ਨੌਜਵਾਨ ਗੱਭਰੂਆਂ ਨੂੰ ਨਿਗਲ ਗਿਆ ਕਰਜ਼ੇ ਦਾ ਦੈਂਤ - ਬਲਜਿੰਦਰ ਕੋਟਭਾਰਾ
Posted on:- 04-06-2012
ਵਿਆਹ ਤੋਂ ਮਹੀਨਿਆਂ ਮਗਰੋਂ ਵਿਧਵਾਵਾਂ ਹੋਈਆਂ ਔਰਤਾਂ
ਵਿਆਹਾਂ ਦੇ ਕੇਵਲ ਕੁਝ ਦਿਨਾਂ ਜਾਂ ਮਹੀਨਿਆਂ ਮਗਰੋਂ ਹੀ ਕਰਜ਼ੇ ਦੇ ਦੈਂਤ ਨੇ ਨਵ-ਵਿਆਹੀਆਂ ਦੇ ਘਰ ਉਜਾੜ ਦਿੱਤੇ, ਸ਼ਗਨਾਂ ਦੀ ਮਹਿੰਦੀ ਦੇ ਰੰਗ ਭਾਵੇਂ ਕਾਫੀ ਦੇਰ ਮਗਰੋਂ ਫ਼ਿੱਕੇ ਪਏ ਪਰ ਬਿਨ੍ਹਾਂ ਕਸੂਰ ਤੋਂ ਸਾਰੀ ਉਮਰ ਵਿਧਵਾਪੁਣੇ ਦੇ ਸਰਾਫ਼ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਵਿਰਾਨ ਬਣਾ ਦਿੱਤਾ ਹੈ। ਦਿਲ ਜਾਨੀਆਂ ਨਾਲ ਗੱਲਾਂ ਵੀ ਸਾਂਝੀਆਂ ਨਹੀਂ ਕੀਤੀਆਂ ਸਨ ਕਿ ਕਰਜ਼ਾ ਨਾ ਉਤਾਰੇ ਜਾਣ ਕਾਰਨ ਉਨ੍ਹਾਂ ਨੇ ਸਲਫ਼ਾਸ ਦਾ ਆਸਰਾ ਲਿਆ, ਬਹੁਤੇ ਰੇਲ ਗੱਡੀਆਂ ਅੱਗੇ ਕੁੱਦ ਕੇ ਜਾਨਾਂ ਦੇ ਗਏ।
ਗੱਲ ਛੇੜਨ ਦੀ ਦੇਰ ਹੈ ਕਿ ਇਨ੍ਹਾਂ ਵਿਧਵਾਵਾਂ ਦਾ ਦੁੱਖ ਪਾਕ ਭਰੇ ਫੋੜੇ ਵਾਂਗ ਫੁੱਟ ਤੁਰਦੇ ਹਨ, ਇਨ੍ਹਾਂ ਦੇ ਹਾਊਂਕਿਆਂ ਅਤੇ ਹੰਝੂਆਂ ਦਾ ਹਕੂਮਤਾਂ ਕੋਲ ਕੋਈ ਜਵਾਬ ਨਹੀਂ ਹੈ। ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਮੌੜ੍ਹ ਚੜ੍ਹਤ ਸਿੰਘ ਵਾਲਾ ਵਿੱਚ ਕਰਜ਼ੇ ਦੇ ਦੈਂਤ ਨੇ ਤਿੰਨ ਦਰਜਨ ਦੇ ਕਰੀਬ ਜਾਨਾਂ ਲਈਆਂ, ਜਿਨ੍ਹਾਂ ਵਿੱਚ ਬਹੁਤ ਕਿਰਤੀ, ਨੌਜਵਾਨਾਂ ਤੋਂ ਇਲਾਵਾ ਕਈ ਅਣਵਿਆਹੇ ਗੱਭਰੂ ਵੀ ਸ਼ਾਮਲ ਹਨ, ਇੱਥੇ ਹੀ ਨਹੀਂ ਤਿੰਨ ਕਿਸਾਨਾਂ ਦੇ ਘਰਾਂ ਦਾ ਅਜਿਹਾ ਦੁਖਾਂਤ ਹੈ ਕਿ ਉਨ੍ਹਾਂ ਦੇ ਇੱਕ ਜਾਂ ਦੋ ਮੈਂਬਰਾਂ ਨੇ ਨਹੀਂ ਸਗੋਂ ਤਿੰਨ-ਤਿੰਨ ਅਤੇ ਚਾਰ-ਚਾਰ ਮੈਂਬਰਾਂ ਨੇ ਆਤਮ ਹੱਤਿਆਵਾਂ ਕੀਤੀਆਂ ਹਨ। ਸਥਿਤੀ ਦਾ ਦੁਖਾਂਤਕ ਪੱਖ ਇਹ ਹੈ ਜਿੱਥੇ ਕਿਸਾਨਾਂ ਦੀ ਜਾਨ ਲੈਣ ਦਾ ਕਾਰਨ ਸ਼ਾਹੂਕਾਰਾਂ ਦਾ ਕਰਜ਼ਾ ਬਣਿਆ ਉੱਥੇ ਮਜ਼ਦੂਰਾਂ ਦੀ ਜਾਨ ਧਨੀ ਕਿਸਾਨੀ ਦੇ ਕਰਜ਼ੇ ਨੇ ਲਈ।
ਪੈਸੇ ਦੀ ਭੁੱਖ ਨੇ ‘‘ਜੱਟ ਲੱਗ ਕੇ ਸੀਰੀ ਦੇ ਗੱਲ ਰੋਵੇ’’ ਵਾਲੇ ਸੰਕਲਪ ਨੂੰ ਵੀ ਸੱਟ ਮਾਰੀ ਹੈ। ਇਨ੍ਹਾਂ ਦੁਖੀ ਪਰਿਵਾਰਾਂ ਸਿਰ ਲੱਖਾਂ ਰੁਪਏ ਦੇ ਕਰਜ਼ੇ ਅਮਰ ਵੇਲ ਵਾਂਗ ਵੱਧ ਰਹੇ ਹਨ, ਨੌਜਵਾਨ ਪੁੱਤਾਂ ਦੇ ਦੁੱਖ, ਜਵਾਨੀ ਵਿੱਚ ਰੰਡੀਆਂ ਹੋਈਆਂ ਨੌਜਵਾਨ ਨੂੰਹਾਂ, ਚੁੱਲ੍ਹਾਂ ਤਪਦਾ ਰੱਖਣ ਦੇ ਪਹਾੜਾਂ ਜਿੱਡੇ-ਜਿੱਡੇ ਦੁੱਖਾਂ ਨੇ ਇਨ੍ਹਾਂ ਪਰਿਵਾਰਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ, ਪਰਿਵਾਰ ਦੇ ਮੈਂਬਰਾਂ ਧਾਹਾਂ ਮਾਰ ਕੇ ਪੁੱਛਦੇ ਹਨ ਕਿ ਉਨ੍ਹਾਂ ਦਾ ਕੀ ਕਸੂਰ ਹੈ। ਦੋ ਦਹਾਕੇ ਪਹਿਲਾ ਸ਼ੁਰੂ ਹੋਇਆ ਖ਼ੁਦਕਸੀਆਂ ਦਾ ਇਹ ਸਿਲਸਿਲਾ ਜਾਰੀ ਹੈ। ਖ਼ੁਦਕੁਸੀਆਂ ਕਰਨ ਵਾਲਿਆਂ ਵਿੱਚ ਸੱਤ ਨੌਜਵਾਨ ਕੁਆਰੇ ਹਨ, ਜਿਨ੍ਹਾਂ ਵਿੱਚ 3 ਮਜ਼ਦੂਰ, 4 ਹੇਠਲੀ ਕਿਸਾਨੀ ਨਾਲ ਸਬੰਧਤ, ਪੰਜ ਨਵੇਂ ਵਿਆਹੇ ਨੌਜਵਾਨ ਜਿਨ੍ਹਾਂ ਵਿੱਚ ਮਜ਼ਦੂਰਾਂ ਦੇ ਦੋ ਸਕੇ ਭਰਾਵਾਂ ਸਮੇਤ ਤਿੰਨ ਲੇਬਰ ਜਮਾਤ ਅਤੇ ਦੋ ਕਿਸਾਨੀ ਨਾਲ ਸਬੰਧਤ ਹੈ, ਆਤਮ ਹੱਤਿਆ ਕਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਹਨ, ਦੋ ਮਜ਼ਦੂਰ ਅਤੇ ਇੱਕ ਕਿਸਾਨੀ ਵਿੱਚੋਂ ਹੈ। ਖ਼ੁਦਕੁਸੀ ਪੀੜਤ ਪਰਿਵਾਰ ਨੂੰ ਨਾ ਮਰਨ ਵਾਲਿਆਂ ਦੀਆਂ ਤਰੀਕਾਂ ਦਾ ਪਤਾ ਹੈ ਅਤੇ ਨਾ ਹੀ ਉਨ੍ਹਾਂ ਸਿਰ ਕਿਨ੍ਹਾਂ ਕੁ ਕਰਜ਼ਾ ਵੱਧ ਗਿਆ ਇਸ ਦਾ ਗਿਆਨ ਹੈ, ਹਾਂ ਇਸ ਦਾ ਕਾਫੀ ਹਿਸਾਬ ਕਿਤਾਬ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਕੋਲ ਜ਼ਰੂਰ ਹੈ।
ਛੋਟੀ ਕਿਸਾਨੀ ਤੋਂ ਮਜ਼ਦੂਰ ਜਮਾਤ ਵਿੱਚ ਬਦਲ ਚੁੱਕੇ ਬਿਹਾਰਾ ਸਿੰਘ ਦੇ ਪਰਿਵਾਰਾਂ ਦੇ ਤਿੰਨ ਖ਼ੁਦਕੁਸੀ ਕਰ ਚੁੱਕਿਆਂ ਵਿੱਚੋਂ ਉਸ ਦੇ ਦੋ ਨੌਜਵਾਨ ਪੁੱਤਰ ਅਤੇ ਇੱਕ ਗੱਭਰੂ ਪੋਤਾ ਹੈ। ਆਪਣੇ ਪੁੱਤਾਂ ਅਤੇ ਪੋਤੇ ਦੀ ਖ਼ੁਦਕੁਸੀ ਦੇ ਦੁੱਖ ਨੂੰ ਹਿਰਦੇ ਵਿੱਚ ਵਸਾਈ ਇਸ ਬਾਬੇ ਨੂੰ ਬਹੁਤ ਉੱਚਾ ਬੋਲਣ ’ਤੇ ਹੀ ਕੁਝ ਸੁਣਾਈ ਦਿੰਦਾ ਹੈ। ਤਿੰਨ ਏਕੜ ਜ਼ਮੀਨ ਵਿੱਚੋਂ ਕਾਫੀ ਵਿੱਕ ਚੁੱਕੀ ਹੈ ਅਤੇ ਬਾਕੀ ਗਹਿਣੇ ਹੈ, ਕਰਜ਼ਾ ਕਿੰਨਾ ਕੁ ਸਿਰ ਹੈ ਬਾਰੇ ਪੁੱਛਣ ’ਤੇ ਉਹ ਹੰਝੂ ਪੂੰਝਦਾ ਕਹਿੰਦਾ ਹੈ ਕਿ ਇਸ ਦਾ ਹੁਣ ਕੋਈ ਹਿਸਾਬ ਕਿਤਾਬ ਨਹੀਂ ਹੈ। ਨੂੰਹ ਅਤੇ ਪੋਤੀ ਹੁਣ ਲੋਕਾਂ ਦੇ ਦਿਹਾੜੀ ਕਰਕੇ ਪੇਟ ਪਾਲਣ ਦੇ ਯਤਨਾਂ ਵਿੱਚ ਹਨ। ਇਸ ਪਰਿਵਾਰ ’ਤੇ ਦੁੱਖਾਂ ਦੇ ਪਹਾੜ ਟੁੱਟਣ ਦੀ ਸੁਰੂਆਤ ਉਸ ਸਮੇਂ ਹੋਈ ਜਦੋਂ 50 ਹਜ਼ਾਰ ਰੁਪਏ ਕਰਜ਼ਾ ਨਾ ਮੋੜਨ ਕਰਕੇ ਪਹਿਲੀ ਅਪ੍ਰੈਲ 1998 ਨੂੰ ਉਸ ਦਾ 30 ਸਾਲਾਂ ਪੁੱਤਰ ਗੁਰਚਰਨ ਸਿੰਘ ਨੇ ਕੀਟ ਨਾਸਕ ਦਵਾਈ ਪੀ ਕੇ ਆਪਣੀ ਜਾਨ ਦੇ ਦਿੱਤੀ। ਇਹ ਪੰਜਾਹ ਹਜ਼ਾਰ ਰੁਪਏ ਨੇੜਲੀ ਮੌੜ ਮੰਡੀ ਦੇ ਸ਼ਾਹੂਕਾਰਾਂ ਦਾ ਸੀ, ਗੁਰਚਰਨ ਦੀ ਪਤਨੀ ਹਰਜੀਤ ਕੌਰ ਜੋ ਕਿਸੇ ਦੇ ਘਰੋਂ ਦੁਪਹਿਰ ਦੀ ਚਾਹ ਲਈ ਗੜਵੀ ਦੁੱਧ ਦੀ ਮੰਗ ਕੇ ਲਈ ਆਉਂਦੀ ਹੈ, ਰੋਂਦਿਆ ਦੱਸਦੀ ਹੈ ਕਿ ਉਨ੍ਹਾਂ ਨੇ ਕਰਜ਼ਾ ਲਾਹੁਣ ਖਾਤਰ ਆਪਣੀ ਤਿੰਨ ਕਨਾਲਾਂ ਜ਼ਮੀਨ ਵੀ ਵੇਚੀ ਪਰ ਪਤਾ ਨਹੀਂ ਇਹ ਕਿਹੋ ਜਿਹਾ ਭੂਤ ਹੈ ਜਿਹੜਾ ਘੱਟਣ ਦੀ ਬਜਾਏ ਵੱਧਦਾ ਗਿਆ। ਉਹ ਆਪਣੇ ਜ਼ਿੰਦਗੀ ਦੇ ਦੁੱਖ ਭਰੇ ਬਿਰਤਾਂਤ ਸੁਣਾਉਂਦੀ ਦੱਸਦੀ ਹੈ ਕਿ ਹੁਣ ਉਸ ਦੇ ਹਿੱਸੇ ਆਉਂਦੀ ਜ਼ਮੀਨ ਇੱਕ ਲੱਖ ਰੁਪਏ ਵਿੱਚ ਗਹਿਣੇ ਅਤੇ ਉਸ ਕੋਲ ਕੇਵਲ ਅੱਧਾ ਜਾਂ ਪੌਣਾ ਕੁ ਏਕੜ ਵਾਹਣ ਹੀ ਬਾਕੀ ਹੈ, ਉਸ ਨਾਲ ਉਸ ਦੀ ਨੌਜਵਾਨ ਬੇਟੀ ਵੀ ਦਿਹਾੜੀ ਕਰਨ ਜਾਂਦੀ ਹੈ। ਇਸ ਵੱਧਦੇ ਕਰਜ਼ੇ ਤੋਂ ਦੁੱਖੀ ਹੋਕੇ ਬਾਬੇ ਦੇ ਦੂਜੇ ਪੁੱਤ ਬਲਕੌਰ ਸਿੰਘ ਨੇ ਵੀ ਪੰਜ ਸਾਲ ਪਹਿਲਾ 16 ਅਗਸਤ 2005 ਨੂੰ 38 ਸਾਲ ਦੀ ਉਮਰ ਵਿੱਚ ਕੀਟ ਨਾਸ਼ਕ ਦਵਾਈ ਪੀ ਲਈ। ਉਸ ਸਮੇਂ ਬਲਕੌਰ ਸਿੰਘ ਸਿਰ ਆੜਤੀਆਂ ਦਾ ਇੱਕ ਲੱਖ ਰੁਪਏ ਅਤੇ ਬੈਂਕ ਦਾ 60 ਹਜ਼ਾਰ ਰੁਪਏ ਬਾਕੀ ਸੀ। ਇਸ ਗਰੀਬ ਪਰਿਵਾਰ ਦੇ ਮੈਂਬਰਾਂ ਦੀ ਕਰਜ਼ੇ ਨੇ ਜਾਨ ਲੈਣੀ ਜਾਰੀ ਰੱਖੀ, ਜਮੀਨ ਗਹਿਣੇ ਹੁੰਦੀ ਗਈ ਅਤੇ ਕੁਝ ਵਿਕਦੀ ਗਈ, ਅਜਿਹੀ ਜ਼ਿੰਦਗੀ ਤੋਂ ਤੰਗ ਆ ਕੇ ਬਾਬੇ ਦੇ ਪੋਤ ਅਣਵਿਆਹੇ ਸੁਖਦੀਪ ਸਿੰਘ ਨੇ ੫ ਕੁ ਮਹਿਨੇ ਪਹਿਲਾਂ ਹੀ 22 ਸਾਲ ਦੀ ਉਮਰ ਵਿੱਚ ਜਾਨ ਦੇ ਦਿੱਤੀ। ਵਿਧਵਾ ਹਰਜੀਤ ਕੌਰ ਬੇਨਤੀ ਕਰਦੀ ਹੈ ਕਿ ਤੁਸੀਂ ਹੀ ਸਰਕਾਰ ਕੋਲ ਗੱਲ ਪਹੁਚਾਓ ਸਾਡੀ ਕੋਈ ਸੁਣਵਾਈ ਹੋਵੇ।
ਕਿਸੇ ਦਾ ਗੋਹਾ ਕੂੜਾ ਕਰਕੇ ਆਈ 60 ਸਾਲ ਤੋਂ ਵੱਧ ਉਮਰ ਦੀ ਮਜ਼ਦੂਰ ਔਰਤ ਗੁਰਦੇਵ ਕੌਰ ਆਪਣੇ ਹਿਰਦੇ ਵਿੱਚ ਕੇਵਲ ਤਿੰਨ-ਤਿੰਨ ਮਹੀਨਿਆਂ ਦੀ ਵਿੱਥੀ ’ਤੇ ਆਪਣੇ ਖ਼ੁਦਕੁਸੀ ਕਰ ਚੁੱਕੇ ਦੋ ਪੁੱਤਾਂ ਦਾ ਦੁੱਖ ਸਮਾਈ ਬੈਠੀ ਹੈ। ਗੁਰਦੇਵ ਕੌਰ ਦੱਸਦੀ ਹੈ ਕਿ ਵਿਆਹ ਤੋਂ ਕੁਝ ਮਹੀਨੇ ਮਗਰੋਂ ਉਸ ਦਾ ਨੌਜਵਾਨ ਪੁੱਤਰ ਵੀਰ ਸਿੰਘ 22 ਸਾਲ ਦੀ ਉਮਰ ਵਿੱਚ 30 ਹਜ਼ਾਰ ਰੁਪਏ ਨਾ ਮੋੜਨ ਕਾਰਨ ਕੀਟ ਨਾਸ਼ਕ ਦਵਾਈ ਪੀ ਕੇ ਮਰ ਗਿਆ। ਸਾਲ ਕਿਹੜਾ ਸੀ ਇਹ ਉਸ ਦੇ ਜ਼ਿਹਨ ਵਿੱਚ ਨਹੀਂ ਹੈ ਕੇਵਲ ਦੇਸੀ ਤਰੀਕ 5 ਫ਼ੱਗਣ ਯਾਦ ਹੈ। ਕਿਸਾਨ ਆਗੂਆਂ ਮੁਤਾਬਕ 16 ਫ਼ਰਵਰੀ 1994, ਉਸ ਤੋਂ ਮਗਰੋਂ ਵੀਰ ਸਿੰਘ ਦਾ ਦੂਜਾ ਭਰਾ ਵਿਆਹ ਤੋਂ ਕੇਵਲ ਤਿੰਨ ਮਗਰੋਂ ਹੀ 40 ਹਜ਼ਾਰ ਰੁਪਏ ਕਰਜ਼ਾ ਨਾ ਵਾਪਸ ਕਰਨ ਕਰਕੇ 17 ਜੇਠ 2 ਜੂਨ 1994 ਬੀ. ਕੇ. ਯੂ. ਮੁਤਾਬਕ, ਨੂੰ ਕੀਟ ਨਾਸ਼ਕ ਦਵਾਈ ਪੀ ਕੇ ਆਤਮ ਹੱਤਿਆ ਕਰ ਗਿਆ। ਵਾਰ-ਵਾਰ ਖਾਮੋਸ਼ ਹੋ ਜਾਂਦੀ ਗੁਰਦੇਵ ਕੌਰ ਦੱਸਦੀ ਹੈ ਕਿ ਕਰਜ਼ੇ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ।
ਮਜ਼ਦੂਰ ਮਨਜੀਤ ਸਿੰਘ ਉਮਰ 20 ਸਾਲ ਦੇ ਅਜੇ ਵਿਆਹ ਦੇ ਸ਼ਗਨਾਂ ਦੀ ਖ਼ੁਸੀ ਵੀ ਪੂਰੀ ਨਹੀਂ ਸੀ ਹੋਈ ਕਿ 50 ਹਜ਼ਾਰ ਦੇ ਕਰਜ਼ੇ ਨੇ ਉਸ ਦੀ ਜਾਨ ਲੈ ਲਈ, ਉਸ ਦਾ ਪਿਤਾ ਦੇਵ ਸਿੰਘ ਦੱਸਦਾ ਹੈ ਕਿ ਇਸ ਸਾਲ 201 0 ਵਿੱਚ ਹਾੜੀ ਮੌਕੇ ਮਨਜੀਤ ਸਿੰਘ ਨੇ ਗੱਡੀ ਹੇਠ ਆ ਕੇ ਖ਼ੁਦਕੁਸੀ ਕਰ ਲਈ, ਉਸ ਦੇ ਵਿਆਹ ਨੂੰ ਕੇਵਲ ਤਿੰਨ ਮਹੀਨੇ ਹੀ ਹੋਏ ਸਨ। ਉਸ ਦੇ ਸਹੁਰੇ ਆਪਣੀ ਬੇਟੀ ਦਾ ਸਮਾਨ ਚੁੱਕ ਕੇ ਲੈ ਗਏ। ਕੇਵਲ ਅਠਾਰਾਂ ਸਾਲ ਦੀ ਉਮਰ ਵਿੱਚ ਮਜ਼ਦੂਰ ਮੰਗਾ ਸਿੰਘ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਗਿਆ। ਮੰਗਾ ਕੁਆਰਾ ਸੀ ਅਤੇ ਇਸ ਪਰਿਵਾਰ ਸਿਰ ਇੱਕ ਲੱਖ ਰੁਪਏ ਸੀ, 65 ਸਾਲ ਦੀ ਉਮਰ ਤੋਂ ਵੱਧ ਉਸ ਦਾ ਪਿਤਾ ਸਰਜੀਤ ਸਿੰਘ ਦੱਸਦਾ ਹੈ ਕਿ ਇਹ ਕਰਜ਼ੇ ਦਾ ਦੈਂਤ ਕਿੱਥੋਂ ਤੱਕ ਵੱਧ ਗਿਆ ਇਸ ਦਾ ਕੋਈ ਪਤਾ ਨਹੀਂ। ਸੋਟੀ ਆਸਰੇ ਤੁਰਦੇ ਉਹ ਅਤੇ ਉਸਦੀ ਦੀ ਪਤਨੀ ਗੁਰਚਰਨ ਕੌਰ 250-250 ਰੁਪਏ ਸਰਕਾਰੀ ਪੈਂਨਸਨ ’ਤੇ ਜ਼ਿੰਦਗੀ ਦਾ ਰਹਿੰਦਾ ਵਕਤ ਪੂਰਾ ਕਰ ਰਹੇ ਹਨ।
ਉਜੜੇ ਘਰ ਵੱਲ ਇਸਾਰਾ ਕਰਕੇ ਰੋਂਦਿਆ ਬਜ਼ੁਰਗ ਬੰਤ ਸਿੰਘ ਦੇ ਬੋਲ ਹਨ, ‘‘ਹੁਣ ਟੁੱਟੀਆਂ ਬਾਹਾਂ ਗਾਤਰੇ ਨਹੀਂ ਪੈਂਦੀਆਂ, ਪੁੱਤ’’ । ਉਸ ਦਾ ਗੱਭਰੂ ਪੁੱਤ ਕੇਵਲ ਸਿੰਘ 22 ਸਤੰਬਰ 1993 ਨੂੰ 25 ਸਾਲ ਦੀ ਉਮਰ ਵਿੱਚ ਸਾਹੂਕਾਰਾਂ ਦਾ ਇੱਕ ਲੱਖ ਰੁਪਇਆ ਨਾ ਮੋੜਨ ਕਾਰਨ ਖ਼ੁਦਕੁਸੀ ਕਰ ਗਿਆ, ਉਸ ਦੇ ਦੋ ਆਪੰਗ ਬੱਚਿਆਂ ਦੀ ਗਰੀਬੀ ਕਾਰਨ ਇਲਾਜ਼ ਨਾ ਹੋਣ ਕਾਰਨ ਮੌਤ ਹੋ ਚੁੱਕੀ ਸੀ। ਇਨ੍ਹਾਂ ਦੁੱਖਾਂ ਦੇ ਨਾਲ-ਨਾਲ ਇੱਕਲਤਾ ਦਾ ਦੁੱਖ ਹੰਢਾ ਰਿਹਾ ਬੰਤਾ ਸਿੰਘ ਦੱਸਦਾ ਹੈ ਕਿ ਉਸ ਤੋਂ ਮਗਰੋਂ ਨੂੰਹ ਵੀ ਚਲੀ ਗਈ, ਹੁਣ ਲੱਖਾਂ ਰੁਪਏ ਦੇ ਕਰਜ਼ੇ ਦਾ ਬੋਝ ਹੈ, ਚੁੱਲ੍ਹਾ ਤੱਪਦਾ ਕਰਨ ਲਈ ਉਸ ਨੂੰ ਦਿਹਾੜੀ ਵੀ ਕਰਨੀ ਪੈਂਦੀ ਹੈ। ਮਜ਼ਦੂਰ ਰੂਪ ਸਿੰਘ ਦੀ ਪੂਰੀ ਲਾਸ਼ ਵੀ ਪਰਿਵਾਰ ਨੂੰ ਨਸੀਬ ਨਾ ਹੋਈ, 8 ਜੁਲਾਈ, 2002 ਨੂੰ ਖ਼ੁਦਕੁਸੀ ਕਰ ਚੁੱਕੇ ਇਸ ਦਾ ਰੇਲ ਗੱਡੀ ਹੇਠ ਆ ਕੇ ਵੱਢਿਆ ਸਿਰ ਕੁੱਤੇ ਚੁੱਕ ਕੇ ਲੈ ਗਏ। 45 ਸਾਲ ਦੇ ਰੂਪ ਸਿੰਘ ਦੇ ਸਿਰ ’ਤੇ ਕਿਸਾਨਾਂ ਦੇ ਇੱਕ ਲੱਖ ਰੁਪਏ ਦਾ ਕਰਜ਼ਾ ਸੀ, ਕੁਝ ਪੈਸੇ ਉਸ ਦੀ ਬਿਮਾਰੀ ’ਤੇ ਵੀ ਲੱਗਦੇ ਰਹੇ, ਪਰਿਵਾਰ ਦੇ 6-7 ਮੈਂਬਰਾਂ ਦੀ ਦਿਨ ਰਾਤ ਇੱਕ ਕਰਕੇ ਘੱਟਾ ਢੋਹਣ ਦੀ ਮਿਹਨਤ ਦੇ ਬਾਵਜੂਦ ਇਹ ਕਰਜ਼ਾ ਜੰਗਲ ਦੀ ਅੱਗ ਵਾਂਗ ਵੱਧਦਾ ਗਿਆ।
ਕਿਸੇ ਸਮੇਂ ਪਿੰਡ ਦੇ ਖ਼ੂਹਾਂ ਤੋਂ ਪਾਣੀ ਭਰਕੇ ਸੈਂਕੜੇ ਲੋਕਾਂ ਦੀ ਪਿਆਸ ਬੁਝਾਉਂਣ ਵਾਲਾ ਮਜ਼ਦੂਰ ਬਜ਼ੁਰਗ ਅੱਜ ਆਪਣੇ ਨੌਜਵਾਨ ਪੋਤੇ ਦੀ ਬੇਵਕਤੀ ਮੌਤ ਤੋਂ ਦੁੱਖੀ ਹੈ। 25 ਦਸੰਬਰ, 2004 ਦੀ ਰਾਤ ਨੂੰ ਵਿਆਹ ਤੋਂ ਕੇਵਲ ਇੱਕ ਮਹੀਨਾ ਮਗਰੋਂ 50-60 ਹਜ਼ਾਰ ਰੁਪਏ ਦਾ ਕਰਜ਼ਾ ਨਾ ਮੋੜਲ ਕਰਕੇ ਉਸ ਦਾ 22 ਸਾਲਾਂ ਪੋਤਾ ਬਲਵਿੰਦਰ ਸਿੰਘ ਗੱਡੀ ਅੱਗੇ ਕੁੱਦ ਕੇ ਜਾਨ ਦੇ ਗਿਆ। ਉਸ ਦੇ ਦੂਜੇ ਭਰਾ ਦੇ ਲੜ ਲਾਈ ਉਸ ਦੀ ਪਤਨੀ ਸੁਖਪਾਲ ਕੌਰ ਦੇ ਮੂੰਹ ਵਿੱਚ ਜਿਵੇਂ ਜ਼ੁਬਾਨ ਹੀ ਨਹੀਂ, ਉਹ ਅੱਥਰੂ ਪੂੰਝਦੀ ਦੱਸਦੀ ਹੈ ਕਿ ਇਸ ਕਰਜ਼ਾ ਦਾ ਕੋਈ ਹਿਸਾਬ ਨਹੀਂ ਰਿਹਾ, ਜਿਸ ਨੇ ਉਸ ਦਾ ਘਰ ਪੱਟ ਦਿੱਤਾ।
ਮਜ਼ਦੂਰ ਮੱਖਣ ਸਿੰਘ ਦਾ ਕਰਜ਼ੇ ਨੇ ਸਾਰਾ ਘਰ ਉਜਾੜ ਕੇ ਰੱਖ ਦਿੱਤਾ। ਕੁਆਰੇ ਮੱਖਣ ਸਿੰਘ ਨੇ 15 ਜੂਨ, 2006 ਨੂੰ ਕਰਜ਼ੇ ਕਾਰਨ ਖ਼ੁਦਕੁਸੀ ਕਰ ਲਈ, ਇਹ ਕਰਜ਼ਾ ਉਸ ਨੇ ਆਪਣੀ ਕੈਂਸਰ ਪੀੜਤ ਮਾਤਾ ਨੂੰ ਬਚਾਉਂਣ ਦੇ ਯਤਨਾ ਸਦਕਾ ਚੁੱਕਿਆ ਸੀ ਜੋ ਜਿਊਂਦੀ ਨਾ ਰਹੇ ਸਕੀ। ਨੌਜਵਾਨ ਪੁੱਤਰ ਅਤੇ ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰਦਾ ਹੋਇਆ ਪੁੱਤ ਦੇ ਭੋਗ ਤੋਂ ਦੂਜੇ ਦਿਨ ਹੀ ਉਸ ਦਾ ਪਿਤਾ ਸੇਡੂ ਸਿੰਘ ਵੀ 27 ਜੂਨ ਨੂੰ ਮੌਤ ਨੂੰ ਗਲਵਕੜੀ ਪਾ ਗਿਆ। ਮੱਖਣ ਸਿੰਘ ਦਾ ਛੋਟਾ ਭਰਾ ਲਾਡੀ ਇੱਕ ਰਾਤ ਨੂੰ ਚੁੱਪ-ਚਾਪ ਅਜਿਹਾ ਨਿਕਲਿਆ ਕਿ ਮੁੜ ਵਾਪਸ ਨਹੀਂ ਆਇਆ।
ਮਜ਼ਦੂਰ ਮੱਖਣ ਸਿੰਘ ਪੁੱਤਬ ਗੁਰਦੇਵ ਸਿੰਘ 23 ਸਾਲ ਦੀ ਉਮਰ ਵਿੱਚ 25 ਫ਼ਰਵਰੀ, 1994 ਨੂੰ ਕੀਟ ਨਾਸ਼ਕ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਗਿਆ, ਉਸ ਦਾ ਵਿਆਹ ਮਰਨ ਤੋਂ ਕੇਵਲ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ, ਉਸ ਵੱਲ 40 ਹਜ਼ਾਰ ਰੁਪਏ ਦਾ ਕਰਜ਼ਾ ਸੀ। ਮਜ਼ਦੂਰ ਮੋਹਨੀ ਸਿੰਘ ਪੁੱਤਰ ਲੀਲਾ ਸਿੰਘ ਉਮਰ ਛੱਬੀ ਸਾਲ ਨੇ ਤਿੰਨ ਜਨਵਰੀ 1998 ਨੂੰ ਕਰਜ਼ੇ ਕਾਰਨ ਇਸ ਜ਼ਿੰਦਗੀ ਨੂੰ ਗੱਡੀ ਹੇਠ ਆ ਕੇ ਅਲਵਿਦਾ ਕਿਹਾ, ਮੋਹਨੀ ਉਸ ਸਮੇਂ ਅਣਵਿਆਹਿਆ ਸੀ, ਉਸ ਦੇ ਸਰੀਰ ਦਾ ਕਾਫੀ ਹਿੱਸਾ ਅਵਾਰਾ ਕੁੱਤੇ ਲੈ ਗਏ ਸਨ। ਉਹ ਦੋ ਕਨਾਲਾਂ ਜ਼ਮੀਨ ਦਾ ਮਾਲਕ ਵੀ ਸੀ। ਰਾਮਦਾਸੀਆਂ ਦਾ ਹਰਬੰਸ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਆਪਣੇ ਢਾਈ ਭੋਂ ਦੇ ਟੁਕੜੇ ਨੂੰ ਰਮਦਾ ਕਰਨ ਭਾਵ ਪਾਣੀ ਲੱਗਦਾ ਕਰਨ ਲਈ ਟਿਊਵੈੱਲ ਲਗਾਉਣ ਖਾਤਰ 70 ਹਜ਼ਾਰ ਰੁਪਏ ਕਰਜ਼ਾ ਲਿਆ, ਉੱਤੋਂ ਉਸ ਨੂੰ ਟੀ. ਬੀ. ਦੀ ਬਿਮਾਰੀ ਨੇ ਆ ਘੇਰਿਆ, ਕਰਜ਼ਾ ਅਤੇ ਗਰੀਬੀ ਵੱਧਦੀ ਗਈ, ਇਸ ਦਲਦਲ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਉਸ ਨੇ 24 ਫ਼ਰਵਰੀ, 1995 ਨੂੰ ਗੱਡੀ ਹੇਠ ਆਕੇ ਆਤਮ ਘਾਤ ਵਰਗਾ ਖ਼ਤਰਨਾਕ ਕਦਮ ਚੁੱਕ ਲਿਆ, ਅਤੇ ਆਪਣੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੂੰ ਰੋਂਦੀਆਂ ਛੱਡ ਗਿਆ।
ਪਿੰਡ ਵਿੱਚ ਬਹੁਤ ਹੀ ਸਰੀਫ਼ ਅਤੇ ਸਮਝਦਾਰ ਮੰਨੀ ਜਾਂਦੀ ਮਜ਼ਦੂਰ ਮਾਈ ਬਲਵਿੰਦਰ ਕੌਰ ਪਤਨੀ ਹੰਸਾ ਸਿੰਘ ਨੇ 55 ਸਾਲ ਦੀ ਉਮਰ ਵਿੱਚ ਜਦੋਂ ਕਿਸਾਨਾਂ ਦੇ ਦਿੱਤੇ ਕਰਜ਼ੇ ਤੋਂ ਤੰਗ ਆ ਕੇ 6 ਸਤੰਬਰ, 1997 ਨੂੰ ਕੀਟ ਨਾਸ਼ਕ ਵਸਤੂ ਨਿਗਲ ਕੇ ਆਤਮ ਹੱਤਿਆ ਕੀਤੀ ਤਾਂ ਸਾਰਾ ਪਿੰਡ ਰੋ ਰਿਹਾ ਸੀ। ਉਸ ਨੇ ਕਿਸਾਨ ਤੋਂ ਤੀਹ ਹਜ਼ਾਰ ਰੁਪਏ ਕਰਜ਼ਾ ਲਿਆ ਸੀ ਅਤੇ ਉੱਤੋਂ ਬੇਟੀ ਦਾ ਜਾਪਾ ਆ ਗਿਆ, ਉਸ ਨੂੰ ਕਰਜ਼ੇ ਦੀ ਹੋਰ ਲੋੜ ਸੀ ਜਦ ਕਿ ਕਿਸਾਨ ਪਹਿਲਾਂ ਵਾਲਾ ਕਰਜ਼ਾ ਮੋੜਨ ਲਈ ਦਬਾਅ ਪਾ ਰਹੇ ਸਨ ਹਾਲਾਂਕਿ ਉਸ ਦਾ ਪਤੀ ਹੰਸਾ ਸਿੰਘ ਕਈ ਸਾਲਾਂ ਤੋਂ ਕਿਸਾਨ ਨਾਲ ਸੀਰੀ ਰਲਦਾ ਆ ਰਿਹਾ ਸੀ।
ਕੰਮੀਆਂ ਦੀ ਰਾਜ ਕੌਰ ਨੂੰ ਕਰਜ਼ੇ ਅਤੇ ਗਰੀਬੀ ਕਾਰਨ ਡਾਕਟਰਾਂ ਵੱਲੋਂ ਅਣਗਿਹਲੀ ਕਰਨ ਕਰਕੇ 20 ਦਸੰਬਰ, 1997 ਨੂੰ ਕੀਟ ਨਾਸ਼ਕ ਦਵਾਈ ਪੀ ਕੇ ਮਰਨ ਲਈ ਮਜਬੂਰ ਹੋਣਾ ਪਿਆ। ਉਸ ਨੇ ਆਪਣੇ ਦੋ ਬੱਚਿਆਂ ਦੇ ਜਨਮ ਤੋਂ ਮਗਰੋਂ ਨਸਬੰਦੀ ਵਾਲਾ ਆਪ੍ਰੇਸ਼ਨ ਕਰਵਾਉਣਾ ਪਿਆ, ਆਪ੍ਰੇਰਸ਼ਨ ਗਲਤ ਹੋਣ ਕਾਰਨ ਟਾਕਿਆਂ ਵਿੱਚ ਪੀਕ ਪੈ ਗਈ, ਉਸ ਨੇ ਇਹ ਆਪ੍ਰੇਸ਼ਨ ਕਿਸਾਨ ਤੋਂ 15 ਹਜ਼ਾਰ ਰੁਪਏ ਉਸ ਦੇ ਸਾਰੇ ਡੰਗਰਾਂ ਦਾ ਗੂਹਾ ਕੂੜਾ ਕਰਨ ਦੇ ਵਾਅਦੇ ’ਤੇ ਲਏ ਸਨ, ਡਾਕਟਰਾਂ ਦੀ ਭੁੱਖ ਅਤੇ ਕਰਜ਼ਾ ਵੱਧਦਾ ਗਿਆ ਅਖੀਰ ਉਸ ਨੇ ਆਪਣੀ ਜਾਨ ਦੇਣ ਵਿੱਚ ਹੀ ਭਲਈ ਸਮਝੀ।
ਨੌਜਵਾਨ ਕਿਸਾਨ ਖ਼ੁਸਵੰਤ ਸਿੰਘ ਪੁੱਤਰ ਬਲਵਿੰਦਰ ਸਿੰਘ 23 ਸਾਲ ਦੀ ਉਮਰ ਵਿੱਚ ਵਿਆਹ ਤੋਂ ਚਾਰ ਸਾਲ ਮਗਰੋਂ ਆਪਣੇ ਘਰ ਸਾਹਮਣੇ ਮੌਜੂਦ ਖੂਹ ਵਿੱਚ ਲਮਕ ਕੇ ਫਾਹਾ ਲੈ ਗਿਆ। ਉਸ ਸਿਰ ਬੈਂਕ ਦਾ ਚਾਰ ਲੱਖ ਰੁਪਏ ਕਰਜ਼ਾ ਸੀ, ਜਿਸ ’ਤੇ ਉਸ ਨੇ ਟਰੈਕਟਰ ਲਿਆ ਸੀ। ਉਸ ਦੀ ਮੌਤ ਤੋਂ ਮਗਰੋਂ ਪਰਿਵਾਰ ਨੇ ਕਰਜ਼ਾ ਸਿਰੋਂ ਲਾਹੁਣ ਲਈ ਟਰੈਕਟਰ ਸੰਦਾਂ ਸਮੇਤ ਵੇਚ ਦਿੱਤਾ, ਸਵਾ ਏਕੜ ਜ਼ਮੀਨ ਵੀ ਵੇਚਣੀ ਪਈ ਪਰੰਤੂ ਕਰਜ਼ੇ ਦਾ ਜਾਲ ਵੱਧਦਾ ਹੀ ਗਿਆ। ਰਾਣੀ ਕੌਰ ਪਤਨੀ ਹਰਮੇਲ ਸਿੰਘ ਦੀ ਕਰਜ਼ੇ ਨੇ 25 ਸਾਲ ਦੀ ਉਮਰ ਵਿੱਚ ਹੀ ਜਾਨ ਲੈ ਲਈ। ਆੜਤੀਏ ਦੇ ਇਸ ਪਰਿਵਾਰ ਨੇ ਬਹੁਤ ਘੱਟ ਰੁਪਏ ਦੇਣੇ ਸਨ, ਪਰੰਤੂ ਚਲਾਕੀ ਨਾਲ ਉਸ ਨੇ 3 ਲੱਖ 80 ਹਜ਼ਾਰ ਰੁਪਏ ਦਾ ਝੂਠਾ ਪ੍ਰਨੋਟ ਭਰਵਾ ਕੇ ਅਗੂੰਠਾ ਲਗਵਾ ਲਿਆ ਅਤੇ ਉੱਤੋਂ ਧਮਕੀਆਂ ਦੇਣ ਲੱਗਿਆ ਅਖੀਰ ਅਜ਼ਾਦੀ ਵਾਲੇ ਮਹੀਨੇ ਵਿੱਚ ਸੱਤ ਅਗਸਤ 1998 ਨੂੰ ਉਸ ਨੇ ਕੀਟ ਨਾਸ਼ਕ ਦਵਾਈ ਪੀ ਲਈ। ਟਰੈਕਟਰ ਸਮੇਤ ਸੰਦਾਂ ਦੇ ਵਿਕ ਗਿਆ ਅਤੇ ਕਰਜ਼ਾ ਵੀ ਵੱਧਦਾ ਜਾ ਰਿਹਾ ਹੈ।
ਇਸੇ ਪਿੰਡ ਦੇ ਵਸਨੀਕ ਮੁਖਤਿਆਰ ਸਿੰਘ ਦੇ ਪਰਿਵਾਰ ਵੱਲੋਂ ਬੇਟੀ ਦੇ ਵਿਆਹ ਲਈ ਪਿੰਡ ਦੇ ਹੀ ਪਰ ਸ਼ਹਿਰ ਰਹਿੰਦੇ ਇੱਕ ਸਾਹੂਕਾਰ ਤੋਂ ਕਰਜ਼ਾ ਲਿਆ ਸੀ, ਜੋ ਹਰ ਦਿਨ ਵੱਧਦਾ ਹੀ ਗਿਆ, ਇਸ ਕਰਜ਼ੇ ਨੇ 9 ਅਪ੍ਰੈਲ, 1993 ਨੂੰ ਇਸ ਦੇ ਕੁਆਰੇ ਬੇਟੀ ਜਸਵੰਤ ਸਿੰਘ ਦੀ ਕੇਵਲ 19 ਸਾਲ ਦੀ ਉਮਰ ਵਿੱਚ ਹੀ ਜਾਨ ਲੈ ਲਈ। ਜ਼ਮੀਨ ਕੇਵਲ ਪੌਣੇ ਦੋ ਏਕੜ ਸੀ ਜੋ ਸਾਰੀ ਦੀ ਸਾਰੀ ਹੀ ਗਹਿਣੇ ਹੋ ਗਈ। ਹੁਣ ਉਸ ਦੀ ਮਾਤਾ ਕੁਲਵੰਤ ਕੌਰ ਦੇ ਰਾਤ ਨੂੰ ਪਿੰਡ ਵਾਲਿਆਂ ਨੂੰ ਕੀਰਨੇ ਸੁਣਦੇ ਹਨ। ਇਨ੍ਹਾਂ ਕੀਰਨਿਆਂ ਨੇ ਦੂਜੇ ਘਰਾਂ ਦੀਆਂ ਬਰੂਹਾਂ ਮੱਲਣੀਆਂ ਸੁਰੂ ਕਰ ਦਿੱਤੀਆਂ, ਕਿਸਾਨ ਬੋਘਾ ਸਿੰਘ ਦਾ ਪੁੱਤਰ ਗੁਰਮੇਲ ਸਿੰਘ 22 ਸਾਲ ਦੀ ਉਮਰ ਆਪਣੇ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਕਰਜ਼ੇ ਦੀ ਬਲੀ ਚੜ੍ਹ ਗਿਆ, ਇਸ ਪਰਿਵਾਰ ਨੇ ਬੈਂਕ ਰਾਹੀਂ ਨਵਾਂ ਆਇਸ਼ਰ ਟਰੈਕਟਰ ਲਿਆ ਸੀ, ਜੋ ਉਸ ਦੀ ਜਾਨ ਦਾ ਖੋਹ ਬਣ ਗਿਆ, ਸਾਰੀ ਕਮਾਈ ਵਿਆਜ਼ ਨਿਗਲਦਾ ਗਿਆ, ਅਖੀਰ 9 ਸਤੰਬਰ, 2002 ਨੂੰ ਉਹ ਕੀਟ ਨਾਸ਼ਕ ਦਵਾਈ ਨਿਗਲ ਗਿਆ, ਪਰਿਵਾਰ ਦੇ ਖ਼ੇਤੀ ਦੇ ਸਾਰੇ ਸੰਦ ਵਿਕ ਸਮੇਤ ਟਰੈਕਟਰ ਵਿਕ ਚੁੱਕਣ ਦੇ ਬਾਵਜੂਦ ਕਰਜ਼ੇ ਦੀ ਪੰਡ ਦਾ ਭਾਰ ਹੋਰ ਵੱਧ ਗਿਆ। ਤਿੰਨ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਅਜੇ ਵੀ ਖੜਾ ਹੈ। ਵੱਧਦੇ ਕਰਜ਼ੇ ਦੇ ਭਾਰ ਨੇ 55 ਸਾਲ ਦੀ ਉਮਰ ਦੇ ਬਲਦੇਵ ਸਿੰਘ ਦੀ 6 ਜੂਨ, 2005 ਨੂੰ ਮਰਨ ਲਈ ਮਜਬੂਰ ਕਰ ਦਿੱਤਾ, ਕਰਜ਼ੇ ਨੇ ਉਸ ਦੀ 6 ਏਕੜ ਜੱਦੀ ਜ਼ਮੀਨ ਦੀ ਬਲੀ ਵੀ ਲੈ ਲਈ।
ਪਿੰਡ ਵਿੱਚ ਦੁੱਖਾਂ ਵਿੱਚ ਗ੍ਰਸਤਿਆ ਨਿਮਨ ਕਿਸਾਨੀ ਨਾਲ ਸਬੰਧਤ ਇੱਕ ਅਜਿਹਾ ਪਰਿਵਾਰ ਵੀ ਹੈ, ਜਿਸ ਦੇ ਇੱਕੋਂ ਪਰਿਵਾਰ ਦੇ ਚਾਰ ਮੈਂਬਰਾਂ ਦੀ ਕਰਜ਼ੇ ਨੇ ਬਲੀ ਲੈ ਲਈ, ਪੰਜਵਾਂ ਹਾਦਸੇ ਦਾ ਸ਼ਿਕਾਰ ਹੋ ਗਿਆ, ਬਿਰਧ ਔਰਤ ਰੋਂਦੀ ਕਹਿੰਦੀ ਹੈ ਕਿ ਮੌਤ ਤਾਂ ਭਾਵੇਂ ਆ ਜਾਵੇ ਪਰ ਕੋਈ ਤਾਂ ਕੁਦਰਤੀ ਮੌਤ ਮਰੇ। ਪਰਿਵਾਰ ਦਾ ਮੋਹਤਬਰ ਗੁਰਸੇਵਕ ਸਿੰਘ ਨੇ 1987 ਵਿੱਚ ਰੇਲ ਗੱਡੀ ਅੱਗੇ ਕੁੱਦ ਕੇ ਆਤਮ ਹੱਤਿਆ ਕਰ ਗਿਆ, ਸਵਾ ਕੁ ਏਕੜ ਦੇ ਮਾਲਕ ਇਸ ਪਰਿਵਾਰ ਸਿਰ ਆੜਤੀਆਂ ਦਾ ਕਰਜ਼ਾ ਸੀ। ਵਿਧਵਾ ਕਰਮਜੀਤ ਕੌਰ ਮ੍ਰਿਤਕ ਦੇ ਛੋਟੇ ਭਾਈ ਨਾਇਬ ਸਿੰਘ ਦੇ ਲੜ ਲਾ ਦਿੱਤੀ, ਪਰ ਕਰਜ਼ੇ ਨੇ ਉਸ ਨੂੰ ਵੀ 1998 ਵਿੱਚ ਨਿਗਲ ਲਿਆ, ਇਸ ਦੈਂਤ ਨੇ ਫਿਰ ਵੀ ਇਸ ਪਰਿਵਾਰ ਦਾ ਖਹਿੜਾ ਨਾ ਛੱਡਿਆ, ਮ੍ਰਿਤਕ ਗੁਰਸੇਵਕ ਸਿੰਘ ਦਾ ਗੱਭਰੂ ਪੁੱਤ ਜੋ ਉਸ ਦੀ ਮੌਤ ਵੇਲੇ ਕੇਵਲ ਛੇ ਮਹੀਨਿਆਂ ਦਾ ਸੀ ।21 ਸਾਲ ਦੀ ਉਮਰ ਵਿੱਚ ਗੱਡੀ ਹੇਠ ਆਪਣੀ ਜਾਨ ਦੇ ਗਿਆ, ਉਹ ਉਸ ਸਮੇਂ ਕੁਆਰਾ ਸੀ। ਪਰਿਵਾਰ ’ਤੇ ਦੁੱਖਾਂ ਦੇ ਪਹਾੜ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ, ਮ੍ਰਿਤਕ ਗੁਰਸੇਵਕ ਸਿੰਘ ਦਾ ਭਤੀਜਾ ਤੇ ਉਸ ਦੀ ਵਿਧਵਾ ਦਾ ਭਾਣਜਾ ਸੁਖਦੇਵ ਸਿੰਘ ਪੁੱਤਰ ਬੇਅੰਤ ਸਿੰਘ ਨੇ ਸਾਢੇ 21 ਸਾਲ ਦੀ ਉਮਰ ਵਿੱਚ 4 ਜੁਲਾਈ , 2008 ਨੂੰ ਆਤਮ ਘਾਤ ਦਾ ਮਾਰੂ ਫੈਸਲਾ ਕਰ ਲਿਆ। ਸੱਤਵੀਂ ਜਮਾਤ ਪਾਸ ਕਰਨ ਮਗਰੋਂ ਇਹ ਲੜਕਾ ਟਰੱਕਾਂ ’ਤੇ ਡਰਾਇਵਰ ਸੀ।
ਕਰਜ਼ੇ ਦੇ ਸ਼ਿਕਾਰ ਅਤੇ ਖ਼ੁਦਕੁਸੀ ਪੀੜਤ ਪਰਿਵਾਰਾਂ ਦੇ ਮੈਂਬਰ ਘਰਾਂ ਨੂੰ ਤਾਲੇ ਲਾ ਛੱਡ ਗਏ ।
ਮੌੜ ਮੰਡੀ ਨੇੜੇ ਪੈਂਦੇ ਪਿੰਡ ਮੌੜ੍ਹ ਚੜ੍ਹਤ ਸਿੰਘ ਵਾਲਾ ਦੇ ਕਰਜ਼ੇ ਦੇ ਸ਼ਿਕਾਰ ਅਤੇ ਖ਼ੁਦਕੁਸੀ ਪੀੜਤ ਪਰਿਵਾਰਾਂ ਵਿੱਚ ਚਾਰ ਪਰਿਵਾਰ ਆਪਣੇ ਜੱਦੀ ਘਰਾਂ ਨੂੰ ਜਿੰਦਰੇ ਮਾਰ ਗੁੰਮਨਾਮੀ ਦੀ ਹਾਲਤ ਵਿੱਚ ਕਿਤੇ ਚਲੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਹੇਠਲੀ ਕਿਸਾਨੀ ਅਤੇ ਇੱਕ ਮਜ਼ਦੂਰ ਜਮਾਤ ਨਾਲ ਸਬੰਧਤ ਹੈ। ਸੁੰਨੀਆਂ ਜਿਹੀ ਗਲੀਆਂ ਵਿੱਚ ਪੁਰਾਣੇ ਲੱਕੜ ਦੇ ਤਖ਼ਤਿਆਂ ਅੱਗੇ ਲੋਹੇ ਦੇ ਜਗਾਲ ਵਾਲੇ ਜਿੰਦਰੇ ਇਨ੍ਹਾਂ ਅੰਨਦਾਤਿਆਂ ਦੀ ਦੁੱਖਾਂ ਭਰੀ ਤਸ਼ਵੀਰ ਪੇਸ਼ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਲਛੱਮਣ ਸਿੰਘ 48 ਸਾਲ ਦੀ ਉਮਰ ਵਿੱਚ ਟਿਊਬਵੈੱਲ ਖਾਤਰ ਆੜਤੀਆਂ ਤੋਂ ਲਿਆ ਕਰਜ਼ਾ ਨਾ ਮੋੜਨ ਕਾਰਨ 12 ਅਕਤੂਬਰ, 2005 ਨੂੰ ਕੀਟ ਨਾਸ਼ਕ ਦਵਾਈ ਨਿਗਲ ਗਿਆ। ਉਸ ਤੋਂ ਬਾਅਦ ਉਸ ਦਾ ਵੱਡਾ ਭਰਾ ਗੁਰਜੰਟ ਸਿੰਘ ਪਿਛਲੇ ਸਾਲ ਸ਼ੱਕੀ ਹਾਲਤ ਵਿੱਚ ਆਪਦੇ ਹੀ ਘਰੇ ਮਰਿਆ ਮਿਲਿਆ ਜਿਸ ਬਾਰੇ ਸ਼ੱਕ ਕੀਤਾ ਜਾਂਦਾ ਹੈ ਕਿ ਡਿਪਰੈਸ਼ਨ ਵਿੱਚ ਆਕੇ ਆਤਮ ਹੱਤਿਆ ਕੀਤੀ ਹੈ। ਪਰਿਵਾਰ ਵਸਾਉਣ ਖਾਤਮ ਉਹ ਕਿਧਰੋਂ ਮੁੱਲ ਦੀ ਜ਼ਨਾਨੀ ਲੈ ਕੇ ਆਇਆ ਸੀ, ਪਰ ਤੰਗੀਆਂ-ਤੁਰਸ਼ੀਆਂ ਨਾ ਝੱਲਦੀ ਹੋਈ ਉਹ ਭੱਜ ਗਈ ਸੀ। ਉਸ ਦੇ ਦੋ ਭਰਾ ਰਾਤੋਂ ਰਾਤ ਹੀ ਪਿੰਡ ਛੱਡ ਕੇ ਅਲੋਪ ਹੋ ਗਏ। ਕਰਜ਼ਾ ਵਾਪਸ ਨਾ ਦੇਣ ਕਾਰਨ ਆਤਮ ਘਾਤ ਕਰ ਚੁੱਕੇ ਨੌਜਵਾਨ ਮਜ਼ਦੂਰ ਮੱਖਣ ਸਿੰਘ ਦਾ ਨੌਜਵਾਨ ਭਰਾ ਲਾਡੀ ਰਾਤ ਦੇ ਹਨੇਰੇ ਵਿੱਚ ਇਸ ਜੱਦੀ ਭਰੱਪੇ ਵਾਲੇ ਪਿੰਡ ਨੂੰ ਅਲਵਿਦਾ ਕਹਿ ਗਿਆ। ਉਸ ਦਾ ਪਿਤਾ ਉਸ ਦੇ ਭਰਾ ਦੇ ਭੋਗ ਤੋਂ ਦੂਜੇ ਦਿਨ ਹੀ ਪੁੱਤਰ ਦਾ ਦੁੱਖ ਨਾ ਸਹਾਰਦਾ ਹੋਇਆ ਮਰ ਗਿਆ ਸੀ। ਕੰਮੀਆਂ ਦੀ ਔਰਤ ਬਲਵਿੰਦਰ ਕੌਰ ਦਾ ਪਤੀ ਹੰਸਾ ਸਿੰਘ ਅਰਧ-ਪਾਗਲ ਹਾਲਤ ਵਿੱਚ ਸਮਸਾਨ ਘਾਟ ਵਿੱਚ ਬੈਠਾ ਹੁੰਦਾ ਹੈ।
Gurpreet Singh
lokan tak sach leke jan lyi suhi saver da thanks