ਨਰਿੰਦਰ ਮੋਦੀ ਵੀ ਠੱਗਿਆ ਗਿਆ, ਜਨ-ਧਨ ਯੋਜਨਾ 'ਤੇ ਫੋਟੋ ਬਾਦਲ ਦੀ
Posted on:- 28-08-2014
ਬਠਿੰਡਾ/ਬੀ ਐਸ ਭੁੱਲਰ,
ਸਖ਼ਤ
ਪ੍ਰਸ਼ਾਸਨਿਕ ਸਮਰੱਥਾ ਦਾ ਧਨੀ ਕਹਾਉਣ ਵਾਲਾ ਨਰਿੰਦਰ ਮੋਦੀ ਵੀ ਅੱਜ ਠੱਗਿਆ ਜਾ ਚੁੱਕਾ
ਹੈ, ਕਿਉਂਕਿ ਜਨ-ਧਨ ਯੋਜਨਾ ਤਹਿਤ ਲਾਭਪਾਤਰਾਂ ਨੂੰ ਬੈਂਕ ਖਾਤਿਆਂ ਦੇ ਕਾਰਡਾਂ ਵਾਲੇ ਜੋ
ਲਫ਼ਾਫੇ ਇੱਥੇ ਵੰਡੇ ਗਏ, ਪ੍ਰਧਾਨ ਮੰਤਰੀ ਦੀ ਬਜਾਏ ਉਨ੍ਹਾਂ ਉਪਰ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ।
ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ
ਉਦਘਾਟਨੀ ਭਾਸ਼ਣ ਰਾਹੀਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ
ਗਰੀਬਾਂ ਦਾ ਮਸੀਹਾ ਕਰਾਰ ਦਿੰਦਿਆਂ ਭਾਵੇਂ ਨਰਿੰਦਰ ਮੋਦੀ ਦੇ ਕਸੀਦੇ ਪੜ੍ਹਨ ਵਿੱਚ ਕੋਈ
ਕਸਰ ਬਾਕੀ ਨਹੀਂ ਛੱਡੀ, ਪਰ ਲਾਭਪਾਤਰਾਂ ਨੂੰ ਬੈਂਕ ਖਾਤਿਆਂ ਦੇ ਕਾਰਡਾਂ ਵਾਲੇ ਜੋ ਲਫ਼ਾਫੇ
ਉਨ੍ਹਾਂ ਤਕਸੀਮ ਕੀਤੇ ਉਨ੍ਹਾਂ ਉੱਪਰ ਸੀ੍ਰ ਮੋਦੀ ਦੀ ਬਜਾਏ ਰਾਜ ਦੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਪ੍ਰਕਾਸ਼ਿਤ ਸਨ।
ਇੱਥੇ ਇਹ ਜ਼ਿਕਰ ਕਰਨਾ ਕੁਥਾਂ
ਨਹੀਂ ਹੋਵੇਗਾ, ਕਿ ਯੂਪੀਏ ਵਨ ਅਤੇ ਟੂ ਦੀਆਂ ਦੋਵਾਂ ਸਰਕਾਰਾਂ ਵੇਲੇ ਕੇਂਦਰ ਵੱਲੋਂ ਜੋ
ਵੀ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਸਨ, ਉਨ੍ਹਾਂ ਨੂੰ ਬੜੀ ਹੁਸ਼ਿਆਰੀ ਨਾਲ ਸੂਬੇ ਦੀ
ਸਰਕਾਰੀ ਮਸ਼ੀਨਰੀ ਦੇ ਮਾਧਿਅਮ ਰਾਹੀਂ ਸ੍ਰ. ਬਾਦਲ ਆਪਣੇ ਨਾਂ ਤਬਦੀਲ ਕਰਵਾ ਲਿਆ ਕਰਦੇ ਸਨ।
ਉਹ ਭਾਵੇਂ 108 ਐਂਬੂਲੈਂਸ ਗੱਡੀਆਂ ਹੋਣ, ਸਰਵ ਸਿੱਖਿਆ ਅਭਿਆਨ ਸਕੀਮ ਰਾਹੀਂ ਲੜਕੀਆਂ ਲਈ
ਖਰੀਦੇ ਸਾਈਕਲ ਜਾਂ ਕੇਂਦਰੀ ਮੱਦਦ ਨਾਲ ਤਕਸੀਮ ਕੀਤੇ ਜਾਣ ਵਾਲੇ ਸਸਤੇ ਆਟਾ-ਦਾਲ ਵਾਲੇ
ਕਾਰਡ ਹੋਣ।
ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਜਦ ਸ੍ਰੀ ਮੋਦੀ ਦੇ ਦਫ਼ਤਰ ਨੇ
ਮੰਤਰੀ ਮੰਡਲ ਦੇ ਸਾਥੀਆਂ ਨੂੰ ਮਨਮਰਜੀ ਦਾ ਸਟਾਫ਼ ਰੱਖਣ ਦੀ ਖੁਲ੍ਹ ਵਾਪਸ ਲੈ ਕੇ ਇਹ ਕੰਮ
ਪ੍ਰਸੋਨਲ ਵਿਭਾਗ ਨੂੰ ਸੌਂਪਣ ਤੋਂ ਇਲਾਵਾ ਇਹ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਸਨ, ਕਿ
ਕੋਈ ਵੀ ਵਜੀਰ ਆਰਥਿਕ ਲਾਭ ਵਾਲਾ ਕਾਰੋਬਾਰ ਨਹੀਂ ਕਰ ਸਕੇਗਾ, ਤਾਂ ਇਹ ਉਮੀਦ ਬੱਝੀ ਸੀ ਕਿ
ਕੇਂਦਰੀ ਯੋਜਨਾਵਾਂ ਨਾਲ ਵੀ ਕਿਸੇ ਕਿਸਮ ਦਾ ਧਰੋਹ ਨਹੀਂ ਹੋਵੇਗਾ।
ਹਾਲਾਂਕਿ
ਕੇਂਦਰੀ ਵਜੀਰ ਬਣਨ ਉਪਰੰਤ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਰਿਵਾਰਕ ਕਾਰੋਬਾਰ
ਔਰਬਿਟ ਰਿਜੌਰਟ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਲੇਕਿਨ
ਉਹਨਾਂ ਜੋ ਅੱਜ ਲਫ਼ਾਫੇ ਤਕਸੀਮ ਕੀਤੇ ਉਹਨਾਂ ਉੱਪਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਬਜਾਏ
ਉਹਨਾਂ ਦੇ ਸਹੁਰਾ ਸਾਹਿਬ ਸ੍ਰ: ਪ੍ਰਕਾਸ ਸਿੰਘ ਬਾਦਲ ਦੀਆਂ ਮੂਰਤਾਂ ਛਪੀਆਂ ਹੋਈਆਂ ਸਨ।
ਪਿੰਡ ਖਿਆਲੀ ਵਾਲਾ ਦੇ ਲਾਭਪਾਤਰੀ ਰੂਪ ਸਿੰਘ ਅਤੇ ਗੁਰਜੰਟ ਸਿੰਘ ਨੂੰ ਉਹਨਾਂ ਦੇ ਹੱਥ
ਵਿੱਚ ਫੜੇ ਲਫ਼ਾਫਿਆਂ ਵੱਲ ਇਸ਼ਾਰਾ ਕਰਕੇ ਜਦ ਇਹ ਪੁੱਛਿਆ ਕਿ ਕੀ ਉਹਨਾਂ ਨੇ ਪਹਿਲਾਂ
ਬੈਂਕਾਂ ਵਿੱਚ ਖਾਤੇ ਨਹੀਂ ਸਨ ਖੁਲ੍ਹਵਾਏ, ਤਾਂ ਇਹ ਇਕਬਾਲ ਕਰਦਿਆਂ ਕਿ ਖਾਤੇ ਤਾਂ
ਪਹਿਲਾਂ ਵੀ ਹਨ, ਲੇਕਿਨ ਇਹ ਖਾਤੇ ਬਾਦਲ ਵਾਲੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਇਸ ਯੋਜਨਾ ਨੂੰ ਗਰੀਬ ਲੋਕਾਂ ਲਈ ਇੱਕ ਵਰਦਾਨ ਕਰਾਰ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ
ਲੋੜ ਪੈਣ ਤੇ ਭਵਿੱਖ ਦੌਰਾਨ ਲਾਭਪਾਤਰੀ ਨਾ ਸਿਰਫ ਪੰਜ ਹਜਾਰ ਰੁਪਏ ਤੱਕ ਦੀ ਰਕਮ ਬੈਂਕਾਂ
ਚੋਂ ਲੈ ਸਕਣਗੇ, ਬਲਕਿ ਕਿਸੇ ਦੁਰਘਟਨਾ ਦੀ ਸੂਰਤ ਵਿੱਚ ਉਹ ਇੱਕ ਲੱਖ ਤੀਹ ਹਜਾਰ ਰੁਪਏ ਦੇ
ਬੀਮੇ ਦੀ ਸਹੂਲਤ ਵੀ ਹਾਸਲ ਕਰ ਸਕਦੇ ਹਨ। ਲਫ਼ਾਫਿਆਂ ਉੱਪਰ ਬਾਦਲ ਸਾਹਿਬ ਦੀਆਂ ਤਸਵੀਰਾਂ
ਪ੍ਰਕਾਸਿਤ ਹੋਣ ਬਾਰੇ ਪੁੱਛਣ ਤੇ ਉਹ ਕਹਿੰਦਿਆਂ ਆਪਣੀ ਗੱਡੀ 'ਚ ਸਵਾਰ ਹੋ ਗਏ, 'ਉਹਦੇ 'ਚ
ਤੁਹਾਨੂੰ ਕੀ ਦਿੱਕਤ ਐ।'ਮੌਕੇ ਤੇ ਮੌਜੂਦ ਇੱਕ ਅਣਜਾਣ ਸਖ਼ਸ ਨੇ ਇਹ ਕਹਿੰਦਿਆਂ
ਪੱਤਰਕਾਰਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ ਕਿ ਜਮੀਨ ਤਾਂ ਭਾਵੇਂ ਕਿਸੇ ਦੀ ਵੀ ਹੋਵੇ
ਬਾਦਲ ਕੇ ਇੰਤਕਾਲ ਤਾਂ ਇੱਕ ਮਿੰਟ ਵਿੱਚ ਹੀ ਆਪਣੇ ਨਾਂ ਤਬਦੀਲ ਕਰਵਾਉਣ ਦੇ ਮਾਹਰ ਹਨ।