ਅੰਬਾਂ ਦੇ ਬੂਟਿਆਂ ਦੀ ਹੋਂਦ ਨੂੰ ਖ਼ਤਰਾ
Posted on:- 10-09-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ :ਪਹਾੜੀ ਖਿੱਤੇ ਦੇ ਪਿੰਡ ਜੇਜੋਂ ਦੁਆਬਾ ਅਤੇ ਚੱਕ ਨਰਿਆਲ ਪਿੰਡਾਂ ਅਧੀਨ ਆਉਂਦੇ ਜੰਗਲਾਤ ਵਿਭਾਗ ਦੇ ਇਲਾਕੇ ਵਿੱਚ ਮਾਈਨਿੰਗ ਦਾ ਕੰਮ ਵੱਡੀ ਪੱਧਰ ਤੇ ਚੱਲਦਾ ਹੋਣ ਕਰਕੇ ਇਸ ਇਲਾਕੇ ਦੇ ਵੱਡ ਅਕਾਰੀ ਅੰਬਾਂ ਦੇ ਬੂਟਿਆਂ ਦੀ ਹੋਂਦ ਨੂੰ ਵੱਡਹ ਖਤਰਾ ਖੜ੍ਹਾ ਹੋ ਗਿਆ ਹੈ। ਮਾਈਨਿੰਗ ਕਾਰਨ ਮਿੱਟੀ ਪੁੱਟ ਹੋਣ ਕਾਰਨ ਵੱਡੇ ਵੱਡੇ ਅੰਬਾਂ ਦੇ ਦਰੱਖਤਾਂ ਦੀਆਂ ਜੜ੍ਹਾ ਖੋਖਲੀਆਂ ਹੋ ਚੁੱਕੀਆਂ ਹਨ। ਹੋਰਨਾ ਇਲਾਕਿਆਂ ਤੋਂ ਆਉਣ ਵਾਲੇ ਲੋਕ ਵੱਡੀ ਮਾਤਰਾ ਵਿੱਚ ਟ੍ਰੈਕਟਰ ਟਰਾਲੀਆਂ ਅਤੇ ਟਰੱਕਾਂ ਵਿੱਚ ਪਹਾੜੀ ਮਿੱਟੀ ਅਤੇ ਪੱਥਰ ਭਰਕੇ ਲਿਜਾ ਰਿਹੇ ਹਨ ਪ੍ਰੰਤੂ ਉਹਨਾਂ ਨੂੰ ਕਿਸੇ ਦੀ ਕੋਈ ਰੋਕ ਟੋਕ ਨਹੀਂ ਹੈ।
ਉਕਤ ਸਾਰਾ ਕੁਝ ਜੰਗਲਾਤ ਵਿਭਾਗ ਦੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਵਾਪਰ ਰਿਹਾ ਹੈ। ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਅੱਜ ਇਥੇ ਦੱਸਿਆ ਕਿ ਇਸ ਇਲਾਕੇ ਵਿੱਚ ਅੰਬਾਂ ਦੇ ਬੂਟਿਆਂ ਦੀ ਹੋਂਦ ਨੂੰ ਵਣ ਵਿਭਾਗ ਦੀ ਮਿਲੀਭੁਗਤ ਨਾਲ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਦਰੱਖਤਾਂ ਦੇ ਆਲੇ ਦੁਆਲਿਓ ਮਾਈਨਿੰਗ ਕਰਕੇ ਉਨ੍ਹਾਂ ਦੀਆਂ ਜੜਾਂ ਹੀ ਕੱਟ ਸੁਟੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਜਦ ਉਕਤ ਮਾਮਲਾ ਸਬੰਧਤ ਰੇਂਜ ਅਫਸਰ ਦੇ ਧਿਆਨ ਹੇਠ ਲਿਆਂਦਾ ਤਾਂ ਉਹ ਇਹ ਕਹਿ ਕਿ ਪਾਸਾ ਵਟ ਗਏ ਕੇ ਉਨ੍ਹਾਂ ਦੇ ਧਿਆਨ ਹੇਠ ਹੈ।
ਉਹਨਾਂ ਕਿਹਾ ਕਿ ਕੋਈ ਵੀ ਦਰੱਖਤ ਅਪਣੀਆਂ ਜੜ੍ਹਾਂ ਦੇ ਸਹਾਰੇ ਜਿਉਦਾ ਹੈ ਪ੍ਰੰਤੂ ਪੈਸੇ ਦੇ ਲਾਲਚ ਅਤੇ ਸਿਆਸਤਦਾਨ ਭਿ੍ਰਸ਼ਟ ਨੀਤੀਆਂ ਕਾਰਨ ਕੁਦਰਤੀ ਸਰੋਤਾਂ ਦੀ ਵੱਡੀ ਤਬਾਹੀ ਕਰਵਾ ਰਹੇ ਹਨ। ਇਕ ਪਾਸੇ ਪੰਜਾਬ ਸਰਕਾਰ ਅੰਬਾਂ ਦੇ ਬੂਟਿਆਂ ਦੀ ਰੱਖਿਆ ਕਰਨ ਦੀਆਂ ਗੱਲਾਂ ਕਰ ਰਹੀ ਹੈ ਅਤੇ ਦੁਸਰੇ ਪਾਸੇ ਪੰਜਾਬ ਸਰਕਾਰ ਦਾ ਵਣ ਵਿਭਾਗ ਉਨ੍ਹਾਂ ਹੀ ਨਿਯਮਾਂ ਦੀਆਂ ਧੱਜੀਆਂ ਉੱਡਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਕੰਢੀ ਇਲਾਕੇ ਵਿਚ ਦਰੱਖਤ ਤਾਂ ਪਹਿਲਾਂ ਹੀ ਵਣ ਮਾਫੀਏ ਦੀ ਭੇਂਟ ਚੜ੍ਹ ਚੁੱਕੇ ਹਨ, ਜਿਸ ਕਾਰਨ ਇਸ ਇਲਾਕੇ ਵਿਚੋਂ ਘਣਾ ਜੰਗਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਾ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦਾ ਕਰਜਾ ਲੈ ਕੇ ਪੰਜਾਬ ਨੂੰ ਕਰਜਾਈ ਕਰ ਰਹੀ ਹੈ ਤੇ ਦੁਸਰੇ ਪਾਸੇ ਜਿਹੜੇ ਦਰੱਖਤ ਲੱਗੇ ਹੋਏ ਹਨ ਉਹ ਵੀ ਸੰਭਾਲਣਤੋਂ ਕੰਨੀ ਕਤਰਾ ਰਹੀ ਹੈ।
ਵਣ ਵਿਭਾਗ ਵਿਚ ਭਿ੍ਰਸ਼ਟਾਚਾਰ ਵੱਡੀ ਪੱਧਰ ਤੇ ਫੈਲਿਆ ਹੋਇਆ ਹੈ।ਜਕਰੇ ਕੁੱਝ ਜੰਗਲ ਬਚਿਆ ਹੋਇਆ ਹੈ ਤਾਂ ਉਹ ਸਿਰਫ ਦਰੱਖਤ ਪ੍ਰੇਮੀਆਂ ਦੇ ਕਾਰਨ ਹੀ ਬੱਚਿਆ ਹੋਇਆ ਹੈ। ਉਹਨਾਂ ਕਿਹਾ ਕਿ ਮਾਇਨਿੰਗ ਦਾ ਸਾਰਾ ਕਾਲਾ ਧੰਦਾ ਸਰਕਾਰ ਅੰਦਰ ਬੈਠੇ ਕੁੱਝ ਆਗੂਆਂ ਦੇ ਇਸ਼ਾਰੇ ਉਤੇ ਚਲ ਰਿਹਾ ਹੈ ਅਤੇ ਮੁੱਖ ਮੰਤਰੀ ਚੁੱਪ ਹਨ।ਉਹਨਾਂ ਕਿਹਾ ਕਿ ਵਿਦੇਸ਼ਾਂ ਤੋਂ ਰੇਤਾ ਬਜ਼ਰੀ, ਪੈਸਾ ਅਤੇ ਹੋਰ ਪਦਾਰਥ ਤਾਂ ਕਰਜੇ ਦੇ ਰੂਪ ਵਿਚ ਲਏ ਜਾ ਸਕਦੇ ਹਨ ਪ੍ਰੰਤੂ ਆਕਸੀਜਨ ਅਤੇ ਦਰੱਖਤ ਨਹੀਂ । ਜੇਜੋਂ ਦੋਆਬਾ ਦਾ ਇਲਾਕਾ ਦੇਸੀ ਅੰਬਾਂ ਦਾ ਘਰ ਮੰਨਿਆ ਜਾਂਦਾ ਸੀ ਪਰ ਹੋਲੀ ਹੋਲੀ ਸਭ ਕੁੱਝ ਨਸ਼ਟ ਹੋ ਗਿਆ ਹੈ ਜਿਸਨੂੰ ਬਚਾਉਣ ਦੀ ਸਖਤ ਜਰੂਰਤ ਹੈ। ਸੜਕਾਂ ਦੇ ਆਲੇ ਦੁਆਲੇ ਵੱਡੇ ਪੱਧਰ ਤੇ ਨਜਾਇਜ ਕਬਜੇ ਹਟਵਾ ਕੇ ਲੱਖਾਂ ਦਰਖਤ ਲਗਾਏ ਜਾ ਸਕਦੇ ਹਨ। ਕੰਢੀ ਇਲਾਕੇ ਵਿਚ ਹਰ ਸਾਲ ਲੱਖਾ ਬੂਟੇ ਕਾਗਜਾਂ ਵਿਚ ਲਗਦੇ ਹਨ ਤੇ ਗਰਮੀਆਂ ਵਿੱਚ ਅਲੋਪ ਹੋ ਜਾਂਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰਖਤਾਂ ਨੂੰ ਅਪਣੇ ਜੀਵਨ ਦਾ ਹਿੱਸਾ ਬਣਾਉਣ ਤਾਂ ਕਿ ਪੰਜਾਬ ਅੰਦਰ ਕੁਦਰਤੀ ਸਰੋਤਾ ਦੀ ਹੋ ਰਹੀ ਤਬਾਹੀ ਰੁੱਕ ਸਕੇ। ਉਹਨਾਂ ਦੱਸਿਆ ਕਿ ਇਸ ਸਾਰੀ ਘਟਨਾ ਦੀਆਂ ਫੋਟੋਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜੰਗਲਾਤ ਵਿਭਾਗ ਦੇ ਮੁੱਖ ਸਕੱਤਰ ਨੂੰ ਭੇਜਕੇ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਦਰੱਖਤਾਂ ਨੂੰ ਵਣ ਮਾਫੀਏ ਦੀ ਭੇਂਟ ਚੜ੍ਹਨ ਤੋਂ ਹਰ ਹਾਲਤ ਵਿਚ ਰੋਕਿਆ ਜਾਵੇ।
ਇਸ ਸਬੰਧ ਵਿੱਚ ਵਣ ਰੇਂਜ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਚੋਰੀ ਛਿੱਪੇ ਮਿੱਟੀ ਪੁੱਟਣ ਵਾਲਿਆਂ ਵਿਰੁੱਧ ਪੂਰੀ ਤਰ੍ਹਾਂ ਸਰਗਰਮ ਹੈ। ਟਰੱਕ ਟਰਾਲਿਆਂ ਵਾਲਿਆਂ ਨੂੰ ਰੰਗੇ ਹੱਥੀ ਕਾਬੂ ਕਰਨ ਲਈ ਪੁਲੀਸ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।