ਹੁਸ਼ਿਆਰਪੁਰ ਦੇ ਮੁੱਢਲੇ ਸਿਹਤ ਕੇਂਦਰ ਡਾਕਟਰਾਂ ਤੇ ਸਟਾਫ ਦੀ ਘਾਟ ਕਾਰਨ ਸਿਹਤ ਸਹੂਲਤਾਂ ਤੋਂ ਸੱਖਣੇ
Posted on:- 10-09-2014
- ਸ਼ਿਵ ਕੁਮਾਰ ਬਾਵਾ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮੁੱਖ ਅਤੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦਾ ਹਾਲ ਐਨਾ ਮਾੜਾ ਹੈ ਕਿ ਸਿਹਤ ਵਿਭਾਗ ਵਲੋਂ ਉਕਤ ਕੇਂਦਰਾਂ ਵਿਚ ਲੋਕਾਂ ਦੀ ਸਿਹਤ ਸੁਧਾਰਨ ਲਈ ਭੇਜੀਆਂ ਜਾਂਦੀਆਂ ਕਰੋੜਾਂ ਰੁਪਏ ਦੀਆਂ ਦੁਆਈਆਂ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਦੀ ਖਸਤਾ ਹਾਲਤ ਅਤੇ ਡਾਕਟਰਾਂ ਅਤੇ ਕਰਮਚਾਰੀਆਂ ਦੀ ਕਮੀ ਕਾਰਨ ਸਾਂਭ ਸੰਭਾਲ ਨਾ ਹੋਣ ਕਾਰਨ ਗਲ ਸੜਕੇ ਹੀ ਤਬਾਹ ਹੋ ਜਾਂਦੀਆਂ ਹਨ। ਪਹਾੜੀ ਪਿੰਡਾਂ ਵਿੱਚ ਸਥਿੱਤ ਮੁਢਲੇ ਸਿਹਤ ਕੇਂਦਰਾਂ ਵਿੱਚ ਡਾਕਟਰ ਅਤੇ ਮੁਲਾਜ਼ਮ ਆਪਣੀ ਡਿਊਟੀ ਮਨਮਰਜ਼ੀ ਨਾਲ ਹੀ ਕਰਦੇ ਹਨ ਅਤੇ ਬਹੁਤਿਆਂ ਵਿੱਚ ਮੁੱਖ ਡਾਕਟਰ ਅਤੇ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਕਰੋੜਾਂ ਰੁਪਏ ਦਾ ਸਮਾਨ ਅਤੇ ਮਸ਼ੀਨਾ ਲਾਵਾਰਸ ਪਈਆਂ ਰਹਿਣ ਕਾਰਨ ਗਲ ਸੜ ਚੁੱਕੀਆਂ ਹਨ।
ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਅਤੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਲੋਕਾਂ ਦੀ ਸਿਹਤ ਸੁਧਾਰਨ ਲਈ ਸਰਕਾਰੀ ਡਾਕਟਰਾਂ ਦੀਆਂ ਵੱਡੀ ਪੱਧਰ ਤੇ ਘਾਟ ਹੈ। ਬਹੁਤ ਸਾਰੇ ਹਸਪਤਾਲ ਅਤੇ ਡਿਸਪੈਂਸਰੀਆਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋਣ ਕਾਰਨ ਕਰੋੜਾਂ ਰੁਪਏ ਦੀਆਂ ਦੁਆਈਆਂ ਅਤੇ ਮਸ਼ੀਨਾ ਲਈ ਲੋੜੀਦੇ ਪ੍ਰਬੰਧ ਨਾ ਹੋਣ ਕਾਰਨ ਬਰਬਾਦ ਹੋ ਚੁੱਕੀਆਂ ਹਨ। ਮੁੱਢਲਾ ਸਿਹਤ ਕੇਂਦਰ ਪਾਲਦੀ , ਜੇਜੋਂ ਦੋਆਬਾ, ਚੱਬੇਵਾਲ ,ਕੋਟਫਤੂਹੀ , ਪੋਸੀ, ਸੈਲਾ ਖੁਰਦ, ਬੱਠਲਾਂ, ਹਾਰਟਾ ਬਡਲਾ ਸਮੇਤ ਦਰਜ਼ਨ ਦੇ ਕਰੀਬ ਅਜਿਹੇ ਸਿਹਤ ਕੇਂਦਰ ਹਨ ਜਿਥੇ ਜ਼ਰੂਰੀ ਡਾਕਟਰ ਤਾਂ ਕੀ ਉਥੇ ਮੁਲਾਜ਼ਮ ਵੀ ਪੂਰੇ ਨਹੀਂ ਹਨ ਜਿਸ ਸਦਕਾ ਪਿੰਡਾਂ ਦੇ ਲੋਕਾਂ ਨੂੰ ਵੱਡੀ ਪੱਧਰ ਤੇ ਖੱਜਲ ਖੁਆਰ ਹੋਣਾ ਪੈਂਦਾ ਹੈ।
ਸੂਚਨਾ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਦਾ ਖੁਲਾਸਾ ਕਰਦਿਆਂ ਸਮਾਜ ਸੇਵਕ ਸੁਖਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਪੋਸੀ ਅਧੀਨ ਦੋ ਰੂਰਲ ਹਸਪਤਾਲ, 4 ਮਿੰਨੀ ਅਤੇ 32 ਸਬ ਸੈਂਟਰ ਆਉਂਦੇ ਹਨ ਜਿਹਨਾਂ ਵਿੱਚ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਭੇਜੀਆਂ ਕਰੋੜਾਂ ਰੁਪਏ ਦੀਆਂ ਦੁਆਈਆਂ ਸਾਂਭ ਸੰਭਾਲ ਅਤੇ ਸਟਾਫ ਅਤੇ ਡਾਕਟਰਾਂ ਦੀ ਘਾਟ ਕਾਰਨ ਬੇਅਸਰ ਹੋ ਗਈਆਂ ਹਨ। ਪੀ ਐਚ ਸੀ ਪੋਸੀ ਵਿੱਚ ਸਟਾਫ ਨਰਸ , ਏ ਐਮ ਓ, ਕਲਰਕ ,ਐਮ ਐਲ ਟੀ ਜੀ 2 ਦੀ ਇੱਕ ਇੱਕ ਅਤੇ ਦਾਈ (ਨਰਸ) ਦੀਆਂ ਤਿੰਨ ਅਤੇ ਕਲਾਸ ਫੋਰ ਦੀਆਂ 2 ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਐਨ ਆਰ ਐਚ ਐਮ ਸਟਾਫ ਪੂਰਾ ਹੈ ਪ੍ਰੰਤੂ ਇਥੇ 3 ਸਟਾਫ ਨਰਸਾਂ ਚੋ ਇੱਕ ਖਾਲੀ ਚੱਲ ਰਹੀ ਹੈ। ਇਸੇ ਤਰ੍ਹਾਂ ਮਿੰਨੀ ਪੀ ਐਚ ਸੀ ਪਦਰਾਣਾ ’ਚ ਸਟਾਫ ਨਰਸ ਆਪਣੇ ਬਲਬੂਤੇ ਤੇ ਹੀ ਕੰਮ ਚਲਾ ਰਹੀ ਹੈ। ਇਥੇ ਤਾਇਨਾਤ ਐਮ ਓ ਅਤੇ ਕਲਾਸਫੋਰ ਜ਼ਿਆਦਾਤਰ ਗੜ੍ਹਸ਼ੰਕਰ ਦੇ ਮੁੱਖ ਹਸਪਤਾਲ ਅਤੇ ਆਰ ਐਚ ਪਿੰਡ ਬਿੰਝੋ ਵਿਖੇ ਵੀ ਆਪਣੀ ਸੇਵਾ ਨਿਭਾਉਂਦੇ ਹਨ ਜਿਸ ਸਦਕਾ ਪਦਰਾਣਾ ਡਿਸਪੈਂਸਰੀ ਦਾ ਕੰਮ ਪ੍ਰਭਾਵਿਤ ਹੀ ਨਹੀਂ ਸਗੋਂ ਮਰੀਜ਼ਾਂ ਨੂੰ ਪੂਰਾ ਸਟਾਫ ਨਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਰਾਮਪੁਰ ਬਿਲੜੋਂ ਸਟਾਫ ਨਰਸ, ਫਾਰਮਾਸਿਸਟ ਐਮ ਐਲ ਟੀ ਦੀਆਂ ਅਸਾਮੀਆਂ ਖਾਲੀ ਹਨ। ਬੀਣੇਵਾਲ ’ਚ ਏ ,ਐਮ ਓ 4, ਦੰਦਾ ਦਾ ਇੱਕ,ਸਟਾਫ ਨਰਸਾਂ 6, ਕਲਾਸ ਫੋਰ 10 ਸਵੀਪਰ 1 ਅਤੇ ਸਟੈਨੋ 2, ਡਰਾਇਵਰ ਅਤੇ ਹੋਰ ਕਰਮਚਾਰੀਆਂ ਦੀਆਂ 8 ਅਸਮੀਆਂ ਲੰਬੇ ਸਮੇਂ ਤੋਂ ਖਾਲੀ ਹਨ। ਮਿੰਨੀ ਪੀ ਐਚ ਸੀ ਪਨਾਮ ’ਚ ਡਾਕਟਰ ਸਮੇਤ ਕਲਾਸਫੋਰ ਨਹੀਂ ਹਨ। ਆਰ ਐਚ ਬਿੰਝੋਂ ’ਚ ਦਾ ਬਹੁਤ ਹੀ ਮਾੜਾ ਹਾਲ ਹੈ। ਇਥੇ ਡਾਕਟਰ ਪਤਾ ਨਹੀਂ ਕਿਵੇਂ ਕੰਮ ਚਲਾ ਰਹੇ ਹਨ। ਇਥੇ ਤਾਇਨਾਤ ਡਾਕਟਰਾਂ ਦੀ ਅਕਸਰ ਹੀ ਹੋਰ ਹਸਪਤਾਲਾਂ ਵਿੱਚ ਡਿਊਟੀ ਲਗਾ ਦਿੱਤੀ ਜਾਂਦੀ ਹੈ। ਇਥੇ ਰੇਡੀਓ ਗ੍ਰਾਫਰ,ਸਟਾਫ ਨਰਸ, ਅਤੇ ਫਾਰਮਾਸਿਸਟ ਦੀ ਘਾਟ ਹੈ। ਇਸ ਤੋਂ ਇਲਾਵਾ ਦਾਈ 2, ਰੇਡੀਓ ਗ੍ਰਾਫਰ, ਨਰਸ ਸਿਸਟਰ, ਅਤੇ 5 ਕਲਾਸਫੋਰ ਦੀ ਘਾਟ ਹੈ। ਇਥੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਹੋਰ ਹਸਪਤਾਲਾਂ ਵਿੱਚ ਸਮੇਂ ਸਮੇਂ ਭੇਜਣ ਕਾਰਨ ਇਲਾਕੇ ਦੇ ਲੋਕ ਅਤਿ ਦੇ ਦੁੱਖੀ ਹਨ। ਆਰ ਐਚ ਬੱਠਲਾਂ ’ਚ ਡਾਕਟਰਾਂ ਸਮੇਤ 11 ਮੁਲਾਜ਼ਮਾਂ ਦੀ ਘਾਟ ਹੈ। ਖਾਲੀ ਅਸਾਮੀਆਂ ਕਾਫੀ ਲੰਬੇ ਸਮੇਂ ਭਰੀਆਂ ਹੀ ਨਹੀਂ ਗਈਆਂ। ਇਸੇ ਤਰ੍ਹਾਂ ਧਮਾਈ , ਸਤਨੌਰ , ਬਸਿਆਲਾ , ਅਕਾਲਗੜ੍ਹ, ਪਾਰੋਵਾਲ, ਨੈਨਵਾਂ ਰੁੜਕੀ ਖਾਸ, ਕੂਕੋਵਾਲ, ਬੀਰਮਪੁਰ, ਡੱਲੇਵਾਲ, ਹਾਜੀਪੁਰ, ਬਾਰਾਪੁਰ,ਪੰਡੋਰੀ ਭਡਿਆਰ, ਨੂਰਪੁਰ ਜੱਟਾਂ,ਪੱਦੀ ਸੂਰਾ ਸਿੰਘ, ਭਰੋਵਾਲ, ਬੀਹੜਾਂ,ਮਜਾਰਾ ਡਿੰਗਰੀਆਂ, ਫਤਿਹਪੁਰ ਕੋਠੀ, ਚੱਕ ਸਿੰਘਾ, ਟਿੱਬਾ, ਨੰਗਲਾਂ, ਬਿੰਝੋਂ, ਮਲਕੋਵਾਲ, ਪੰਡੋਰੀ ਲੱਧਾ ਸਿੰਘ, ਘਾਗੋਂ ਰੋੜਾਂਵਾਲੀ, ਅਚਲਪੁਰ, ਦੇਨੋਵਾਲ ਕਲਾਂ, ਮੋਰਾਂਵਾਲੀ ਆਦਿ ਅਜਿਹੇ ਮੁੱਢਲੇ ਸਬ ਸਿਹਤ ਸੈਂਟਰ ਹਨ ਜਿਥੇ ਐਮ ਪੀ ਐਚ ਡਬਲਯੂ (ਐਮ) ਅਤੇ ਐਮ ਪੀ ਐਚ ਡਬਲਯੂ (ਐਫ)ਦੀਆਂ ਅਸਾਮੀਆਂ ਖਾਲੀ ਚੱਲ ਰਹੀਆਂ ਹਨ। ਸੂਚਨਾ ਅਨੁਸਾਰ ਅਪ੍ਰੈਲ 2013 ਤੋਂ ਪੋਸੀ ਪੀ ਐਚ ਸੀ ਵਲੋਂ 108 ਐਂਬੂਲੈਂਸ ਦੀ ਸਹੂਲਤ ਇੱਕ ਸਾਲ 4ਮਹੀਨਿਆਂ ਵਿੱਚ ਸਿਰਫ 11 ਮਰੀਜਾਂ ਨੂੰ ਹੀ ਮੁਹੱਈਆ ਕਰਵਾਈ ਗੲਂੀ ਜਦਕਿ ਇਹ ਸਹੂਲਤ ਸਰਕਾਰ ਵਲੋਂ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ।
ਇੱਕ ਸਾਲ ਤੋਂ ਵੱਧ ਸਮੇਂ ਵਿਚ ਉਕਤ ਸਿਹਤ ਕੇਂਦਰ ਵਲੋਂ ਪੇਂਡੂ ਮਰੀਜਾਂ ਲਈ ਲੱਖਾਂ ਰੁਪਏ ਦੀ ਦੁਆਈ ਸਮੇਤ ਬੋਚਰਾਂ ਰਾਹੀਂ ਹੋਰ ਸਿਹਤ ਸੈਂਟਰਾਂ ਨੂੰ ਭੇਜੀ ਗਈ ਪ੍ਰੰਤੂ ਮਰੀਜ ਅਤੇ ਲੋਕ ਹਸਪਤਾਲਾਂ ਵਿਚ ਦੁਆਈ ਦੀ ਘਾਟ ਅਤੇ ਡਾਕਟਰਾਂ ਵਲੋਂ ਆਪਣੇ ਪਸੰਦ ਦੇ ਮੈਡੀਕਲ ਸਟੋਰ ਮਾਲਕਾਂ ਅਤੇ ਦੁਆਈ ਕੰਪਨੀਆਂ ਦੀਆਂ ਦੁਆਈਆਂ ਬਾਹਰੋਂ ਖਰੀਦਣ ਦੇ ਦਬਾਅ ਕਾਰਨ ਪਿੱਟ ਰਹੇ ਹਨ। ਹਸਪਤਾਲ ਦੇ ਚੀਫ ਫਾਰਮਾਸਿਸਟ ਅਨੁਸਾਰ ਹਸਪਤਾਲ ਅਧੀਨ ਆਉਂਦੇ ਪਿੰਡਾਂ ਵਿਚ ਹਰ ਇਕ ਹਜਾਰ ਦੀ ਅਬਾਦੀ ਪਿੱਛੇ ਕੰਮ ਕਰਦੀ ਇਕ ਆਸ਼ਾ ਵਰਕਰ ਰਾਹੀਂ ਸਿਹਤ ਵਿਭਾਗ ਵਲੋਂ ਮੁਫਤ ਵੰਡਣ ਵਾਲੀ ਦੁਆਈ ਵੱਡੀ ਮਾਤਰਾ ਵਿਚ ਸਪਲਾਈ ਕੀਤੀ ਗਈ ਪ੍ਰੰਤੂ ਪਿੰਡਾਂ ਦੇ ਲੋਕ ਇਸ ਬਾਰੇ ਪੂਰੀ ਤਰ੍ਹਾਂ ਅਣਜਾਣ ਹਨ। ਆਰ ਟੀ ਆਈ ਕਾਰਕੁੰਨ ਸੁਖਵਿੰਦਰ ਸਿੰਘ ਸੰਧੂ ਦਾ ਕਹਿਣ ਹੈ ਕਿ ਸਿਹਤ ਵਿਭਾਗ ਵਲੋਂ ਮੰਗੀ ਗਈ ਸੂਚਨਾ ਵਿੱਚ ਵੱਡੇ ਪੱਧਰ ਤੇ ਅਸਲੀ ਤੱਥ ਲਕੋਏ ਗਏ ਹਨ। ਡਾਕਟਰ ਅਤੇ ਸਟਾਫ ਹਸਪਤਾਲਾਂ ਵਿਚ ਮਨਮਰਜ਼ੀਆਂ ਕਰਦੇ ਹਨ। ਗਰੀਬ ਲੋਕ ਤੜਫ ਰਹੇ ਹਨ। ਮੁਲਾਜ਼ਮ ਆਪਣੀ ਮਰਜ਼ੀ ਨਾਲ ਕੰਮ ਕਰਦੇਹਨ ਅਤੇ ਉਹ ਇਲਾਜ ਲਈ ਹਸਪਤਾਲ ਪੁੱਜੇ ਮਰੀਜਾਂ ਦੇ ਪੱਲੇ ਕੁੱਝ ਵੀ ਨਹੀਂ ਪਾਉਂਦੇ। ਅਕਸਰ ਕਹਿਕੇ ਤੋਰ ਦਿੰਦੇ ਹਨ ਕਿ ਸਾਡੇ ਕੋਲ ਦੁਆਈ ਹੀ ਨਹੀਂ ਹੈ। ਖਾਸਕਰ ਪਹਾੜੀ ਪਿੰਡਾਂ ਦੇ ਹਸਪਤਾਲਾਂ ਵਿਚ ਕੋਈ ਸਹੂਲਤ ਹੀ ਨਹੀਂ ਹੈ।