ਬੁਨਿਆਦੀ ਸਹੂਲਤਾਂ ਤੋਂ ਸੱਖਣਾ ਪਟਿਆੜੀ ਖੱਡ ’ਚ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚਕੇ ਬਣਾਇਆ ਡੈਮ
Posted on:- 21-09-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਨਵੀਨ ਕੁਮਾਰ ਨੇ 2002 ਵਿਚ ਪਟਿਆੜੀ ਖੱਡ ਵਿਚ ਬਣੇ ਡੈਮ ਦੀਆਂ ਮੁਸ਼ਕਲਾਂ ਬਾਰੇ ਦੱਸਿਆ ਕਿ ਸੰਨ 2002 ਤੋਂ ਲੈ ਕੇ ਸਤੰਬਰ 2014 ਤਕ ਉਸ ਡੈਮ ਨੂੰ ਜਾਂਦੀ 3 ਕਿਲੋਮੀਟਰ ਦੇ ਲਗਭਗ ਪੱਕੀ ਸੜਕ ਉਤੇ ਕੋਈ ਲੁਕ ਪੀ ਸੀ ਵਗੈਰਾ ਵੀ ਪੰਜਾਬ ਸਰਕਾਰ ਨਹੀਂ ਪਵਾ ਸਕੀ । ਰਸਤੇ ਦੀ ਹਾਲਤ ਐਨੀ ਖਸਤਾ ਹੈ ਕਿ ਸੜਕ ’ ਤੇ ਪੱਥਰ ਹੀ ਪੱਥਰ ਖਿਲਰਿਆ ਪਿਆ ਹੈ ।
ਡੈਮ ਨੂੰ ਜਾਣ ਵਾਲੇ ਰਸਤੇ ਵਿਚ ਕੋਈ ਸੂਚਨਾ ਬਰੋਡ ਅਤੇ ਲਾਈਟਾਂ ਨਹੀਂ ਹਨ। ਪੰਜਾਬ ਸਰਕਾਰ ਦਾ ਇਰੀਗੇਸ਼ਨ ਵਿਭਾਗ ਡੈਮ ਉਤੇ ਕੰਮ ਕਰਨ ਵਾਲੇ ਮੁਲਾਜਮਾ ਲਈ ਪਿਛੱਲੇ 12 ਸਾਲਾਂ ਵਿਚ ਪੀਣ ਵਾਲੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਕਰ ਸਕਿਆ ਜੋ ਕਿ ਸਭ ਤੋ ਅਤਿ ਜਰੂਰੀ ਹੈ, ਮੁਲਾਜ਼ਮ ਖੜਕਾਂ ਤੋਂ ਪਲਾਸਟਿਕ ਦੀਆਂ ਕੇਨੀਆਂ ਰਾਹੀਂ ਲਗਭਗ 3 ਕਿਲੋ ਮੀਟਰ ਦੀ ਦੂਰੀ ਤੋਂ ਪੀਣ ਵਾਲਾ ਪਾਣੀ ਲੈ ਕੇ ਜਾਂਦੇ ਹਨ, ਕਈ ਵਾਰੀ ਮਜਬੂਰੀ ਨਾਲ ਖੱਡ ਵਿਚੋਂ ਚਲਦੇ ਪਾਣੀ ਵਿਚੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪੈਂਦਾਂ ਹੈ, ਪ੍ਰਦੂਸ਼ਤ ਪੀਣ ਵਾਲਾ ਪਾਣੀ ਪੀਅ ਕੇ ਗੁਜ਼ਾਰਾ ਕੀਤਾ ਜਾਂਦਾ ਹੈ।
ਡੈਮ ਉਤੇ ਲਗੀਆਂ 12 ਲਾਇਟਾਂ ਵਿਚੋਂ ਇਕ ਵੀ ਲਾਇਟ ਨਹੀਂ ਚਲਦੀ ਤੇ ਨਾ ਹੀ ਡੈਮ ਉਤੇ ਕੋਈ ਵੀ ਇਲੈਕਟ੍ਰੀਸ਼ਨ ਹੈ ਜੋ ਕਿ ਲਾਇਟ ਵਗੈਰਾ ਠੀਕ ਕਰ ਸਕੇ। ਉਹਨਾਂ ਦਸਿਆ ਕਿ ਸਾਰਾ ਇਲਾਕਾ ਜੰਗਲ ਨਾਲ ਭਰਿਆ ਪਿਆ ਹੈ ਤੇ ਪਹਾੜੀ ਤੇ ਰਾਤ ਵੇਲੇ ਤੇ ਦਿਨ ਵੇਲੇ ਸੱਪ, ਅਜਗਰ, ਖਤਰਨਾਕ ਸਾਂਡ ਹੋਰ ਜੰਗਲੀ ਜਾਨਵਰ ਤੇ ਬਾਗ਼ ਵੀ ਘੁੰਮਦੇ ਹਨ, ਡੈਮ ਉਤੇ ਕੰਮ ਕਰਦੇ ਮੁਲਾਜਮਾਂ ਲਈ 24 ਘੰਟੇ ਬਿਜਲੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਤੇ ਜਿਹੜੀ ਬਿਜਲੀ ਹੈ ਵੀ ਉਸ ਦੀ ਸਪਲਾਈ ਚਾਲੂ ਰਖਣ ਲਈ ਤਾਰਾਂ ਉਤੇ ਪਲਾਸਟਿਕ ਦੇ ਲਿਫਾਫੇ ਬੰਨ ਕੇ ਗੁਜਾਰਾ ਕੀਤਾ ਜਾ ਰਿਹਾ ਹੈ ਤੇ ਅਜਿਹਾ ਕਰਕੇ ਡੰਗ ਟਪਾਇਆ ਜਾਂਦਾ ਹੈ। ਉਥੇ 1 ਪ੍ਰਤੀਸ਼ਤ ਵੀ ਸੈਫਟੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਥੇ ਨਾ ਤਾਂ ਐਮਰਜੰਸੀ ਲਈ ਕੋਈ ਵੀ ਵਾਇਰਲੈਸ, ਲੈਡ ਲਾਇਨ ਟੈਲੀਫੋਨ ਅਤੇ ਕੰਪਿਊਟਰ ਆਦਿ ਦਾ ਪ੍ਰਬੰਧ ਹੈ। ਰਹਿਣ ਵਾਲੇ ਕਮਰਿਆਂ ਦੀ ਹਾਲਤ ਵੀ ਖਸਤਾ ਹੈ, ਜੰਗਲੀ ਇਲਾਕੇ ਨੂੰ ਵੇਖਦਿਆਂ ਕੋਈ ਵੀ ਰਾਤ ਵੇਲੇ ਸੋਣ ਲਈ ਸੁਰੱਖਿਅਤਾ ਦਾ ਮਾਹੋਲ ਨਹੀਂ ਹੈ।
ਡੈਮ ਦੇ ਆਲੇ ਦੁਆਲੇ ਗਾਜਰ ਬੂਟੀ ਦਾ ਸਾਮਰਾਜ ਬਣਿਆ ਪਿਆ ਹੈ। ਹੋਰ ਤੇ ਹੋਰ ਡੈਮ ਦੀ ਮੈਂਨਟੀਨੈਂਸ ਲਈ ਵੀ ਸਰਕਾਰ ਕੋਲ ਫੰਡ ਨਹੀਂ ਹਨ। ਉਥੇ ਕੰਮ ਕਰਦੇ ਮੁਲਾਜਮਾਂ ਨੇ ਡੈਮ ਦੇ ਗਹਿਰੇ ਪਾਣੀ ਵਿਚ ਕੰਮ ਕਰਨ ਲਈੇ ਇਕ ਜੁਗਾੜੀ ਕਿਸ਼ਤੀ ਖਾਲੀ ਡਰਮਾਂ ਉਤੇ ਫੱਟੇ ਫਿੱਟ ਕਰਕੇ ਬਣਾਈ ਹੋਈ ਹੈ, ਉਸ ਪਾਣੀ ਵਿਚ ਕੰਮ ਕਰਨ ਲਈ ਕੋਈ ਸੁਰਖਿਅਤ ਕਿੱਟ ਵੀ ਨਹੀਂ ਹੈ ਤੇ ਨਾ ਘਟਨਾ ਘਟਨ ਤੇ ਕੋਈ ਐਰਮਜੰਸੀ ਦਾ ਪ੍ਰਬੰਧ ਹੈ, ਸੜਕ ਵੀ ਐਨੀ ਖਰਾਬ ਹੈ ਕਿ ਕੋਈ ਘਟਨਾ ਘਟਣ ਤੇ ਐਂਬੁਲੰਸ ਦਾ ਪਹੁੰਚਣਾ ਨਾ ਮੁਮਕਲ ਹੈ। ਪਰ ਉਸ ਜੁਗਾੜੀ ਕਿਸ਼ਤੀ ਉਤੇ ਲੱਗੇ ਫੱਟੇ ਵੀ ਟੁਟ ਰਹੇ ਹਨ, ਜੋ ਅਕਾਲੀ ਭਾਜਪਾ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਪ੍ਰਗਟਾਉਂਦੇ ਹਨ।
ਕੰਡੀ ਇਲਾਕੇ ਦੇ ਇਸ ਡੈਮ ਨੇ ਆਲੇ ਦੁਆਲੇ ਦੇ ਪਿੰਡਾਂ ਪਟਿਆੜੀ, ਖੜਕਾਂ, ਚੱਕ ਸਾਧੂ, ਠਠੋਲੀ, ਮਹਿਲਾਂ ਵਾਲੀ ਦਾ ਕੁਝ ਹਿੱਸਾ ਦੇ ਕਿਸਾਨੀ ਦੇ ਭਵਿੱਖ ਨੂੰ ਇਕ ਨਵੀਂ ਆਰਥਿਕ ਸ਼ਕਤੀ ਦਿਤੀ ਹੈ ਤੇ ਜੋ 730 ਹੈਕਟਰ ਜ਼ਮੀਨ ਨੂੰ ਪਾਣੀ ਦੀ ਸੰਚਾਈ ਕਰ ਰਿਹਾ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਡੈਮ ਉਤੇ ਕੰਮ ਕਰਨ ਵਾਲਿਆਂ ਵਲ ਤੇ ਡੈਮ ਨੂੰ ਜਿੰਦਾ ਰਖਣ ਲਈ ਪੰਜਾਬ ਸਰਕਾਰ ਵਲੋਂ ਧਿਆਨ ਨਾ ਦੇਣ ਅਤੇ ਡੈਮ ਦਾ ਰੱਖ ਰਖਾਵ ਕਰਨ ਲਈ ਸਮੇਂ ਸਿਰ ਮਾਡਰਨ ਤਕਨਾਲੋਜੀ ਤੇ ਫੰਡ ਨਾ ਮੁਹਈਆ ਕਰਵਾਉਣਾ ਦੀ ਸੋੜੀ ਤੇ ਭਿ੍ਰਸ਼ਟ ਸੋਚ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਅਗਰ ਡੈਮ ਦੀ ਹਾਲਤ ਖਸਤਾ ਹੋ ਗਈ ਤਾਂ ਕਿਸਾਨਾ ਦੀ ਹਾਲਤ ਵੀ ਖਸਤਾ ਹੋਵੇਗੀ, ਉਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ੁੰਮੇਵਾਰ ਹੋਵੇਗੀ। ਫਿਰ ਡੈਮ ਉਤੇ ਆਈ 2132 ਲੱਖ ਦੀ ਲਾਗਤ ਮਿੱਟੀ ਵਿਚ ਰੁਲ ਜਾਵੇਗੀ। ਇਥੋਂ ਤਕ ਕਿ ਬਿਜਲੀ ਦੇ ਬਿੱਲ ਦੇਣ ਲਈ ਵੀ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹਨ। ਉਹਨਾਂ ਕਿਹਾ ਕਿ ਕੀ ਸੁਰਖਿਅਤਾ ਦੇਸ਼ ਅੰਦਰ ਸਿਰਫ ਦੇਸ਼ ਦੇ ਮੰਤਰੀਆਂ, ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਬੱਚਿਆਂ ਨੂੰ ਹੀ ਚਾਹੀਦੀ ਹੈ ਤੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਕੋਈ ਨਹੀਂ?
ਦਿੱਲੀ ਅਤੇ ਚੰਡੀਗੜ੍ਹ ਬੈਠ ਕੇ ਵਿਕਾਸ ਦੀਆਂ ਗੱਲਾਂ ਕਰਨੀਆਂ ਤੇ ਮੁੰਗੇਰੀ ਲਾਲ ਦੇ ਸਪਣੇ ਵਿਖਾਣੇ ਬਹੁਤ ਅਸਾਨ ਹਨ ਪਰ ਧਰਤੀ ਉਤੇ ਮਲਾਜਮਾ ਦੇ ਕੰਮ ਕਰਨ ਵਾਲਾ ਸਾਰਾ ਢਾਂਚਾ ਖੋਖਲਾ ਹੋ ਰਿਹਾ, ਵੱਡੇ ਪਧੱਰ ਤੇ ਇਨਫਰਾ ਸਟਰਕਚਰ ਦੀ ਘਾਟ ਦੇਸ਼ ਦੀ ਤਰੱਕੀ ਵਿਚ ਵੱਡੀ ਰੁਕਾਵਟ ਬਣ ਰਹੀ ਹੈ ਤੇ ਲੋਕਾਂ ਨੂੰ ਵੀ ਨਿਕਾਰਾ ਕਰ ਰਿਹਾ ਹੈ। ਜਿਸ ਡੈਮ ਦਾ ਇਲਾਕਾ ਵੇਖ ਕੇ ਮਨ ਖੁਸ਼ ਹੁੰਦਾ ਹੈ ਤੇ ਦੁਸਰੇ ਪਾਸੇ ਬੁਨਿਆਦੀ ਸਹੂਲਤਾਂ ਤੋਂ ਸਖਣਾ ਵੇਖ ਕੇ ਮਨ ਦੇ ਅੰਦਰ ਵਿਕਾਸ ਦੇ ਝੂਠੇ ਕੀਤੇ ਜਾ ਰਹੇ ਭਾਸ਼ਨ ਪ੍ਰਤੀ ਵੇਖ ਕੇ ਕੰਬਣੀ ਵੀ ਛਿੱੜ ਦੀ ਹੈ। ਐਨੇ ਵੱਡੇ ਉਹਦਿਆਂ ਉਤੇ ਬੈਠ ਕੇ ਵਿਕਾਸ ਦੀਆਂ ਕਾਜਗੀ ਤੋਪਾਂ ਚਲਾਈਆਂ ਜਾ ਰਹੀਆਂ ਤੇ ਰਾਜਨੀਤੀਵਾਨਾ ਦੀ ਲੋਕਾਂ ਤੋਂ ਸਿਰਫ ਵੋਟਾ ਵਟੋਰਨ ਤਕ ਹੀ ਸੋਚ ਸੀਮਤ ਹੋ ਕੇ ਰਹਿ ਗਈ ਹੈ। ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜੁਗਾੜੀ ਢਾਂਚਾ ਖਤਮ ਕਰਕੇ ਤੁਰੰਤ ਡੈਮ ਨੂੰ ਫੰਡ ਅਤੇ ਮਾਡਰਨ ਤਕਨਾਲੋਜੀ ਮੁਹੱਈਆ ਕਰਵਾਈ ਜਾਏ।