ਮਜੀਠੀਆ ਵੱਲੋਂ ਅਮਿ੍ਰਤਸਰ ਨੂੰ ‘ਵਰਲਡ ਕਲਾਸ ਸਿਟੀ’ ਬਣਾਉਣ ਲਈ ਜੇਤਲੀ ਵੱਲੋਂ ਵਿੱਢੇ ਯਤਨਾਂ ਦੀ ਸ਼ਲਾਘਾ
Posted on:- 18-8-2014
ਅੰਮਿ੍ਰਤਸਰ
ਪੰਜਾਬ
ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਵਿੱਤ ਮੰਤਰੀ
ਸ੍ਰੀ ਅਰੁਣ ਜੇਤਲੀ ਵੱਲੋਂ ਅਮਿ੍ਰਤਸਰ ਨਾਲ ਅਪਣੱਤ ਦਿਖਾਉਂਦਿਆਂ ਇਸ ਨੂੰ ‘ਵਰਲਡ ਕਲਾਸ
ਸਿਟੀ’ ਬਣਾਉਣ ਵਾਸਤੇ ਵਿੱਢੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਸ੍ਰੀ ਜੇਤਲੀ ਦੀ
ਪਵਿੱਤਰ ਨਗਰੀ ਦੀ ਆਮਦ ਦੀ ਪੂਰਵ ਸੰਧਿਆ ’ਤੇ ਜਾਰੀ ਅੱਜ ਇੱਕ ਬਿਆਨ ਵਿੱਚ ਸ੍ਰੀ ਮਜੀਠੀਆ
ਨੇ ਸ੍ਰੀ ਜੇਤਲੀ ਦਾ ਇਸ ਪਹਿਲਕਦਮੀ ਲਈ ਧੰਨਵਾਦ ਕੀਤਾ ਕਿ ਉਨ੍ਹਾਂ ਯੂ.ਪੀ.ਏ. ਦੇ ਦਹਾਕਾ
ਲੰਬੇ ਸ਼ਾਸਨ ਦੌਰਾਨ ਅਮਿ੍ਰਤਸਰ ਵਾਸਤੇ ਆਰੰਭ ਹੋਏ ਭੇਦਭਾਵ ਦੇ ਯੁੱਗ ਨੂੰ ਵਿਰਾਮ
ਲਾਉਂਦਿਆਂ, ਅਮਿ੍ਰਤਸਰ ਵਿੱਚ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਇਸ ਨੂੰ ਆਰਥਿਕ
ਤੌਰ ’ਤੇ ਮਜ਼ਬੂਤੀ ਦੇਣ ਅਤੇ ਤਕਨੀਕੀ ਹੱਬ ਵਜੋਂ ਵਿਸਕਸਿਤ ਕਰਨ ਲਈ ਵਰਤਮਾਨ ਬਜਟ ਸੈਸ਼ਨ
ਵਿੱਚ ਵਿੱਤ ਦਾ ਪ੍ਰਬੰਧ ਕੀਤਾ। ਜ਼ਿਕਰਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਅਮਿ੍ਰਤਸਰ
ਨੂੰ 500 ਕਰੋੜ ਰੁਪਏ ਦੇ ਕੇਂਦਰੀ ਵਿਰਾਸਤੀ ਪ੍ਰਾਜੈਕਟ ਵਿੱਚ ਸ਼ਾਮਿਲ ਕਰਨ ਤੋਂ ਇਲਾਵਾ
ਕੌਮੀ ਸਨਅਤੀ ਕੌਰੀਡੋਰ ਦੇ ਅਮਿ੍ਰਤਸਰ ਤੱਕ ਵਿਸਤਾਰ ਦੇ ਐਲਾਨ ਦੇ ਨਾਲ ਇੱਥੇ ‘ਇੰਡੀਅਨ
ਇਸੰਟੀਚਿਊਟ ਆਫ਼ ਮੈਨੇਜਮੈਂਟ’ ਦੀ ਸਥਾਪਤੀ ਦਾ ਐਲਾਨ ਵੀ ਕੀਤਾ ਗਿਆ ਹੈ।
ਸ੍ਰੀ ਮਜੀਠੀਆ
ਨੇ ਆਖਿਆ ਕਿ ਇਸ ਸਰਹੱਦੀ ਜ਼ਿਲ੍ਹੇ ਦੇ ਲੋਕ ਸ੍ਰੀ ਜੇਤਲੀ ਵੱਲੋਂ ਇਸ ਪਵਿੱਤਰ ਨਗਰੀ ਦੇ
ਵਿਕਾਸ ਪ੍ਰਤੀ ‘ਇੱਕ ਸੱਚੇ ਸਿਆਸਤਦਾਨ’ ਵਾਲੀ ਦਿਖਾਈ ਉਦਾਰਤਾ ਦੇ ਹਮੇਸ਼ਾਂ ਸ਼ੁਕਰਗੁਜ਼ਾਰ
ਰਹਿਣਗੇ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਸ ਸ਼ਹਿਰ ਪ੍ਰਤੀ
ਲਗਾਅ ਨੂੰ ਇੱਥੋਂ ਬੰਦ ਕੀਤੀਆਂ ਕੌਮਾਂਤਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਵਾ ਕੇ ਲੋਕਾਂ ਨਾਲ
ਆਪਣੀ ਸਾਂਝ ਹੋਰ ਵੀ ਪੀਢੀ ਕਰਨ। ਉਨ੍ਹਾਂ ਕਿਹਾ,‘ਪੰਜਾਬ ਸਰਕਾਰ ਅਮਿ੍ਰਤਸਰ ਨੂੰ
ਕੌਮਾਂਤਰੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਵਚਨਬੱਧ ਹੈ ਅਤੇ ਇੱਥੇ ਆਉਂਦੇ
ਯਾਤਰੀਆਂ ਨੂੰ ਉਸੇ ਤਰਜ਼ ਦੀਆਂ ਸਹੂਲਤਾਂ ਦੇਣੀਆਂ ਚਾਹੁੰਦੀ ਹੈ ਪਰ ਮੰਦੇਂਭਾਗੀਂ
ਯੂ.ਪੀ.ਏ. ਦੇ ਸ਼ਾਸਨ ਮੌਕੇ ਇੱਥੋਂ ਚਲਦੀ ਅਤਿ ਮਹੱਤਵਪੂਰਣ ਉਡਾਣ ਕੈਂਸਲ ਕਰ ਦਿੱਤੀ ਗਈ
ਅਤੇ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਜੇਤਲੀ ਪਿਛਲੀ ਸਰਕਾਰ ਦੀ ਉਸ ਗਲਤੀ ਨੂੰ ਖੁਦ ਦਖ਼ਲ ਦੇ
ਕੇ ਸੁਧਾਰਨ।’ ਸ੍ਰੀ ਮਜੀਠੀਆ ਨੇ ਮੰਗ ਕੀਤੀ ਕਿ ਅਮਿ੍ਰਤਸਰ-ਬਰਮਿੰਘਮ-ਟੋਰਾਂਟੋ ਏਅਰ
ਇੰਡੀਆ ਸੰਪਰਕ ਮੁੜ ਜੋੜੇ ਜਾਣ ਤੋਂ ਇਲਾਵਾ ਦਿੱਲੀ-ਮੈਲਬੋਰਨ-ਸਿਡਨੀ ਉਡਾਣ ਵੀ ਅਮਿ੍ਰਤਸਰ
ਰਾਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਮਿ੍ਰਤਸਰ ਤੋਂ ਬੈਂਕਾਕ ਤੇ ਸਿੰਗਾਪੁਰ ਉਡਾਣ
ਵੀ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ।
ਸਰਹੱਦੀ ਜ਼ਿਲ੍ਹੇ ਦੇ ਲੋਕਾਂ ਵੱਲੋਂ
ਵਿਦੇਸ਼ੀ ਹਮਲਾਵਰਾਂ ਪਾਸੋਂ ਦੇਸ਼ ਦੀ ਰਾਖੀ ਲਈ ਛਾਤੀਆਂ ਡਾਹ ਕੇ ਖੜਨ ਦਾ ਵਿਸ਼ੇਸ਼ ਜ਼ਿਕਰ
ਕਰਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਲੋਕਾਂ ਨਾਲ ਯੂ.ਪੀ.ਏ. ਦੀ ਸਰਕਾਰ ਮੌਕੇ ਅਨਿਆ ਹੋਇਆ
ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਾ ਉਦਯੋਗਾਂ ਤੋਂ ਵਾਂਝਾ ਹੈ ਅਤੇ ਇੱਥੇ ਦੀ ਨੌਜੁਆਨੀ
ਬੇਰੋਜ਼ਗਾਰੀ ਨਾਲ ਘੁਲ ਰਹੀ ਹੈ। ‘ਇੱਥੋਂ ਦੇ ਕਿਸਾਨਾਂ ਨੂੰ ਕੰਡਿਆਲੀ ਤਾਰ ਪਾਰਲੇ ਆਪਣੇ
ਖੇਤਾਂ ਵਿੱਚ ਜਾ ਕੇ ਵਾਹੀ ਕਰਨ ਵਿੱਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’
ਉਨ੍ਹਾਂ ਕਿਹਾ ਕਿ ਅਜਿਹੇ ਅਣਗਿਣਤ ਸਮੱਿਸਆਵਾਂ ਵਿੱਚ ਘਿਰੇ ਅਮਿ੍ਰਤਸਰ ਦੇ ਦਿਹਾਤੀ
ਇਲਾਕਿਆਂ ਨੂੰ ਦੇਸ਼ ਅਤੇ ਸੂਬੇ ਦੇ ਅਗਾਂਹਵਧੂ ਇਲਾਕਿਆਂ ਦੇ ਬਰਾਬਰ ਲਿਜਾਣ ਲਈ, ਜ਼ਿਲ੍ਹੇ
ਨੂੰ ਵਿਸ਼ੇਸ਼ ਗਰਾਂਟ ਦੇਣ ਦਾ ਇਹ ਬਿਲਕੁਲ ਢੁਕਵਾਂ ਕੇਸ ਬਣਦਾ ਹੈ।
ਸ੍ਰੀ ਮਜੀਠੀਆ ਨੇ
ਕੇਂਦਰ ਸਰਕਾਰ ਵੱਲੋਂ ਖਾਨਾਜੰਗੀ ਵਿੱਚ ਘਿਰੇ ਇਰਾਕ ਵਿੱਚੋਂ ਪੰਜਾਬ ਅਤੇ ਦੇਸ਼ ਦੇ
ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਚੁੱਕੇ ਕਦਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ
ਆਖਿਆ ਕਿ ਪੰਜਾਬ ਦੇ 1494 ਉੱਥੇ ਰਹਿੰਦੇ ਪੰਜਾਬੀਆਂ ਵਿੱਚੋਂ 954 ਦੀ ਘਰ ਵਾਪਸੀ,
ਕੇਂਦਰ ਸਰਕਾਰ ਦੇ ਇਨ੍ਹਾਂ ਸੁਹਿਰਦ ਯਤਨਾਂ ਸਦਕਾ ਹੀ ਸੰਭਵ ਹੋਈ ਹੈ। ਉਨ੍ਹਾਂ ਸ੍ਰੀ
ਜੇਤਲੀ ਨੂੰ ਅਪੀਲ ਕੀਤੀ ਕਿ ਉਹ ਬਾਕੀ ਰਹਿੰਦੇ ਪੰਜਾਬੀਆਂ ਦੀ ਵਾਪਸੀ ਲਈ ਵੀ ਦਖਲ ਦੇਣ
ਤਾਂ ਜੋ ਉਨ੍ਹਾਂ ਦੀ ਵਾਪਸੀ ਦੇ ਯਤਨਾਂ ਵਿੱਚ ਤੇਜ਼ੀ ਹੋ ਸਕੇ।