀ ਜਿੰਮੇਵਾਰੀ ਜਤਿੰਦਰ ਕੌਰ ਅਤੇ ਰਜਨੀ ਸ਼ਰਮਾ ਦੀ ਹੁੰਦੀ ਸੀ। ਪਰ ਫਾਈਨ ਦੀ ਰਕਮ ਕਦੇ ਵੀ ਸਕੂਲ ਕੋਸ ਵਿੱਚ ਜਮਾਂ ਨਹੀਂ ਕਰਵਾਈ ਜਾਂਦੀ ਸੀ। ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦੇ ਮੰਗਣ ਦੇ ਬਾਵਜੂਦ ਵੀ ਉਹਨਾਂ ਨੂੰ ਰਜਿਸਟਰ ਨਹੀਂ ਦਿੱਤਾ ਗਿਆ। ਸੁਰਿੰਦਰਬੀਰ ਸਿੰਘ ਦੱਸਦੇ ਹਨ ਕਿ ‘‘ਕਈ ਵਾਰ ਮਹੀਨੇ ਬਾਅਦ ਕੁੱਝ ਪੈਸਾ ਜਮਾਂ ਕਰਵਾਈ ਜਾਂਦੇ ਸੀ ਤੇ ਬਾਕੀ ਟੀਚਰਾਂ ਦੀ ਜੇਬ ਵਿੱਚ ਜਾਂਦਾ ਸੀ।’’ ਹੁਣ ਸਵਾਲ ਇਹ ਉਠੱਦਾ ਹੈ ਕਿ ਸਕੂਲ ਦਾ ਪੈਸਾ ਏਨੇ ਦਿਨ ਬਿਨਾਂ ਦੱਸੇ ਰੱਖਣਾ ਤੇ ਇਸਤੇਮਾਲ ਕਰਨਾ ਆਪਣੇ ਆਪ ਵਿੱਚ ਕਾਨੂੰਨ ਜੁਰਮ ਹੈ ਤੇ ਇਸ ਉਪੱਰ ਸਰਨਾ ਅਤੇ ਗੁਰਮੀਤ ਸਿੰਘ ਸੈਂਟੀ ਵੱਲੋਂ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਸੱਤਵਾਂ- ਸਕੂਲ ਦੀ ਸਫੈਦੀ ਲਈ 17 ਲੱਖ ਰੁਪੈ ਖਰਚੇ ਗਏ, ਬਿਨਾਂ ਪ੍ਰਿੰਸੀਪਲ ਜਾਂ ਮੈਨੇਜਮੈਂਟ ਦੀ ਮਨਜੂਰੀ ਦੇ। ਜਦ ਤੱਕ ਮੈਨੇਜਮੈਂਟ ਕਮੇਟੀ ਦੀ ਹਿਦਾਇਤ ਸੀ ਕਿ ਕੋਈ ਵੀ ਪੈਸਾ ਉਹਨਾਂ ਦੀ ਅਤੇ ਪਿ੍ਰੰਸੀਪਲ ਦੀ ਮਰਜ਼ੀ ਤੋਂ ਬਿਨਾ ਨਹੀਂ ਕਢਵਾਇਆ ਜਾਏ। ਕੀ ਸਕੂਲ ਦੀ ਕਮੇਟੀ ਚੇਅਰਮੈਨ ਅੱਗੇ ਬੇਵੱਸ ਹੈ?
ਅੱਠਵਾਂ- ਕੰਨਟੀਨ ਕੰਟਰੈਕਟਰ ਅਰਵਿੰਦਰ ਸਿੰਘ ਦੀ ਮੰਗ ਤੇ ਚੇਅਰਮੈਨ ਨੇ ਉਸਦੇ 25,000/- ਰੁਪੈ ਮਾਫ ਕਰਤੇ। ਉਸਦਾ ਵਿਰੋਧ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਨੇ ਕੀਤਾ। ਕਿਉਂਕਿ ਮੈਨੇਜਮੈਂਟ ਕਮੇਟੀ ਦੇ ਮੁਤਾਬਿਕ ਕਿਸੀ ਨੂੰ ਕੋਈ ਵੀ ਪੈਸਾ ਨਹੀਂ ਛੱਡਣਾ। ਚੇਅਰਮੈਨ ਅਤੇ ਅਰਵਿੰਦਰ ਸਿੰਘ ਨੂੰ 25,000/- ਰੁਪੈ ਦੀ ਰਕਮ ਵਾਪਸ ਭਰਨੀ ਪਈ। ਜਿਸਨੇ ਕਿ ਇਸ ਰੰਜ਼ਸ ਨੂੰ ਹੋਰ ਵਧਾ ਦਿੱਤਾ।
ਨੌਵਾਂ- ਸਕੂਲ ਵੱਲੋਂ ਕੁੱਝ ਟੀਚਰਾਂ ਨੂੰ ਲੋਨ ਦਿੱਤਾ ਗਿਆ ਸੀ। ਪਰ ਹੈਰਾਨੀ ਇਸ ਗੱਲ ਤੇ ਹੈ ਕਿ ਉਹਨਾਂ ਸਭ ਦੇ ਖਿਲਾਫ ਸੋ ਕੌਜ (ਕਾਰਨ) ਨੋਟਿਸ ਜਾਰੀ ਕੀਤੇ ਗਏ ਸੀ ਅਤੇ ਉਹਨਾਂ ਦਾ ਨੌਕਰੀ ਤੇ ਕਾਇਮ ਰਹਿਣਾ ਵੀ ਤਹਿ ਨਹੀਂ ਸੀ। ਚੇਅਰਮੈਨ ਅਤੇ ਮੈਨੇਜਮੈਂਟ ਕਮੇਟੀ ਇਸਤੋਂ ਚੰਗੀ ਤਰਾਂ ਜਾਣੂ ਸਨ। ਫਿਰ ਕੀ ਕਾਰਨ ਹੈ ਕਿ ਲੌਨ ਦਿੱਤਾ ਗਿਆ? ਕਿਤੇ ਇਹ ਲੌਨ ਮਹਿਜ਼ ਇੱਕ ਦਿਖਾਵਾ ਸੀ ਤੇ ਅਸਲ ਵਿੱਚ ਇਹ ਪੈਸਾ ਚੇਅਰਮੈਨ ਅਤੇ ਉਸਦੀ ਮੰਡਲੀ ਦੀ ਜੇਬ ’ਚ ਜਾਂਦਾ ਸੀ?
ਦੱਸਵਾਂ- ਵਿਦਿਆਰਥੀ ਵੈਲਫੇਅਰ ਫੰਡ ਚੋਂ 1.50 ਲੱਖ ਰੁਪੈ ਟੀਚਰਾਂ ਨੂੰ ਰਜਾਈਆਂ ਦਿਵਾਲੀ ਗਿਫਟ ਦੇਣ ਲਈ ਕੀਤੇ ਗਏ। ਇਕ ਰਜਾਈ ਦੀ ਕੀਮਤ 975/- ਰੁਪੈ ਦੱਸੀ ਗਈ ਜਦ ਕਿ ਮਾਰਕੀਟ ਵਿੱਚ ਉਸਦੀ ਕੀਮਤ ਸਿਰਫ 500/- ਰੁਪੈ ਹੈ। ਜਾਲੀ ਬਿਲ ਬਣਾ ਕੇ ਬਾਕੀ ਪੈਸਾ ਕਿਸਦੀ ਜੇਬ ’ਚ ਗਿਆ?
ਗਿਆਰਵਾਂ- ਸਕੂਲ ਦੇ ਪਿ੍ਰੇਸੀਪਲ ਅਤੇ ਚੇਅਰਮੈਨ ਨੂੰ ਇਕ ਮਹੀਨੇ ਦਾ 100 ਲੀਟਰ ਪੈਟਰੋਲ ਵਰਤਣ ਦੀ ਇਜਾਜਤ ਹੈ। ਅਗਰ ਇਸਤੋਂ ਜ਼ਿਆਦਾ ਹੋਇਆ ਤੇ ਉਸਦਾ ਬਿਲ ਉਹ ਖੁਦ ਭਰੇਗਾ। ਸੁਰਿੰਦਰਬੀਰ ਸਿੰਘ ਦੇ ਮੁਤਾਬਿਕ ‘‘ਇਕ ਮਹੀਨੇ ਦਾ 5000/- ਰੁਪੈ ਬਿਲ ਆਉਣਾ ਚਾਹੀਦਾ ਹੈ। ਪਰ ਚੇਅਰਮੈਨ ਦਾ ਬਿਲ 11,000/- ਰੁਪੈ ਤੱਕ ਹੁੰਦਾ ਸੀ। ਜੋ ਉਹ ਖੁਦ ਨਹੀਂ ਭਰਦੀ। ਸਕੂਲ ਦੀ ਕਾਰ ਦਾ ਇਸਤੇਮਾਲ ਚੇਅਰਮੈਨ ਦੇ ਨਿੱਜੀ ਕੰਮਾਂ ਲਈ ਹੁੰਦਾ ਸੀ। ਜਿਸ ਵਿੱਚ ਉਹਨਾਂ ਦੀ ਲੜਕੀ ਬਲਜਿੰਦਰ ਕੌਰ ਗਾਂਧੀ ਜੋ ਕਿ ਕਿਸੀ ਸਕੂਲ ਵਿੱਚ ਟੀਚਰ ਹੈ ਨੂੰ ਘਰ ਛੱਡਣਾ ਸ਼ਾਮਿਲ ਸੀ। ਇਹੀ ਨਹੀਂ ਚੇਅਰਮੈਨ ਦੀ ਸਾਲੀ ਜਸਵੀਨ ਕੌਰ ਸਕੂਲ ਦੀ ਮੁਲਾਜਿਮ ਹੈ ਅਤੇ ਚੇਅਰਮੈਨ ਦੀ ਚੰਡਾਲ ਚੌਕੜੀ ਦਾ ਅਟੁੱਟ ਹਿੱਸਾ ਹੈ।
ਬਾਰਵਾਂ- ਸਕੂਲ ਦੀ ਅਕਾਊਂਟੈਂਟ ਮਨਜੀਤ ਕੌਰ ਅਤੇ ਸਰੀਰਕ ਸਿੱਖਿਆ ਦੇ ਟੀਚਰ ਰਾਜਵੰਤ ਸਿੰਘ ਹਮੇਸ਼ਾ ਸੀ.ਐਮ ਡਿਊਟੀ ਤੇ ਰਹਿੰਦੇ ਸੀ। ਸੀ.ਐਮ ਡਿਊਟੀ ਦਾ ਮਤਲਬ ਸੀ ਚੇਅਰਮੈਨ ਦੇ ਨਿੱਜੀ ਕੰਮ। ਕੀ ਉਹਨਾਂ ਦੀ ਤਨਖਾਹ ਸਕੂਲ ਵੱਲੋਂ ਦਿੱਤੀ ਜਾਣੀ ਚਾਹੀਦੀ ਸੀ? ਮੌਜੂਦਾ ਸਮੇਂ ਦੋਨੋਂ ਸਸਪੈਂਡ ਕੀਤੇ ਜਾ ਚੁੱਕੇ ਹਨ।
ਤੇਰਵਾਂ- ਸਕੂਲ ਦੇ ਪੀਅਨ ਪਰਮੋਦ ਕੁਮਾਰ ਦੀ ਤਰੱਕੀ ਬਤੌਰ ਇਲੈਕਟਰੀਸ਼ਨ ਕਰਨਾ। ਜਦ ਕਿ ਉਸ ਉਤੇ ਪਹਿਲਾਂ ਤੋਂ ਹੀ ਕੋਰਟ ਕੇਸ ਚੱਲ ਰਿਹਾ ਸੀ।
ਟੀਚਰਾਂ ਦੀ ਚੇਅਰਮੈਨ ਨੂੰ ਸ਼ਿਕਾਇਤ
2 ਫਰਬਰੀ ਅਤੇ 3 ਫਰਬਰੀ 2011 ਨੂੰ ਸਕੂਲ ਦੀਆਂ ਟੀਚਰਾਂ ਹਰਜਿੰਦਰ ਕੌਰ, ਤੇਜਿੰਦਰ ਕੌਰ, ਸੁਰਿੰਦਰ ਧਨੋਆ, ਰਸਮੀ ਸ਼ਰਮਾ ਅਤੇ ਦੀਪਾ ਰਾਣੀ ਨੇ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦੀ ਸਿਕਾਇਤ ਚੇਅਰਮੈਨ ਖੰਨਾ ਨੂੰ ਲਿਖਤ ਰੂਪ ’ਚ ਕੀਤੀ। ਉਹਨਾਂ ਨੇ ਪ੍ਰਿੰਸੀਪਲ ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ। ਰੈਹਾਨੀ ਦੀ ਗੱਲ ਇਹ ਹੈ ਕਿ ਪਿ੍ਰੰਸੀਪਲ ਸਕੂਲ ਵਿੱਚ ਮੌਜੂਦ ਸਨ। ਫਿਰ ਵੀ ਚੇਅਰਮੈਨ ਨੇ ਉਹਨਾਂ ਨੂੰ ਬੁਲਾ ਕੇ ਕੁੱਝ ਨਹੀਂ ਪੁੱਛਿਆ। ਫਿਰ 4 ਫਰਬਰੀ ਨੂੰ ਸਟਾਫ ਸੈਕਰੇਟਰੀ ਮੌਨੀਤ ਕੌਰ ਡੰਗ ਵੱਲੋਂ ਇਕ ਚਿੱਠੀ ਚੇਅਰਮੈਨ ਨੂੰ ਲਿਖੀ ਗਈ। ਜਿਸ ਵਿੱਚ ਉਹਨਾਂ ਨੇ ਟੀਚਰਾਂ ਵੱਲੋਂ ਆਪਣੀ ਸਿਕਾਇਤ ਵਾਪਸ ਲੈਣ ਦੀ ਗਲ ਕੀਤੀ ਅਤੇ ਇਹ ਮੰਗ ਕੀਤੀ ਕਿ ਪਿ੍ਰੰਸੀਪਲ ਨੂੰ ਦੂਜੀ ਕਿਸੇ ਬਰਾਂਚ ਵਿੱਚ ਬਦਲ ਦਿੱਤਾ ਜਾਏ। ਇਕ ਗੱਲ ਕਾਬਲੇ ਗੌਰ ਹੈ ਕਿ ਅਗਰ ਕਿਸੇ ਵੀ ਔਰਤ ਨਾਲ ਸਰੀਰਕ ਸ਼ੋਸ਼ਣ ਹੁੰਦਾ ਹੈ ਤੇ ਕੀ ਉਹ ਚਾਹੇਗੀ ਕਿ ਅਜਿਹੇ ਇਨਸਾਨ ਨੂੰ ਕਿਸੀ ਹੋਰ ਜਗਾ ਲਈ ਭੇਜ ਦਿੱਤਾ ਜਾਏ, ਜਿਥੇ ਜਾ ਕੇ ਉਹ ਉਹੀ ਕੰਮ ਕਰੇ? ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦੇ ਮੁਤਾਬਿਕ, ‘‘ਮੌਨੀਤ ਕੌਰ ਡੰਗ ਸਟਾਫ ਸੈਕਰੇਟਰੀ ਦੇ ਆਹੁੱਦੇ ਤੋਂ ਜੁਲਾਈ 2010 ਨੂੰ ਅਸਤੀਫਾ ਦੇ ਚੁੱਕੀ ਸੀ ਤੇ ਫਿਰ ਉਹ ਇਸ ਨਾਤੇ 4 ਫਰਬਰੀ 2011 ਨੂੰ ਕਿਵੇਂ ਲਿਖ ਸਕਦੀ ਹੈ।’’ ਪਿ੍ਰੰਸੀਪਲ ਦੇ ਤਬਾਦਲੇ ਦੀ ਮੰਗ ਇਹ ਸਾਫ ਕਰਦੀ ਹੈ ਕਿ ਇਲਜ਼ਾਮ ਦਾ ਅਸਲੀ ਮਕਸਦ ਪ੍ਰਿੰਸੀਪਲ ਦੀ ਇਮਾਨਦਾਰੀ ਤੋਂ ਛੁੱਟੀ ਪਾਉਣਾ ਸੀ।
ਪੰਜਾਂ ਟੀਚਰਾਂ ਨੇ ਇਕੋ ਇਲਜ਼ਾਮ ਲਗਾਇਆ ਅਤੇ ਲਿਖਤ ਸ਼ਿਕਾਇਤ ਵੀ ਇਕੋ ਭਾਸ਼ਾ ’ਚ ਕੀਤੀ। ਇਹ ਗੱਲ ਬਾਅਦ ਵਿੱਚ ਸਾਹਮਣੇ ਆਈ ਕਿ ਇਹ ਸ਼ਿਕਾਇਤ ਇਕੋ ਟੀਚਰ ਨੇ ਲਿਖਵਾਈ ਤੇ ਚੇਅਰਮੈਨ ਦੀ ਮੌਜੂਦਗੀ ’ਚ ਲਿਖਵਾਈ।
ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਨੂੰ ਚੇਅਰਮੈਨ ਵੱਲੋਂ 8 ਫਰਬਰੀ ਤੱਕ ਕੁੱਝ ਵੀ ਨਹੀਂ ਦੱਸਿਆ ਗਿਆ ਅਤੇ 9 ਫਰਬਰੀ ਨੂੰ ਟੀ.ਵੀ. ਰਾਹੀਂ ਇਹ ਖ਼ਬਰ ਪ੍ਰਿੰਸੀਪਲ ਨੂੰ ਪਤਾ ਚੱਲੀ। ਇਸਦੀ ਐਫ.ਆਈ.ਆਰ. ਵੀ ਦਰਜ ਕਰਵਾਈ ਗਈ ਅਤੇ ਪੁਲੀਸ ਵੱਲੋਂ ਟੀਚਰਾਂ ਦੇ ਬਿਆਨ ਵੀ ਲਿਖੇ ਗਏ। ਐਫ.ਆਈ.ਆਰ. ਦੇ ਮੁਤਾਬਿਕ ਟੀਚਰਾਂ ਦੇ ਬਿਆਨ ਦੱਸਦੇ ਹਨ ਕਿ 4 ਫਰਬਰੀ 2011 ਨੂੰ ਜੁਆਇੰਟ ਸੈਕਰੇਟਰੀ ਕਰਤਾਰ ਸਿੰਘ ਕੋਚਰ ਅਤੇ ਜਨਰਲ ਸੈਕਰੇਟਰੀ ਗੁਰਮੀਤ ਸਿੰਘ ਸੈਂਟੀ ਇਨਕੁਆਰੀ ਲਈ ਸਕੂਲ ਅਤੇ ਉਹਨਾਂ ਨੇ ਵਿਸਵਾਸ਼ ਦਿਵਾਇਆ ਕਿ ਪ੍ਰਿੰਸੀਪਲ ਦਾ ਤਬਾਦਲਾ ਕਰ ਦਿੱਤਾ ਜਾਏਗਾ। ਫਿਰ 7 ਫਰਬਰੀ ਨੂੰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਲੌਨੀ ਰੋਡ ਬਰਾਂਚ ਦੀ ਪ੍ਰਿੰਸੀਪਲ ਮਿਸਿਜ਼ ਐਚ.ਕੇ.ਤਲਵਾਰ ਨੇ ਟੀਚਰਾਂ ਤੇ ਦਬਾਅ ਪਾਇਆ ਕਿ ਉਹ ਸ਼ਿਕਾਇਤ ਵਾਪਸ ਲੈਣ ਨਹੀਂ ਤਾਂ ਉਹਨਾਂ ਦਾ ਤਬਾਦਲਾ ਕਰ ਦਿੱਤਾ ਜਾਏਗਾ। ਇਥੇ ਹੀ ਬਿਆਨਾਂ ’ਚ ਵਿਰੋਧ ਦੇਖਿਆ ਜਾ ਸਕਦਾ ਹੈ। ਜਦ 4 ਫਰਬਰੀ ਨੂੰ ਹੀ ਟੀਚਰਾਂ ਨੇ ਆਪਣੀ ਸ਼ਿਕਾਇਤ ਵਾਪਸ ਲੈਣ ਦੀ ਅਰਜ਼ੀ ਦੇ ਦਿੱਤੀ ਸੀ ਤੇ 7 ਫਰਬਰੀ ਨੂੰ ਪਿ੍ਰੰਸੀਪਲ ਤਲਵਾਰ ਵੱਲੋਂ ਦਬਾਅ ਦੀ ਕੋਈ ਜ਼ਰੂਰਤ ਹੀ ਨਹੀਂ ਸੀ।
ਲਾਇਬਰੇਰੀ ਅਟੈਂਡਿੰਟ, ਹਰਜਿੰਦਰ ਕੌਰ ਆਪਣੇ ਬਿਆਨਾਂ ’ਚ ਕਹਿੰਦੀ ਹੈ ਕਿ ਸੁਰਿੰਦਰਬੀਰ ਸਿੰਘ ਬਜ਼ੁਰਗ ਹਨ। ਇਸ ਲਈ ਪਹਿਲੇ ਉਹਨਾਂ ਨੇ ਉਹਨਾਂ ਦੇ ਹੱਥ ਆਪਣੀ ਕਮਰ ਅਤੇ ਮੋਢਿਆਂ ਤੇ ਰੱਖੇ ਜਾਣ ਤੇ ਇਤਰਾਜ਼ ਨਹੀਂ ਕੀਤਾ। ਇਥੇ ਇਹ ਗੱਲ ਉਠੱਦੀ ਹੈ ਕਿ ਕੋਈ ਵੀ ਸ਼ਰੀਫ ਲੜਕੀ ਜਾਂ ਔਰਤ ਕਿਸੀ ਵੀ ਗੈਰ ਮਰਦ ਨੂੰ ਚਾਹੇ ਉਹ ਜਵਾਨ ਹੋਇਆ ਜਾਂ ਬਜੁਰਗ ਪਹਿਲੇ ਹੀ ਦਿਨ ਤੋਂ ਆਪਣੇ ਮੋਢੇ ਅਤੇ ਕਮਰ ਤੇ ਹੱਥ ਨਹੀਂ ਰੱਖਣ ਦੇਵੇਗੀ। ਦੂਜਾ ਉਹਨਾਂ ਦੇ ਮੁਤਾਬਿਕ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਖੁਸ਼ ਹਨ ਇਸ ਕਾਰਨ ਉਹਨਾਂ ਨੂੰ ਪਿ੍ਰੰਸੀਪਲ ਨਾਲ ਬਾਹਰ ਘੁੰਮਣ ਜਾਣ ਦੀ ਜ਼ਰੂਰਤ ਨਹੀਂ। ਕੀ ਹਰਜਿੰਦਰ ਕੌਰ ਇਹ ਕਹਿਣਾ ਚਾਹੁੰਦੀ ਹੈ ਕਿ ਜੋ ਔਰਤ ਘਰੋਂ ਖੁਸ਼ ਨਹੀਂ ਉਹ ਗੈਰ ਮਰਦਾਂ ਨਾਲ ਘੁੰਮਣ ਜਾਇਆ ਕਰਨ।
ਟੀਚਰਾਂ ਦੀ ਸ਼ਿਕਾਇਤ ਅਤੇ ਉਸਤੇ ਕੀਤੀ ਗਈ ਤਫ਼ਤੀਸ਼ ਤੋਂ ਪਿ੍ਰੰਸੀਪਲ ਸੁਰਿੰਦਰਬੀਰ ਸਿੰਘ ਨੂੰ ਬੇਖਬਰ ਰੱਖਿਆ ਗਿਆ ਅਤੇ 9 ਫਰਵਰੀ ਨੂੰ ਪਿ੍ਰੰਸੀਪਲ ਤੇ ਪੰਜੋ ਟੀਚਰਾਂ ਨੂੰ ਸਕੂਲੋਂ ਛੁੱਟੀ ਲੈਣ ਲਈ ਕਹਿ ਦਿੱਤਾ ਗਿਆ। ਹਲਾਂਕਿ ਪੰਜੋ ਟੀਚਰਾਂ ਸਕੂਲ ਜਾਂਦੀਆਂ ਰਹੀਆਂ ਜਿਸਦਾ ਰਿਕਾਰਡ ਸਕੂਲ ਦੇ ਅਟੈਡਿਸ ਰਜਿਸਟਰ ’ਚ ਮੌਜੂਦ ਹੈ।
ਜਦ ਕੇਸ ਕੋਰਟ ’ਚ ਪਹੁੰਚਿਆ ਤੱਦ ਤੱਕ ਹਰ ਪੇਸ਼ੀ ਤੇ ਇਹ ਪੰਜੋ ਟੀਚਰਾਂ, ਇਹਨਾਂ ਦੇ ਵਕੀਲ ਤੇ ਗਵਾਹ ਗੈਰ ਮੌਜੂਦ ਰਹੇ। ਇਸੀ ਕਾਰਨ 26 ਸਤੰਬਰ 2011 ਨੂੰ ਜਸਟਿਸ ਮੁਕਤਾ ਗੁਪਤਾ ਨੇ ਇਸ ਕੇਸ ਨੂੰ ਡਿਸਮਿਸ ਕਰ ਦਿੱਤਾ।
ਟੀਚਰਾਂ ਦੀਆਂ ਫਰਜ਼ੀ ਡਿਗਰੀਆਂ ਦਾ ਮਾਮਲਾ
ਜੁਲਾਈ 2010 ਨੂੰ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਨੂੰ ਪਤਾ ਚੱਲਿਆ ਕਿ ਸਕੂਲ ਦੀਆਂ ਕੁੱਝ ਟੀਚਰਾਂ ਖਿਲਾਫ ਸੌ ਕਾਰਨ ਨੋਟਿਸ ਜਾਰੀ ਕੀਤਾ ਗਏ ਹਨ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਹੈ। ਜਦ ਸੁਰਿੰਦਰਬੀਰ ਸਿੰਘ ਨੇ ਉਹਨਾਂ ਦੀਆਂ ਫਾਈਲਾਂ ਪੜਣੀਆਂ ਸ਼ੁਰੂ ਕੀਤੀਆਂ ਤਾਂ ਪਤਾ ਚੱਲਿਆ ਕਿ ਨਾ ਸਿਰਫ ਉਹ ਟੀਚਰਾਂ ਨਕਾਬਿਲ ਹਨ ਬਲਕਿ ਉਹਨਾਂ ਦੀਆਂ ਡਿਗਰੀਆਂ ਵੀ ਫਰਜੀ ਹਨ। ਉਹਨਾਂ ਵਿੱਚ ਇਹ ਪੰਜੇ ਟੀਚਰ ਵੀ ਸ਼ਾਮਿਲ ਹਨ।
ਸੁਰਿੰਦਰ ਕੌਰ ਧਨੋਆ ਨੇ ਪੰਜਾਬੀ ਟੀਚਰ ਲਈ ਅਰਜ਼ੀ ਦਿੱਤੀ ਸੀ ਪਰ ਉਸਨੂੰ ਡਿਵਿਨਟੀ ਇੰਨਚਾਰਜ਼ ਬਣਾ ਦਿੱਤਾ ਗਿਆ। ਸਿੱਖਿਆ ਡਿਪਾਰਟਮਿੰਟ ਵੱਲੋਂ ਉਸਨੂੰ ਨੋਟਿਸ ਦਿੱਤਾ ਗਿਆ ਕਿ ਉਹ ਡਿਵਿਨਟੀ ਪੜਾਉਣ ਦੇ ਯੋਗ ਨਹੀਂ ਹਨ। ਸਕੂਲਾਂ ਦੇ ਰੂਲ ਮੁਤਾਬਿਕ ਟੀਚਰਾਂ ਦੀਆਂ ਨਿਯੁਕਤੀਆਂ ਸਮੇਂ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਉਹਨਾਂ ਕੋਲ ਕਿਸ ਵਿਸ਼ੇ ਦੀ ਡਿਗਰੀ ਹੈ ਜਾਂ ਨਹੀਂ। ਡੀ.ਐਸ.ਜੀ.ਪੀ.ਸੀ. ਦੇ ਸਕੂਲਾਂ ਵਿੱਚ ਟੀਚਰਾਂ ਦੀਆਂ ਨਿਯੁਕਤੀਆਂ ਅਤੇ ਸਸਪੈਨਸ਼ਨ ਚੂਹੇ ਬਿੱਲੀ ਦੇ ਖੇਲ ਵਾਂਗ ਹੈ। ਸੁਰਿੰਦਰ ਕੌਰ ਨੂੰ ਸਸਪੈਂਡ ਕਰਨ ਤੋਂ ਬਾਅਦ ਆਪੇ ਹੀ ਫਿਰ ਬਿਨਾਂ ਵਕੈਂਸੀ ਦੇ ਰੱਖ ਲਿਆ ਗਿਆ ਅਤੇ ਮੌਜੂਦਾ ਸਮੇਂ ਉਹ ਸਸਪੈਂਡ ਹੀ ਹਨ।
ਸੁਰਦਿੰਰਬੀਰ ਸਿੰਘ ਦੱਸਦੇ ਹਨ ਕਿ ‘‘ਗੁਰੂ ਹਰ ਰਾਏ ਦੇ ਪ੍ਰਕਾਸ਼ ਪੁਰਬ ਦੇ ਦੌਰਾਨ ਉਹਨਾਂ ਨੇ ਸੁਰਿੰਦਰ ਕੌਰ ਨੂੰ ਸਟੇਜ ਤੇ ਗੁਰੂ ਸਾਹਿਬ ਦੇ ਜੀਵਨ ਉਤੇ ਇੱਕ ਲੈੱਕਚਰ ਕਰਨ ਲਈ ਕਿਹਾ। ਸੁਰਿੰਦਰ ਕੌਰ ਦਾ ਜਵਾਬ ਸੀ ਕਿ ਉਹ ਸਟੇਜ ਤੇ ਬੋਲਣ ਤੋਂ ਅਸਮਰਥ ਹਨ ਅਤੇ ਉਹਨਾਂ ਨੂੰ ਸਿੱਖ ਗੁਰੂਆਂ ਦੇ ਇਤਿਹਾਸ ਬਾਰੇ ਜ਼ਿਆਦਾ ਪਤਾ ਨਹੀਂ ਹੈ।’’ ਪਰਮਜੀਤ ਸਿੰਘ ਸਰਨਾ ਗੌਰ ਕਰਨ ਕਿ ਉਹ ਅੱਜ ਦੀ ਪਨੀਰੀ ਨੂੰ ਬਾਣੀ ਨਾਲ ਕਿਸ ਤਰਾਂ ਜੋੜਨਗੇ ਜੇ ਉਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਟੀਚਰਾਂ ਹੀ ਸਿੱਖ ਇਤਿਹਾਸ ਤੋਂ ਬੇਖ਼ਬਰ ਹਨ।
ਹਰਜਿੰਦਰ ਕੌਰ ਸਕੂਲ ਦੀ ਲਾਇਬਰੇਰੀ ਅਸਿਸਟੈਂਟ ਦੀ ਫਰਜ਼ੀ ਡਿਗਰੀ ਮੁਤਾਬਿਕ ਉਹਨੇ ਨੇ ਨੋ ਸਾਲ ਤੇ ਦਸ ਮਹੀਨੇ ਦੀ ਉਮਰ ’ਚ ਹੀ ਬਾਰਵੀਂ ਪਾਸ ਕਰ ਲਈ ਸੀ। ਕਦੀ ਉਹ ਆਪਣਾ ਜਨਮ 1975 ਦੱਸਦੀ ਹੈ ਅਤੇ ਕਦੀ 1969। ਜਦ ਇਸ ਗੱਲ ਦਾ ਖੁਲਾਸਾ ਹੋਇਆ ਤੇ ਹਰਜਿੰਦਰ ਕੌਰ ਨੇ ਆਪਣੀ ਮਾਰਕਸ਼ੀਟ ਦੇ ਗੁੰਮ ਹੋ ਜਾਣ ਦੀ ਐਫ.ਆਈ.ਆਰ ਦਰਜ ਕਰਵਾਈ। ਉਸਨੇ ਪੰਜਾਬ ਸਕਲੂ ਸਿੱਖਿਆ ਬੋਰਡ ਨੂੰ ਵੀ ਚਿੱਠੀ ਲਿਖੀ ਅਤੇ ਦੂਜੀ ਮਾਰਕਸ਼ੀਟ ਮੰਗੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਵਾਬ ਆਇਆ ਕਿ ਇਸ ਨਾਮ ਅਤੇ ਜਨਮ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਜਿਸ ਤੋਂ ਇਹ ਗੱਲ ਸਾਫ਼ ਹੋ ਜਾਏਗੀ ਕਿ ਮਾਰਕਸ਼ੀਟ ਝੂਠੀ ਸੀ।
ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦੇ ਮੁਤਾਬਿਕ ‘‘ਹਰਜਿੰਦਰ ਕੌਰ ਦੀ ਵੱਡੀ ਭੈਣ ਰਵਿੰਦਰ ਕੌਰ ਫਰਜ਼ੀ ਮਾਰਕਸ ਸ਼ੀਟਾਂ ਅਤੇ ਡਿਗਰੀਆਂ ਬਨਵਾਉਣ ਦਾ ਧੰਦਾ ਕਰਦੀ ਹੈ ਅਤੇ ਮੌਜੂਦਾ ਸਮੇਂ ਉਹ ਜ਼ਮਾਨਤ ਤੇ ਜੇਲੋਂ ਬਾਹਰ ਹੈ।’’ ਸੁਰਿੰਦਰਬੀਰ ਸਿੰਘ ਇਹ ਵੀ ਇਲਜ਼ਾਮ ਲਗਾਉਦੇ ਹਨ ਕਿ ਗੁਰਮੀਤ ਸਿੰਘ ਸੈਂਟੀ ਦੀ ਪੂਰੀ ਮਿਲੀ ਭੁਗਤ ਹੈ ਉਸ ਨਾਲ।’’
ਦੀਪਾ ਰਾਣੀ ਕੋਲ ਪ੍ਰਾਇਮਰੀ ਟੀਚਰ ਟਰੇਨਿੰਗ ਦਾ ਸਿਰਫ ਇਕ ਸਾਲ ਦਾ ਤਜਰਬਾ ਹੈ ਜਦ ਕਿ ਦੋ ਸਾਲਾਂ ਦਾ ਤਜਰਬਾ ਜ਼ਰੂਰੀ ਹੈ। ਫਿਰ ਚੇਅਰਮੈਨ ਨੇ ਉਸਦੀ ਨਿਯੁਕਤੀ ਕਿਸ ਤਰਾਂ ਕੀਤੀ?
ਰਸ਼ਮੀ ਸ਼ਰਮਾ ਕੋਲ ਫੈਸ਼ਨ ਡਿਜਾਇਨਿੰਗ ਦਾ ਡਿਪਲੋਮਾ ਹੈ ਅਤੇ ਉਹ ਸਕੂਲ ਵਿੱਚ ਟੀ.ਜੀ.ਟੀ ਲੱਗੀ ਹੋਈ ਹੈ। ਜਦ ਸਕੂਲ ਵਿੱਚ ਫੈਸ਼ਨ ਡਿਜਾਇਨਿੰਗ ਵਿਸ਼ਾ ਹੀ ਨਹੀਂ ਹੈ ਤੇ ਉਹ ਕਿਸ ਤਰਾਂ ਕੰਮ ਕਰ ਰਹੀ ਹੈ। ਨਾਲੇ ਕਿਸੇ ਵੀ ਟੀਚਰ ਦੀ ਨਿਯੁਕਤੀ ਡਿਪਲੋਮਾ ਵੇਖ ਕੇ ਨਹੀਂ ਕੀਤੀ ਜਾ ਸਕਦੀ। ਉਸ ਲਈ ਡਿਗਰੀ ਜ਼ਰੂਰੀ ਹੈ। ਇਸ ਵਕਤ ਰਸਮੀ ਸ਼ਰਮਾ ਵੀ ਸਸਪੈਂਡ ਹੈ।
ਤੇਜਿੰਦਰ ਕੌਰ ਬਤੌਰ ਅਸੈਸ਼ਟੈਂਟ ਆਰਟ ਟੀਚਰ ਸਕੂਲ ’ਚ ਨਿਯੁਕਤ ਕੀਤੀ ਗਈ। ਜਦ ਕਿ ਉਸ ਕੋਲ ਆਰਟ ਪੜਾਉਣ ਦੀ ਡਿਗਰੀ ਮੌਜੂਦ ਨਹੀਂ ਹੈ ਤੇ ਨਾ ਹੀ 2 ਸਾਲਾਂ ਦਾ ਪੜਾਉਣ ਦਾ ਕੋਈ ਤਜਰਬਾ ਹੈ ਤੇ ਫਿਰ ਉਸਨੂੰ ਕਿਵੇਂ ਰੱਖਿਆ ਗਿਆ। ਇਹੀ ਨਹੀਂ ਉਸਦੀ ਤਰੱਕੀ ਪ੍ਰਾਇਮਰੀ ਟੀਚਰ ਆਰਟ ਕਰ ਦਿੱਤੀ ਗਈ ਜੋ ਕਿ ਕਾਨੂੰਨ ਗ਼ਲਤ ਹੈ। ਮੌਜੂਦਾ ਸਮੇਂ ਤੇਜਿੰਦਰ ਕੌਰ ਵੀ ਸਸਪੈਂਡ ਹੈ।
ਬਲਜਿੰਦਰ ਕੌਰ ਗਾਂਧੀ ਨੇ ਬਤੌਰ ਪ੍ਰਾਇਮਰੀ ਟੀਚਰ ਅੰਗਰੇਜ਼ੀ ਪੜਾਉਣ ਲਈ ਸਕੂਲ ’ਚ ਕੰਮ ਸ਼ੁਰੂ ਕੀਤਾ। ਚੇਅਰਮੈਨ ਖੰਨਾ ਨੇ ਉਸਦੀ ਨਿਯੁਕਤੀ ਕੀਤੀ ਜੋ ਕਿ ਗ਼ਲਤ ਹੈ ਕਿਉਂਕਿ ਉਹ ਚੇਅਰਮੈਨ ਦੀ ਆਪਣੀ ਲੜਕੀ ਹੈ। ਬਲਜਿੰਦਰ ਕੌਰ ਦੀ ਡਿਗਰੀ ਮੁਤਾਬਿਕ ਉਸਨੇ ਸੰਨ 200 ਤੱਕ ਬੀ.ਏ. ਨਹੀਂ ਕੀਤੀ ਸੀ ਤੇ ਫਿਰ 2001 ’ਚ ਕਿਸ ਤਰਾਂ ਸਿੱਖਿਆ ਵਿਧਾਰਿਥ ਪੂਰਾ ਕੀਤਾ। ਇਸਦਾ ਮਤਲਬ ਇਹ ਹੋਇਆ ਕਿ ਉਸਨੇ ਇਕ ਸਾਲ ’ਚ ਦੋ ਡਿਗਰੀਆਂ ਲਈਆਂ ਜੋ ਕਿ ਕੋਈ ਵੀ ਯੂਨੀਵਰਸਿਟੀ ਨਹੀਂ ਕਰਾ ਸਕਦੀ। ਇਹੀ ਨਹੀਂ ਬਲਜਿੰਦਰ ਕੌਰ ਕੋਲ ਬੀ.ਐਡ. ਦੀ ਡਿਗਰੀ ਨਹੀਂ ਹੈ ਅਤੇ ਉਸਦੇ ਨੰਬਰ ਮਹਿਜ 42% ਹਨ। ਜਦ ਕਿ 45% ਨੰਬਰ ਜ਼ਰੂਰੀ ਹਨ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਟੀਚਰ ਲਈ। ਇਸ ਤੋਂ ਇਹ ਸਾਫ਼ ਹੈ ਕਿ ਚੇਅਰਮੈਨ ਅਤੇ ਉਸਦੀ ਲੜਕੀ ਨੇ ਜਾਣਦੇ ਹੋਏ ਝੂਠ ਬੋਲਿਆ ਅਤੇ ਸਕੂਲ ਨੂੰ ਧੋਖਾ ’ਚ ਰੱਖਿਆ। ਇਸ ਵਕਤ ਬਲਜਿੰਦਰ ਕੌਰ ਵੀ ਸਸਪੈਂਡ ਹੈ। ਕਿ ਗੱਲ ਕਾਬਲੇ ਗੌਰ ਹੈ ਕਿ ਕਿਸੀ ਵੀ ਟੀਚਰ ਦੀ ਨਿਯੁਕਤੀ ਗੁਰਮੀਤ ਸਿੰਘ ਸੈਂਟੀ ਦੀ ਮਰਜ਼ੀ ਤੋਂ ਬਗੈਰ ਨਹੀਂ ਹੁੰਦੀ ਸੀ। ਇਥੇ ਸਵਾਲ ਇਹ ਉਠੱਦਾ ਹੈ ਕਿ ਕੀ ਟੀਚਰਾਂ ਦੀ ਇੰਟਰਵਿਊ ਲੈ ਰਹੇ ਲੋਗ ਇਸ ਕਾਬਿਲ ਨਹੀਂ ਹਨ ਕਿ ਫਰਜ਼ੀ ਡਿਗਰੀ ਸਮਜ ਸਕਣ ਜਾਂ ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਟੀਚਰਾਂ ਲਈ ਕਿਹੜੀ ਡਿਗਰੀ ਜ਼ਰੂਰੀ ਹੈ। ਟੀਚਰਾਂ ਦੀਆਂ ਫਰਜ਼ੀ ਡਿਗਰੀਆਂ ਅਤੇ ਚੇਅਰਮੈਨ ਦਾ ਬੇਇਮਾਨ ਹੋਣਾ ਖੁਲਾਸਾ ਕਰਦਾ ਹੈ ਕਿ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਤੇ ਝੂਠਾ ਇਲਜ਼ਾਮ ਲਗਾਇਆ ਗਿਆ।
ਜਸਟਿਸ ਦੁਆਬਿਆ ਇਨਕੁਆਰੀ ਕਮੇਟੀ ਦੀ ਰਿਪੋਰਟ
ਫਰਬਰੀ 2011 ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੀ ਨਤੀਜੇ ਤੇ ਪਹੁੰਚਣ ਲਈ 3 ਮੈਬਰਾਂ ਦੀ ਇਕ ਇਨਕੁਆਰੀ ਕਮੇਟੀ ਬਣਾਈ ਗਈ। ਜਿਸ ਵਿੱਚ ਰਿਟਾਇਰਡ ਜਸਟਿਸ ਟੀ.ਐਸ.ਦੁਆਬਿਆ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਬਰਾਂਚ ਨਿਊ ਦਿੱਲੀ ਦੀ ਪ੍ਰਿੰਸੀਪਲ ਮਿਸਿਜ਼ ਐਮ.ਕੇ.ਗਰੋਵਰ ਅਤੇ ਪ੍ਰਿੰਸੀਪਲ ਗੁਰੂ ਰਾਮ ਦਾਸ ਕਾਲਜ ਦਿੱਲੀ ਦੀ ਮਿਸ ਨੀਰਜ ਪ੍ਰਿਯਾ ਸ਼ਾਮਿਲ ਹਨ।
5 ਮਾਰਚ ਨੂੰ ਕਮੇਟੀ ਵੱਲੋਂ ਪੰਜੋ ਟੀਚਰਾਂ ਅਤੇ ਪ੍ਰਿੰਸੀਪਲ ਨੂੰ ਬੁਲਾਇਆ ਗਿਆ। ਸਭ ਟੀਚਰਾਂ ਨੇ ਮੰਨਿਆ ਕਿ ਉਹਨਾਂ ਨੂੰ 3 ਫਰਵਰੀ ਵਾਲੀ ਚਿੱਠੀ ਮੌਨੀਤ ਕੌਰ ਨੇ ਲਿਖਵਾਈ ਅਤੇ ਉਹਨਾਂ ’ਚੋਂ ਕੁੱਝ ਟੀਚਰਾਂ ਅੰਗਰੇਜ਼ੀ ਲਿਖਣ, ਪੜਨ ਅਤੇ ਬੋਲਣ ਤੋਂ ਵੀ ਅਸਮਰੱਥ ਹਨ।
ਹੈਰਾਨੀ ਦੀ ਗਲ ਸੀ ਕਿ ਦੋ ਟੀਚਰਾਂ ਨੇ ਵਾਰ ਵਾਰ ਆਪਣੇ ਬਿਆਨ ਬਦਲੇ ਅਤੇ ਇਸ ਗਲ ਨੂੰ ਮੰਨਿਆ ਵੀ। ਲਾਇਬਰੇਰੀ ਅਸੈਸਟੈਂਟ ਹਰਜਿੰਦਰ ਕੌਰ ਨੇ ਕਮੇਟੀ ਸਾਹਮਣੇ ਇਹ ਬਿਆਨ ਦਿੱਤੀ ਕਿ ਉਹਨਾਂ ਦੇ ਪਤੀ ਅਤੇ ਮਾਤਾ ਪਿਤਾ ਨੇ ਵੀ ਚੇਅਰਮੈਨ ਨੂੰ ਪਿ੍ਰੰਸੀਪਲ ਦੀ ਸ਼ਿਕਾਇਤ ਕੀਤੀ। ਪਰ ਚੇਅਰਮੈਨ ਨੇ ਗੱਲ ਅਣਸੁਣੀ ਕਰ ਦਿੱਤੀ। ਨਾਲ ਹੀ ਉਸਨੇ ਮੰਨਿਆ ਕਿ ਜੋ ਬਿਆਨ ਉਸਨੇ ਐਫ.ਆਈ.ਆਰ ’ਚ ਦਰਜ ਕਰਵਾਇਆ ਹੈ ਉਹ ਥੋੜਾ ਅਲੱਗ ਹੈ। ਹੁਣ ਇਥੇ ਸਵਾਲ ਉਹ ਉਠੱਦਾ ਹੈ ਕਿ ਉਹ ਵਾਰ-ਵਾਰ ਬਿਆਨ ਕਿਉਂ ਬਦਲਦੀ ਰਹੀ ਅਤੇ ਜੇਕਰ ਚੇਅਰਮੈਨ ਖੰਨਾ ਨੂੰ ਉਸਦੇ ਪਰਿਵਾਰ ਵਾਲੇ ਸ਼ਿਕਾਇਤ ਕਰ ਚੁੱਕੇ ਸੀ ਤੇ ਖੰਨਾ ਨੇ ਪ੍ਰਿੰਸੀਪਲ ਨੂੰ ਕੁੱਝ ਕਿਉਂ ਨਹੀਂ ਕਿਹਾ?
ਉਥੇ ਦੂਜੇ ਪਾਸੇ ਆਰਟ ਟੀਚਰ ਤੇਜਿੰਦਰ ਕੌਰ ਨੇ ਵੀ ਆਪਣਈ ਐਫ.ਆਈ.ਆਰ ਤੋਂ ਵੱਖਰੇ ਬਿਆਨ ਦਿੱਤੇ। ਉਸਦੇ ਮੁਤਾਬਿਕ ਪਿ੍ਰੰਸੀਪਲ ਸ਼ੁਰੂ ਤੋਂ ਹੀ ਗ਼ਲਤ ਨਜ਼ਰ ਦੀ ਸੀ ਅਤੇ ਸਭ ਦੇ ਸਾਹਮਣੇ ਇਹ ਹਰਕਤ ਕਰਦੇ ਸੀ। ਹੁਣ ਗਲ ਵਿਚਾਰਨ ਯੋਗ ਹੈ ਕਿ ਜਦ ਜੁਲਾਈ 2010 ਤੋਂ ਸੁਰਦਿੰਰਬੀਰ ਸਿੰਘ ਇਹ ਹਰਕਤ ਕਰਦੇ ਸੀ ਤੇ ਇਹ ਟੀਚਰਾਂ ਨੇ ਸ਼ਿਕਾਇਤ ਫਰਵਰੀ 2011 ਨੂੰ ਹੀ ਕਿਉਂ ਕੀਤੀ? ਇਤਨਾ ਸਮਾਂ ਇਹ ਸਭ ਬਰਦਾਸ਼ਤ ਕਰਨ ਦਾ ਕੀ ਕਾਰਨ ਸੀ? ਤੇਜਿੰਦਰ ਕੌਰ ਨੇ ਕਮੇਟੀ ਸਾਹਮਣੇ ਇਹ ਵੀ ਮੰਨਿਆ ਕਿ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦੇ ਆਉਣ ਨਾਲ ਸਕੂਲ ਦਾ ਅਨੁਸ਼ਾਸਨ ਚੰਗਾ ਹੋ ਗਿਆ ਹੈ ਤੇ ਸਵਾਲ ਇਹ ਉਠੱਦਾ ਹੈ ਕਿ ਜੋ ਇਨਸਾਨ ਖੁੱਦ ਅਨੁਸ਼ਾਸਨ ਕਾਇਮ ਕਰਨ ਦਾ ਯਤਨ ਕਰ ਰਿਹਾ ਹੈ। ਕੀ ਉਹ ਅਨੁਸ਼ਾਸਨ ਤੋੜੇਗਾ?
ਜਸਟਿਸ ਦੁਆਬੀਆ ਦੀ ਇਨਕੁਆਰੀ ਦੀ ਰਿਪੋਰਟ ਮੁਤਾਬਿਕ
ਪਹਿਲਾ- ਇਹ ਸਾਬਤ ਹੁੰਦਾ ਹੈ ਕਿ ਤਿੰਨ ਟੀਚਰਾਂ ਹਰਜਿੰਦਰ ਕੌਰ, ਰਸ਼ਮੀ ਸ਼ਰਮਾ ਅਤੇ ਦੀਪਾ ਰਾਣੀ ਦੇ ਖਿਲਾਫ ਕੋਰਟ ਕੇਸ ਚਲ ਰਿਹਾ ਹੈ ਅਤੇ ਉਹਨਾਂ ਦੀਆਂ ਫਰਜ਼ੀ ਡਿਗਰੀਆਂ ਦੀ ਖਬਰ ਪਿ੍ਰੰਸੀਪਲ ਸੁਰਿੰਦਰਬੀਰ ਸਿੰਘ ਨੂੰ ਹੈ। ਇਹ ਪਿ੍ਰੰਸੀਪਲ ਦੇ ਖਿਲਾਫ ਝੂਠੀ ਸ਼ਿਕਾਇਤ ਦਰਜ਼ ਕਰਵਾਉਣ ਦਾ ਕੋਈ ਵੱਡਾ ਕਾਰਨ ਹੈ।
ਦੂਜਾ- ਸਭ ਟੀਚਰਾਂ ਨੇ ਇਕੋ ਇਲਜ਼ਾਮ ਲਗਾਇਆ ਤੇ ਇਕੋ ਤਰਾਂ ਦੀ ਸ਼ਬਦਾਵਲੀ ਚਿੱਠੀ ’ਚ ਵਰਤੀ ਅਤੇ ਸਮਾਂ ਪਾ ਕੇ ਉਹ ਆਪਣੇ ਬਿਆਨ ਬਦਲਦੀਆਂ ਰਹੀਆਂ। ਫਿਰ ਅਚਾਨਕ 4 ਫਰਬਰੀ ਨੂੰ ਪਿ੍ਰੰਸੀਪਲ ਦੇ ਤਬਾਦਲੇ ਦੀ ਅਰਜ਼ੀ ਦਿੱਤੀ ਜੋ ਸਾਫ ਕਰਦਾ ਹੈ ਕਿ ਜੋ ਸਿਕਾਇਤ ਦਾ ਅਸਲੀ ਮਕਸਦ ਪ੍ਰਿੰਸੀਪਲ ਨੂੰ ਸਕੂਲੋਂ ਹਟਾਉਣਾ ਹੀ ਸੀ।
ਤੀਜਾ- ਟੀਚਰਾਂ ਦੇ ਐਫ.ਆਈ.ਆਰ. ’ਚ ਦਰਜ਼ ਹੋਇਆ ਬਿਆਨ ਅਤੇ ਕਮੇਟੀ ਸਾਹਮਣੇ ਦਿੱਤੇ ਗਏ ਬਿਆਨਾਂ ’ਚ ਬਹੁਤ ਫਰਕ ਹੈ। ਤੇਜਿੰਦਰ ਕੌਰ ਦੇ ਮੁਤਾਬਿਕ ਪਿੰਸੀਪਲ ਉਸਨੂੰ ਕਿ ਚਪੜਾਸੀ ਦੇ ਰਾਹੀਂ ਬਲਾਉਂਦਾ ਸੀ। ਚਪੜਾਸੀ ਸੁਖਜਿੰਦਰ ਸਿੰਘ ਦੇ ਬਿਆਨ ਮੁਤਾਬਿਕ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ, ਤੇਜਿੰਦਰ ਕੌਰ ਨੂੰ ਹਮੇਸ਼ਾ ਵਾਈਸ ਪ੍ਰਿੰਸੀਪਲ ਦੀ ਮੌਜੂਦਗੀ ’ਚ ਹੀ ਮਿਲਿਆ ਕਦੇ ਵੀ ਇਕੱਲੇ ਨਹੀਂ ਮਿਲਿਆ।
ਚੌਥਾ- ਅਗਰ ਚੇਅਰਮੈਨ ਨੂੰ ਸਭ ਕੁੱਝ ਪਤਾ ਚੱਲ ਚੁੱਕਾ ਸੀ ਤੇ ਉਹ ਚੁੱਪ ਕਿਉਂ ਰਿਹਾ? ਪ੍ਰਿੰਸੀਪਲ ਖਿਲਾਫ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ?
5 ਮਾਰਚ ਨੂੰ ਹੀ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਨੇ ਆਪਣੀ ਸਫਾਈ ’ਚ ਕਮੇਟੀ ਦੇ ਸਾਹਮਣੇ ਸਕੂਲ ’ਚ ਹੁੰਦੇ ਫੰਡਾਂ ਦੇ ਘੱਪਲੇਬਾਜੀ ਬਾਰੇ ਲਿਖਤ ਰੂਪ ’ਚ ਦਿੱਤਾ ਅਤੇ ਉਸਨੂੰ ਆਪਣੇ ਖਿਲਾਫ਼ ਇਕ ਸੋਚੀ ਸਮਝੀ ਸਾਜ਼ਿਸ਼ ਵੀ ਦੱਸਿਆ। ਸਕੂਲ ’ਚ ਚਲਦੇ ਪੈਸੇ ਦੇ ਹੇਰ ਫੇਰ ਦਾ ਜਿਕਰ ਲੇਖ ਦੇ ਉਤਲੇ ਹਿੱਸੇ ’ਚ ਹੋ ਚੁੱਕਾ ਹੈ। ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦੀ ਗੱਲ ਤੇ ਜਾਂਚ ਕਰਨ ਲੀ ਕਮੇਟੀ ਨੇ 12 ਮਾਰਚ ਨੂੰ ਚੇਅਰਮੈਨ ਖੰਨਾ ਅਤੇ ਦਫ਼ਤਰ ਸੁਪਰਡਿੰਟ ਐਚ.ਐਸ.ਬਿੰਦਰਾ ਨੂੰ ਬੁਲਾਇਆ। ਬਿੰਦਰਾ ਤੋਂ ਸਵਾਲ ਜਵਾਬ ਤੋਂ ਬਾਅਦ ਸੱਚ ਕਮੇਟੀ ਦੇ ਸਾਹਮਣੇ ਆਇਆ ਉਹ ਕੁੱਝ ਇਸ ਤਰਾਂ ਹੈ-
ਪਹਿਲਾ- ਬਿੰਦਰਾ ਨੇ ਸਕੂਲ ’ਚ ਟੀਚਰਾਂ ਨਾਲ ਹੋਏ ਸਰੀਰਕ ਸੋਸਣ ਦਾ ਖੰਡਨ ਕੀਤਾ। ਉਹਨਾਂ ਦੇ ਮੁਤਾਬਿਕ ਅਗਰ ਅਜਿਹਾ ਹੋਇਆ ਹੁੰਦਾ ਤੇ ਸੀਨੀਅਰ ਟੀਚਰੰ ਅਤੇ ਉਹਨਾਂ ਨੂੰ ਅਜਿਹੀ ਜਾਣਕਾਰੀ ਹੁੰਦੀ।
ਦੂਜਾ- ਬਿੰਦਰਾ ਨੇ ਮੰਨਿਆ ਕਿ ਕੰਨਟੀਨ ਨੂੰ 25,000/- ਰੁਪੈ ਮਾਫ਼ ਕੀਤੇ ਗਏ ਸੀ ਅਤੇ ਪ੍ਰਿੰਸੀਪਲ ਦੇ ਵਿਰੋਧ ਕਰਨ ਤੇ ਉਸਨੂੰ ਉਹ ਪੈਸੇ ਭਰਨੇ ਪਏ।
ਤੀਜਾ- ਬਿੰਦਰਾ ਨੇ ਖੁਲਾਸਾ ਕੀਤਾ ਕਿ ਇਹ ਜਾਣਦੇ ਹੋਏ ਕਿ ਕੁੱਝ ਟੀਚਰਾਂ ਖਿਲਾਫ਼ ਕੋਰਟ ਕੇਸ ਦਰਜ ਹਨ। ਫਿਰ ਵੀ ਉਹਨਾਂ ਨੂੰ ਲੋਨ ਦਿੱਤਾ ਗਿਆ।
ਚੌਥਾ- ਸਫਾਈ ਤੇ 17 ਲੱਖ ਦਿੱਤੇ ਗਏ ਬਗੈਰ ਕਿਸੇ ਟੈਂਡਰ ਮੰਗਵਾਇਆਂ। ਇਕੋ ਇਨਸਾਨ ਨੂੰ ਇਹ ਠੇਕਾ ਦਿੱਤਾ ਗਿਆ।
ਪੰਜਵਾਂ- ਟੀਚਰਾਂ ਲਈ ਰਜਾਈਆਂ ਖਰੀਦੀਆਂ ਗਈਆਂ। ਪਰ ਵਿਦਿਆਰਥੀ ਵਿਲਫੇਅਰ ਫੰਡ ’ਚੋਂ ਨਹੀਂ। ਉਹਨਾਂ ਨੇ ਇਹ ਵੀ ਸਾਫ ਕੀਤਾ ਕਿ ਇਹ ਖਰਚਾ ਬਿਨਾ ਕੋਈ ਵੀ ਸਵਾਲ ਜਵਾਬ ਕੀਤੇ ਹਰ ਸਾਲ ਹੁੰਦਾ ਹੈ।
ਛੇਵਾਂ- ਚਪੜਾਸੀ ਪਰਵੀਨ ਕੁਮਾਰ ਨੂੰ ਬਤੌਰ ਇਲੈਕਟਰੀਸ਼ਨ ਤਰੱਕੀ ਦਿੱਤੀ ਗਈ। ਜਿਸਦੇ ਖਿਲਾਫ ਕੋਰਟ ਕੇਸ ਵੀ ਚੱਲ ਰਿਹਾ ਸੀ। ਪਰ ਬਾਅਦ ’ਚ ਤਰੱਕੀ ਰੱਦ ਕਰ ਦਿੱਤੀ ਗਈ।
ਚੇਅਰਮੈਨ ਖੰਨਾ ਨੇ ਕਮੇਟੀ ਨੂੰ ਸਾਫ ਲਿਖ ਦਿੱਤਾ ਕਿ ਕਮੇਟੀ ਸਰੀਰਕ ਸੋਸਣ ਦੇ ਮਸਲੇ ਤੇ ਸਹਿਮਤ ਰਹੇ ਅਤੇ ਸਕਲੂ ਦੇ ਕੰਮ ਕਾਜ ਕਰਨ ਦੇ ਤਰੀਕੇ ਦੇ ਸਵਾਲ ਨਾ ਚੁੱਕੇ।
ਹਰ ਪੱਖ ਤੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਜਸਟਿਸ ਕਮੇਟੀ ਸਿ ਨਤੀਜੇ ਤੇ ਪਹੁੰਚੀ ਕਿ ਪ੍ਰਿੰਸੀਪਲ ਸੁਰਿੰਦਰਬੀਰ ਸਿੰਘ ਦੀ ਇਮਾਨਦਾਰੀ ਅਤੇ ਸਖਤੀ ਚੇਅਰਮੈਨ ਅਤੇ ਪੰਜਾਂ ਟੀਚਰਾਂ ਨੂੰ ਚੰਗੀ ਨਾ ਲੱਗੀ ਅਤੇ ਇਕ ਸੋਚੀ ਸਮਝੀ ਸਾਜਿਸ਼ ਦੇ ਅਨੁਸਾਰ ਪ੍ਰਿੰਸੀਪਲ ਨੂੰ ਫਸਾਇਆ ਗਿਆ ਜੋ ਕਿ 4 ਫਰਬਰੀ ਦੀ ਚਿੱਠਈ ਤੋਂ ਸਾਹਮਣੇ ਅਉਂਦਾ ਹੈ। ਜਦ ਟੀਚਰਾਂ ਨੇ ਪਿ੍ਰੰਸੀਪਲ ਦੇ ਤਬਾਦਲੇ ਦੀ ਮੰਗ ਕੀਤੀ। ਕਮੇਟੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਹਿਦਾਇਤ ਕੀਤੀ ਕਿ ਸੁਰਿੰਦਰਬੀਰ ਸਿੰਘ ਨੂੰ ਵਾਪਸ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਜਾਵੇ।
ਸੁਰਿੰਦਰਬੀਰ ਸਿੰਘ ਆਪਣੀ ਸਚਾਈ ਦੀ ਜਿੱਤ ਕੇ ਖੁਸ ਸਨ ਅਤੇ ਉਹ ਪਰਮਜੀਤ ਸਿੰਘ ਰਨਾ ਨੂੰ ਵੀ ਮਿਲੇ ਤੇ ਕੰਮ ਤੇ ਵਾਪਸ ਲੈਣ ਦੀ ਗਲ ਕੀਤੀ। ਸਰਨਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਬੇਕਸੂਰ ਹਨ ਅਤੇ ਪ੍ਰਿੰਸੀਪਲ ਉਹ ਹੀ ਰਹਿਣਗੇ। ਕੁੱਝ ਦਿਨ ਬਾਅਦ ਸਰਨਾ ਨੇ ਸੁਰਿੰਦਰਬੀਰ ਸਿੰਘ ਨੂੰ ਗੁਰਮੀਤ ਸਿੰਘ ਸੈਂਟੀ ਨਾਲ ਮਿਲਵਾਇਆ ਅਤੇ ਸੈਂਟੀ ਨੇ ਸਾਫ ਉਹਨਾਂ ਨੂੰ ਕੰਮ ਤੇ ਆਉਣ ਤੋਂ ਮਨਾ ਕਰ ਦਿੱਤਾ। ਸੈਂਟੀ ਦਾ ਕਹਿਣਾ ਸੀ ਕਿ ਉਹ 3 ਨਵੇਂ ਪ੍ਰਿੰਸੀਪਲ ਰੱਖ ਰਿਹਾ ਹੈ ਅਤੇ ਹੁਣ ਸੁਰਿੰਦਰਬੀਰ ਸਿੰਘ ਦੀ ਜ਼ਰੂਰਤ ਨਹੀਂ।
ਕੀ ਕਾਰਨ ਹੈ ਕਿ ਆਪਣੀ ਹੀ ਬਣਾਈ ਹੋਈ ਕਮੇਟੀ ਦੇ ਫੈਸਲੇ ਨੂੰ ਪਰਮਜੀਤ ਸਿੰਘ ਸਰਨਾ ਅਤੇ ਗੁਰਮੀਤ ਸਿੰਘ ਸੈਂਟੀ ਮੰਨਣ ਨੂੰ ਤਿਆਰ ਨਹੀਂ? ਹੈਰਾਨੀ ਦੀ ਗਲ ਹੈ ਕਿ ਬੇਇਮਾਨ ਸਾਬਿਤ ਹੋ ਚੁੱਕੇ ਚੇਅਰਮੈਨ ਖੰਨਾ ਨੂੰ ਸਸਪੈਂਡ ਕਰਨ ਦੀ ਬਜਾਏ ਸਕੂਲ ਦੀ ਕਾਲਕਾ ਜੀ ਵਾਲੀ ਬਚਾਂਚ ’ਚ ਬਤੌਰ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ ਤੇ ਇਕ ਇਮਾਨਦਾਰ ਤੇ ਪਾਕ ਦਾਮਨ ਪ੍ਰਿੰਸੀਪਲ ਨੂੰ ਭੁੱਖਾ ਮਾਰਿਆ ਜਾ ਰਿਹਾ ਹੈ।
ਸੁਰਿੰਦਰਬੀਰ ਸਿੰਘ ਦੀ ਸਸਪੈਨਸ਼ਨ ਰੂਲ 115 ਦਿੱਲੀ ਸਕੂਲ ਸਿੱਖਿਆ ਐਕਟ ਦੇ ਅਨੁਸਾਰ ਗਲਤ ਹੈ ਅਤੇ ਕਿਸੀ ਵੀ ਮੁਲਾਜਮ ਨੂੰ ਛੇ ਮਹੀਨੇ ਤੋਂ ਜਿਆਦਾ ਸਸਪੈਂਡ ਕਰਨਾ ਗੈਰ ਕਾਨੂੰਨੀ ਹੈ। ਇਹਨਾਂ ਮਹੀਨਿਆਂ ਦੌਰਾਨ ਅਤੇ ਬੇਕਸੂਰ ਸਾਬਤ ਹੋਣ ਤੋਂ ਬਾਅਦ ਵੀ ਸੁਰਿੰਦਰਬੀਰ ਸਿੰਘ ਨੂੰ ਤਨਖਾਹ ਕਿਉਂ ਨਹੀਂ ਦਿੱਤੀ ਜਾ ਰਹੀ?
ਸੁਰਿੰਦਰਬੀਰ ਸਿੰਘ ਨੇ ਨਾ ਸਿਰਫ ਆਪਣਾ ਨਾਮ ਖੋਇਆ ਬਲਕਿ ਟੀ.ਵੀ. ਚੈਨਲ ਤੇ ਇਹ ਸਭ ਕੁੱਝ ਦਿਖਾਉਣ ਤੋਂ ਬਾਅਦ ਉਹਨਾਂ ਦੇ ਵੱਡੇ ਭਰਾ ਦੀ ਵੀ ਸਦਮੇ ਨਾਲ ਮੌਤ ਹੋ ਗਈ। ਕੀ ਕੋਈ ਵੀ ਪ੍ਰਬੰਧਕ ਕਮੇਟੀ ਇਸ ਨੁਕਸਾਨ ਨੂੰ ਪੂਰਾ ਕਰ ਸਕਦੀ ਹੈ?
20 ਅਕਤੂਬਰ 2011 ਨੂੰ ਡਾਇਰੈਕਟੋਰੇਟ ਦੇ ਗੁਰਦੁਆਰਾ ਚੋਣਾਂ ਵੱਲੋਂ ਪਰਮਜੀਤ ਸਿੰਘ ਸਰਨਾ ਨੂੰ ਕਿ ਚਿੱਠੀ ਲਿਖੀ ਗਈ। ਜਿਸ ਵਿੱਚ ਸਾਫ ਤੌਰ ਤੇ ਹਰਜਿੰਦਰ ਸਿੰਘ ਖੰਨਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਗਲ ਲਿਖੀ ਗਈ। ਕੀ ਕਾਰਨ ਹੈ ਕਿ ਇਸਤੋਂ ਬਾਅਦ ਵੀ ਖੰਨਾ ਕੁਰਸੀ ਤੇ ਕਾਇਮ ਹੈ ਤੇ ਸਰਨਾ ਚੁੱਪੀ ਸਾਧ ਕੇ ਬੈਠਾ ਹੈ?
ਹੁਣ ਨਜ਼ਰ ਮਾਰੀਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਹੋਰ ਸਕੂਲਾਂ ਵੱਲ ਤੇ ਉਹਨਾਂ ਦੀਆਂ ਹਾਲਤਾਂ ਤੇ। ਮੌਜੂਦਾ ਸਮੇਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਵਾਲੀ ਬਰਾਂਚ ਵਿੱਚ ਪੰਦਰਾਂ ਟੀਚਰ ਸਸਪੈਂਡ ਹਨ। ਇਹੀ ਨਹੀਂ ਕਾਲਕਾ ਜੀ ਬਰਾਂਚ ਦੀਆਂ ਨੋਂ ਟੀਚਰਾਂ ਨੂੰ ਸੋ ਕਾਰਨ ਨੋਟਿਸ ਮਿਲ ਚੁੱਕਾ ਹੈ ਤੇ ਉਹਨਾਂ ਚੋਂ ਪੰਜ ਟੀਚਰਾਂ ਸਸਪੈਂਡ ਹਨ। ਫਤਿਹ ਨਗਰ ਵਾਲੀ ਬਰਾਂਚ ਵਿੱਚ ਸੱਤ ਟੀਚਰਾਂ ਖਿਲਾਫ਼ ਸੋ ਕਾਰਨ ਨੋਟਿਸ ਜਾਰੀ ਹੋਇਆ ਤੇ ਉਹ ਵੀ ਸਸਪੈਂਡ ਹਨ। ਪੰਜਾਬੀ ਬਾਗ ਬਰਾਂਚ ਵਿੱਚ ਪੰਜ ਟੀਚਰਾਂ ਨੂੰ ਸੋ ਕਾਰਨ ਨੋਟਿਸ ਮਿਲ ਚੁੱਕਾ ਹੈ। ਲੋਨੀ ਰੋਡ ਸਾਹਦਰਾ ਬਰਾਂਚ ਦੀ ਪ੍ਰਿੰਸੀਪਲ ਮਿਸਜ ਐਚ.ਕੇ.ਤਲਵਾਰ ਦੇ ਖਿਲਾਫ ਸੋ ਕਾਰਨ ਨੋਟਿਸ ਜਾਰੀ ਹੋ ਚੁੱਕਾ ਹੈ। ਇਹਨਾਂ ਸਕੂਲਾਂ ਵਿੱਚ ਹੋਏ ਘੱਪਲਿਆਂ ਦੇ ਖੁਲਾਸੇ ਆਉਣ ਵਾਲੇ ਹਨ ਲੇਖ ਵਿੱਚ ਕੀਤੇ ਜਾਣਗੇ।
ਪਰਮਜੀਤ ਸਿੰਘ ਸਰਨਾ ਦੀ ਹਾਲਤ ਪੀ.ਐਮ ਮਨਮੋਹਨ ਸਿੰਘ ਵਾਲੀ ਹੋ ਗਈ ਹੈ। ਜੋ ਖੁਦ ਤੇ ਇਮਾਨਦਾਰ ਹੈ। ਪਰ ਇਕ ਭ੍ਰਿਸ਼ਟ ਕਮੇਟੀ ਦੇ ਪ੍ਰਧਾਨ ਹਨ ਜਾਂ ਫਿਰ ਇਹ ਸਮਝਿਆ ਜਾਏ ਕਿ ਰਿਮੋਟ ਕੰਟਰੋਲ ਗੁਰਮੀਤ ਸਿੰਘ ਸੈਂਟੀ ਦੇ ਹੱਥ ਵਿੱਚ ਹੈ ਤੇ ਸਰਨਾ ਆਪਣੀ ਪ੍ਰਧਾਨਗੀ ਬਚਾਉਣ ਲਈ ਚੁੱਪ ਚਾਪ ਬੈਠਾ ਹੈ। ਸਰਨਾ ਅਤੇ ਸ਼ੰਟੀ ਵਿਚਾਰ ਕਰਨ ਕਿ ਸਿੱਖੀ ਖਾਲੀ ਨਾਹਰੇ ਲਾਉਣ ਨਾਲ ਜਾਂ ਇਲੈਕਸ਼ਨ ਕਰਨ ਨਾਲ ਨਹੀਂ ਮਿਲਦੀ। ਸਿੱਖੀ ਮਿਲਦੀ ਹੈ ਸੱਚ ਤੇ ਚੱਲਣ ਨਾਲ ਅਤੇ ਇਨਸਾਫ ਕਰਨ ਨਾਲ।
ASHRAF SUHAIL
GOOD WORK FOR PUNJABI LANGUAGE