ਇਨੈਲੋ ਨੇ ਹੁੱਡਾ ’ਤੇ ਲਗਾਏ ਆਮਦਨ ਤੋਂ ਵੱਧ ਸੰਪਤੀ ਦੇ ਦੋਸ਼
Posted on:- 18-8-2014
ਚੰਡੀਗੜ੍ਹ :
ਹਰਿਆਣਾ
ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਨੈਲੋ ਵੱਲੋਂ ਉਨ੍ਹਾਂ ’ਤੇ ਲਗਾਏ ਗਏ ਆਮਦਨ
ਤੋਂ ਵੱਧ ਸੰਪਤੀ ਦੇ ਦੋਸ਼ ਤੇ ਇਸ ਸਬੰਧ ਵਿਚ ਰਾਜਪਾਲ ਨੂੰ ਸੌਂਪੀ ਗਈ ਚਾਰਜਸ਼ੀਟ ਨੂੰ
ਸਰਾਸਰ ਝੂਠ ਦੱਸਿਆ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਕਾਨੂੰਨੀ ਰਾਏ ਲੈਣਗੇ ਅਤੇ
ਅਜਿਹੇ ਆਗੂਆਂ ਦੇ ਵਿਰੁੱਧ ਮਾਨਹਾਨੀ ਦਾ ਦਾਅਵਾ ਕਰਨਗੇ। ਮੁੱਖ ਮੰਤਰੀ ਅੱਜ ਇਥੇ ਹਰਿਆਣਾ
ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ
ਸੰਬੋਧਨ ਕਰ ਰਹੇ ਸਨ।
ਸ੍ਰੀ ਹੁੱਡਾ ਨੇ ਕਿਹਾ ਕਿ ਮਾਨਹਾਨੀ ਦਾ ਦਾਅਵਾ ਕਰਨ ਤੋਂ
ਪਹਿਲਾਂ ਉਹ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਨਗੇ। ਜੇਕਰ ਉਹ ਜਨਤਕ ਤੌਰ ’ਤੇ ਮਾਫੀ
ਮੰਗਦੇ ਹਨ ਤਾਂ ਠੀਕ ਹੈ, ਨਹੀਂ ਤਾਂ ਅਜਿਹੇ ਆਗੂਆਂ ਦੇ ਖਿਲਾਫ਼ ਅਦਾਲਤ ਵਿਚ ਮਾਨਹਾਨੀ ਦਾ
ਦਾਅਵਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇਤਾਵਾਂ ਦੇ ਵਿਰੁੱਧ ਆਮਦਨ ਤੋਂ ਵੱਧ
ਸੰਪਤੀ ਦੇ ਮਾਮਲਿਆਂ ’ਚ ਦੋਸ਼ ਤੈਅ ਹੋ ਚੁੱਕੇ ਹਨ, ਉਹ ਨੇਤਾ ਅਜਿਹੇ ਦੋਸ਼ ਲੱਗਾ ਰਹੇ ਹਨ।
ਰਾਜ
ਸਭਾ ਮੈਂਬਰ ਚੌਧਰੀ ਬੀਰੇਂਦਰ ਸਿੰਘ ਸਮੇਤ ਕਈ ਕਾਂਗਰਸੀ ਆਗੂਆਂ ਵੱਲੋਂ ਪਾਰਟੀ ਛੱਡ ਕੇ
ਭਾਜਪਾ ’ਚ ਸ਼ਾਮਲ ਹੋਣ ਸਬੰਧੀ ਪੁੱਛੇ ਗਏ ਇਕ ਪ੍ਰਸ਼ਨ ਦੇ ਉਤਰ ’ਚ ਮੁੱਖ ਮੰਤਰੀ ਨੇ ਕਿਹਾ
ਕਿ ਜੋ ਵਿਅਕਤੀ ਕਾਂਗਰਸ ਦੀ ਟਿਕਟ ’ਤੇ ਨਹੀਂ ਜਿੱਤ ਸਕਿਆ ਤੇ ਉਹ ਵੀ ਉਦੋਂ ਜਦੋਂ ਕਾਂਗਰਸ
ਪਾਰਟੀ ਦੀ ਹਵਾ ਸੀ ਤਾਂ ਭਾਜਪਾ ’ਚ ਕੀ ਕਰੇਗਾ? ਉਨ੍ਹਾਂ ਕਿਹਾ ਕਿ ਕਾਂਗਰਸ ਛੱਡਣ ਵਾਲੇ
ਕੁਝ ਆਗੂ ਅਜਿਹੇ ਵੀ ਹਨ ਜੋ 1991 ਦੇ ਬਾਅਦ ਵਿਧਾਇਕ ਦੀ ਚੋਣ ਤੱਕ ਨਹੀਂ ਜਿੱਤ ਸਕੇ ਸਨ।
ਦਸ ਸਾਲ ਬਾਅਦ ਚੋਣ ਦੇ ਸਮੇਂ ਕੋਈ ਆਗੂ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਸ਼ਾਮਲ ਹੁੰਦਾ
ਹੈ ਤਾਂ ਉਸਦਾ ਮਤਲਬ ਸਮਝਿਆ ਜਾ ਸਕਦਾ ਹੈ। ਅਜਿਹੇ ਆਗੂਆਂ ਦੀ ਰਾਜਨੀਤਕ ਜ਼ਮੀਨ ਖਿਸਕ
ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬ ’ਚ ਕਾਂਗਰਸ ਪਾਰਟੀ ਮਜ਼ਬੂਤ ਹੈ। ਸ੍ਰੀ ਹੁੱਡਾ
ਨੇ ਕਿਹਾ ਕਿ ਪ੍ਰਜਾਤੰਤਰ ਵਿਚ ਹਰ ਕਿਸੇ ਨੂੰ ਅਧਿਕਾਰ ਹੈ ਅਤੇ ਕੋਈ ਵੀ ਵਿਅਕਤੀ ਕਿਸੇ ਵੀ
ਪਾਰਟੀ ’ਚ ਜਾ ਸਕਦਾ ਹੈ।
ਕਾਂਗਰਸ ਦੀ 24 ਅਗਸਤ ਨੂੰ ਪਾਣੀਪਤ ’ਚ ਹੋਣ ਵਾਲੀ ਰੈਲੀ
ਦੇ ਸਬੰਧ ’ਚ ਸ੍ਰੀ ਹੁੱਡਾ ਨੇ ਕਿਹਾ ਕਿ ਇਸ ਰੈਲੀ ’ਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦਾ
ਅਨੁਮਾਨ ਹੈ ਤੇ ਉਹ ਇਸ ਰੈਲੀ ਵਿਚ ਆਪਣੇ ਸਾਢੇ ਨੌ ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ
ਅਤੇ ਵਿਜਨ ਰੱਖਣਗੇ।
ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਹਰਿਆਣਾ ਮਾਮਲਿਆਂ ਦੇ ਕਾਂਗਰਸ
ਪ੍ਰਧਾਨ ਸ਼ਕੀਲ ਅਹਿਮਦ ਵੀ ਹਾਜ਼ਰ ਰਹਿਣਗੇ। ਕੁਝ ਮੌਜ਼ੂਦਾ ਵਿਧਾਇਕਾਂ ਵੱਲੋਂ ਆਉਣ ਵਾਲੀਆਂ
ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਟਿਕਟ ਦੇ ਲਈ ਬਿਨੈ ਨਾ ਕਰਨ ਵਾਲਿਆਂ ਦੇ ਸਬੰਧੀ ਪੁੱਛੇ
ਗਏ ਇਕ ਪ੍ਰਸ਼ਨ ਦੇ ਉਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਨੇ ਹਰਿਆਣਾ ਪ੍ਰਦੇਸ਼
ਕਾਂਗਰਸ ਕਮੇਟੀ ਦੇ ਕੋਲ ਬਿਨੈ ਨਹੀਂ ਕੀਤੇ ਪ੍ਰੰਤੂ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੋਲ
ਬਿਨੈ ਕਰਨ ਦਾ ਸਮਾਂ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਰੇ 90 ਵਿਧਾਨ
ਸਭਾ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਸਹੀ ਸਮੇਂ ’ਤੇ ਕਰ ਦੇਵੇਗੀ। ਇਸ ਮੌਕੇ ਮੁੱਖ
ਮੰਤਰੀ ਦੇ ਪ੍ਰਮੁੱਖ ਸਕੱਤਰ ਐਸ ਐਸ ਢਿਲੋਂ ਤੇ ਡਾ. ਕੇ ਕੇ ਖੰਡੇਲਵਾਲ, ਪ੍ਰਧਾਨ ਓ ਐਸ ਡੀ
ਐਮ ਐਸ ਚੌਪੜਾ ਤੇ ਹੋਰ ਅਧਿਕਾਰੀ ਹਾਜ਼ਰ ਸਨ।