ਸੱਤ ਸਾਲਾ ਹੋਣਹਾਰ ਬੱਚੀ ਦੇ ਭਵਿੱਖ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਲਾਇਆ ਪ੍ਰਸ਼ਨ ਚਿੰਨ੍ਹ
Posted on:- 19-08-2014
ਇਲਾਜ ਲਈ ਆਰਥਿਕ ਸਹਾਇਤਾ ਦੀ ਮੰਗ
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਨਾ ਮੁਰਾਦ ਬਿਮਾਰੀ ਬਲੱਡ ਕੈਂਸਰ ਨੇ 7 ਸਾਲਾ ਬੱਚੀ ਦੀ ਜ਼ਿੰਦਗੀ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਸਿਰਫ ਦੋ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਕਾਰਨ ਆਪਣੀ ਮਾਂ ਵਲੋਂ ਦੂਸਰਾ ਵਿਆਹ ਕਰਵਾ ਲੈਣ ਕਾਰਨ ਲਵਾਰਸ ਬਣੀ ਬੱਚੀ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਹੁਣ ਘੁਣ ਵਾਂਗ ਖਾਣਾ ਸ਼ੁਰੂ ਕਰ ਦਿੱਤਾ ਹੈ। ਲੱਖਾਂ ਰੁਪਏ ਮਹਿੰਗੇ ਇਲਾਜ ਕਾਰਨ ਉਕਤ ਦੂਸਰੀ ਜਮਾਤ ਵਿੱਚ ਪੜ੍ਹਦੀ ਬੱਚੀ ਆਪਣੇ ਆਪ ਨੂੰ ਬੇਸਹਾਰਾ ਸਮਝ ਰਹੀ ਹੈ।
ਬਲਾਕ ਮਾਹਿਲਪੁਰ ਦੇ ਪਿੰਡ ਮਰੂਲੇ ਵਿਖੇ ਆਪਣੀ ਨਾਨੀ ਚੰਨਣ ਕੌਰ ਪਤਨੀ ਸਵਰਗੀ ਗੁਰਦੇਵ ਰਾਮ ਦੇ ਕੋਲ ਰਹਿੰਦੀ ਤਾਨੀਆਂ ਨੂੰ ਦੇਖਕੇ ਰੂੰਬ ਕੰਬ ਜਾਂਦੀ ਹੈ। ਮੰਜ਼ੇ ਤੇ ਪਈ ਉਕਤ ਬੱਚੀ ਗੱਲਾਂ ਪੜ੍ਹਾਈ ਵਿੱਚ ਮੱਲਾਂ ਮਾਰਕੇ ਉਚ ਅਫਸਰ ਬਣਨ ਦੀਆਂ ਕਰਦੀ ਹੈ ਪ੍ਰੰਤੂ ਉਸਨੂੰ ਲੱਗੀ ਦੈਂਤ ਰੂਪੀ ਬਿਮਾਰੀ ਬਲੱਡ ਕੈਂਸਰ ਕਾਰਨ ਉਸਦਾ ਸਰੀਰ ਅੰਦਰੋਂ ਖੋਖਲਾ ਕਰਕੇ ਰੱਖ ਦਿੱਤਾ ਹੈ। ਉਸਦੀ ਨਾਨੀ ਚੰਨਣ ਕੌਰ ਨੇ ਦੱਸਿਆ ਕਿ ਤਾਨੀਆ ਦੇ ਪਿਤਾ ਦੇਸ ਰਾਜ ਦੀ ਮੌਤ ਤੋਂ ਬਾਅਦ ਉਸਦੀ ਮਾਂ ਰਾਜ ਰਾਣੀ ਨੇ ਦੂਸਰਾ ਵਿਆਹ ਕਰਵਾ ਲਿਆ।
ਤਾਨੀਆਂ ਉਸ ਵਕਤ ਸਿਰਫ 2 ਸਾਲ ਅਤੇ ਉਸਦਾ ਭਰਾ ਅਕਾਸ਼ਦੀਪ 10ਕੁ ਸਾਲ ਦਾ ਸੀ। ਉਹ ਜ਼ਵਾਈ ਦੀ ਮੌਤ ਤੋਂ ਬਾਅਦ ਦੋਵਾਂ ਬੱਚਿਆਂ ਨੂੰ ਆਪਣੇ ਕੋਲ ਪਿੰਡ ਮਰੂਲੇ ਲੈ ਆਈ ਅਤੇ ਦੋਵਾਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਪਾ ਦਿੱਤਾ। ਅਕਾਸ਼ਦੀਪ ਚੌਥੀ ਅਤੇ ਤਾਨੀਆ ਦੂਸਰੀ ਜ਼ਮਾਤ ਵਿੱਚ ਪੜ੍ਹਦੀ ਹੈ। ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦ ਇੱਕ ਦਿਨ ਅਚਾਨਕ ਤਾਨੀਆ ਬੇਹੋਸ਼ ਹੋ ਗਈ। ਜਦ ਉਸਨੂੰ ਇਲਾਜ ਲਈ ਹਸਪਤਾਲ ਡਾਕਟਰ ਕੋਲੋਂ ਚੈਕ ਕਰਵਾਇਆ ਗਿਆ ਤਾਂ ਉਸਨੂੰ ਬਲੱਡ ਕੈਂਸਰ ਦੀ ਬਿਮਾਰੀ ਨਿਕਲੀ। ਉਹ ਉਸਨੂੰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਲੈ ਗਏ ਜਿਥੇ ਡਾਕਟਰਾਂ ਵਲੋਂ ਉਸਦੇ ਸਾਰੇ ਟੈਸਟ ਕੀਤੇ ਅਤੇ ਇਨਾਜ ਸ਼ੁਰੂ ਕਰ ਦਿੱਤਾ। ਡਾਕਟਰਾਂ ਅਨੁਸਾਰ ਬੱਚੀ ਦੇ ਇਲਾਜ ਤੇ ਲੱਗਭਗ ਸਾਢੇ ਤਿੰਨ ਲੱਖ ਰੁਪਿਆ ਖਰਚ ਹੋਵੇਗਾ ।
ਤਾਨੀਆਂ ਦੀ ਨਾਨੀ ਨੇ ਦੱਸਿਆ ਹਸਪਤਾਲ ਦੇ ਡਾਕਟਰਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਅਤੇ ਅਜਿਹੇ ਫਾਰਮ ਵੀ ਦਿੱਤੇ ਜਿਸ ਨਾਲ ਸਾਨੂੰ ਹੁਸ਼ਿਆਰਪੁਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਬਿਮਾਰੀ ਦੇ ਇਲਾਜ ਲਈ ਖਰਚ ਵਜੋਂ ਡੇਢ ਲੱਖ ਰੁਪਿਆ ਸਹਾਇਤਾ ਮਿਲ ਸਕਦੀ ਹੈ। ਬੱਚੀ ਦੀ ਨਾਨੀ ਅਤੇ ਪਿੰਡ ਮਰੂਲੇ ਦੇ ਮੋਹਤਵਰ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਦਾਨੀ ਸੱਜਣ ਉਕਤ ਹੋਣਹਾਰ ਗਰੀਬ ਪਰਿਵਾਰ ਨਾਲ ਸਬੰਧਤ ਬੱਚੀ ਦੇ ਇਲਾਜ ਲਈ ਖੁੱਲ੍ਹਕੇ ਆਰਥਿਕ ਸਹਾਇਤਾ ਕਰਨ।