ਵੋਕੇਸ਼ਨਲ ਦੀ ਨਵੀਂ ਸਕੀਮ ਤਹਿਤ ਪੰਜਾਬ ਦੇ 100 ਸਕੂਲਾਂ ’ਚ ਚੱਬੇਵਾਲ ਵੀ ਇੱਕ-ਕਲਾਸਾਂ 12 ਅਗਸਤ ਤੋਂ
Posted on:- 02-08-2014
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ : ਸਕੂਲਾਂ ਦੇ ਬੱਚਿਆੰ ਨੂੰ ਵੋਕੇਸ਼ਨਲ ਸਿੱਖਿਆ ਦੇਣ ਲਈ ਭਾਰਤ ਸਰਕਾਰ ਵਲੋਂ ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਊ.ਐਫ) ਪਾਸ ਕੀਤਾ ਗਿਆ ਹੈ। ਇਸ ਤਹਿਤ ਵੋਕੇਸ਼ਨਲ ਸਿੱਖਿਆ ਆਮ ਰਿਆਇਤੀ ਸਿੱਖਿਆ ਦੇ ਨਾਲ ਨਾਲ 9ਵੀਂ ਕਲਾਸ ਤੋਂ 12 ਵੀਂ ਕਲਾਸ ਤਕ ਸ਼ੁਰੂ ਕੀਤੀ ਗਈ ਹੈ। ਇਹ ਇਸ ਸਾਲ 2014-15 ਵਿੱਚ 9ਵੀਂ ਕਲਾਸ ਤੋਂ ਸ਼ੁਰੂ ਕੀਤੀ ਜਾਵੇਗੀ। ਇਸੇ ਤਰਾਂ ਹਰ ਸਾਲ ਅਗਲੀ ਕਲਾਸ ਤੋਂ ਸ਼ੁਰੂ ਕੀਤਾ ਜਾਵੇਗਾ। ਵਿਦਿਆਰਥੀ ਸਾਰੇ ਚਾਰ ਲੈਵਲ ਦੇ ਕੋਰਸ ਪੂਰੇ ਕਰਕੇ ਹੀ ਐਨ.ਐਸ.ਕਿਊ.ਐਫ ਦੇ ਮੁਤਾਬਿਕ ਸਕਿਲਡ ਬਣੇਗਾ।
ਵਿਦਿਆਰਥੀ ਨੂੰ 9ਵੀਂ ਤੋਂ 12 ਵੀਂ ਤਕ ਕ੍ਰਮਵਾਰ ਐਲ 1, ਐਲ 2, ਐਲ 3, ਐਲ 4 ਸੰਬੰਧਤ ਟਰੇਡ ਵਿੱਚ ਕੋਰਸ ਕਰਨਾ ਪਵੇਗਾ। ਜਿਕਰਯੋਗ ਹੈ ਕਿ ਪੰਜਾਬ ਦੇ ਇਹ ਸਕੀਮ 100 ਸਕੂਲਾਂ ਵਿੱਚ ਹੀ ਸ਼ੁਰੂ ਕੀਤੀ ਗਈ ਹੈ। ਐਨ.ਐਸ.ਕਿਊ.ਐਫ ਦੇ ਅੰਤਰਗਤ ਕੁੱਲ ਛੇ ਟਰੇਡ ਜਿਵੇਂ ਆਈ ਟੀ ਸਮਾਂ ਅਵਧੀ 115 ਘੰਟੇ, ਰੀਟੇਲ ਸਮਾ ਅਵਧੀ 100 ਘੰਟੇ, ਸਿਕਯੋਰਿਟੀ ਸਮਾਂ ਅਵਧੀ 130 ਘੰਟੇ, ਆਟੋ ਮੋਬਾਇਲ ਸਮਾਂ ਅਵਧੀ 200 ਘੰਟੇ, ਹੈਲਥ ਕੇਯਰ ਸਮਾਂ ਅਵਧੀ 100 ਘੰਟੇ, ਬਿਊਟੀ ਐਂਡ ਵੈਲਨੈਸ ਦਾ ਸਿਲੇਬਸ ਅਜੇ ਆਉਣਾ ਬਾਕੀ ਹੈ। ਇਹਨਾਂ ਕੋਰਸਾਂ ਲਈ ਹਰ ਰੋਜ ਇੱਕ ਜਾਂ ਦੋ ਲੈਕਚਰ ਦੇਣੇ ਹੋਣਗੇ। ਇਹ ਛੇ ਟਰੇਡ ਪੰਜਾਬ ਵਿੱਚ 100 ਸਕੂਲਾਂ ਨੂੰ ਦਿੱਤੇ ਗਏ ਹਨ ਅਤੇ ਹਰੇਕ ਸਕੂਲ ਨੂੰ ਦੋ ਟਰੇਡ ਦਿੱਤੇ ਗਏ ਹਨ ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਚਾਰ ਸਰਕਾਰੀ ਸਕੂਲਾਂ ਚੱਬੇਵਾਲ, ਖੈਰੜ ਅੱਛਰਵਾਲ,ਭਾਮ ਅਤੇ ਦਤਾਰਪੁਰ ਵੀ ਪੰਜਾਬ ਦੇ ਇਹਨਾ 100 ਸਕੂਲਾਂ ਵਿੱਚ ਸ਼ਾਮਿਲ ਹਨ। ਚੱਬੇਵਾਲ ਸਰਕਾਰੀ ਸਕੂਲ ਨੂੰ ਦੇ ਟਰੇਡ ਆਟੋ ਮੋਬਾਇਲ ਅਤੇ ਹੈਲਥ ਕੇਅਰ ਦਿੱਤੇ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ਰੰਸੀਪਲ ਮੰਜੂ ਬਾਲਾ ਨੇ ਕਿਹਾ ਕਿ ਇਸ ਸਕੂਲ ਵਿੱਚ ਵੋਕੇਸ਼ਨਲ ਸਿੱਖਿਆ ਸ਼ੁਰੂ ਹੋਣ ਨਾਲ ਇਲਾਕੇ ਦੇ ਬੱਚਿੱਆਂ ਨੂੰ ਬਹੁਤ ਫਾਇਦਾ ਹੋਵੇਗਾ। ਕਿਉਕਿ ਸਮੇਂ ਦੀ ਲੋੜ ਅਨੁਸਾਰ ਇਹਨਾਂ ਕੋਰਸਾਂ ਦੀ ਸਕੂਲਾਂ ਵਿੱਚ ਕਾਫੀ ਜ਼ਰੂਰਤ ਸੀ।
ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਸੰਬੰਧੀ ਕਲਾਸਾਂ 12 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ। ਭਾਰਤ ਵਿੱਚ ਪਹਿਲੀ ਵਾਰ ਉਦਯੋਗ ਨੂੰ ਮੁੱਖ ਰੱਖਦੇ ਹੋਏ ਇਹਨਾਂ ਕੋਰਸਾਂ ਦੇ ਸਿਲੇਬਸ ਤਿਆਰ ਕੀਤੇ ਗਏ ਹਨ । ਇਹਨਾਂ ਸਕੀਮਾਂ ਨੂੰ ਕਾਮਯਾਬ ਕਰਨ ਲਈ ਬੜੇ ਬੜੇ ਉਦਯੋਗਪਤੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇਣਗੇ। ਇਹ ਸਿਲੇਬਸ ਦੇਸ਼ ਭਰ ਵਿੱਚ ਚੱਲ ਰਹੇ ਆਈ.ਆਈ.ਟੀ ਅਤੇ ਆਈ.ਆਈ.ਐਮ ਦੇ ਮਾਹਿਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਐਨ.ਐਸ.ਡੀ ਸੀ ਅਤੇ ਐਸ.ਐਸ.ਸੀ ਲੱਗਭੱਗ 70 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਨੌਕਰੀ ਦੇਣਗੀਆਂ।
ਜ਼ਿਕਰਯੋਗ ਹੈ ਕਿ 1975 ਵਿੱਚ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ 100 ਸਕੂਲਾਂ ਨੂੰ ਐਲੀਮੈਂਟਰੀ ਵੋਕੇਸ਼ਨਲ ਸਕੀਮ ਵਿੱਚ ਇੱਕ ਵਿਸ਼ੇ ਦੇ ਤੌਰ ਤੇ ਅਤੇ ਸੀਨੀਅਕ ਸੈਕੰਡਰੀ ਸਕੂਲਾਂ ਵਿੱਚ ਵੋਕੇਸ਼ਨਲ ਸਕੀਮ ਦੇ ਤੌਰ ਤੇ 11ਵੀਂ ਅਤੇ 12ਵੀਂ ਵਿੱਚ ਨਵੀਂ ਸਕੀਮ ਦੇ ਅੰਤਰਗਤ 1986 ਵਿੱਚ ਚਾਲੂ ਕੀਤੀ ਗਈ ਸੀ, ਜਿਸ ਵਿੱਚ 29350 ਵਿਦਿਆਰਥੀ ਅਲੱਗ ਅਲੱਗ ਟਰੇਡਾਂ ਦੀ ਸਿਖਲਾਈ ਹਾਸਿਲ ਕਰ ਰਹੇ ਹਨ। ਪਰ ਕੁਝ ਕਾਰਣਾ ਇਹ ਸਕੀਮਾਂ ਜਿਵੇਂ ਉਦਯੋਗ ਨਾਲ ਤਾਲ ਮੇਲ ਦੀ ਕਮੀ,ਸਰਟੀਫਿਕੇਟ ਦੀ ਸਮਾਨਤਾ ਦੀ ਕਮੀ ਅਤੇ ਆਧੁਨਿਕਤਾ ਦੀ ਘਾਟ ਦੇ ਕਾਰਣ ਆਪਣੇ ਟੀਚੇ ਪੀਰੇ ਨਹੀਂ ਕਰ ਸਕੀਆਂ ਸਨ। ਪਰ ਹੁਣ ਨਵੀਂ ਵੋਕੇਸ਼ਨਲ ਸਕੀਮ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ।