ਚੋਅ ਦਾ ਬੰਨ੍ਹ ਢਾਹੁਣ ਵਾਲੇ ਪ੍ਰਵਾਸੀ ਭਾਰਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ
Posted on:- 18-8-2014
-ਸ਼ਿਵ ਕੁਮਾਰ ਬਾਵਾ
ਮਾਹਿਲਪੁਰ :
ਬਲਾਕ
ਮਾਹਿਲਪੁਰ ਦੇ ਪਿੰਡ ਮੁਗੋਵਾਲ ਵਿਖੇ ਪਿੰਡ ਦੀ ਪੰਚਾਇਤੀ ਜ਼ਮੀਨ ਉਤੇ ਇੱਕ ਪ੍ਰਵਾਸੀ
ਭਾਰਤੀ ਅਤੇ ਪਿੰਡ ਦੇ ਸਾਬਕਾ ਸਰਪੰਚ ਵਲੋਂ ਕੀਤੇ ਗਏ ਨਜ਼ਾਇਜ਼ ਕਬਜ਼ੇ ਦੇ ਮਾਮਲੇ ਦੀ ਜਾਂਚ
ਲਈ ਬਲਾਕ ਵਿਕਾਸ ਅਧਿਕਾਰੀ ਸੁਖਦੇਵ ਸਿੰਘ ਵਲੋਂ ਪਿੰਡ ਵਿੱਚ ਉਕਤ ਜ਼ਮੀਨ ਦਾ ਮੌਕਾ
ਦੇਖਿਆ ਗਿਆ। ਸਮੁੱਚੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ। ਬੀ ਡੀ ਪੀ ਓ ਵਲੋਂ ਉਕਤ ਜ਼ਮੀਨ
ਦੀ ਮਿਣਤੀ ਕਰਵਾਉਣ ਦਾ ਭਰੋਸਾ ਦੇ ਕੇ ਅਗਲੀ ਵਿਭਾਗੀ ਕਾਰਵਾਈ ਕਰਨ ਦਾ ਸ਼ਿਕਾਇਤ ਕਰਤਾ ਧਿਰ
ਨੂੰ ਇਨਸਾਫ ਦਾ ਭਰੋਸਾ ਦਿੱਤਾ। ਉਹਨਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਪੰਚਾਇਤੀ ਜ਼ਮੀਨ
ਤੇ ਕੋਈ ਵੀ ਨਜ਼ਾਇਜ਼ ਕਬਜ਼ਾ ਨਹੀਂ ਕਰ ਸਕਦਾ। ਜ਼ਮੀਨ ਦੀ ਮਿਣਤੀ ਕਰਵਾਈ ਜਾ ਰਹੀ ਹੈ ਤੇ
ਨਜ਼ਾਇਜ਼ ਕਬਜ਼ਾ ਕਰਨ ਵਾਲੀ ਧਿਰ ਵਿਰੁੱਧ ਬਣਦੀ ਕਾਨੂੰਨੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ।
ਇਸੇ ਦੌਰਾਨ ਪਿੰਡ ਦੇ ਨੰਬਰਦਾਰ ਸਰਬਜੀਤ ਸਿੰਘ ਨੇ ਜਲ ਨਿਕਾਸ ਮੰਡਲ ਪੰਜਾਬ ਨੂੰ
ਲਿਖਤੀ ਸ਼ਿਕਾਇਤ ਕੀਤੀ ਹੈ ਕਿ ਪਰਵਾਸੀ ਭਾਰਤੀ ਸਾਬਕਾ ਸਰਪੰਚ ਦਿਆਲ ਸਿੰਘ ਵਲੋਂ
ਗਿਣੀਮਿਥੀ ਸ਼ਾਜਿਸ਼ ਤਹਿਤ ਪਿੰਡ ਨੂੰ ਲੱਗਦੇ ਮਾਰਖੋਰੇ ਚੋਅ ਉਤੇ ਹਜ਼ਾਰਾਂ ਰੁਪਿਆ ਖਰਚ
ਕਰਕੇ ਬਣਵਾਇਆ ਗਿਆ ਬੰਨ੍ਹ ਢਾਹ ਦਿੱਤਾ ਹੈ, ਜਿਸ ਸਦਕਾ ਪਿੰਡ ਨੂੰ ਮੀਂਹ ਅਤੇ ਚੋਅ ਵੱਚ
ਆਉਂਦੇ ਬੇਸ਼ੁਮਾਰ ਪਾਣੀ ਕਾਰਨ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੇ
ਦੱਸਿਆ ਕਿ ਉਕਤ ਬੰਨ੍ਹ ਢਾਉਣ ਕਾਰਨ ਪਿੰਡ ਦੇ ਲੋਕ ਚੋਅ ਵਿੱਚ ਆਉਂਦੇ ਵੱਡੀ ਮਾਤਰਾ ਵਿੱਚ
ਪਾਣੀ ਕਾਰਨ ਭੈਅ ਭੀਤ ਹਨ। ਉਸਨੇ ਦੱਸਿਆ ਕਿ ਸਾਬਕਾ ਸਰਪੰਚ ਦੀ ਬੰਨ੍ਹ ਢਾਉਣ ਪਿੱਛੇ ਮਨਸ਼ਾ
ਠੀਕ ਨਹੀਂ ਹੈ। ਉਸਨੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਹੜੱਪ ਕਰਨ ਦੀ ਕੌਸ਼ਿਸ਼ ਹੀ ਨਹੀਂ
ਕੀਤੀ ਸਗੋਂ ਪਿੰਡ ਵਾਸੀਆਂ ਨੂੰ ਮੌਤ ਦੇ ਮੂੰਹ ’ਚ ਧੱਕਿਆ ਹੈ।
ਚੋਅ ਅਤੇ ਮੀਂਹ ਦੇ
ਪਾਣੀ ਨੂੰ ਰੋਕਣ ਲਈ ਉਕਤ ਬੰਨ੍ਹ ਬਣਾਇਆ ਸੀ ਜਿਸਨੂੰ ਢਹਿ ਢੇਰੀ ਕਰਕੇ ਉਕਤ ਸਾਬਕਾ ਸਰਪੰਚ
ਹੁਣ ਵਿਦੇਸ਼ ਚਲਾ ਗਿਆ ਹੈ। ਨੰਬਰਦਾਰ ਨੇ ਮੰਗ ਕੀਤੀ ਹੈ ਕਿ ਸਰਕਾਰੀ ਬੰਨ੍ਹ ਢਾਉਣ ਅਤੇ
ਪੰਚਾਇਤੀ ਜ਼ਮੀਨ ਤੇ ਨਜ਼ਾਇਜ਼ ਕਬਜ਼ਾ ਕਰਨ ਵਾਲੇ ਸਰਪੰਚ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ
ਜਾਵੇ ।
ਇਸ ਮੌਕੇ ਪਿੰਡ ਦੇ ਕਾਂਗਰਸੀ ਆਗੂ ਗੁਰਜੀਤ ਸਿੰਘ ਸੰਘਾ ਨੇ ਪੰਚਾਇਤ ਵਿਕਾਸ
ਦਫਤਰ ਮਾਹਿਲਪੁਰ ਦੇ ਅਧਿਕਾਰੀਆਂ ਦੀ ਜਾਂਚ ਕਰਤਾ ਟੀਮ ਦੀ ਹਾਜ਼ਰੀ ਵਿੱਚ ਦੱਸਿਆ ਕਿ ਸਾਬਕਾ
ਸਰਪੰਚ ਦਿਆਲ ਸਿੰਘ ਨੇ ਪੰਚਾਇਤ ਦੀ ਜ਼ਮੀਨ ਖਸਰਾ ਨੰਬਰ 43 10 ਵਿੱਚੋਂ 22 ਮਰਲੇ ਜਗ੍ਹਾ
ਆਪਣੇ ਕਬਜ਼ੇ ਵਿੱਚ ਲੈ ਕੇ ਉਸ ਉਤੇ ਨਜ਼ਾਇਜ਼ ਉਸਾਰੀ ਕਰ ਦਿੱਤੀ। ਉਸਨੇ ਦੱਸਿਆ ਕਿ ਉਕਤ
ਪ੍ਰਵਾਸੀ ਭਾਰਤੀ ਸਰਪੰਚ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦਾ ਸਗੋਂ ਲੋਕਾਂ ਨੂੰ ਡਰਾਉਂਦਾ
ਧਮਕਾਉਂਦਾ ਹੈ। ਉਸਨੂੰ ਅਜਿਹਾ ਕਰਨ ਤੋਂ ਜਦੋਂ ਰੋਕਿਆ ਗਿਆ ਤਾਂ ਉਸਨੇ ਕਿਸੇ ਦੀ ਵੀ ਕੋਈ
ਪ੍ਰਵਾਹ ਨਹੀਂ ਕੀਤੀ ਸਗੋਂ ਨਜ਼ਾਇਜ਼ ਉਸਾਰੀ ਕਰਕੇ ਪੰਚਾਇਤੀ ਜ਼ਮੀਨ ਅਤੇ ਮਾਰਖੋਰੇ ਚੋਅ ਉਤੇ
ਲਾਏ ਗਏ ਸਰਕਾਰੀ ਬੰਨ੍ਹ ਨੂੰ ਢਾਅਕੇ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਸਬੰਧ ਵਿੱਚ ਉਹਨਾਂ
ਪੰਜਾਬ ਦੇ ਮੁੱਖ ਮੰਤਰੀ, ਪੰਚਾਇਤ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ
ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਪ੍ਰੰਤੂ ਕੋਈ ਸੁਣਵਾਈ ਹੀ ਨਹੀਂ ਹੋਈ ਸਗੋਂ
ਉਕਤ ਸਾਬਕਾ ਸਰਪੰਚ ਉਕਤ ਕਾਰਾ ਕਰਕੇ ਹੁਣ ਵਿਦੇਸ਼ ਚਲਾ ਗਿਆ ਹੈ। ਉਹਨਾਂ ਉਕਤ ਪ੍ਰਵਾਸੀ
ਭਾਰਤੀ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪਿੰਡ ਦੇ ਮੌਜੂਦਾ
ਸਰਪੰਚ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਵਾ ਰਹੇ ਹਨ।
ਨਿਜੀ ਝਗੜੇ ਨੂੰ ਉਹ ਪਿੰਡ ਦੇ ਵਿਕਾਸ ਵਿੱਚ ਰੋੜਾ ਨਹੀਂ ਬਣਨ ਦੇਣਗੇ। ਇਸ ਸਬੰਧ ਵਿੱਚ
ਸਾਬਕਾ ਸਰਪੰਚ ਦਿਆਲ ਸਿੰਘ ਦਾ ਕਹਿਣਾ ਹੈ ਕਿ ਨੰਬਰਦਾਰ ਸਰਬਜੀਤ ਸਿੰਘ ਅਤੇ ਗੁਰਜੀਤ ਸਿੰਘ
ਸਰਾ ਸਰ ਝੂਠੇ ਦੋਸ਼ ਲਾ ਰਹੇ ਹਨ। ਉਸਨੇ ਕੋਈ ਨਜ਼ਾਇਜ਼ ਕਬਜ਼ਾ ਨਹੀਂ ਕੀਤਾ। ਬੀ ਡੀ ਪੀ ਓ
ਦਫਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।