ਨੌਜਵਾਨਾਂ ਨੂੰ ਨਸ਼ਿਆਂ ਦੀ ਭੱਠੀ ’ਚ ਝੋਕੀ ਜਾ ਰਹੇ ਨੇ ਅਖੌਤੀ ਸਾਧੂ
Posted on:- 14-10-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਸਥਿੱਤ ਅਖੌਤੀ ਸਾਧਾਂ ਦੇ ਡੇਰਿਆਂ ਦੀ ਭਰਮਾਰ ਕਾਰਨ ਪਿੰਡਾਂ ਦੇ ਲੋਕ ਅਤਿ ਦੇ ਦੁੱਖੀ ਹਨ ਕਿਉਕਿ ਉਕਤ ਅਖੌਤੀ ਸਾਧਾਂ ਵਲੋਂ ਆਪਣੇ ਡੇਰਿਆਂ ਤੇ ਪੇਂਡੂ ਨੌਜਵਾਨਾਂ ਨੂੰ ਸਾਰਾ ਸਾਰਾ ਦਿਨ ਭੰਗ ਦੇ ਬੂਟਿਆਂ ਦੀ ਤਲਾਸ਼ ਕਰਨ ਤੋਂ ਇਲਾਵਾ ਸ਼ਰਾਬ, ਭੁੱਕੀ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਲਿਆਉਣ ਅਤੇ ਉਹਨਾਂ ਨੂੰ ਉਕਤ ਨਸ਼ੇ ਦੇ ਆਦੀ ਬਣਾਕੇ ਰੱਖ ਦਿੱਤਾ ਹੈ। ਪਿੰਡਾਂ ਦੇ ਨੌਜ਼ਵਾਨ ਭੰਗ ਦੀਆਂ ਗੋਲੀਆਂ, ਤੰਬਾਕੂ ,ਸੁਲਫਾ ਭੋਲੇ (ਭੰਗ ਦੇ ਨਸ਼ੇ ਵਾਲੀਆਂ ਗੋਲੀਆਂ) ,ਅਫੀਮ, ਚਿੱਟਾ ਪਾਊਡਰ ਅਤੇ ਸ਼ਰਾਬ ਪੀਣ ਦੇ ਆਦੀ ਬਣ ਚੁੱਕੇ ਹਨ ਜੋ ਪਿੰਡਾਂ ਦੇ ਬਾਹਰਵਾਰ ਸੰਘਣੇ ਦਰੱਖਤਾਂ ਵਿੱਚ ਬੈਠੇ ਉਕਤ ਅਖੋਤੀ ਬਾਬਿਆਂ ਦੀ ਹੀ ਮਿਹਰਬਾਨੀ ਹੈ।
ਪਿੰਡਾਂ ’ ਚ ਮਸਤ ਸੁਭਾਅ ਦੇ ਵਿਆਕਤੀਆਂ ਨੂੰ ਲੱਖਾਂ ਲੋਕ ਨੇ ਰੱਬ ਮੰਨਕੇ ਪੂਜਣਾਂ ਸ਼ੁਰੂ ਕਰ ਦਿੱਤਾ ਹੈ। ਰਹਿੰਦੀ ਖਹੁੰਦੀ ਮੱਤ ਪੰਜਾਬੀ ਗਾਇਕਾਂ ਨੇ ਗਾਣੇ ਗਾ ਕੇ ਮਾਰੀ ਹੋਈ ਹੈ। ਲੋਕ ੳਕਤ ਬਾਬਿਆਂ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਆਉਦੇ ਹਨ ਤੇ ਇਲਾਕੇ ਦੇ ਪਿੰਡਾਂ ਦੇ ਲੋਕ ਬਾਬੇ ਦੇ ਡੇਰੇ ਤੇ ਗੱਡੀਆਂ ਵਿੱਚ ਭੰਗ ਦੇ ਬੂਟੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਵੱਢਕੇ ਬਾਬਿਆਂ ਅੱਗੇ ਚੜ੍ਹਾਉਂਦੇ ਹਨ।
ਭੰਗ ਦੇ ਧੂਏਂ ਕਾਰਨ ਗੁਆਢੀ ਲੋਕ ਅਤਿ ਦੇ
ਪ੍ਰੇਸ਼ਾਂਨ ਹਨ। ਲੋਕ ਦੜੇ ਸਟੇ ਦਾ ਖੁਦ ਹੀ ਨੰਬਰ ਬਣਾਕੇ ਲੱਖਾਂ ਰੁਪਿਆ ਚੜ੍ਹਾਵਾ
ਚੜ੍ਹਾਉਂਦੇ ਹਨ ਤੇ ਡੇਰੇ ਤੇ ਬੈਠੇ ਕੁੱਝ ਲੋਕ ਚੜ੍ਹਦੇ ਚੜਾਵੇ ਨੂੰ ਚੁੱਕਕੇ ਠੇਕਿਆਂ ਤੋਂ
ਸ਼ਰਾਬ ਪੀ ਕੇ ਲੋਕਾਂ ਲਈ ਲਈ ਵੱਡੀ ਮੁਸੀਬਤ ਬਣੇ ਹੋਏ ਹਨ।
ਭੰਗ ਦੇ ਨਸ਼ੇ ਸਮੇਤ ਹੋਰ ਨਸ਼ਿਆਂ ਦੇ ਆਦੀ ਨੌਜ਼ਵਾਨ ਡੇਰੇ ਦੇ ਆਲੇ ਦੁਆਲੇ ਦੇ ਘਰਾਂ ਅਤੇ ਕੋਠੀਆਂ ਦੀ ਭੰਨਤੌੜ ਕਰਕੇ ਚੋਰੀਆਂ ਵੀ ਕਰਦੇ ਹਨ। ਭੰਗ ਸਮੇਤ ਹੋਰ ਨਸ਼ਿਆਂ ਕਾਰਨ ਇਕ ਦਰਜਨ ਨੌਜ਼ਵਾਨਾਂ ਦੀ ਮੌਤ ਸਮੇਤ ਇਕ ਸਾਧ ਜੋ ਨਸ਼ੇ ਵਿੱਚ ਅਲਫ ਨੰਗਾ ਹੋ ਕੇ ਸ਼ਹਿਰ ਵਿੱਚ ਘੁੰਮਦਾ ਸੀ, ਦਾ ਕਤਲ ਵੀ ਹੋ ਚੁੱਕਾ ਹੈ। ਤਰਕਸ਼ੀਲ ਆਗੂਆਂ ਵਲੋਂ ਮਸਤ ਸੁਭਾਅ ਦੇ ਮਾਲਿਕ ਬਾਬੇ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਅਖੌਤੀ ਸਾਧਾਂ ਦਾ ਪਰਦਾ ਫਾਸ਼ ਕਰਕੇ ਲੋਕਾਂ ਨੂੰ ਜਾਗਿ੍ਰਤ ਕਰਨ ਦਾ ਬੀੜਾ ਚੁੱਕਿਆ ਹੈ, ਜੋ ਬਾਬੇ ਦੇ ਸ਼ਰਧਾਲੂ ਬਣਕੇ ਲੋਕਾਂ ਨੂੰ ਘਰਾਂ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਅਤੇ ਡਰਾਵੇ ਦੇ ਕੇ ਠੱਗੀਆਂ ਮਾਰ ਰਹੇ ਹਨ। ਅਖੌਤੀ ਬਾਬੇ ਹਜ਼ਾਰਾਂ ਰੁਪਿਆ ਅਤੇ ਰਾਸ਼ਨ ਇਕੱਠਾ ਕਰਕੇ ਤੁਰੰਤ ਹੀ ਲਾਪਤਾ ਹੋ ਜਾਂਦੇ ਹਨ। ਪਿੰਡ ਮੁੱਖੋਮਜ਼ਾਰਾ ਸਮੇਤ ਮਾਹਿਲਪੁਰ ਦੇ ਕਈ ਘਰਾਂ ਵਿੱਚ ਅਖੌਤੀ ਰੱਬ ਬਣਕੇ ਉਕਤ ਸਾਧਾਂ ਨੇ ਲੋਕਾਂ ਨਾਲ ਠੱਗੀਆਂ ਮਾਰਕੇ ਭਾਰੀ ਮਾਤਰਾ ਵਿਚ ਅਨਾਜ਼ ਅਤੇ ਹਜ਼ਾਰਾਂ ਰੁਪਿਆ ਇਕੱਠਾ ਕਰਕੇ ਰਫੂ ਚੱਕਰ ਹੋ ਗਏ ਹਨ। ਠੱਗੀ ਦਾ ਸ਼ਿਕਾਰ ਲੋਕ ਉਕਤ ਸਾਧਾਂ ਦੀ ਭਾਲ ਕਰ ਰਹੇ ਹਨ ਪ੍ਰਤੂ ਉਹ ਲੱਭ ਨਹੀਂ ਰਹੇ। ਤਰਕਸ਼ੀਲ ਸੁਸਾਇਟੀ ਦੇ ਆਗੂਆਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਹੱਲਿਆਂ ਅਤੇ ਗਲੀਆਂ ਵਿੱਚ ਗਾੳੂਆਂ ਦੇ ਝੂੰਡ ਅਤੇ ਵੱਡੇ ਵੱਡੇ ਹਾਥੀਆਂ ਨੂੰ ਲੈ ਕੇ ਘੁੰਮਦੇ ਠੱਗ ਸਾਧਾਂ ਤੋਂ ਸੁਚੇਤ ਰਹਿਣ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਕਸ਼ੀਲ ਸੁਸਾਇਟੀ ਸੁਸਾਇਟੀ ਦੇ ਵਿੰਗ ਸੱਭਿਆਚਾਰਕ ਅਤੇ ਮਾਨਸਿਕ ਰੋਗਾਂ ਦੇ ਮੁਖੀ ਜਗਤਾਰ ਸਿੰਘ ਰਾਹੋਵਾਲ, ਅਮਰਜੀਤ ਸਿੰਘ ਅਤੇ ਪੱਪੂ ਸਰਹਾਲੇ ਵਾਲਾ ਨੇ ਦੱਸਿਆ ਕਿ ਅਖੌਤੀ ਸਾਧਾਂ ਦੇ ਭਰਮ ਜਾਲ ਤੋਂ ਪੇਂਡੂ ਲੋਕਾਂ ਨੂੰ ਜਾਗਿ੍ਰਤ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬੀਤੇ ਦਿਨ ਉਹਨਾਂ ਵਲੋਂ ਇਕ ਅਖੌਤੀ ਸਾਧ ਨੂੰ ਰੰਗੇ ਹੱਥੀਂ ਠੱਗੀ ਮਾਰਦਿਆਂ ਫੜਕੇ ਲੋਕਾਂ ਨੂੰ ਉਸ ਵਕਤ ਹੈਰਾਨ ਕਰਕੇ ਰੱਖ ਦਿੱਤਾ ਜਦ ਉਕਤ ਬਾਬੇ ਨੇ ਸੈਕੜੇ ਲੋਕਾਂ ਦੀ ਹਾਜ਼ਰੀ ਵਿੱਚ ਦੋਵੇਂ ਹੱਥ ਜੋੜਕੇ ਮੁਆਫੀ ਮੰਗਵਾਈ ਅਤੇ ਆਪਣੇ ਲੋਕਾਂ ਨੂੰ ਭਰਮਜਾਲ ਵਿੱਚ ਫਸਾਕੇ ਆਪਣਾ ਤੋਰੀ ਫੁਲਕਾ ਚਲਾਉਣ ਦੀ ਗੱਲ ਕਬੂਲ ਕੀਤੀ। ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਇਕ ਬਾਬਾ ਪਿੰਡ ਵਿਚ ਲੋਕਾਂ ਨੂੰ ਉਹਨਾਂ ਨਾਲ ਵਾਪਰਨ ਵਾਲੀਆਂ ਅਣਹੋਣੀਆਂ ਘਟਨਾਵਾਂ ਬਾਰੇ ਦੱਸਕੇ ਖੁਦ ਹੀ ਉਪਾਅ ਕਰਨ ਬਦਲੇ 500 ਤੋਂ 1000 ਰੁਪਿਆ ਅਤੇ ਤੇਲ, ਘਿਓ ਅਤੇ ਦਾਲਾਂ ਮੰਗਦਾ ਸੀ। ਉਹ ਘਰਾਂ ਵਿੱਚ ਇਕੱਲੀਆਂ ਔਰਤਾਂ ਨੂੰ ਲੜਕਿਆਂ ਅਤੇ ਉਹਨਾਂ ਦੇ ਬੱਚਿਆਂ ਦੀ ਗਿਣਤੀ ਦੱਸਕੇ ਵੱਡੇ ਹਾਦਸਿਆਂ ਦਾ ਡਰਾਵਾ ਦੇ ਉਪਾਅ ਲਈ ਮੂੰਹ ਮੰਗੇ ਪੈਸੇ ਵਸੂਲ ਕਰ ਰਿਹਾ ਸੀ।
ਇਸੇ ਦੌਰਾਨ ਉਕਤ ਬਾਬਾ ਆਪਣੇ ਸਾਥੀਆਂ ਨਾਲ ਪਿੰਡ ਦੇ ਇੱਕ ਚੌਂਕ ਵਿਚ ਇਕ ਦੁਕਾਨ ਤੇ ਆਕੇ ਕੰਮ ਕਰਦੇ ਨੌਜ਼ਵਾਨ ਨੂੰ ਕਹਿਣ ਲੱਗਾ ਕਿ ‘ ਬੱਚਾ ਤੇਰੇ ਦੋ ਬੱਚੇ ਹਨ, ਤੈਂ ਕੋਠੀ ਵੀ ਬਣਾ ਲਈ ਹੈ ਅਤੇ ਜ਼ਮੀਨ ਵੀ ਖਰੀਦ ਲਈ ਹੈ। ਦੁਕਾਨ ਤੇ ਕੰਮ ਕਰਦਾ ਉਕਤ ਨੌਜ਼ਵਾਨ ਜੋ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਾਬੇ ਦੀਆਂ ਉਕਤ ਗੱਲਾਂ ਚੁੱਪ ਕਰਕੇ ਸਣਦਾ ਰਿਹਾ ਤੇ ਅਖੀਰ ਉਹ ਜਾਣ ਬੁੱਝਕੇ ਉਕਤ ਬਾਬੇ ਦੇ ਪੈਰੀਂ ਪੈ ਗਿਆ ਅਤੇ ਬਾਬੇ ਨੂੰ ਕਿਹਾ ਕਿ ਤੁਸੀਂ ਧੰਨ ਹੋ ਜਿਹਨਾਂ ਨੇ ਮੈਂਨੂੰ ਦਰਸ਼ਨ ਦਿੱਤੇ। ਬਾਬਾ ਹੋਰ ਚੋੜਾ ਹੋ ਗਿਆ ਤੇ ਲੋਕ ਵੱਡੀ ਗਿਣਤੀ ਵਿੱਚ ਇਥੱਠੇ ਹੋ ਗਏ। ਭੀੜ ਦੇਖਕੇ ਬਾਬਾ ਫੂਕ ਵਿੱਚ ਆਕੇ ਕਹਿਣ ਲੱਗਾ ਕਿ ਬੱਚਾ ਪ੍ਰਮਾਤਮਾਂ ਨੇ ਤੇਰੇ ਦੁੱਖਾਂ ਦਾ ਅੰਤ ਕਰਨ ਲਈ ਖੁਦ ਸਾਨੂੰ ਭੇਜਿਆ ਹੈ ਤੇ ਹੁਣ ਤੈਂਨੂੰ 100 ਰੁਪਿਆ ਭੇਟਾ ਦੇਣੀ ਪਵੇਗੀ ਕਿਉਂਕਿ ਮੈਂ ਟੋਲੇ ਸਮੇਤ ਮਾਤਾ ਦੇ ਚੱਲਿਆਂ ਹਾਂ। ਉਕਤ ਨੌਜ਼ਵਾਨ ਵਲੋਂ ਬਾਬੇ ਅੱਗੇ 100 ਦੀ ਥਾਂ 500 ਦਾ ਨੋਟ ਮੇਜ਼ ਤੇ ਰੱਖਕੇ ਉਕਤ ਬਾਬੇ ਨੂੰ ਕਿਹਾ ਕਿ ਤੁਸੀਂ ਜਿਹੜੀਆਂ ਗੱਲਾਂ ਆਪਣੀ ਦੂਰ ਦਿ੍ਰਸ਼ਟੀ ਨਾਲ ਮੈਂਨੂੰ ਦੱਸੀਆਂ ਹਨ ਉਸੇ ਦਿ੍ਰਸ਼ਟੀ ਨਾਲ ਮੇਜ਼ ਤੇ ਪਏ ਨੌਟ ਦਾ ਨੰਬਰ ਦੱਸਕੇ ਨੋਟ ਚੁੱਕ ਲਵੋ ਤਾਂ ਬਾਬੇ ਦੇ ਹੋਸ਼ ਉਡ ਗਏ। ਬਾਬਾ ਲੋਕਾਂ ਦਾ ਭਰਵਾਂ ਇਕੱਠ ਦੇਖਕੇ ਥਰ ਥਰ ਕੰਬਣ ਲੱਗ ਪਿਆ ਅਤੇ ਆਪਣਾ ਖਹਿੜਾ ਮੁਆਫੀ ਮੰਗਕੇ ਛੁਡਵਾਇਆ।
ਇਸੇ ਤਰ੍ਹਾਂ ਹੀ ਇਕ ਬਾਬਾ ਗੳੂਆਂ ਦੇ ਭਾਰੀ ਵਗ ਸਮੇਤ ਆਪਣੇ ਅੱਧੀ ਦਰਜ਼ਨ ਚੇਲਿਆਂ ਨਾਲ ਉਸ ਵਕਤ ਕਸੂਤੀ ਸਥਿੱਤੀ ਵਿੱਚ ਫਸ ਗਿਆ ਜਦ ਉਹ ਘਰ ਵਿਚ ਬੱਚਿਆਂ ਸਮੇਤ ਬੈਠੀ ਔਰਤ ਕੋਲੋਂ 500 ਰੁਪਿਆ ,ਕੱਪੜੇ ਅਤੇ ਪਾਣੀ ਦੀ ਬਾਲਟੀ ਇਹ ਕਹਕੇ ਮੰਗਣ ਲੱਗ ਪਿਆ ਕਿ ਪਰਿਵਾਰ ਤੇ ਬੱਚਾ ਕਸ਼ਟ ਨਜ਼ਰ ਦਿਖਾਈ ਦੇ ਰਿਹਾ ਹੈ । ਤੁਸੀਂ ਉਕਤ ਚੀਜਾਂ ਦਾਨ ਕਰੋ ਤਾਂ ਕੋਈ ਕਸ਼ਟ ਨਹੀਂ ਆਵੇਗਾ ਅਤੇ ਤੇਰੇ ਵਿਦੇਸ਼ ਗਏ ਪਤੀ ਦਾ ਕੰਮ ਹੋਰ ਵਧੀਆ ਹੋ ਜਾਵੇਗਾ। ਤੇਰੇ ਦੋ ਬੱਚੇ ਹਨ ਤੇ ਇਕ ਬੱਚੇ ਤੇ ਆਉਣ ਵਾਲੇ ਸਮੇਂ ‘ਚ ਭਾਰੀ ਦੁੱਖਾਂ ਨਾਲ ਜੂਝਣਾਂ ਪਵੇਗਾ। ਔਰਤ ਬਾਬੇ ਦੀਆਂ ਗੱਲਾਂ ਸੁਣਕੇ ਸਮਝ ਗਈ ਕਿ ਬਾਬਾ ਪਾਖੰਡੀ ਅਤੇ ਨਸ਼ੱਈ ਹੈ। ਉਸਨੇ ਬਾਬੇ ਨੂੰ ਜਦ ਕਿਹਾ ਕਿ ਮੇਰਾ ਘਰ ਵਾਲਾ ਤਾਂ ਵਿਦੇਸ਼ ਗਿਆ ਹੀ ਨਹੀਂ ਅਤੇ ਉਸਦੇ ਦੋ ਬੱਚੇ ਨਹੀਂ ਸਗੋਂ ਦੋ ਕੁੜੀਆਂ ਅਤੇ ਇਕ ਮੁੰਡਾ ਹੈ। ਉਕਤ ਔਰਤ ਨੇ ਬਾਬੇ ਦੀ ਕਾਫੀ ਲਾਹ ਪਾ ਕੀਤੀ ਤੇ ਮੁਹੱਲੇ ਦੀਆਂ ਔਰਤਾਂ ਇਕੱਠੀਆਂ ਹੋ ਗਈਆਂ ਤਾਂ ਉਕਤ ਬਾਬੇ ਸਮੇਤ ਚੇਲਿਆਂ ਨੂੰ ਭੱਜਣ ਲਈ ਮਜ਼ਬੂਰ ਹੋਣਾਂ ਪਿਆ। ਤਰਕਸ਼ੀਲ ਅਵਤਾਰ ਲੰਗੇਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲੀਆਂ, ਬਜ਼ਾਰਾਂ ਅਤੇ ਪਿੰਡਾਂ ਵਿੱਚ ਘੁੰਮਣ ਵਾਲੇ ਅਖੌਤੀ ਸਾਧਾਂ ਤੋਂ ਸੁਚੇਤ ਰਹਿਣ। ਉਕਤ ਲੋਕ ਲੋਕਾਂ ਨੂੰ ਭਰਮ ਜਾਲ ਵਿੱਚ ਫਸਾਕੇ ਲੋਕਾਂ ਦੀ ਲੁੱਟ ਕਰ ਰਹੇ ਹਨ।